ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1408

ਭੈ ਨਿਰਭਉ ਮਾਣਿਅਉ ਲਾਖ ਮਹਿ ਅਲਖੁ ਲਖਾਯਉ ॥ ਅਗਮੁ ਅਗੋਚਰ ਗਤਿ ਗਭੀਰੁ ਸਤਿਗੁਰਿ ਪਰਚਾਯਉ ॥ {ਪੰਨਾ 1408}

ਪਦ ਅਰਥ: ਭੈ ਨਿਰਭਉ = ਅਕਾਲ ਪੁਰਖ ਜੋ ਭੈ-ਰਹਤ ਹੈ। ਲਾਖ ਮਹਿ = ਲੱਖਾਂ ਜੀਆਂ ਵਿਚ ਵਿਆਪਕ। ਲਖਾਯਉ = ਦਿਖਾਇਆ ਹੈ। ਅਗੋਚਰ ਗਤਿ = ਜਿਸ ਦੀ ਗਤੀ ਅਗੋਚਰ ਹੈ, ਜਿਸ ਦੀ ਅਵਸਥਾ ਇੰਦ੍ਰਿਆਂ ਦੀ ਅਪੁੰਹਚ ਤੋਂ ਪਰੇ ਹੈ। ਸਤਿਗੁਰਿ = ਗੁਰੂ (ਰਾਮਦਾਸ ਜੀ) ਨੇ। ਪਰਚਾਯਉ = ਉਪਦੇਸ਼ ਦਿਤਾ ਹੈ।

ਅਰਥ: (ਗੁਰੂ ਅਰਜੁਨ ਦੇਵ ਜੀ ਨੇ) ਉਸ ਹਰੀ ਨੂੰ ਮਾਣਿਆ ਹੈ, ਜਿਸ ਨੂੰ ਕੋਈ ਡਰ ਪੋਹ ਨਹੀਂ ਸਕਦਾ, ਤੇ ਜੋ ਲੱਖਾਂ ਵਿਚ ਰਮਿਆ ਹੋਇਆ ਹੈ। ਗੁਰੂ (ਰਾਮਦਾਸ ਜੀ) ਨੇ ਆਪ ਨੂੰ ਉਸ ਹਰੀ ਦਾ ਉਪਦੇਸ਼ ਦਿੱਤਾ ਹੈ ਜੋ ਅਗੰਮ ਹੈ, ਗੰਭੀਰ ਹੈ ਤੇ ਜਿਸ ਦੀ ਹਸਤੀ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ।

ਗੁਰ ਪਰਚੈ ਪਰਵਾਣੁ ਰਾਜ ਮਹਿ ਜੋਗੁ ਕਮਾਯਉ ॥ ਧੰਨਿ ਧੰਨਿ ਗੁਰੁ ਧੰਨਿ ਅਭਰ ਸਰ ਸੁਭਰ ਭਰਾਯਉ ॥ {ਪੰਨਾ 1408}

ਪਦ ਅਰਥ: ਗੁਰ ਪਰਚੈ = ਗੁਰੂ ਦੇ ਉਪਦੇਸ਼ ਦੇ ਕਾਰਨ। ਅਭਰ = ਖ਼ਾਲੀ, (ਅ-ਭਰ) । ਸਰ = (ਹਿਰਦੇ-ਰੂਪ) ਸਰੋਵਰ। ਸੁਭਰ = ਨਕਾ-ਨਕ।

ਅਰਥ: ਗੁਰੂ ਦੇ ਉਪਦੇਸ਼ ਦੇ ਕਾਰਨ ਆਪ (ਪ੍ਰਭੂ ਦੀ ਹਜ਼ੂਰੀ ਵਿਚ) ਕਬੂਲ ਹੋ ਗਏ ਹੋ, ਆਪ ਨੇ ਰਾਜ ਵਿਚ ਜੋਗ ਕਮਾਇਆ ਹੈ। ਗੁਰੂ ਅਰਜੁਨ ਦੇਵ ਧੰਨ ਹੈ। ਖ਼ਾਲੀ ਹਿਰਦਿਆਂ ਨੂੰ ਆਪ ਨੇ (ਨਾਮ-ਅੰਮ੍ਰਿਤ ਨਾਲ) ਨਕਾ-ਨਕ ਭਰ ਦਿੱਤਾ ਹੈ।

ਗੁਰ ਗਮ ਪ੍ਰਮਾਣਿ ਅਜਰੁ ਜਰਿਓ ਸਰਿ ਸੰਤੋਖ ਸਮਾਇਯਉ ॥ ਗੁਰ ਅਰਜੁਨ ਕਲ੍ਯ੍ਯੁਚਰੈ ਤੈ ਸਹਜਿ ਜੋਗੁ ਨਿਜੁ ਪਾਇਯਉ ॥੮॥ {ਪੰਨਾ 1408}

ਪਦ ਅਰਥ: ਗਮ = ਪਹੁੰਚ। ਪ੍ਰਮਾਣੁ = ਦਰਜਾ, ਤੋਲ। ਗੁਰਗਮ ਪ੍ਰਮਾਣੁ = ਗੁਰੂ ਦੇ ਪਹੁੰਚਣ-ਜੋਗ ਦਰਜਾ। ਗੁਰਗਮ ਪ੍ਰਮਾਣਿ = ਗੁਰੂ ਦੇ ਪਹੁੰਚਣ-ਜੋਗ ਦਰਜੇ ਦੇ ਕਾਰਨ, ਭਾਵ, ਗੁਰੂ ਵਾਲੀ ਪਦਵੀ ਪਰਾਪਤ ਕਰ ਲੈਣ ਦੇ ਕਾਰਨ। ਸਰਿ = ਸਰ ਵਿਚ। ਸਹਜਿ = ਆਤਮਕ ਅਡੋਲਤਾ ਦੀ ਰਾਹੀਂ। ਨਿਜੁ ਜੋਗੁ = ਸ੍ਵੈ-ਸਰੂਪ, ਅਸਲੀ ਮਿਲਾਪ।

ਅਰਥ: ਗੁਰੂ ਵਾਲੀ ਪਦਵੀ ਪਰਾਪਤ ਕਰ ਲੈਣ ਦੇ ਕਾਰਨ ਆਪ ਨੇ ਅਜਰ ਅਵਸਥਾ ਨੂੰ ਜਰਿਆ ਹੈ, ਤੇ ਆਪ ਸੰਤੋਖ ਦੇ ਸਰੋਵਰ ਵਿਚ ਲੀਨ ਹੋ ਗਏ ਹਨ। ਕਵੀ 'ਕਲ੍ਯ੍ਯ' ਆਖਦਾ ਹੈ– 'ਹੇ ਗੁਰੂ ਅਰਜੁਨ (ਦੇਵ ਜੀ) ! ਤੂੰ ਆਤਮਕ ਅਡੋਲਤਾ ਵਿਚ ਟਿਕ ਕੇ (ਅਕਾਲ ਪੁਰਖ ਨਾਲ) ਅਸਲੀ ਮਿਲਾਪ ਪ੍ਰਾਪਤ ਕਰ ਲਿਆ ਹੈ'।8।

ਅਮਿਉ ਰਸਨਾ ਬਦਨਿ ਬਰ ਦਾਤਿ ਅਲਖ ਅਪਾਰ ਗੁਰ ਸੂਰ ਸਬਦਿ ਹਉਮੈ ਨਿਵਾਰ੍ਯ੍ਯਉ ॥ ਪੰਚਾਹਰੁ ਨਿਦਲਿਅਉ ਸੁੰਨ ਸਹਜਿ ਨਿਜ ਘਰਿ ਸਹਾਰ੍ਯ੍ਯਉ ॥ {ਪੰਨਾ 1408}

ਪਦ ਅਰਥ: ਅਮਿਉ = ਅੰਮ੍ਰਿਤ, ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਰਸਨਾ = ਜੀਭ ਨਾਲ। ਬਦਨਿ = ਮੁਖ ਤੋਂ। ਬਰ ਦਾਤਿ = ਵਰ ਦੀ ਬਖ਼ਸ਼ਿਸ਼। ਗੁਰ ਸੂਰ = ਹੇ ਸੂਰਮੇ ਗੁਰੂ! ਸਬਦਿ = ਸ਼ਬਦ ਦੁਆਰਾ। ਪੰਚਾਹਰੁ = ਪੰਜ (ਗਿਆਨ ਇੰਦ੍ਰਿਆਂ) ਨੂੰ ਹਰਨ ਵਾਲੇ, (ਅਗਿਆਨ) ਨੂੰ। ਸਹਾਰ੍ਯ੍ਯਉ = ਧਾਰਿਆ, ਜਰਿਆ ਹੈ।

ਅਰਥ: ਹੇ ਅਲੱਖ! ਹੇ ਅਪਾਰ! ਹੇ ਸੂਰਮੇ ਗੁਰੂ! ਆਪ ਜੀਭ ਨਾਲ ਅੰਮ੍ਰਿਤ (ਵਰਸਾਉਂਦੇ ਹੋ) ਅਤੇ ਮੂੰਹੋਂ ਵਰ ਦੀ ਬਖ਼ਸ਼ਿਸ਼ ਕਰਦੇ ਹੋ, ਸ਼ਬਦ ਦੁਆਰਾ ਆਪ ਨੇ ਹਉਮੈ ਦੂਰ ਕੀਤੀ ਹੈ। ਅਗਿਆਨ ਨੂੰ ਆਪ ਨੇ ਨਾਸ ਕਰ ਦਿੱਤਾ ਹੈ ਅਤੇ ਆਤਮਕ ਅਡੋਲਤਾ ਦੀ ਰਾਹੀਂ ਅਫੁਰ ਨਿਰੰਕਾਰ ਨੂੰ ਆਪਣੇ ਹਿਰਦੇ ਵਿਚ ਟਿਕਾਇਆ ਹੈ।

ਹਰਿ ਨਾਮਿ ਲਾਗਿ ਜਗ ਉਧਰ੍ਯ੍ਯਉ ਸਤਿਗੁਰੁ ਰਿਦੈ ਬਸਾਇਅਉ ॥ ਗੁਰ ਅਰਜੁਨ ਕਲ੍ਯ੍ਯੁਚਰੈ ਤੈ ਜਨਕਹ ਕਲਸੁ ਦੀਪਾਇਅਉ ॥੯॥ {ਪੰਨਾ 1408}

ਪਦ ਅਰਥ: ਕਲਸੁ = ਘੜਾ, ਸੁਨਹਿਰੀ ਗਾਗਰ ਆਦਿਕ ਜੋ ਮੰਦਰਾਂ ਦੇ ਉੱਤੇ ਲਾਈ ਜਾਂਦੀ ਹੈ, ਇਹ ਮੰਦਰ ਦਾ ਨਿਸ਼ਾਨ ਹੁੰਦਾ ਹੈ। ਜਨਕਹ ਕਲਸੁ = ਜਨਕ ਦਾ ਕਲਸ, ਗਿਆਨ ਦਾ ਕਲਸ, ਗਿਆਨ-ਰੂਪ ਕਲਸ। ਦੀਪਾਇਅਉ = ਲਿਸ਼ਕਾਇਆ ਹੈ।

ਅਰਥ: ਹੇ ਗੁਰੂ ਅਰਜੁਨ! ਹਰੀ-ਨਾਮ ਵਿਚ ਜੁੜ ਕੇ (ਆਪ ਨੇ) ਜਗਤ ਨੂੰ ਬਚਾ ਲਿਆ ਹੈ; (ਆਪ ਨੇ) ਸਤਿਗੁਰੂ ਨੂੰ ਹਿਰਦੇ ਵਿਚ ਵਸਾਇਆ ਹੈ। ਕਲ੍ਯ੍ਯ ਕਵੀ ਆਖਦਾ ਹੈ– ਆਪ ਨੇ ਗਿਆਨ-ਰੂਪ ਕਲਸ ਨੂੰ ਲਿਸ਼ਕਾਇਆ ਹੈ।9।

ਸੋਰਠੇ ॥ ਗੁਰੁ ਅਰਜੁਨੁ ਪੁਰਖੁ ਪ੍ਰਮਾਣੁ ਪਾਰਥਉ ਚਾਲੈ ਨਹੀ ॥ ਨੇਜਾ ਨਾਮ ਨੀਸਾਣੁ ਸਤਿਗੁਰ ਸਬਦਿ ਸਵਾਰਿਅਉ ॥੧॥ {ਪੰਨਾ 1408}

ਪਦ ਅਰਥ: ਪ੍ਰਮਾਣੁ = ਤੋਲ, ਦਰਜਾ। ਪੁਰਖੁ ਪ੍ਰਮਾਣੁ = ਅਕਾਲ ਪੁਰਖ-ਰੂਪ। ਪਾਰਥਉ = ਅਰਜਨ (ਪਾਂਡਵ ਕੁਲ ਦਾ) । ਚਾਲੈ ਨਹੀ = ਹਿੱਲਦਾ ਨਹੀਂ, ਘਾਬਰਦਾ ਨਹੀਂ। ਨਾਮ ਨੀਸਾਣੁ = ਨਾਮ ਦਾ ਪ੍ਰਕਾਸ਼। ਸਤਿਗੁਰ ਸਬਦਿ = ਸਤਿਗੁਰੂ ਦੇ ਸ਼ਬਦ ਦੀ ਬਰਕਤਿ ਨਾਲ।

ਅਰਥ: ਗੁਰੂ ਅਰਜਨ (ਦੇਵ ਜੀ) ਅਕਾਲ ਪੁਰਖ-ਰੂਪ ਹੈ, ਅਰਜੁਨ ਵਾਂਗ ਆਪ ਕਦੇ ਘਬਰਾਉਣ ਵਾਲੇ ਨਹੀਂ ਹਨ (ਭਾਵ, ਜਿਵੇਂ ਅਰਜੁਨ ਕੁਰੂਖੇਤ੍ਰ ਦੇ ਯੁੱਧ ਵਿਚ ਵੈਰੀਆਂ ਦੇ ਦਲਾਂ ਤੋਂ ਘਬਰਾਉਂਦਾ ਨਹੀਂ ਸੀ, ਤਿਵੇਂ ਗੁਰੂ ਅਰਜੁਨ ਦੇਵ ਜੀ ਕਾਮਾਦਿਕ ਵੈਰੀਆਂ ਤੋਂ ਨਹੀਂ ਘਬਰਾਉਂਦੇ; ਸੰ: ਪਾਰਥ = (A metronymic of Arjuna) । ਨਾਮ ਦਾ ਪ੍ਰਕਾਸ਼ ਆਪ ਦਾ ਨੇਜ਼ਾ ਹੈ, ਗੁਰੂ ਦੇ ਸ਼ਬਦ ਨੇ ਆਪ ਨੂੰ ਸੋਹਣਾ ਬਣਾਇਆ ਹੋਇਆ ਹੈ।1।

ਭਵਜਲੁ ਸਾਇਰੁ ਸੇਤੁ ਨਾਮੁ ਹਰੀ ਕਾ ਬੋਹਿਥਾ ॥ ਤੁਅ ਸਤਿਗੁਰ ਸੰ ਹੇਤੁ ਨਾਮਿ ਲਾਗਿ ਜਗੁ ਉਧਰ੍ਯ੍ਯਉ ॥੨॥ {ਪੰਨਾ 1408}

ਪਦ ਅਰਥ: ਸਾਇਰੁ = ਸਮੁੰਦਰ। ਸੇਤੁ = ਪੁਲ। ਬੋਹਿਥਾ = ਜਹਾਜ਼। ਤੁਅ = ਤੇਰਾ। ਸੰ = ਨਾਲ। ਹੇਤੁ = ਪਿਆਰ। ਉਧਰ੍ਯ੍ਯਉ = (ਸੰਸਾਰ-ਸਮੁੰਦਰ ਤੋਂ) ਬਚਾ ਲਿਆ ਹੈ।

ਅਰਥ: ਸੰਸਾਰ ਸਮੁੰਦਰ ਹੈ, ਅਕਾਲ ਪੁਰਖ ਦਾ ਨਾਮ ਪੁਲ ਹੈ ਤੇ ਜਹਾਜ਼ ਹੈ। ਆਪ ਦਾ ਗੁਰੂ ਨਾਲ ਪਿਆਰ ਹੈ, (ਅਕਾਲ ਪੁਰਖ ਦੇ) ਨਾਮ ਵਿਚ ਜੁੜ ਕੇ ਆਪ ਨੇ ਜਗਤ ਨੂੰ (ਸੰਸਾਰ-ਸਮੁੰਦਰ ਤੋਂ) ਬਚਾ ਲਿਆ ਹੈ।2।

ਜਗਤ ਉਧਾਰਣੁ ਨਾਮੁ ਸਤਿਗੁਰ ਤੁਠੈ ਪਾਇਅਉ ॥ ਅਬ ਨਾਹਿ ਅਵਰ ਸਰਿ ਕਾਮੁ ਬਾਰੰਤਰਿ ਪੂਰੀ ਪੜੀ ॥੩॥੧੨॥ {ਪੰਨਾ 1408}

ਪਦ ਅਰਥ: ਤੁਠੈ = ਪ੍ਰਸੰਨ ਹੋਇਆਂ। ਅਵਰ ਸਰਿ = ਕਿਸੇ ਹੋਰ ਦੇ ਨਾਲ। ਬਾਰੰਤਰਿ = ਦਰ ਉਤੇ। ਪੂਰੀ ਪੜੀ = ਕਾਰਜ ਰਾਸ ਹੋ ਗਏ ਹਨ।

ਅਰਥ: ਜਗਤ ਨੂੰ ਤਾਰਨ ਵਾਲਾ ਨਾਮ ਆਪ ਨੇ ਗੁਰੂ ਦੇ ਪ੍ਰਸੰਨ ਹੋਣ ਤੇ ਪ੍ਰਾਪਤ ਕੀਤਾ ਹੈ। ਸਾਨੂੰ ਹੁਣ ਕਿਸੇ ਹੋਰ ਨਾਲ ਕੋਈ ਗਉਂ ਨਹੀਂ। (ਗੁਰੂ ਅਰਜਨ ਦੇਵ ਜੀ ਦੇ) ਦਰ ਉਤੇ ਸਾਡੇ ਸਾਰੇ ਕਾਰਜ ਰਾਸ ਹੋ ਗਏ ਹਨ।3।12।

(ਕਲ੍ਯ੍ਯਸਹਾਰ ਦੇ 12 ਸਵਈਏ ਤੇ ਸੋਰਠੇ ਮਿਲਵੇਂ) ।

ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ ॥ ਤਾ ਤੇ ਅੰਗਦੁ ਭਯਉ ਤਤ ਸਿਉ ਤਤੁ ਮਿਲਾਯਉ ॥ {ਪੰਨਾ 1408}

ਪਦ ਅਰਥ: ਜੋਤਿ = ਪ੍ਰਕਾਸ਼। ਤਤ = ਜੋਤਿ।

ਅਰਥ: ਪ੍ਰਕਾਸ਼-ਰੂਪ ਹਰੀ ਨੇ ਆਪਣੇ ਆਪ ਨੂੰ ਗੁਰੂ ਨਾਨਕ ਅਖਵਾਇਆ। ਉਸ (ਗੁਰੂ ਨਾਨਕ ਦੇਵ ਜੀ) ਤੋਂ (ਗੁਰੂ ਅੰਗਦ ਪ੍ਰਗਟ ਹੋਇਆ) , (ਗੁਰੂ ਨਾਨਕ ਦੇਵ ਜੀ ਦੀ) ਜੋਤਿ (ਗੁਰੂ ਅੰਗਦ ਜੀ ਦੀ) ਜੋਤਿ ਨਾਲ ਮਿਲ ਗਈ।

ਅੰਗਦਿ ਕਿਰਪਾ ਧਾਰਿ ਅਮਰੁ ਸਤਿਗੁਰੁ ਥਿਰੁ ਕੀਅਉ ॥ ਅਮਰਦਾਸਿ ਅਮਰਤੁ ਛਤ੍ਰੁ ਗੁਰ ਰਾਮਹਿ ਦੀਅਉ ॥ {ਪੰਨਾ 1408}

ਪਦ ਅਰਥ: ਅਮਰਤੁ = ਅਮਰਦਾਸ ਵਾਲਾ।

ਅਰਥ: (ਗੁਰੂ) ਅੰਗਦ (ਦੇਵ ਜੀ) ਨੇ ਕਿਰਪਾ ਕਰ ਕੇ ਅਮਰਦਾਸ ਜੀ ਨੂੰ ਗੁਰੂ ਥਾਪਿਆ; (ਗੁਰੂ) ਅਮਰਦਾਸ (ਜੀ) ਨੇ ਆਪਣੇ ਵਾਲਾ ਛੱਤ੍ਰ ਗੁਰੂ ਰਾਮਦਾਸ (ਜੀ) ਨੂੰ ਦੇ ਦਿਤਾ।

ਗੁਰ ਰਾਮਦਾਸ ਦਰਸਨੁ ਪਰਸਿ ਕਹਿ ਮਥੁਰਾ ਅੰਮ੍ਰਿਤ ਬਯਣ ॥ ਮੂਰਤਿ ਪੰਚ ਪ੍ਰਮਾਣ ਪੁਰਖੁ ਗੁਰੁ ਅਰਜੁਨੁ ਪਿਖਹੁ ਨਯਣ ॥੧॥ {ਪੰਨਾ 1408}

ਪਦ ਅਰਥ: ਅੰਮ੍ਰਿਤ ਬਯਣ = (ਗੁਰੂ ਅਰਜੁਨ ਜੀ ਦੇ) ਆਤਮਕ ਜੀਵਨ ਦੇਣ ਵਾਲੇ ਬਚਨ। ਪੰਚ = ਪੰਜਵੀਂ। ਪ੍ਰਮਾਣ ਪੁਰਖੁ = ਅਕਾਲ ਪੁਰਖ-ਰੂਪ। ਪਿਖਹੁ = ਵੇਖੋ। ਨਯਣ = ਅੱਖਾਂ ਨਾਲ। ਕਹਿ = ਕਹੇ, ਆਖਦਾ ਹੈ।

ਅਰਥ: ਮਥੁਰਾ ਆਖਦਾ ਹੈ– 'ਗੁਰੂ ਰਾਮਦਾਸ (ਜੀ) ਦਾ ਦਰਸਨ ਕਰ ਕੇ (ਗੁਰੂ ਅਰਜੁਨ ਦੇਵ ਜੀ ਦੇ) ਬਚਨ ਆਤਮਕ ਜੀਵਨ ਦੇਣ ਵਾਲੇ ਹੋ ਗਏ ਹਨ। ਪੰਜਵੇਂ ਸਰੂਪ ਅਕਾਲ ਪੁਰਖ ਰੂਪ ਗੁਰੂ ਅਰਜੁਨ ਦੇਵ ਜੀ ਨੂੰ ਅੱਖਾਂ ਨਾਲ ਵੇਖੋ।1।

ਸਤਿ ਰੂਪੁ ਸਤਿ ਨਾਮੁ ਸਤੁ ਸੰਤੋਖੁ ਧਰਿਓ ਉਰਿ ॥ ਆਦਿ ਪੁਰਖਿ ਪਰਤਖਿ ਲਿਖ੍ਯ੍ਯਉ ਅਛਰੁ ਮਸਤਕਿ ਧੁਰਿ ॥ {ਪੰਨਾ 1408}

ਪਦ ਅਰਥ: ਉਰਿ = ਹਿਰਦੇ ਵਿਚ। ਆਦਿ ਪੁਰਖਿ = ਅਕਾਲ ਪੁਰਖ ਨੇ। ਮਸਤਕਿ = ਮੱਥੇ ਉਤੇ। ਧੁਰਿ = ਧੁਰੋਂ, ਮੁੱਢ ਤੋਂ। ਅਛਰੁ = ਲੇਖ।

ਅਰਥ: (ਗੁਰੂ ਅਰਜੁਨ ਦੇਵ ਜੀ ਨੇ) ਸਤ ਸੰਤੋਖ ਹਿਰਦੇ ਵਿਚ ਧਾਰਨ ਕੀਤਾ ਹੈ, ਤੇ ਉਸ ਹਰੀ ਨੂੰ ਆਪਣੇ ਅੰਦਰ ਟਿਕਾਇਆ ਹੈ ਜਿਸ ਦਾ ਰੂਪ ਸਤਿ ਹੈ ਤੇ ਨਾਮ ਸਦਾ-ਥਿਰ ਹੈ। ਪਰਤੱਖ ਤੌਰ ਤੇ ਅਕਾਲ ਪੁਰਖ ਨੇ ਧੁਰੋਂ ਹੀ ਆਪ ਦੇ ਮੱਥੇ ਤੇ ਲੇਖ ਲਿਖਿਆ ਹੈ।

ਪ੍ਰਗਟ ਜੋਤਿ ਜਗਮਗੈ ਤੇਜੁ ਭੂਅ ਮੰਡਲਿ ਛਾਯਉ ॥ ਪਾਰਸੁ ਪਰਸਿ ਪਰਸੁ ਪਰਸਿ ਗੁਰਿ ਗੁਰੂ ਕਹਾਯਉ ॥ {ਪੰਨਾ 1408}

ਪਦ ਅਰਥ: ਭੂਅ ਮੰਡਲਿ = ਧਰਤੀ ਉਤੇ। ਛਾਯਉ = ਖਿਲਰਿਆ ਹੈ। ਪਰਸੁ = ਪਰਸਣ-ਜੋਗ ਗੁਰੂ ਨੂੰ। ਗੁਰਿ = ਗੁਰੂ ਤੋਂ, ਗੁਰੂ ਦੀ ਰਾਹੀਂ। ਕਹਾਯਉ = ਅਖਵਾਇਆ।

ਅਰਥ: (ਆਪ ਦੇ ਅੰਦਰ) ਪ੍ਰਗਟ ਤੌਰ ਤੇ (ਹਰੀ ਦੀ) ਜੋਤਿ ਜਗਮਗ ਜਗਮਗ ਕਰ ਰਹੀ ਹੈ, (ਆਪ ਦਾ) ਤੇਜ ਧਰਤੀ ਉਤੇ ਛਾਇਆ ਹੋਇਆ ਹੈ। ਪਾਰਸ (ਗੁਰੂ) ਨੂੰ ਤੇ ਪਰਸਣ-ਜੋਗ (ਗੁਰੂ) ਨੂੰ ਛੁਹ ਕੇ (ਆਪ) ਗੁਰੂ ਤੋਂ ਗੁਰੂ ਅਖਵਾਏ।

ਭਨਿ ਮਥੁਰਾ ਮੂਰਤਿ ਸਦਾ ਥਿਰੁ ਲਾਇ ਚਿਤੁ ਸਨਮੁਖ ਰਹਹੁ ॥ ਕਲਜੁਗਿ ਜਹਾਜੁ ਅਰਜੁਨੁ ਗੁਰੂ ਸਗਲ ਸ੍ਰਿਸ੍ਟਿ ਲਗਿ ਬਿਤਰਹੁ ॥੨॥ {ਪੰਨਾ 1408}

ਪਦ ਅਰਥ: ਭਨਿ = ਆਖ। ਮੂਰਤਿ = ਸਰੂਪ ਵਿਚ। ਥਿਰੁ ਚਿਤੁ ਲਾਇ = ਮਨ ਭਲੀ ਪ੍ਰਕਾਰ ਜੋੜ ਕੇ। ਕਲਿਜੁਗਿ = ਕਲਜੁਗ ਵਿਚ। ਸਗਲ ਸ੍ਰਿਸ੍ਟਿ = ਹੇ ਸਾਰੀ ਸ੍ਰਿਸ਼ਟੀ! (ਭਾਵ, ਹੇ ਦੁਨੀਆ ਦੇ ਲੋਕੋ) ! ਬਿਤਰਹੁ = ਤਰੋ।

ਅਰਥ: ਹੇ ਮਥੁਰਾ! ਆਖ– (ਗੁਰੂ ਅਰਜੁਨ ਦੇਵ ਜੀ ਦੇ) ਸਰੂਪ ਵਿਚ ਮਨ ਭਲੀ ਪ੍ਰਕਾਰ ਜੋੜ ਕੇ ਸਨਮੁਖ ਰਹੋ। ਗੁਰੂ ਅਰਜੁਨ ਕਲਜੁਗ ਵਿਚ ਜਹਾਜ਼ ਹੈ। ਹੇ ਦੁਨੀਆ ਦੇ ਲੋਕੋ! ਉਸ ਦੀ ਚਰਨੀਂ ਲੱਗ ਕੇ (ਸੰਸਾਰ-ਸਾਗਰ) ਤੋਂ ਸਹੀ ਸਲਾਮਤ ਪਾਰ ਲੰਘੋ।2।

ਤਿਹ ਜਨ ਜਾਚਹੁ ਜਗਤ੍ਰ ਪਰ ਜਾਨੀਅਤੁ ਬਾਸੁਰ ਰਯਨਿ ਬਾਸੁ ਜਾ ਕੋ ਹਿਤੁ ਨਾਮ ਸਿਉ ॥ ਪਰਮ ਅਤੀਤੁ ਪਰਮੇਸੁਰ ਕੈ ਰੰਗਿ ਰੰਗ੍ਯ੍ਯੌ ਬਾਸਨਾ ਤੇ ਬਾਹਰਿ ਪੈ ਦੇਖੀਅਤੁ ਧਾਮ ਸਿਉ ॥ {ਪੰਨਾ 1408}

ਪਦ ਅਰਥ: ਜਨ = ਹੇ ਲੋਕੋ! ਤਿਹ ਜਾਚਹੁ = ਉਸ ਤੋਂ ਮੰਗੋ। ਜਗਤ੍ਰ ਪਰ = ਸਾਰੇ ਸੰਸਾਰ ਵਿਚ। ਜਾਨੀਅਤੁ = ਪ੍ਰਗਟ ਹੈ। ਬਾਸੁਰ = ਦਿਨ। ਰਯਨਿ = ਰਾਤ। ਬਾਸੁ = ਵਾਸਾ। ਹਿਤੁ = ਪਿਆਰ। ਸਿਉ = ਨਾਲ। ਸੰਗਿ = ਪ੍ਰੇਮ ਵਿਚ। ਤੇ = ਤੋਂ। ਪੈ = ਪਰੰਤੂ। ਧਾਮ = ਘਰ।

ਅਰਥ: ਹੇ ਲੋਕੋ! ਉਸ ਗੁਰੂ ਦੇ ਦਰ ਤੋਂ ਮੰਗੋ, ਜੋ ਸਾਰੇ ਸੰਸਾਰ ਵਿਚ ਪ੍ਰਗਟ ਹੈ ਤੇ ਦਿਨ ਰਾਤ ਜਿਸ ਦਾ ਪਿਆਰ ਤੇ ਵਾਸਾ ਨਾਮ ਨਾਲ ਹੈ, ਜੋ ਪੂਰਨ ਵੈਰਾਗਵਾਨ ਹੈ, ਹਰੀ ਦੇ ਪਿਆਰ ਵਿਚ ਭਿੱਜਾ ਹੋਇਆ ਹੈ, ਵਾਸ਼ਨਾ ਤੋਂ ਪਰੇ ਹੈ; ਪਰ ਉਂਞ ਗ੍ਰਿਹਸਤ ਵਿਚ ਵੇਖੀਦਾ ਹੈ।

ਅਪਰ ਪਰੰਪਰ ਪੁਰਖ ਸਿਉ ਪ੍ਰੇਮੁ ਲਾਗ੍ਯ੍ਯੌ ਬਿਨੁ ਭਗਵੰਤ ਰਸੁ ਨਾਹੀ ਅਉਰੈ ਕਾਮ ਸਿਉ ॥ ਮਥੁਰਾ ਕੋ ਪ੍ਰਭੁ ਸ੍ਰਬ ਮਯ ਅਰਜੁਨ ਗੁਰੁ ਭਗਤਿ ਕੈ ਹੇਤਿ ਪਾਇ ਰਹਿਓ ਮਿਲਿ ਰਾਮ ਸਿਉ ॥੩॥ {ਪੰਨਾ 1408}

ਪਦ ਅਰਥ: ਅਪਰ ਪਰੰਪਰ ਪੁਰਖ = ਬੇਅੰਤ ਹਰੀ। ਰਸੁ = ਸੁਆਦ, ਪਿਆਰ। ਅਉਰੈ ਕਾਮ ਸਿਉ = ਕਿਸੇ ਹੋਰ ਕੰਮ ਨਾਲ। ਰਾਮ ਪਾਇ ਸਿਉ ਮਿਲਿ ਰਹਿਓ = ਹਰੀ ਦੇ ਚਰਨਾਂ ਵਿਚ ਜੁੜ ਰਿਹਾ ਹੈ।

ਅਰਥ: (ਜਿਸ ਗੁਰੂ ਅਰਜੁਨ ਦਾ) ਪਿਆਰ ਬੇਅੰਤ ਹਰੀ ਨਾਲ ਲੱਗਾ ਹੋਇਆ ਹੈ, ਤੇ ਜਿਸ ਨੂੰ ਹਰੀ ਤੋਂ ਬਿਨਾ ਕਿਸੇ ਹੋਰ ਕੰਮ ਨਾਲ ਕੋਈ ਗਉਂ ਨਹੀਂ ਹੈ, ਉਹ ਗੁਰੂ ਅਰਜੁਨ ਹੀ ਮਥੁਰਾ ਦਾ ਸਰਬ-ਵਿਆਪਕ ਪ੍ਰਭੂ ਹੈ, ਉਹ ਭਗਤੀ ਦੀ ਖ਼ਾਤਰ ਹਰੀ ਦੇ ਚਰਨਾਂ ਵਿਚ ਜੁੜਿਆ ਹੋਇਆ ਹੈ।3।

TOP OF PAGE

Sri Guru Granth Darpan, by Professor Sahib Singh