ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1409

ਅੰਤੁ ਨ ਪਾਵਤ ਦੇਵ ਸਬੈ ਮੁਨਿ ਇੰਦ੍ਰ ਮਹਾ ਸਿਵ ਜੋਗ ਕਰੀ ॥ ਫੁਨਿ ਬੇਦ ਬਿਰੰਚਿ ਬਿਚਾਰਿ ਰਹਿਓ ਹਰਿ ਜਾਪੁ ਨ ਛਾਡ੍ਯ੍ਯਿਉ ਏਕ ਘਰੀ ॥ {ਪੰਨਾ 1409}

ਪਦ ਅਰਥ: ਸ੍ਰਬੈ = ਸਾਰੇ। ਜੋਗ = ਜੋਗ ਦੀ ਸਾਧਨਾ। ਕਰੀ = ਕੀਤੀ। ਫੁਨਿ = ਅਤੇ। ਬਿਰੰਚਿ = ਬ੍ਰਹਮਾ। ਨ ਛਾਡ੍ਯ੍ਯਉ = ਨਾਹ ਛੱਡਿਆ।

ਅਰਥ: ਇੰਦ੍ਰ ਤੇ ਸ਼ਿਵ ਜੀ ਨੇ ਜੋਗ-ਸਾਧਨਾ ਕੀਤੀ, ਬ੍ਰਹਮਾ ਬੇਦ ਵਿਚਾਰ ਕੇ ਥੱਕ ਗਿਆ, ਉਸ ਨੇ ਹਰੀ ਦਾ ਜਾਪ ਇਕ ਘੜੀ ਨਾਹ ਛੱਡਿਆ, ਪਰ ਇਹਨਾਂ ਸਾਰੇ ਦੇਵਤਿਆਂ ਤੇ ਮੁਨੀਆਂ ਨੇ (ਗੁਰੂ ਅਰਜੁਨ ਦਾ) ਅੰਤ ਨਾਹ ਪਾਇਆ।

ਮਥੁਰਾ ਜਨ ਕੋ ਪ੍ਰਭੁ ਦੀਨ ਦਯਾਲੁ ਹੈ ਸੰਗਤਿ ਸ੍ਰਿਸ੍ਟਿ ਨਿਹਾਲੁ ਕਰੀ ॥ ਰਾਮਦਾਸਿ ਗੁਰੂ ਜਗ ਤਾਰਨ ਕਉ ਗੁਰ ਜੋਤਿ ਅਰਜੁਨ ਮਾਹਿ ਧਰੀ ॥੪॥ {ਪੰਨਾ 1409}

ਪਦ ਅਰਥ: ਕੋ = ਦਾ। ਕਰੀ = ਕੀਤੀ ਹੈ। ਰਾਮਦਾਸਿ ਗੁਰੂ = ਗੁਰੂ ਰਾਮਦਾਸ ਨੇ। ਗੁਰ ਜੋਤਿ = ਗੁਰੂ ਵਾਲੀ ਜੋਤਿ।

ਅਰਥ: ਦਾਸ ਮਥੁਰਾ ਦਾ ਪ੍ਰਭੂ (ਗੁਰੂ ਅਰਜੁਨ) ਦੀਨਾਂ ਉਤੇ ਦਇਆ ਕਰਨ ਵਾਲਾ ਹੈ, ਆਪ ਨੇ ਸੰਗਤ ਨੂੰ ਤੇ ਸ੍ਰਿਸ਼ਟੀ ਨੂੰ ਨਿਹਾਲ ਕੀਤਾ ਹੈ। ਗੁਰੂ ਰਾਮਦਾਸ ਜੀ ਨੇ ਜਗਤ ਨੂੰ ਤਾਰਨ ਲਈ ਗੁਰੂ ਵਾਲੀ ਜੋਤਿ ਗੁਰੂ ਅਰਜੁਨ ਵਿਚ ਰੱਖ ਦਿੱਤੀ।4।

ਜਗ ਅਉਰੁ ਨ ਯਾਹਿ ਮਹਾ ਤਮ ਮੈ ਅਵਤਾਰੁ ਉਜਾਗਰੁ ਆਨਿ ਕੀਅਉ ॥ ਤਿਨ ਕੇ ਦੁਖ ਕੋਟਿਕ ਦੂਰਿ ਗਏ ਮਥੁਰਾ ਜਿਨ੍ਹ੍ਹ ਅੰਮ੍ਰਿਤ ਨਾਮੁ ਪੀਅਉ ॥ {ਪੰਨਾ 1409}

ਪਦ ਅਰਥ: ਅਉਰੁ ਨ = ਕੋਈ ਹੋਰ ਨਹੀਂ। ਜਗ ਮਹਾ ਤਮ ਮੈ = ਜਗਤ ਦੇ ਵੱਡੇ ਹਨੇਰੇ ਵਿਚ। ਤਮ = ਹਨੇਰਾ। ਮੈ = ਮਹਿ, ਵਿਚ। ਉਜਾਗਰੁ = ਵਡਾ, ਮਸ਼ਹੂਰ। ਆਨਿ = ਲਿਆ ਕੇ। ਕੋਟਿਕ = ਕ੍ਰੋੜਾਂ। ਜਿਨ੍ਹ੍ਹ = ਜਿਨ੍ਹਾਂ ਨੇ।

ਅਰਥ: ਜਗਤ ਦੇ ਇਸ ਘੋਰ ਹਨੇਰੇ ਵਿਚ (ਗੁਰੂ ਅਰਜੁਨ ਤੋਂ ਬਿਨਾ) ਕੋਈ ਹੋਰ (ਰਾਖਾ) ਨਹੀਂ ਹੈ, ਉਸੇ ਨੂੰ (ਹਰੀ ਨੇ) ਲਿਆ ਕੇ ਉਜਾਗਰ ਅਵਤਾਰ ਬਣਾਇਆ ਹੈ। ਹੇ ਮਥੁਰਾ! ਜਿਨ੍ਹਾਂ ਨੇ (ਉਸ ਪਾਸੋਂ) ਨਾਮ ਅੰਮ੍ਰਿਤ ਪੀਤਾ ਹੈ ਉਹਨਾਂ ਦੇ ਕ੍ਰੋੜਾਂ ਦੁੱਖ ਦੂਰ ਹੋ ਗਏ ਹਨ।

ਇਹ ਪਧਤਿ ਤੇ ਮਤ ਚੂਕਹਿ ਰੇ ਮਨ ਭੇਦੁ ਬਿਭੇਦੁ ਨ ਜਾਨ ਬੀਅਉ ॥ ਪਰਤਛਿ ਰਿਦੈ ਗੁਰ ਅਰਜੁਨ ਕੈ ਹਰਿ ਪੂਰਨ ਬ੍ਰਹਮਿ ਨਿਵਾਸੁ ਲੀਅਉ ॥੫॥ {ਪੰਨਾ 1409}

ਪਦ ਅਰਥ: ਪਧਤਿ = ਰਾਹ। ਤੇ = ਤੋਂ। ਮਤ = ਮਤਾਂ। ਚੂਕਹਿ = ਖੁੰਝ ਜਾਏਂ। ਭੇਦੁ = ਫ਼ਰਕ, ਵਿਥ। ਬੀਅਉ = ਦੂਜਾ। ਰਿਦੈ = ਹਿਰਦੇ ਵਿਚ।

ਅਰਥ: ਹੇ ਮੇਰੇ ਮਨ! ਕਿਤੇ ਇਸ ਰਾਹ ਤੋਂ ਖੁੰਝ ਨਾਹ ਜਾਈਂ, ਕਿਤੇ ਇਹ ਵਿੱਥ ਨ ਸਮਝੀਂ, ਕਿ ਗੁਰੂ ਅਰਜੁਨ (ਹਰੀ ਤੋਂ ਵੱਖਰਾ) ਦੂਜਾ ਹੈ। ਪੂਰਨ ਬ੍ਰਹਮ ਹਰੀ ਨੇ ਗੁਰੂ ਅਰਜੁਨ ਦੇ ਹਿਰਦੇ ਵਿਚ ਪ੍ਰਤੱਖ ਤੌਰ ਤੇ ਨਿਵਾਸ ਕੀਤਾ ਹੈ।5।

ਜਬ ਲਉ ਨਹੀ ਭਾਗ ਲਿਲਾਰ ਉਦੈ ਤਬ ਲਉ ਭ੍ਰਮਤੇ ਫਿਰਤੇ ਬਹੁ ਧਾਯਉ ॥ ਕਲਿ ਘੋਰ ਸਮੁਦ੍ਰ ਮੈ ਬੂਡਤ ਥੇ ਕਬਹੂ ਮਿਟਿ ਹੈ ਨਹੀ ਰੇ ਪਛੁਤਾਯਉ ॥ {ਪੰਨਾ 1409}

ਪਦ ਅਰਥ = ਜਬ ਲਉ = ਜਦ ਤਾਈਂ। ਲਿਲਾਰ ਭਾਗ = ਮੱਥੇ ਦੇ ਭਾਗ। ਉਦੈ = ਜਾਗੇ। ਬਹੁ ਧਾਯਉ = ਬਹੁਤ ਦੌੜਦੇ। ਘੋਰ = ਡਰਾਉਣਾ। ਬੂਡਤ ਥੇ = ਡੁੱਬ ਰਹੇ ਸਾਂ। ਪਛੁਤਾਯਉ = ਪਛੁਤਾਉਣਾ। ਰੇ = ਹੇ ਭਾਈ!

ਅਰਥ: ਹੇ ਭਾਈ! ਜਦ ਤਾਈਂ ਮੱਥੇ ਦੇ ਭਾਗ ਨਹੀਂ ਸਨ ਜਾਗੇ, ਤਦ ਤਾਈਂ ਬਹੁਤ ਭਟਕਦੇ ਤੇ ਭੱਜਦੇ ਫਿਰਦੇ ਸਾਂ, ਕਲਜੁਗ ਦੇ ਡਰਾਉਣੇ ਸਮੁੰਦਰ ਵਿਚ ਡੁੱਬ ਰਹੇ ਸਾਂ, ਪੱਛੋਤਾਵਾ ਕਿਸੇ ਵੇਲੇ ਮਿਟਦਾ ਨਹੀਂ ਸੀ।

ਤਤੁ ਬਿਚਾਰੁ ਯਹੈ ਮਥੁਰਾ ਜਗ ਤਾਰਨ ਕਉ ਅਵਤਾਰੁ ਬਨਾਯਉ ॥ ਜਪ੍ਯ੍ਯਉ ਜਿਨ੍ਹ੍ਹ ਅਰਜੁਨ ਦੇਵ ਗੁਰੂ ਫਿਰਿ ਸੰਕਟ ਜੋਨਿ ਗਰਭ ਨ ਆਯਉ ॥੬॥ {ਪੰਨਾ 1409}

ਪਦ ਅਰਥ: ਤਤੁ ਬਿਚਾਰੁ = ਸੱਚੀ ਵਿਚਾਰ। ਯਹੈ– ਇਹੀ ਹੈ। ਸੰਕਟ = ਦੁੱਖ।

ਅਰਥ: ਪਰ, ਹੇ ਮਥੁਰਾ! ਹੁਣ ਸੱਚੀ ਵਿਚਾਰ ਇਹ ਹੈ ਕਿ ਜਗਤ ਨੂੰ ਤਾਰਨ ਲਈ (ਹਰੀ ਨੇ ਗੁਰੂ ਅਰਜੁਨ) ਅਵਤਾਰ ਬਣਾਇਆ ਹੈ, ਜਿਨ੍ਹਾਂ ਨੇ ਗੁਰੂ ਅਰਜੁਨ ਦੇਵ (ਜੀ) ਨੂੰ ਜਪਿਆ ਹੈ, ਉਹ ਪਰਤ ਕੇ ਗਰਭ ਜੂਨ ਦੇ ਦੁੱਖਾਂ ਵਿਚ ਨਹੀਂ ਆਏ।6।

ਕਲਿ ਸਮੁਦ੍ਰ ਭਏ ਰੂਪ ਪ੍ਰਗਟਿ ਹਰਿ ਨਾਮ ਉਧਾਰਨੁ ॥ ਬਸਹਿ ਸੰਤ ਜਿਸੁ ਰਿਦੈ ਦੁਖ ਦਾਰਿਦ੍ਰ ਨਿਵਾਰਨੁ ॥ {ਪੰਨਾ 1409}

ਪਦ ਅਰਥ: ਕਲਿ = ਕਲਜੁਗ। ਜਿਸੁ ਰਿਦੈ = ਜਿਸ ਦੇ ਹਿਰਦੇ ਵਿਚ।

ਅਰਥ: ਕਲਜੁਗ ਦੇ ਸਮੁੰਦਰ ਤੋਂ ਤਾਰਨ ਲਈ ਗੁਰੂ ਅਰਜੁਨ ਦੇਵ ਜੀ ਹਰੀ ਦਾ ਨਾਮ-ਰੂਪ ਪ੍ਰਗਟ ਹੋਏ ਹਨ, ਆਪ ਦੇ ਹਿਰਦੇ ਵਿਚ ਸੰਤ (ਸ਼ਾਂਤੀ ਦਾ ਸੋਮਾ ਪ੍ਰਭੂ ਜੀ) ਵੱਸਦੇ ਹਨ, ਆਪ ਦੁੱਖਾਂ ਦਰਿਦ੍ਰਾਂ ਦੇ ਦੂਰ ਕਰਨ ਵਾਲੇ ਹਨ।

ਨਿਰਮਲ ਭੇਖ ਅਪਾਰ ਤਾਸੁ ਬਿਨੁ ਅਵਰੁ ਨ ਕੋਈ ॥ ਮਨ ਬਚ ਜਿਨਿ ਜਾਣਿਅਉ ਭਯਉ ਤਿਹ ਸਮਸਰਿ ਸੋਈ ॥ {ਪੰਨਾ 1409}

ਪਦ ਅਰਥ: ਭੇਖ = ਸਰੂਪ। ਨਿਰਮਲ = ਪਵਿੱਤਰ। ਅਪਾਰ = ਬੇਅੰਤ ਪ੍ਰਭੂ ਦਾ। ਜਿਨਿ = ਜਿਸ ਨੇ। ਸਮਸਰਿ = ਵਰਗਾ।

ਅਰਥ: ਉਸ (ਗੁਰੂ ਅਰਜੁਨ) ਤੋਂ ਬਿਨਾ ਕੋਈ ਹੋਰ ਨਹੀਂ ਹੈ, ਆਪ ਅਪਾਰ ਹਰੀ ਦਾ ਨਿਰਮਲ ਰੂਪ ਹਨ। ਜਿਸ (ਮਨੁੱਖ) ਨੇ ਮਨ ਤੇ ਬਚਨਾਂ ਕਰਕੇ ਹਰੀ ਨੂੰ ਪਛਾਤਾ ਹੈ, ਉਹ ਹਰੀ ਵਰਗਾ ਹੀ ਹੋ ਗਿਆ ਹੈ।

ਧਰਨਿ ਗਗਨ ਨਵ ਖੰਡ ਮਹਿ ਜੋਤਿ ਸ੍ਵਰੂਪੀ ਰਹਿਓ ਭਰਿ ॥ ਭਨਿ ਮਥੁਰਾ ਕਛੁ ਭੇਦੁ ਨਹੀ ਗੁਰੁ ਅਰਜੁਨੁ ਪਰਤਖ੍ਯ੍ਯ ਹਰਿ ॥੭॥੧੯॥ {ਪੰਨਾ 1409}

ਪਦ ਅਰਥ: ਧਰਨਿ = ਧਰਤੀ। ਗਗਨ = ਅਕਾਸ਼। ਮਹਿ = ਵਿਚ। ਭਰਿ = ਵਿਆਪਕ। ਪਰਤਖ੍ਯ੍ਯ = ਸਾਖਿਆਤ ਤੌਰ ਤੇ।

ਅਰਥ: (ਗੁਰੂ ਅਰਜੁਨ ਹੀ) ਜੋਤਿ-ਰੂਪ ਹੋ ਕੇ ਧਰਤੀ ਅਕਾਸ਼ ਤੇ ਨੌ ਖੰਡਾਂ ਵਿਚ ਵਿਆਪ ਰਿਹਾ ਹੈ। ਹੇ ਮਥੁਰਾ! ਆਖਿ = ਗੁਰੂ ਅਰਜੁਨ ਸਾਖਿਆਤ ਅਕਾਲ ਪੁਰਖ ਹੈ। ਕੋਈ ਫ਼ਰਕ ਨਹੀਂ ਹੈ।7।19।

(ਮਥੁਰਾ ਭੱਟ ਦੇ 7 ਸਵਈਏ)

ਅਜੈ ਗੰਗ ਜਲੁ ਅਟਲੁ ਸਿਖ ਸੰਗਤਿ ਸਭ ਨਾਵੈ ॥ ਨਿਤ ਪੁਰਾਣ ਬਾਚੀਅਹਿ ਬੇਦ ਬ੍ਰਹਮਾ ਮੁਖਿ ਗਾਵੈ ॥ {ਪੰਨਾ 1409}

ਪਦ ਅਰਥ: ਅਜੈ = ਨਾਹ ਜਿੱਤਿਆ ਜਾਣ ਵਾਲਾ, ਰੱਬੀ। ਗੰਗ ਜਲੁ = ਗੰਗਾ ਦਾ ਜਲ। ਅਟਲੁ = ਸਦਾ-ਥਿਰ ਰਹਿਣ ਵਾਲਾ। ਨਾਵੈ = ਇਸ਼ਨਾਨ ਕਰਦੀ ਹੈ। ਬਾਚਅਹਿ = ਪੜ੍ਹੇ ਜਾਂਦੇ ਹਨ। ਮੁਖਿ = ਮੂੰਹੋਂ। ਗਾਵੈ = ਗਾਉਂਦਾ ਹੈ। ਪੁਰਾਣ = ਵਿਆਸ ਰਿਸ਼ੀ ਦੇ ਲਿਖੇ ਹੋਏ ਅਠਾਰਾਂ ਧਰਮ-ਪੁਸਤਕ।

ਅਰਥ: (ਗੁਰੂ ਅਰਜੁਨ ਦੇਵ ਜੀ ਦੀ ਦਰਗਾਹ ਵਿਚ) ਕਦੇ ਨਾਹ ਮੁੱਕਣ ਵਾਲਾ (ਨਾਮ-ਰੂਪ) ਗੰਗਾ ਜਲ (ਵਹਿ ਰਿਹਾ ਹੈ, ਜਿਸ ਵਿਚ) ਸਾਰੀ ਸਿਖ ਸੰਗਤਿ ਇਸ਼ਨਾਨ ਕਰਦੀ ਹੈ। (ਆਪ ਦੀ ਹਜ਼ੂਰੀ ਵਿਚ ਇਤਨੇ ਮਹਾ ਰਿਸ਼ੀ ਵਿਆਸ ਦੇ ਲਿਖੇ ਹੋਏ ਧਰਮ ਪੁਸਤਕ) ਪੁਰਾਣ ਸਦਾ ਪੜ੍ਹੇ ਜਾਂਦੇ ਹਨ ਤੇ ਬ੍ਰਹਮਾ (ਭੀ ਆਪ ਦੀ ਹਜ਼ੂਰੀ ਵਿਚ) ਮੂੰਹੋਂ ਵੇਦਾਂ ਨੂੰ ਗਾ ਰਿਹਾ ਹੈ (ਭਾਵ, ਵਿਆਸ ਤੇ ਬ੍ਰਹਮਾ ਵਰਗੇ ਵੱਡੇ ਵੱਡੇ ਦੇਵਤੇ ਤੇ ਵਿਦਵਾਨ ਰਿਸ਼ੀ ਭੀ ਗੁਰੂ ਅਰਜਨ ਦੇ ਦਰ ਤੇ ਹਾਜ਼ਰ ਰਹਿਣ ਵਿਚ ਆਪਣੇ ਚੰਗੇ ਭਾਗ ਸਮਝਦੇ ਹਨ। ਮੇਰੇ ਵਾਸਤੇ ਤਾਂ ਗੁਰੂ ਦੀ ਬਾਣੀ ਹੀ ਪੁਰਾਣ ਅਤੇ ਵੇਦ ਹੈ) ।

ਅਜੈ ਚਵਰੁ ਸਿਰਿ ਢੁਲੈ ਨਾਮੁ ਅੰਮ੍ਰਿਤੁ ਮੁਖਿ ਲੀਅਉ ॥ ਗੁਰ ਅਰਜੁਨ ਸਿਰਿ ਛਤ੍ਰੁ ਆਪਿ ਪਰਮੇਸਰਿ ਦੀਅਉ ॥ {ਪੰਨਾ 1409}

ਪਦ ਅਰਥ: ਢੁਲੈ = ਝੁੱਲ ਰਿਹਾ ਹੈ। ਗੁਰੂ ਅਰਜੁਨ ਸਿਰਿ = ਗੁਰੂ ਅਰਜੁਨ ਦੇ ਸਿਰ ਉਤੇ। ਪਰਮੇਸਰਿ = ਪਰਮੇਸਰ ਨੇ।

ਅਰਥ: (ਆਪ ਦੇ) ਸਿਰ ਤੇ ਰੱਬੀ ਚਉਰ ਝੁੱਲ ਰਿਹਾ ਹੈ, ਆਪ ਨੇ ਆਤਮਕ ਜੀਵਣ ਦੇਣ ਵਾਲਾ ਨਾਮ ਮੂੰਹੋਂ (ਸਦਾ) ਉਚਾਰਿਆ ਹੈ। ਗੁਰੂ ਅਰਜੁਨ ਦੇਵ ਜੀ ਦੇ ਸਿਰ ਤੇ ਇਹ ਛਤਰ ਪਰਮੇਸੁਰ ਨੇ ਆਪ ਬਖ਼ਸ਼ਿਆ ਹੈ।

ਮਿਲਿ ਨਾਨਕ ਅੰਗਦ ਅਮਰ ਗੁਰ ਗੁਰੁ ਰਾਮਦਾਸੁ ਹਰਿ ਪਹਿ ਗਯਉ ॥ ਹਰਿਬੰਸ ਜਗਤਿ ਜਸੁ ਸੰਚਰ੍ਯ੍ਯਉ ਸੁ ਕਵਣੁ ਕਹੈ ਸ੍ਰੀ ਗੁਰੁ ਮੁਯਉ ॥੧॥ {ਪੰਨਾ 1409}

ਪਦ ਅਰਥ: ਮਿਲਿ = ਮਿਲ ਕੇ। ਹਰਿ ਪਹਿ = ਹਰੀ ਦੇ ਕੋਲ। ਹਰਿਬੰਸ = ਹੇ ਹਰਿਬੰਸ ਕਵੀ! ਜਗਤਿ = ਸੰਸਾਰ ਵਿਚ। ਸੰਚਰ੍ਯ੍ਯਉ = ਪਸਰਿਆ ਹੈ। ਮਿਲਿ ਗੁਰ = ਗੁਰੂ ਨੂੰ ਮਿਲ ਕੇ। ਮੁਯਉ = ਮੋਇਆ ਹੈ।

ਅਰਥ: ਗੁਰੂ ਨਾਨਕ, ਗੁਰੂ ਅੰਗਦ ਤੇ ਗੁਰੂ ਅਮਰਦਾਸ ਜੀ ਨੂੰ ਮਿਲ ਕੇ, ਗੁਰੂ ਰਾਮਦਾਸ ਜੀ ਹਰੀ ਵਿਚ ਲੀਨ ਹੋ ਗਏ ਹਨ। ਹੇ ਹਰਿਬੰਸ! ਜਗਤ ਵਿਚ ਸਤਿਗੁਰੂ ਜੀ ਦੀ ਸੋਭਾ ਪਸਰ ਰਹੀ ਹੈ। ਕੌਣ ਆਖਦਾ ਹੈ, ਕਿ ਗੁਰੂ ਰਾਮਦਾਸ ਜੀ ਮੁਏ ਹਨ?

ਦੇਵ ਪੁਰੀ ਮਹਿ ਗਯਉ ਆਪਿ ਪਰਮੇਸ੍ਵਰ ਭਾਯਉ ॥ ਹਰਿ ਸਿੰਘਾਸਣੁ ਦੀਅਉ ਸਿਰੀ ਗੁਰੁ ਤਹ ਬੈਠਾਯਉ ॥ {ਪੰਨਾ 1409}

ਪਦ ਅਰਥ: ਦੇਵ ਪੁਰੀ = ਹਰੀ ਦਾ ਦੇਸ, ਸੱਚ ਖੰਡ। ਭਾਯਉ = ਚੰਗਾ ਲੱਗਾ। ਹਰਿ = ਹਰੀ ਨੇ। ਸਿੰਘਾਸਣੁ = ਤਖ਼ਤ। ਤਹ = ਉਥੇ।

ਅਰਥ: (ਗੁਰੂ ਰਾਮ ਦਾਸ) ਸੱਚ ਖੰਡ ਵਿਚ ਗਿਆ ਹੈ ਹਰੀ ਨੂੰ ਇਹੀ ਰਜ਼ਾ ਚੰਗੀ ਲੱਗੀ ਹੈ। ਹਰੀ ਨੇ (ਆਪ ਨੂੰ) ਤਖ਼ਤ ਦਿੱਤਾ ਹੈ ਤੇ ਉਸ ਉਤੇ ਸ੍ਰੀ ਗੁਰੂ (ਰਾਮਦਾਸ ਜੀ) ਨੂੰ ਬਿਠਾਇਆ ਹੈ।

ਰਹਸੁ ਕੀਅਉ ਸੁਰ ਦੇਵ ਤੋਹਿ ਜਸੁ ਜਯ ਜਯ ਜੰਪਹਿ ॥ ਅਸੁਰ ਗਏ ਤੇ ਭਾਗਿ ਪਾਪ ਤਿਨ੍ਹ੍ਹ ਭੀਤਰਿ ਕੰਪਹਿ ॥ {ਪੰਨਾ 1409}

ਪਦ ਅਰਥ: ਰਹਸੁ = ਖ਼ੁਸ਼ੀ, ਮੰਗਲ। ਸੁਰਦੇਵ = ਦੇਵਤਿਆਂ ਨੇ। ਤੋਹਿ ਜਸੁ = ਤੇਰਾ ਜਸ। ਅਸੁਰ = ਦੈਂਤ। ਤੇ = ਉਹ ਸਾਰੇ।

ਅਰਥ: ਦੇਵਤਿਆਂ ਨੇ ਮੰਗਲਾਚਾਰ ਕੀਤਾ ਹੈ, ਤੇਰਾ ਜਸ ਤੇ ਜੈ-ਜੈਕਾਰ ਕਰ ਰਹੇ ਹਨ। ਉਹ (ਸਾਰੇ ਦੈਂਤ (ਉਥੋਂ) ਭੱਜ ਗਏ ਹਨ, (ਉਹਨਾਂ ਦੇ ਆਪਣੇ) ਪਾਪ ਉਹਨਾਂ ਦੇ ਅੰਦਰ ਕੰਬ ਰਹੇ ਹਨ।

ਕਾਟੇ ਸੁ ਪਾਪ ਤਿਨ੍ਹ੍ਹ ਨਰਹੁ ਕੇ ਗੁਰੁ ਰਾਮਦਾਸੁ ਜਿਨ੍ਹ੍ਹ ਪਾਇਯਉ ॥ ਛਤ੍ਰੁ ਸਿੰਘਾਸਨੁ ਪਿਰਥਮੀ ਗੁਰ ਅਰਜੁਨ ਕਉ ਦੇ ਆਇਅਉ ॥੨॥੨੧॥੯॥੧੧॥੧੦॥੧੦॥੨੨॥੬੦॥੧੪੩॥ {ਪੰਨਾ 1409}

ਪਦ ਅਰਥ: ਤਿਨ ਨਰਹੁ ਕੇ = ਉਹਨਾਂ ਮਨੁੱਖਾਂ ਦੇ। ਦੇ ਆਇਅਉ = ਦੇ ਕੇ ਆ ਗਿਆ ਹੈ।

ਅਰਥ: ਉਹਨਾਂ ਮਨੁੱਖਾਂ ਦੇ ਪਾਪ ਕੱਟੇ ਗਏ ਹਨ, ਜਿਨ੍ਹਾਂ ਨੂੰ ਗੁਰੂ ਰਾਮਦਾਸ ਮਿਲ ਪਿਆ ਹੈ। ਗੁਰੂ ਰਾਮਦਾਸ ਧਰਤੀ ਦਾ ਛਤਰ ਤੇ ਸਿੰਘਾਸਣ ਗੁਰੂ ਅਰਜੁਨ ਸਾਹਿਬ ਜੀ ਨੂੰ ਦੇ ਆਇਆ ਹੈ।2।21।9।11।10।10।22।60।143।

ਨੋਟ: ਇਹ ਦੋਵੇਂ ਸਵਈਏ 'ਹਰਿਬੰਸ' ਭੱਟ ਦੇ ਹਨ। ਪਹਿਲੇ ਸਵਈਏ ਵਿਚ ਗੁਰੂ ਅਰਜੁਨ ਸਾਹਿਬ ਜੀ ਦੇ ਦਰਬਾਰ ਦੀ ਮਹਿਮਾ ਕੀਤੀ ਹੈ। ਹਿੰਦੂ ਮਤ ਵਿਚ ਗੰਗਾ, ਪੁਰਾਣ ਤੇ ਵੇਦਾਂ ਦੀ ਉੱਚਤਾ ਮੰਨੀ ਗਈ ਹੈ। ਭੱਟ ਜੀ ਦੇ ਹਿਰਦੇ ਉਤੇ ਸਤਿਗੁਰੂ ਜੀ ਦਾ ਦਰਬਾਰ ਵੇਖ ਕੇ ਇਹ ਪ੍ਰਭਾਵ ਪੈਂਦਾ ਹੈ ਕਿ ਨਾਮ ਅੰਮ੍ਰਿਤ, ਮਾਨੋ, ਗੰਗਾ ਜਲ ਹੈ। ਪੁਰਾਣ ਤੇ ਵੇਦ ਭੀ ਗੁਰੂ-ਦਰ ਦੀ ਸੋਭਾ ਕਰ ਰਹੇ ਹਨ। ਉਸੇ ਤਰ੍ਹਾਂ ਦਾ ਖ਼ਿਆਲ ਹੈ, ਜਿਵੇਂ ਬਾਬਾ ਲਹਣਾ ਜੀ ਨੇ ਵੈਸ਼ਨੋ ਦੇਵੀ ਨੂੰ ਗੁਰੂ ਨਾਨਕ ਦੇ ਦਰ ਤੇ ਝਾੜੂ ਦੇਂਦਿਆਂ ਵੇਖਿਆ। ਭੱਟ ਹਰਿਬੰਸ ਦੇ ਹਿਰਦੇ ਵਿਚ ਪਹਿਲਾਂ ਗੰਗਾ, ਪੁਰਾਣ ਤੇ ਵੇਦਾਂ ਦੀ ਇੱਜ਼ਤ ਸੀ, ਗੁਰੂ ਦਾ ਦਰ ਵੇਖ ਕੇ ਪ੍ਰਤੀਤ ਹੋਇਆ ਕਿ ਇਸ ਦਰ ਦੇ ਤਾਂ ਉਹ ਭੀ ਸੇਵਕ ਹਨ।

(ਹਰਿਬੰਸ ਭੱਟ ਦੇ 2 ਸਵਈਏ)

ਸਾਰਾ ਵੇਰਵਾ:

. . ਕਲ੍ਯ੍ਯਹਸਾਰ . . . . . . . 12
. . ਮਥੁਰਾ . . . . . . . . . . 7
. . ਹਰਿਬੰਸ . . . . . . . . . 2
. . ਜੋੜ . . . . . . . . . . . .21

ਅਖ਼ੀਰਲੇ ਅੰਕਾਂ ਦਾ ਵੇਰਵਾ
ਸਵਈਏ ਸ੍ਰੀ ਮੁਖ ਬਾਕ੍ਯ੍ਯ . . . . 9
" . . . . " . . . . . . . . . 11
ਸਵਈਏ ਮਹਲੇ ਪਹਿਲੇ ਕੇ . . 10
ਸਵਈਏ ਮਹਲੇ ਤੀਜੇ ਕੇ . . . .22
ਸਵਈਏ ਮਹਲੇ ਚੌਥੇ ਕੇ . . . . 60
ਸਵਈਏ ਮਹਲੇ ਪੰਜਵੇਂ ਕੇ . . . 21
. . . . ਕੁੱਲ ਜੋੜ . . . . . . . . 143

ਅੰਕ 122 ਵਿਚ ਗੁਰੂ ਅਰਜਨ ਸਾਹਿਬ ਦੀ ਉਸਤਤਿ ਵਿਚ ਉਚਾਰੇ 21 ਸਵਈਆਂ ਦਾ ਜੋੜ ਨਹੀਂ ਦਿੱਤਾ ਗਿਆ।

ਸਾਰੇ ਭੱਟਾਂ ਦਾ ਵੇਰਵਾ

1. ਕਲ੍ਯ੍ਯਸਹਾਰ . . 10 . . 10 . . 9 . . 13 . . 12 . . = 54
2. ਜਾਲਪ . . . . . . . . . . . 5 . . . . . . . . . . . . = 5
3. ਕੀਰਤ . . . . . . . . . . . 4 . . 4 . . . . . . . . . = 8
4. ਭਿਖਾ . . . . . . . . . . . . 2 . . . . . . . . . . . . .= 2
5. ਸਲ੍ਯ੍ਯ . . . . . . . . . . . . . 1 . . 2 . . . . . . . . . = 3
6. ਭਲ੍ਯ੍ਯ . . . . . . . . . . . . . 1 . . . . . . . . . . . . .= 1
7. ਨਲ੍ਯ੍ਯ . . . . . . . . . . . . . .16 . . . . . . . . . . . .= 16
8. ਗਯੰਦ . . . . . . . . . . . . 13 . . . . . . . . . . . = 13
9. ਮਥੁਰਾ . . . . . . . . . . . . .7 . . 7 . . . . . . . . .= 14
10. ਬਲ੍ਯ੍ਯ . . . . . . . . . . . . . 5 . . . . . . . . . . . . = 5
11. ਹਰਿਬੰਸ . . . . . . . . . . .2 . . . . . . . . . . . . = 2
. . . . 11 . . . . 10 . . 10 . . 22 . . 60 . . 21 . . .123

TOP OF PAGE

Sri Guru Granth Darpan, by Professor Sahib Singh