ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1410 ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਸਲੋਕ ਵਾਰਾਂ ਤੇ ਵਧੀਕ ॥ ਮਹਲਾ ੧ ॥ ਉਤੰਗੀ ਪੈਓਹਰੀ ਗਹਿਰੀ ਗੰਭੀਰੀ ॥ ਸਸੁੜਿ ਸੁਹੀਆ ਕਿਵ ਕਰੀ ਨਿਵਣੁ ਨ ਜਾਇ ਥਣੀ ॥ ਗਚੁ ਜਿ ਲਗਾ ਗਿੜਵੜੀ ਸਖੀਏ ਧਉਲਹਰੀ ॥ ਸੇ ਭੀ ਢਹਦੇ ਡਿਠੁ ਮੈ ਮੁੰਧ ਨ ਗਰਬੁ ਥਣੀ ॥੧॥ {ਪੰਨਾ 1410} ਤੇ = ਤੋਂ। ਸਲੋਕ ਵਾਰਾਂ ਤੇ ਵਧੀਕ = 'ਵਾਰਾਂ' (ਵਿਚ ਦਰਜ ਹੋਣ) ਤੋਂ ਵਧੇ ਹੋਏ ਸਲੋਕ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕੁਲ 22 ਵਾਰਾਂ ਹਨ। ਗੁਰੂ ਨਾਨਕ ਦੇਵ ਜੀ ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਸਾਹਿਬ ਜੀ ਦੀਆਂ ਰਚੀਆਂ 'ਵਾਰਾਂ' ਪਹਿਲਾਂ ਸਿਰਫ਼ 'ਪਉੜੀਆਂ' ਦਾ ਸੰਗ੍ਰਹਿ ਸਨ। ਜਦੋਂ ਗੁਰੂ ਅਰਜਨ ਸਾਹਿਬ ਨੇ ਸਾਰੀ ਬਾਣੀ ਨੂੰ ਰਾਗਾਂ ਅਨੁਸਾਰ ਹੁਣ ਵਾਲੀ ਤਰਤੀਬ ਦਿੱਤੀ, ਤਾਂ ਉਹਨਾਂ ਨੇ 'ਵਾਰ' ਦੀ ਹਰੇਕ 'ਪਉੜੀ' ਦੇ ਨਾਲ ਘੱਟ ਤੋਂ ਘੱਟ ਦੋ ਦੋ ਮਿਲਵੇਂ ਭਾਵ ਵਾਲੇ ਸ਼ਲੋਕ ਦਰਜ ਕਰ ਦਿੱਤੇ। ਜਿਹੜੇ ਸ਼ਲੋਕ ਵਧ ਗਏ, ਉਹ ਸਤਿਗੁਰੂ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖ਼ੀਰ ਵਿਚ 'ਸਲੋਕ' ਵਾਰਾਂ ਤੇ ਵਧੀਕ' ਦੇ ਸਿਰ-ਲੇਖ ਹੇਠ ਦਰਜ ਕਰ ਦਿੱਤੇ। ਪਦ ਅਰਥ: ਉਤੰਗੀ = (उत्तुंग = Lofty, high, tall) ਲੰਮੀ, ਲੰਮੇ ਕੱਦ ਵਾਲੀ। ਪੈਓਹਰੀ = (पयस् = ਦੁੱਧ! पयोधर = ਥਣ) ਥਣਾਂ ਵਾਲੀ, ਭਰ-ਜੁਆਨੀ ਤੇ ਅੱਪੜੀ ਹੋਈ। ਗਹਿਰੀ = ਡੂੰਘੀ, ਮਗਨ। ਗੰਭੀਰੀ = ਗੰਭੀਰ ਸੁਭਾਅ ਵਾਲੀ। ਗਹਿਰੀ ਗੰਭੀਰੀ = ਮਾਣ ਵਿਚ ਮੱਤੀ ਹੋਈ, ਮਸਤ ਚਾਲ ਵਾਲੀ। ਸਸੁੜੀ = ਸਸੁੜੀ ਨੂੰ, ਸੱਸ ਨੂੰ। ਸੁਹੀਆ = ਨਮਸਕਾਰ। ਕਿਵ = ਕਿਵੇਂ? ਕਰੀ = ਕਰੀਂ, ਮੈਂ ਕਰਾਂ। ਥਣੀ = ਥਣੀਂ, ਥਣਾਂ ਦੇ ਕਾਰਨ, ਭਰਵੀਂ ਛਾਤੀ ਦੇ ਕਾਰਨ। ਗਚੁ = ਚੂਨੇ ਦਾ ਪਲਸਤਰ। ਜਿ ਧਉਲਹਰੀ = ਜਿਨ੍ਹਾਂ ਧੌਲਰਾਂ ਨੂੰ, ਜਿਨ੍ਹਾਂ ਪੱਕੇ ਮਹਲਾਂ ਨੂੰ। ਗਿੜਵੜੀ ਧਉਲਹਰੀ = ਪਹਾੜਾਂ ਵਰਗੇ ਪੱਕੇ ਮਹੱਲਾਂ ਨੂੰ! ਸਖੀਏ = ਹੇ ਸਖੀ! ਸੇ = ਉਹ (ਬਹੁ-ਵਚਨ) । ਡਿਠੁ = ਡਿੱਠੇ ਹਨ। ਮੁੰਧ = ਹੇ ਮੁੰਧ! (मुग्धा = A young girl attractive by her youthful simplicity) ਹੇ ਭੋਲੀ ਜੁਆਨ ਕੁੜੀਏ! ਨ ਗਰਬੁ = ਅਹੰਕਾਰ ਨਾਹ ਕਰ। ਥਣੀ = ਥਣੀਂ, ਥਣਾਂ ਦੇ ਕਾਰਨ, ਜੁਆਨੀ ਦੇ ਕਾਰਨ।1। ਅਰਥ: ਉੱਚੇ ਲੰਮੇ ਕੱਦ ਵਾਲੀ, ਭਰ-ਜੁਆਨੀ ਤੇ ਅੱਪੜੀ ਹੋਈ, ਮਾਣ ਵਿਚ ਮੱਤੀ ਹੋਈ ਮਸਤ ਚਾਲ ਵਾਲੀ (ਆਪਣੀ ਸਹੇਲੀ ਨੂੰ ਆਖਦੀ ਹੈ– ਹੇ ਸਹੇਲੀਏ!) ਭਰਵੀਂ ਛਾਤੀ ਦੇ ਕਾਰਨ ਮੈਥੋਂ ਲਿਫ਼ਿਆ ਨਹੀਂ ਜਾਂਦਾ। (ਦੱਸ,) ਮੈਂ (ਆਪਣੀ) ਸੱਸ ਨੂੰ ਨਮਸਕਾਰ ਕਿਵੇਂ ਕਰਾਂ? (ਮੱਥਾ ਕਿਵੇਂ ਟੇਕਾਂ?) । (ਅਗੋਂ ਸਹੇਲੀ ਉੱਤਰ ਦੇਂਦੀ ਹੈ-) ਹੇ ਸਹੇਲੀਏ! (ਇਸ) ਭਰਵੀਂ ਜੁਆਨੀ ਦੇ ਕਾਰਨ ਅਹੰਕਾਰ ਨਾ ਕਰ (ਇਹ ਜੁਆਨੀ ਜਾਂਦਿਆਂ ਚਿਰ ਨਹੀਂ ਲੱਗਣਾ। ਵੇਖ,) ਜਿਹੜੇ ਪਹਾੜਾਂ ਵਰਗੇ ਪੱਕੇ ਮਹੱਲਾਂ ਨੂੰ ਚੂਨੇ ਦਾ ਪਲਸਤਰ ਲੱਗਾ ਹੁੰਦਾ ਸੀ, ਉਹ (ਪੱਕੇ ਮਹੱਲ) ਭੀ ਡਿਗਦੇ ਮੈਂ ਵੇਖ ਲਏ ਹਨ (ਤੇਰੀ ਜੁਆਨੀ ਦੀ ਤਾਂ ਕੋਈ ਪਾਂਇਆਂ ਹੀ ਨਹੀਂ ਹੈ) ।1। ਸੁਣਿ ਮੁੰਧੇ ਹਰਣਾਖੀਏ ਗੂੜਾ ਵੈਣੁ ਅਪਾਰੁ ॥ ਪਹਿਲਾ ਵਸਤੁ ਸਿਞਾਣਿ ਕੈ ਤਾਂ ਕੀਚੈ ਵਾਪਾਰੁ ॥ ਦੋਹੀ ਦਿਚੈ ਦੁਰਜਨਾ ਮਿਤ੍ਰਾਂ ਕੂੰ ਜੈਕਾਰੁ ॥ ਜਿਤੁ ਦੋਹੀ ਸਜਣ ਮਿਲਨਿ ਲਹੁ ਮੁੰਧੇ ਵੀਚਾਰੁ ॥ ਤਨੁ ਮਨੁ ਦੀਜੈ ਸਜਣਾ ਐਸਾ ਹਸਣੁ ਸਾਰੁ ॥ ਤਿਸ ਸਉ ਨੇਹੁ ਨ ਕੀਚਈ ਜਿ ਦਿਸੈ ਚਲਣਹਾਰੁ ॥ ਨਾਨਕ ਜਿਨੑੀ ਇਵ ਕਰਿ ਬੁਝਿਆ ਤਿਨੑਾ ਵਿਟਹੁ ਕੁਰਬਾਣੁ ॥੨॥ {ਪੰਨਾ 1410} ਪਦ ਅਰਥ: ਹਰਣਾਖੀਏ = (ਹਰਣ-ਅਖੀ) ਹਰਣ ਦੀਆਂ ਅੱਖਾਂ ਵਾਲੀਏ! ਹੇ ਸੋਹਣੇ ਨੇਤ੍ਰਾਂ ਵਾਲੀਏ! ਮੁੰਧੇ = ਹੇ ਭੋਲੀ ਜੁਆਨ ਕੁੜੀਏ! ਗੂੜਾ = ਡੂੰਘਾ, ਭੇਦ-ਭਰਿਆ। ਅਪਾਰੁ = ਬਹੁਤ। ਵੈਣੁ = ਵਚਨ, ਬੋਲ। ਕੀਚੈ = ਕਰਨਾ ਚਾਹੀਦਾ ਹੈ। ਦੋਹੀ = ਦੁਹਾਈ, ਰੱਬ ਦੀ ਦੁਹਾਈ, ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਦੁਹਾਈ। ਦਿਚੈ = ਦੇਣੀ ਚਾਹੀਦੀ ਹੈ। ਦੁਰਜਨਾ = (ਕਾਮਾਦਿਕ) ਦੁਸਟਾਂ (ਨੂੰ ਕੱਢਣ ਲਈ) । ਕੂੰ = ਦੀ ਖ਼ਾਤਰ। ਜੈਕਾਰੁ = ਪ੍ਰਭੂ ਦੀ ਜੈਕਾਰ, ਪ੍ਰਭੂ ਦੀ ਸਿਫ਼ਤਿ-ਸਾਲਾਹ। ਮਿਤ੍ਰਾਂ ਕੂੰ = ਭਲੇ ਗੁਣਾਂ ਦੀ ਖ਼ਾਤਰ। ਜਿਤੁ ਦੋਹੀ = ਜਿਸ ਦੁਹਾਈ ਦੀ ਰਾਹੀਂ, ਜਿਸ ਰੱਬੀ ਸਿਫ਼ਤਿ-ਸਾਲਾਹ ਦੀ ਰਾਹੀਂ। ਮਿਲਨਿ = ਮਿਲਦੇ ਹਨ। ਲਹੁ ਵੀਚਾਰੁ = (ਉਸ ਦੁਹਾਈ ਨੂੰ) ਮਨ ਵਿਚ ਵਸਾਈ ਰੱਖ। ਦੀਜੈ = ਦੇਣਾ ਚਾਹੀਦਾ ਹੈ। ਹਸਣੁ = ਖ਼ੁਸ਼ੀ, ਆਨੰਦ। ਸਾਰੁ = ਸ੍ਰੇਸ਼ਟ। ਸਉ = ਸਿਉ, ਨਾਲ। ਨ ਕੀਚਈ = ਨਹੀਂ ਕਰਨਾ ਚਾਹੀਦਾ। ਨੇਹੁ = ਪਿਆਰ, ਮੋਹ। ਜਿ = ਜਿਹੜਾ। ਚਲਣਹਾਰੁ = ਨਾਸਵੰਤ। ਇਵ ਕਰਿ = ਇਸ ਤਰ੍ਹਾਂ, ਇਸ ਤਰੀਕੇ ਨਾਲ। ਵਿਟਹੁ = ਤੋਂ।2। ਅਰਥ: ਹੇ ਸੁੰਦਰ ਨੇਤ੍ਰਾਂ ਵਾਲੀਏ ਭੋਲੀਏ ਜੁਆਨ ਕੁੜੀਏ! (ਹੇ ਜਗਤ-ਰਚਨਾ ਵਿਚੋਂ ਸੋਹਣੀ ਜੀਵ-ਇਸਤ੍ਰੀਏ!) ਮੇਰੀ ਇਕ ਬਹੁਤ ਡੂੰਘੀ ਭੇਤ ਦੀ ਗੱਲ ਸੁਣ। (ਜਦੋਂ ਕੋਈ ਚੀਜ਼ ਖ਼ਰੀਦਣ ਲੱਗੀਏ, ਤਾਂ) ਪਹਿਲਾਂ (ਉਸ) ਚੀਜ਼ ਨੂੰ ਪਰਖ ਕੇ ਤਦੋਂ ਉਸ ਦਾ ਵਪਾਰ ਕਰਨਾ ਚਾਹੀਦਾ ਹੈ (ਤਦੋਂ ਉਹ ਖ਼ਰੀਦਣੀ ਚਾਹੀਦੀ ਹੈ) । ਹੇ ਭੋਲੀਏ ਜੁਆਨ ਕੁੜੀਏ! (ਕਾਮਾਦਿਕ ਵਿਕਾਰ ਆਤਮਕ ਜੀਵਨ ਦੇ ਵੈਰੀ ਹਨ, ਇਹਨਾਂ) ਦੁਸ਼ਟਾਂ ਨੂੰ (ਅੰਦਰੋਂ ਕੱਢਣ ਲਈ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ) ਦੁਹਾਈ ਦੇਂਦੇ ਰਹਿਣਾ ਚਾਹੀਦਾ ਹੈ (ਭਲੇ ਗੁਣ ਆਤਮਕ ਜੀਵਨ ਦੇ ਅਸਲ ਮਿੱਤਰ ਹਨ, ਇਹਨਾਂ) ਮਿੱਤਰਾਂ ਦੇ ਸਾਥ ਦੀ ਖ਼ਾਤਰ (ਪਰਮਾਤਮਾ ਦੀ) ਸਿਫ਼ਤਿ-ਸਾਲਾਹ ਕਰਦੇ ਰਹਿਣਾ ਚਾਹੀਦਾ ਹੈ। ਹੇ ਭੋਲੀਏ! ਜਿਸ ਦੁਹਾਈ ਦੀ ਬਰਕਤਿ ਨਾਲ ਇਹ ਸੱਜਣ ਮਿਲੇ ਰਹਿਣ, (ਉਸ ਦੁਹਾਈ ਦੀ) ਵਿਚਾਰ ਨੂੰ (ਆਪਣੇ ਅੰਦਰ) ਸਾਂਭ ਰੱਖ। (ਇਹਨਾਂ) ਸੱਜਣਾਂ (ਦੇ ਮਿਲਾਪ) ਦੀ ਖ਼ਾਤਰ ਆਪਣਾ ਤਨ ਆਪਣਾ ਮਨ ਭੇਟ ਕਰ ਦੇਣਾ ਚਾਹੀਦਾ ਹੈ (ਆਪਣੇ ਮਨ ਅਤੇ ਇੰਦ੍ਰਿਆਂ ਦੀ ਨੀਵੀਂ ਪ੍ਰੇਰਨਾ ਤੋਂ ਬਚੇ ਰਹਿਣਾ ਚਾਹੀਦਾ ਹੈ) (ਇਸ ਤਰ੍ਹਾਂ ਇਕ) ਅਜਿਹਾ (ਆਤਮਕ) ਆਨੰਦ ਪੈਦਾ ਹੁੰਦਾ ਹੈ (ਜੋ ਹੋਰ ਸਾਰੀਆਂ ਖ਼ੁਸ਼ੀਆਂ ਨਾਲੋਂ ਸ੍ਰੇਸ਼ਟ ਹੁੰਦਾ ਹੈ। ਹੇ ਭੋਲੀਏ! (ਇਹ ਜਗਤ-ਪਸਾਰਾ) ਨਾਸਵੰਤ ਦਿੱਸ ਰਿਹਾ ਹੈ; ਇਸ ਨਾਲ ਮੋਹ ਨਹੀਂ ਕਰਨਾ ਚਾਹੀਦਾ। ਹੇ ਨਾਨਕ! (ਆਖ) ਜਿਨ੍ਹਾਂ (ਵਡ-ਭਾਗੀਆਂ ਨੇ) (ਆਤਮਕ ਜੀਵਨ ਦੇ ਭੇਤ ਨੂੰ) ਇਸ ਤਰ੍ਹਾਂ ਸਮਝਿਆ ਹੈ ਮੈਂ ਉਹਨਾਂ ਤੋਂ ਸਦਕੇ (ਜਾਂਦਾ ਹਾਂ) ।2। ਜੇ ਤੂੰ ਤਾਰੂ ਪਾਣਿ ਤਾਹੂ ਪੁਛੁ ਤਿੜੰਨੑ ਕਲ ॥ ਤਾਹੂ ਖਰੇ ਸੁਜਾਣ ਵੰਞਾ ਏਨੑੀ ਕਪਰੀ ॥੩॥ {ਪੰਨਾ 1410} ਪਦ ਅਰਥ: ਪਾਣਿ = ਪਾਣੀ। ਤਾਰੂ ਪਾਣਿ = ਪਾਣੀ ਦਾ ਤਾਰੂ (ਬਣਨਾ ਚਾਹੇਂ) । ਤਾਹੂ = ਉਹਨਾਂ ਨੂੰ। ਕਲ = ਕਲਾ, ਹੁਨਰ, ਜਾਚ। ਤਿੜੰਨੑ ਕਲ = ਤਰਨ ਦਾ ਹੁਨਰ, ਤਰਨ ਦੀ ਜਾਚ। ਤਾਹੂ = ਉਹ (ਮਨੁੱਖ) ਹੀ। ਖਰੇ ਸੁਜਾਣ = ਅਸਲ ਸਿਆਣੇ। ਏਨੀ ਕਪਰੀ = ਏਨੀ ਕਪਰੀਂ, ਇਹਨਾਂ ਲਹਿਰਾਂ ਵਿਚੋਂ। ਵੰਞਾ = ਵੰਞਾਂ, ਮੈਂ ਲੰਘਦਾ ਹਾਂ, ਮੈਂ ਲੰਘ ਸਕਦਾ ਹਾਂ।3। ਅਰਥ: ਹੇ ਭਾਈ! ਜੇ ਤੂੰ (ਸੰਸਾਰ-ਸਮੁੰਦਰ ਦੇ) ਪਾਣੀਆਂ ਦਾ ਤਾਰੂ (ਬਣਨਾ ਚਾਹੁੰਦਾ ਹੈਂ) , (ਤਾਂ ਤਰਨ ਦੀ ਜਾਚ) ਉਹਨਾਂ ਪਾਸੋਂ ਪੁੱਛ (ਜਿਨ੍ਹਾਂ ਨੂੰ ਇਸ ਸੰਸਾਰ-ਸਮੁੰਦਰ ਵਿਚੋਂ) ਪਾਰ ਲੰਘਣ ਦੀ ਜਾਚ ਹੈ। ਹੇ ਭਾਈ! ਉਹ ਮਨੁੱਖ ਹੀ ਅਸਲ ਸਿਆਣੇ (ਤਾਰੂ ਹਨ, ਜੋ ਸੰਸਾਰ-ਸਮੁੰਦਰ ਦੀਆਂ ਇਹਨਾਂ ਵਿਕਾਰਾਂ ਦੀਆਂ ਲਹਿਰਾਂ ਵਿਚੋਂ ਪਾਰ ਲੰਘਦੇ ਹਨ) । ਮੈਂ (ਭੀ ਉਹਨਾਂ ਦੀ ਸੰਗਤਿ ਵਿਚ ਹੀ) ਇਹਨਾਂ ਲਹਿਰਾਂ ਤੋਂ ਪਾਰ ਲੰਘ ਸਕਦਾ ਹਾਂ।3। ਝੜ ਝਖੜ ਓਹਾੜ ਲਹਰੀ ਵਹਨਿ ਲਖੇਸਰੀ ॥ ਸਤਿਗੁਰ ਸਿਉ ਆਲਾਇ ਬੇੜੇ ਡੁਬਣਿ ਨਾਹਿ ਭਉ ॥੪॥ {ਪੰਨਾ 1410} ਪਦ ਅਰਥ: ਓਹਾੜ = ਹੜ੍ਹ। ਲਹਰੀ ਲਖੇਸਰੀ = (ਵਿਕਾਰਾਂ ਦੀਆਂ) ਲੱਖਾਂ ਹੀ ਲਹਿਰਾਂ। ਵਹਨਿ = ਵਹਿੰਦੀਆਂ ਹਨ, ਚੱਲ ਰਹੀਆਂ ਹਨ। ਸਿਉ = ਪਾਸ। ਆਲਾਇ = ਪੁਕਾਰ ਕਰ। ਡੁਬਣਿ = ਡੁਬਣ ਵਿਚ। ਭਉ = ਡਰ, ਖ਼ਤਰਾ।4। ਅਰਥ: ਹੇ ਭਾਈ! (ਇਸ ਸੰਸਾਰ-ਸਮੁੰਦਰ ਵਿਚ ਵਿਕਾਰਾਂ ਦੀਆਂ) ਝੜੀਆਂ (ਲੱਗੀਆਂ ਹੋਈਆਂ ਹਨ, ਵਿਕਾਰਾਂ ਦੇ) ਝੱਖੜ (ਝੁੱਲ ਰਹੇ ਹਨ, ਵਿਕਾਰਾਂ ਦੇ) ਹੜ੍ਹ (ਆ ਰਹੇ ਹਨ, ਵਿਕਾਰਾਂ ਦੀਆਂ) ਲੱਖਾਂ ਹੀ ਠਿੱਲਾਂ ਪੈ ਰਹੀਆਂ ਹਨ। (ਜੇ ਤੂੰ ਆਪਣੀ ਜ਼ਿੰਦਗੀ ਦੀ ਬੇੜੀ ਨੂੰ ਬਚਾਣਾ ਚਾਹੁੰਦਾ ਹੈਂ, ਤਾਂ) ਗੁਰੂ ਪਾਸ ਪੁਕਾਰ ਕਰ (ਇਸ ਤਰ੍ਹਾਂ ਤੇਰੀ ਜੀਵਨ-) ਬੇੜੀ ਦੇ (ਇਸ ਸੰਸਾਰ-ਸਮੁੰਦਰ ਵਿਚ) ਡੁੱਬ ਜਾਣ ਬਾਰੇ ਕੋਈ ਖ਼ਤਰਾ ਨਹੀਂ ਰਹਿ ਜਾਇਗਾ।4। ਨਾਨਕ ਦੁਨੀਆ ਕੈਸੀ ਹੋਈ ॥ ਸਾਲਕੁ ਮਿਤੁ ਨ ਰਹਿਓ ਕੋਈ ॥ ਭਾਈ ਬੰਧੀ ਹੇਤੁ ਚੁਕਾਇਆ ॥ ਦੁਨੀਆ ਕਾਰਣਿ ਦੀਨੁ ਗਵਾਇਆ ॥੫॥ {ਪੰਨਾ 1410} ਪਦ ਅਰਥ: ਸਾਲਕੁ = ਸੱਚਾ ਸੰਤ ਜੋ ਆਪ ਜਪੇ ਤੇ ਹੋਰਨਾਂ ਤੋਂ ਜਪਾਏ, ਸਹੀ ਜੀਵਨ-ਰਾਹ ਦੱਸਣ ਵਾਲਾ। ਮਿਤੁ = ਮਿੱਤਰ। ਭਾਈ ਬੰਧੀ = ਭਰਾਵਾਂ ਸਨਬੰਧੀਆਂ (ਦੇ ਮੋਹ ਵਿਚ ਫਸ ਕੇ) । ਹੇਤੁ = (ਪਰਮਾਤਮਾ ਦਾ) ਪਿਆਰ। ਚੁਕਾਇਆ = ਮੁਕਾ ਦਿੱਤਾ ਹੈ। ਕਾਰਣਿ = ਦੀ ਖ਼ਾਤਰ, ਵਾਸਤੇ। ਦੀਨੁ = ਧਰਮ, ਆਤਮਕ ਜੀਵਨ ਦਾ ਸਰਮਾਇਆ।5। ਅਰਥ: ਹੇ ਨਾਨਕ! ਦੁਨੀਆ (ਦੀ ਲੁਕਾਈ) ਅਜਬ ਨੀਵੇਂ ਪਾਸੇ ਜਾ ਰਹੀ ਹੈ। ਸਹੀ ਜੀਵਨ-ਰਸਤਾ ਦੱਸਣ ਵਾਲਾ ਮਿੱਤਰ ਕਿਤੇ ਕੋਈ ਲੱਭਦਾ ਨਹੀਂ। ਭਰਾਵਾਂ ਸਨਬੰਧੀਆਂ ਦੇ ਮੋਹ ਵਿਚ ਫਸ ਕੇ (ਮਨੁੱਖ ਪਰਮਾਤਮਾ ਦਾ) ਪਿਆਰ (ਆਪਣੇ ਅੰਦਰੋਂ ਮੁਕਾਈ ਬੈਠਾ ਹੈ) ਦੁਨੀਆ (ਦੀ ਮਾਇਆ) ਦੀ ਖ਼ਾਤਰ ਆਤਮਕ ਜੀਵਨ ਦਾ ਸਰਮਾਇਆ ਗੰਵਾਈ ਜਾ ਰਿਹਾ ਹੈ।5। ਹੈ ਹੈ ਕਰਿ ਕੈ ਓਹਿ ਕਰੇਨਿ ॥ ਗਲੑਾ ਪਿਟਨਿ ਸਿਰੁ ਖੋਹੇਨਿ ॥ ਨਾਉ ਲੈਨਿ ਅਰੁ ਕਰਨਿ ਸਮਾਇ ॥ ਨਾਨਕ ਤਿਨ ਬਲਿਹਾਰੈ ਜਾਇ ॥੬॥ {ਪੰਨਾ 1410} ਪਦ ਅਰਥ: ਹੈ ਹੈ– ਹਾਇ ਹਾਇ। ਕਰਿ ਕੈ = ਆਖ ਆਖ ਕੇ। ਓਹਿ ਕਰੇਨਿ = 'ਓਏ ਓਏ' ਕਰਦੀਆਂ ਹਨ। ਪਿਟਨਿ = ਪਿੱਟਦੀਆਂ ਹਨ। ਖੋਹੇਨਿ = ਖੁੰਹਦੀਆਂ ਹਨ। ਨਾਉ = (ਪਰਮਾਤਮਾ ਦਾ) ਨਾਮ। ਲੈਨਿ = ਲੈਂਦੇ ਹਨ, ਲੈਂਦੀਆਂ ਹਨ। ਅਰੁ = ਅਤੇ। ਸਮਾਇ = ਸਮਾਈ, ਸ਼ਾਂਤੀ। ਕਰਨਿ ਸਮਾਇ = ਸਮਾਈ ਕਰਦੇ ਹਨ, ਸ਼ਾਂਤੀ ਕਰਦੇ ਹਨ, ਭਾਣਾ ਮੰਨਦੇ ਹਨ। ਜਾਇ = ਜਾਂਦਾ ਹੈ। ਨਾਨਕ ਜਾਇ = ਨਾਨਕ ਜਾਂਦਾ ਹੈ।6। ਅਰਥ: ਹੇ ਭਾਈ! (ਕਿਸੇ ਪਿਆਰੇ ਸਨਬੰਧੀ ਦੇ ਮਰਨ ਤੇ ਜ਼ਨਾਨੀਆਂ) 'ਹਾਇ ਹਾਇ' ਆਖ ਆਖ ਕੇ 'ਓਇ ਓਇ' ਕਰਦੀਆਂ ਹਨ (ਮੂੰਹੋਂ ਆਖਦੀਆਂ ਹਨ। ਆਪਣੀਆਂ) ਗੱਲ੍ਹਾਂ ਪਿੱਟਦੀਆਂ ਹਨ (ਆਪਣੇ) ਸਿਰ (ਦੇ ਵਾਲ) ਖੁੰਹਦੀਆਂ ਹਨ (ਇਹ ਬਹੁਤ ਹੀ ਮਾੜਾ ਕਰਮ ਹੈ) । ਹੇ ਭਾਈ! ਜਿਹੜੇ ਪ੍ਰਾਣੀ (ਅਜਿਹੇ ਸਦਮੇ ਦੇ ਸਮੇ ਭੀ ਪਰਮਾਤਮਾ ਦਾ) ਨਾਮ ਜਪਦੇ ਹਨ, ਅਤੇ (ਪਰਮਾਤਮਾ ਦੀ) ਰਜ਼ਾ ਨੂੰ ਮੰਨਦੇ ਹਨ, ਨਾਨਕ ਉਹਨਾਂ ਤੋਂ ਸਦਕੇ ਜਾਂਦਾ ਹੈ।6। ਰੇ ਮਨ ਡੀਗਿ ਨ ਡੋਲੀਐ ਸੀਧੈ ਮਾਰਗਿ ਧਾਉ ॥ ਪਾਛੈ ਬਾਘੁ ਡਰਾਵਣੋ ਆਗੈ ਅਗਨਿ ਤਲਾਉ ॥ ਸਹਸੈ ਜੀਅਰਾ ਪਰਿ ਰਹਿਓ ਮਾ ਕਉ ਅਵਰੁ ਨ ਢੰਗੁ ॥ ਨਾਨਕ ਗੁਰਮੁਖਿ ਛੁਟੀਐ ਹਰਿ ਪ੍ਰੀਤਮ ਸਿਉ ਸੰਗੁ ॥੭॥ {ਪੰਨਾ 1410} ਪਦ ਅਰਥ: ਡੀਗਿ = ਡਿੰਗੇ (ਰਸਤੇ) ਉੱਤੇ। ਨ ਡੋਲੀਐ = ਡੋਲਣਾ ਨਹੀਂ ਚਾਹੀਦਾ, ਭਟਕਣਾ ਨਹੀਂ ਚਾਹੀਦਾ। ਸੀਧੈ ਮਾਰਗਿ = ਸਿੱਧੇ ਰਸਤੇ ਉੱਤੇ। ਧਾਉ = ਦੌੜ। ਪਾਛੈ = ਇਸ ਜਗਤ ਵਿਚ। ਬਾਘੁ = ਬਘਿਆੜ, (ਆਤਮਕ ਜੀਵਨ ਨੂੰ ਖਾ ਜਾਣ ਵਾਲਾ) ਬਘਿਆੜ, ਆਤਮਕ ਮੌਤ। ਡਰਾਵਣੋ = ਭਿਆਨਕ। ਆਗੈ = ਅਗਲੇ ਆ ਰਹੇ ਸਮੇ ਵਿਚ, ਪਰਲੋਕ ਵਿਚ। ਅਗਨਿ ਤਲਾਉ = ਅੱਗ ਦਾ ਤਲਾਬ, ਜਠਰਾਗਨੀ ਦੀ ਘੁੰਮਣ-ਘੇਰੀ। ਸਹਸੈ = ਸਹਮ ਵਿਚ। ਜੀਅਰਾ = ਜਿੰਦ। ਪਰਿ ਰਹਿਓ = ਪਿਆ ਰਹਿੰਦਾ ਹੈ। ਮਾ ਕਉ = ਮੈਨੂੰ। ਅਵਰੁ = (ਕੋਈ) ਹੋਰ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਛੁਟੀਐ = ਬਚ ਸਕੀਦਾ ਹੈ। ਸਿਉ = ਨਾਲ। ਸੰਗੁ = ਸਾਥ, ਪਿਆਰ।7। ਅਰਥ: ਹੇ ਮਨ! (ਵਿਕਾਰਾਂ-ਭਰੇ) ਵਿੰਗੇ (ਜੀਵਨ-) ਰਸਤੇ ਉੱਤੇ ਨਹੀਂ ਭਟਕਦੇ ਫਿਰਨਾ ਚਾਹੀਦਾ। ਹੇ ਮਨ! ਸਿੱਧੇ (ਜੀਵਨ-) ਰਾਹ ਉੱਤੇ ਦੌੜ। (ਵਿੰਗੇ ਰਸਤੇ ਤੁਰਿਆਂ) ਇਸ ਲੋਕ ਵਿਚ ਭਿਆਨਕ ਆਤਮਕ ਮੌਤ (ਆਤਮਕ ਜੀਵਨ ਨੂੰ ਖਾਈ ਜਾਂਦੀ ਹੈ, ਤੇ) ਅਗਾਂਹ ਪਰਲੋਕ ਵਿਚ ਜਠਰਾਗਨੀ ਦੀ ਘੁੰਮਣ-ਘੇਰੀ (ਡੋਬ ਲੈਂਦੀ ਹੈ ਭਾਵ, ਜਨਮ ਮਰਨ ਦਾ ਗੇੜ ਗ੍ਰਸ ਲੈਂਦਾ ਹੈ) । (ਵਿੰਗੇ ਰਸਤੇ ਤੁਰਿਆਂ ਹਰ ਵੇਲੇ ਇਹ) ਜਿੰਦ ਸਹਮ ਵਿਚ ਪਈ ਰਹਿੰਦੀ ਹੈ। ਹੇ ਮਨ! (ਇਸ ਵਿੰਗੇ ਰਸਤੇ ਤੋਂ ਬਚਣ ਲਈ ਗੁਰੂ ਦੀ ਸਰਨ ਤੋਂ ਬਿਨਾ) ਮੈਨੂੰ ਕੋਈ ਹੋਰ ਤਰੀਕਾ ਨਹੀਂ ਸੁੱਝਦਾ। ਹੇ ਨਾਨਕ! ਗੁਰੂ ਦੀ ਸਰਨ ਪੈ ਕੇ (ਹੀ ਇਸ ਵਿੰਗੇ ਰਸਤੇ ਤੋਂ) ਬਚ ਸਕੀਦਾ ਹੈ, ਅਤੇ ਪ੍ਰੀਤਮ ਪ੍ਰਭੂ ਨਾਲ ਸਾਥ ਬਣ ਸਕਦਾ ਹੈ।7। ਬਾਘੁ ਮਰੈ ਮਨੁ ਮਾਰੀਐ ਜਿਸੁ ਸਤਿਗੁਰ ਦੀਖਿਆ ਹੋਇ ॥ ਆਪੁ ਪਛਾਣੈ ਹਰਿ ਮਿਲੈ ਬਹੁੜਿ ਨ ਮਰਣਾ ਹੋਇ ॥ ਕੀਚੜਿ ਹਾਥੁ ਨ ਬੂਡਈ ਏਕਾ ਨਦਰਿ ਨਿਹਾਲਿ ॥ ਨਾਨਕ ਗੁਰਮੁਖਿ ਉਬਰੇ ਗੁਰੁ ਸਰਵਰੁ ਸਚੀ ਪਾਲਿ ॥੮॥ {ਪੰਨਾ 1410-1411} ਪਦ ਅਰਥ: ਬਾਘੁ = ਬਘਿਆੜ, (ਆਤਮਕ ਜੀਵਨ ਨੂੰ ਖਾ ਜਾਣ ਵਾਲਾ) ਬਘਿਆੜ, ਆਤਮਕ ਮੌਤ। ਮਾਰੀਐ = ਵੱਸ ਵਿਚ ਕਰ ਸਕੀਦਾ ਹੈ। ਜਿਸੁ = ਜਿਸ (ਮਨੁੱਖ) ਨੂੰ। ਦੀਖਿਆ = ਸਿੱਖਿਆ। ਆਪੁ = ਆਪਣੇ ਆਪ ਨੂੰ, ਆਪਣੇ ਆਤਮਕ ਜੀਵਨ ਨੂੰ। ਪਛਾਣੈ = ਪਰਖਦਾ ਹੈ। ਬਹੁੜਿ = ਮੁੜ। ਕੀਚੜਿ = ਚਿੱਕੜ ਵਿਚ। ਏਕਾ ਨਦਰਿ = ਇਕ ਮਿਹਰ ਦੀ ਨਿਗਾਹ ਨਾਲ। ਨਿਹਾਲਿ = (ਪਰਮਾਤਮਾ) ਵੇਖਦਾ ਹੈ। ਗੁਰਮੁਖਿ = ਗੁਰੂ ਦੀ ਸਰਨ ਪੈਣ ਵਾਲੇ ਮਨੁੱਖ। ਉਬਰੇ = ਬਚ ਨਿਕਲੇ। ਸਚੀ = ਸਦਾ-ਥਿਰ ਰਹਿਣ ਵਾਲੀ। ਪਾਲਿ = ਕੰਧ।8। ਅਰਥ: ਹੇ ਭਾਈ! ਜਿਸ (ਮਨੁੱਖ) ਨੂੰ ਗੁਰੂ ਦੀ ਸਿੱਖਿਆ (ਪ੍ਰਾਪਤ) ਹੁੰਦੀ ਹੈ, (ਉਸ ਦਾ) ਮਨ ਵੱਸ ਵਿਚ ਆ ਜਾਂਦਾ ਹੈ, (ਉਸ ਦੇ ਅੰਦਰੋਂ ਆਤਮਕ ਜੀਵਨ ਨੂੰ ਖਾ ਜਾਣ ਵਾਲਾ) ਬਘਿਆੜ ਮਰ ਜਾਂਦਾ ਹੈ। (ਉਹ ਮਨੁੱਖ) ਆਪਣੇ ਆਤਮਕ ਜੀਵਨ ਨੂੰ ਪਰਖਦਾ ਰਹਿੰਦਾ ਹੈ, ਉਹ ਪਰਮਾਤਮਾ ਨੂੰ ਮਿਲ ਪੈਂਦਾ ਹੈ, ਮੁੜ ਉਸ ਨੂੰ ਜਨਮ ਮਰਨ ਦਾ ਗੇੜ ਨਹੀਂ ਹੁੰਦਾ। ਪਰਮਾਤਮਾ (ਉਸ ਮਨੁੱਖ ਨੂੰ) ਮਿਹਰ ਦੀ ਨਿਗਾਹ ਨਾਲ ਵੇਖਦਾ ਹੈ (ਇਸ ਵਾਸਤੇ ਉਸ ਦਾ) ਹੱਥ ਚਿੱਕੜ ਵਿਚ ਨਹੀਂ ਡੁੱਬਦਾ (ਉਸ ਦਾ ਮਨ ਵਿਕਾਰਾਂ ਵਿਚ ਨਹੀਂ ਫਸਦਾ) । ਹੇ ਨਾਨਕ! ਗੁਰੂ ਦੀ ਸਰਨ ਪੈਣ ਵਾਲੇ ਮਨੁੱਖ (ਹੀ ਵਿਕਾਰਾਂ ਦੇ ਚਿੱਕੜ ਵਿਚ ਡੁੱਬਣੋਂ) ਬਚ ਨਿਕਲਦੇ ਹਨ। ਗੁਰੂ ਹੀ (ਨਾਮ ਦਾ) ਸਰੋਵਰ ਹੈ, ਗੁਰੂ ਹੀ ਸਦਾ-ਥਿਰ ਰਹਿਣ ਵਾਲੀ ਕੰਧ ਹੈ (ਜੋ ਵਿਕਾਰਾਂ ਦੇ ਚਿੱਕੜ ਵਿਚ ਲਿੱਬੜਨ ਤੋਂ ਬਚਾਂਦਾ ਹੈ) ।8। |
Sri Guru Granth Darpan, by Professor Sahib Singh |