ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1411

ਅਗਨਿ ਮਰੈ ਜਲੁ ਲੋੜਿ ਲਹੁ ਵਿਣੁ ਗੁਰ ਨਿਧਿ ਜਲੁ ਨਾਹਿ ॥ ਜਨਮਿ ਮਰੈ ਭਰਮਾਈਐ ਜੇ ਲਖ ਕਰਮ ਕਮਾਹਿ ॥ ਜਮੁ ਜਾਗਾਤਿ ਨ ਲਗਈ ਜੇ ਚਲੈ ਸਤਿਗੁਰ ਭਾਇ ॥ ਨਾਨਕ ਨਿਰਮਲੁ ਅਮਰ ਪਦੁ ਗੁਰੁ ਹਰਿ ਮੇਲੈ ਮੇਲਾਇ ॥੯॥ {ਪੰਨਾ 1411}

ਪਦ ਅਰਥ: ਅਗਨਿ = ਅੱਗ। ਲੋੜਿ ਲਹੁ = ਲੱਭ ਲਵੋ। ਨਿਧਿ = ਸਰੋਵਰ, ਨਾਮ ਦਾ ਸਰੋਵਰ। ਜਨਮਿ ਮਰੈ = ਜਨਮ ਮਰਨ ਦੇ ਗੇੜ ਵਿਚ ਪੈ ਜਾਂਦਾ ਹੈ। ਭਰਮਾਈਐ = ਜੂਨਾਂ ਵਿਚ ਭਵਾਇਆ ਜਾਂਦਾ ਹੈ। ਕਮਾਹਿ = ਕਮਾਂਦੇ ਰਹਿਣ (ਬਹੁ-ਵਚਨ) । ਜਾਗਾਤਿ = ਜਾਗਾਤੀ, ਮਸੂਲੀਆ। ਨ ਲਗਈ = (ਆਪਣਾ) ਵਾਰ ਨਹੀਂ ਕਰ ਸਕਦਾ। ਸਤਿਗੁਰ ਭਾਇ = ਗੁਰੂ ਦੀ ਰਜ਼ਾ ਵਿਚ। ਅਮਰ ਪਦੁ = ਆਤਮਕ ਜੀਵਨ ਵਾਲਾ ਦਰਜਾ।9।

ਅਰਥ: ਹੇ ਭਾਈ! (ਗੁਰੂ ਦੀ ਸਰਨ ਪੈ ਕੇ ਨਾਮ-) ਜਲ ਢੂੰਢ ਲੈ (ਇਸ ਨਾਮ-ਜਲ ਦੀ ਬਰਕਤਿ ਨਾਲ) ਤ੍ਰਿਸ਼ਨਾ ਦੀ ਅੱਗ ਬੁੱਝ ਜਾਂਦੀ ਹੈ। (ਪਰ) ਗੁਰੂ (ਦੀ ਸਰਨ) ਤੋਂ ਬਿਨਾ ਨਾਮ-ਸਰੋਵਰ ਦਾ ਇਹ ਜਲ ਮਿਲਦਾ ਨਹੀਂ। (ਇਸ ਜਲ ਤੋਂ ਬਿਨਾ) ਮਨੁੱਖ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ, ਅਨੇਕਾਂ ਜੂਨਾਂ ਵਿਚ ਭਵਾਇਆ ਜਾਂਦਾ ਹੈ। ਹੇ ਭਾਈ ਜੇ ਮਨੁੱਖ (ਨਾਮ ਨੂੰ ਭੁਲਾ ਕੇ ਹੋਰ) ਲੱਖਾਂ ਕਰਮ ਕਮਾਂਦੇ ਰਹਿਣ (ਤਾਂ ਭੀ ਇਹ ਅੰਦਰਲੀ ਅੱਗ ਨਹੀਂ ਮਰਦੀ) । ਜੇ ਮਨੁੱਖ ਗੁਰੂ ਦੀ ਰਜ਼ਾ ਵਿਚ ਤੁਰਦਾ ਰਹੇ, ਤਾਂ ਜਮਰਾਜ ਮਸੂਲੀਆ (ਉਸ ਉਤੇ) ਆਪਣਾ ਵਾਰ ਨਹੀਂ ਕਰ ਸਕਦਾ। ਹੇ ਨਾਨਕ! ਗੁਰੂ (ਮਨੁੱਖ) ਨੂੰ ਪਵਿੱਤਰ ਉੱਚਾ ਆਤਮਕ ਦਰਜਾ ਬਖ਼ਸ਼ਦਾ ਹੈ, ਗੁਰੂ (ਮਨੁੱਖ ਨੂੰ) ਪਰਮਾਤਮਾ ਨਾਲ ਮਿਲਾ ਦੇਂਦਾ ਹੈ।9।

ਕਲਰ ਕੇਰੀ ਛਪੜੀ ਕਊਆ ਮਲਿ ਮਲਿ ਨਾਇ ॥ ਮਨੁ ਤਨੁ ਮੈਲਾ ਅਵਗੁਣੀ ਚਿੰਜੁ ਭਰੀ ਗੰਧੀ ਆਇ ॥ ਸਰਵਰੁ ਹੰਸਿ ਨ ਜਾਣਿਆ ਕਾਗ ਕੁਪੰਖੀ ਸੰਗਿ ॥ ਸਾਕਤ ਸਿਉ ਐਸੀ ਪ੍ਰੀਤਿ ਹੈ ਬੂਝਹੁ ਗਿਆਨੀ ਰੰਗਿ ॥ ਸੰਤ ਸਭਾ ਜੈਕਾਰੁ ਕਰਿ ਗੁਰਮੁਖਿ ਕਰਮ ਕਮਾਉ ॥ ਨਿਰਮਲੁ ਨ੍ਹ੍ਹਾਵਣੁ ਨਾਨਕਾ ਗੁਰੁ ਤੀਰਥੁ ਦਰੀਆਉ ॥੧੦॥ {ਪੰਨਾ 1411}

ਪਦ ਅਰਥ: ਕੇਰੀ = ਦੀ। ਮਲਿ ਮਲਿ = ਮਲ ਮਲ ਕੇ ਬੜੇ ਸ਼ੌਕ ਨਾਲ। ਕਊਆ = (ਵਿਕਾਰਾਂ ਦੀ ਕਾਲਖ ਨਾਲ) ਕਾਲੇ ਹੋਏ ਮਨ ਵਾਲਾ ਮਨੁੱਖ। ਨਾਇ = ਨ੍ਹਾਉਂਦਾ ਹੈ। ਅਵਗੁਣੀ = ਵਿਕਾਰਾਂ ਨਾਲ। ਗੰਧੀ = ਬਦਬੂ ਨਾਲ। ਆਇ = ਆ ਕੇ। ਹੰਸਿ = (ਪਰਮਾਤਮਾ ਦੀ ਅੰਸ਼ ਜੀਵ-) ਹੰਸ ਨੇ। ਕੁਪੰਖੀ = ਭੈੜੇ ਪੰਛੀ। ਸੰਗਿ = ਨਾਲ। ਸਾਕਤ = ਪਰਮਾਤਮਾ ਨਾਲੋਂ ਟੁੱਟਾ ਹੋਇਆ ਮਨੁੱਖ। ਗਿਆਨੀ = ਹੇ ਗਿਆਨਵਾਨ! ਹੇ ਆਤਮਕ ਜੀਵਨ ਦੀ ਸੂਝ ਵਾਲੇ! ਰੰਗਿ = (ਪ੍ਰਭੂ ਦੇ ਪਿਆਰ-) ਰੰਗ ਵਿਚ। ਸੰਤ ਸਭਾ = ਸਾਧ-ਸੰਗਤਿ ਵਿਚ। ਜੈਕਾਰੁ = (ਪਰਮਾਤਮਾ ਦੀ) ਸਿਫ਼ਤਿ-ਸਾਲਾਹ। ਗੁਰਮੁਖਿ ਕਰਮ = ਗੁਰੂ ਦੇ ਸਨਮੁਖ ਰੱਖਣ ਵਾਲੇ ਕਰਮ। ਨਿਰਮਲੁ = ਪਵਿੱਤਰ। ਨ੍ਹ੍ਹਾਵਣੁ = ਇਸ਼ਨਾਨ।10।

ਅਰਥ: ਹੇ ਭਾਈ! (ਵਿਕਾਰਾਂ ਦੀ ਕਾਲਖ ਨਾਲ) ਕਾਲੇ ਹੋਏ ਮਨ ਵਾਲਾ ਮਨੁੱਖ (ਵਿਕਾਰਾਂ ਦੇ) ਕੱਲਰ ਦੀ ਛੱਪੜੀ ਵਿਚ ਬੜੇ ਸ਼ੌਕ ਨਾਲ ਇਸ਼ਨਾਨ ਕਰਦਾ ਰਹਿੰਦਾ ਹੈ (ਇਸ ਕਰਕੇ ਉਸ ਦਾ) ਮਨ (ਉਸ ਦਾ) ਤਨ ਵਿਕਾਰਾਂ (ਦੀ ਮੈਲ) ਨਾਲ ਮੈਲਾ ਹੋਇਆ ਰਹਿੰਦਾ ਹੈ (ਜਿਵੇਂ ਕਾਂ ਦੀ) ਚੁੰਝ ਗੰਦ ਨਾਲ ਹੀ ਭਰੀ ਰਹਿੰਦੀ ਹੈ (ਤਿਵੇਂ ਵਿਕਾਰੀ ਮਨੁੱਖ ਦਾ ਮੂੰਹ ਭੀ ਨਿੰਦਾ ਆਦਿਕ ਗੰਦ ਨਾਲ ਹੀ ਭਰਿਆ ਰਹਿੰਦਾ ਹੈ) । ਹੇ ਭਾਈ! ਭੈੜੇ ਪੰਛੀ ਕਾਵਾਂ ਦੀ ਸੰਗਤਿ ਵਿਚ (ਵਿਕਾਰੀ ਬੰਦਿਆਂ ਦੀ ਸੁਹਬਤ ਵਿਚ ਪਰਮਾਤਮਾ ਦੀ ਅੰਸ਼ ਜੀਵ-) ਹੰਸ ਨੇ (ਗੁਰੂ-) ਸਰੋਵਰ (ਦੀ ਕਦਰ) ਨਾਹ ਸਮਝੀ। ਹੇ ਭਾਈ! ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖਾਂ ਨਾਲ ਜੋੜੀ ਹੋਈ ਪ੍ਰੀਤ ਇਹੋ ਜਿਹੀ ਹੀ ਹੁੰਦੀ ਹੈ। ਹੇ ਆਤਮਕ ਜੀਵਨ ਦੀ ਸੂਝ ਹਾਸਲ ਕਰਨ ਦੇ ਚਾਹਵਾਨ ਮਨੁੱਖ! ਪਰਮਾਤਮਾ ਦੇ ਪ੍ਰੇਮ ਵਿਚ ਟਿਕ ਕੇ (ਜੀਵਨ-ਰਾਹ ਨੂੰ) ਸਮਝ। ਸਾਧ ਸੰਗਤਿ ਵਿਚ ਟਿਕ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਿਆ ਕਰ, ਗੁਰੂ ਦੇ ਸਨਮੁਖ ਰੱਖਣ ਵਾਲੇ ਕਰਮ ਕਮਾਇਆ ਕਰ = ਇਹੀ ਹੈ ਪਵਿੱਤਰ ਇਸ਼ਨਾਨ। ਹੇ ਨਾਨਕ! ਗੁਰੂ ਹੀ ਤੀਰਥ ਹੈ ਗੁਰੂ ਹੀ ਦਰੀਆਉ ਹੈ (ਗੁਰੂ ਵਿਚ ਚੁੱਭੀ ਲਾਈ ਰੱਖਣੀ ਹੀ ਪਵਿੱਤਰ ਇਸ਼ਨਾਨ ਹੈ) ।10।

ਜਨਮੇ ਕਾ ਫਲੁ ਕਿਆ ਗਣੀ ਜਾਂ ਹਰਿ ਭਗਤਿ ਨ ਭਾਉ ॥ ਪੈਧਾ ਖਾਧਾ ਬਾਦਿ ਹੈ ਜਾਂ ਮਨਿ ਦੂਜਾ ਭਾਉ ॥ ਵੇਖਣੁ ਸੁਨਣਾ ਝੂਠੁ ਹੈ ਮੁਖਿ ਝੂਠਾ ਆਲਾਉ ॥ ਨਾਨਕ ਨਾਮੁ ਸਲਾਹਿ ਤੂ ਹੋਰੁ ਹਉਮੈ ਆਵਉ ਜਾਉ ॥੧੧॥ {ਪੰਨਾ 1411}

ਪਦ ਅਰਥ: ਜਨਮੇ ਕਾ = ਜੰਮੇ ਦਾ, ਮਨੁੱਖਾ ਜਨਮ ਹਾਸਲ ਕੀਤੇ ਦਾ। ਗਣੀ = ਗਣੀਂ, ਮੈਂ ਗਿਣਾਂ। ਕਿਆ ਗਣੀ = ਮੈਂ ਕੀਹ ਗਿਣਾਂ? ਮੈਂ ਕੀਹ ਦੱਸਾਂ? ਜਾਂ = ਜਦੋਂ। ਭਾਉ = ਪ੍ਰੇਮ, ਪਿਆਰ। ਪੈਧਾ = ਪਹਿਨਿਆ ਹੋਇਆ। ਬਾਦਿ = ਵਿਅਰਥ। ਮਨਿ = ਮਨ ਵਿਚ। ਦੂਜਾ ਭਾਉ = ਪਰਮਾਤਮਾ ਤੋਂ ਬਿਨਾ ਹੋਰ ਦਾ ਪ੍ਰੇਮ। ਝੂਠੁ = ਨਾਸਵੰਤ ਜਗਤ। ਮੁਖਿ = ਮੂੰਹ ਨਾਲ। ਆਲਾਉ = ਆਲਾਪ, ਬੋਲ। ਸਲਾਹਿ = ਸਲਾਹਿਆ ਕਰ। ਆਵਉ ਜਾਉ = ਆਉਣਾ ਜਾਣਾ, ਜਨਮ ਮਰਨ ਦਾ ਗੇੜ।11।

ਅਰਥ: ਹੇ ਭਾਈ! ਜਦ ਤਕ (ਮਨੁੱਖ ਦੇ ਹਿਰਦੇ ਵਿਚ) ਪਰਮਾਤਮਾ ਦੀ ਭਗਤੀ ਨਹੀਂ, ਪਰਮਾਤਮਾ ਦਾ ਪ੍ਰੇਮ ਨਹੀਂ, ਤਦ ਤਕ ਉਸ ਦੇ ਮਨੁੱਖਾ ਜਨਮ ਹਾਸਲ ਕੀਤੇ ਦਾ ਕੋਈ ਭੀ ਲਾਭ ਨਹੀਂ। ਜਦ ਤਕ (ਮਨੁੱਖ ਦੇ) ਮਨ ਵਿਚ ਪਰਮਾਤਮਾ ਤੋਂ ਬਿਨਾ ਹੋਰ ਹੋਰ ਮੋਹ ਪਿਆਰ ਵੱਸਦਾ ਹੈ, ਤਦ ਤਕ ਉਸ ਦਾ ਪਹਿਨਿਆ (ਕੀਮਤੀ ਕੱਪੜਾ ਉਸ ਦਾ) ਖਾਧਾ ਹੋਇਆ (ਕੀਮਤੀ ਭੋਜਨ ਸਭ) ਵਿਅਰਥ ਜਾਂਦਾ ਹੈ ਕਿਉਂਕਿ ਉਹ) ਨਾਸਵੰਤ ਜਗਤ ਨੂੰ ਹੀ ਤੱਕ ਵਿਚ ਰੱਖਦਾ ਹੈ, ਨਾਸਵੰਤ ਜਗਤ ਨੂੰ ਹੀ ਕੰਨਾਂ ਵਿਚ ਵਸਾਈ ਰੱਖਦਾ ਹੈ, ਨਾਸਵੰਤ ਜਗਤ ਦੀਆਂ ਗੱਲਾਂ ਹੀ ਮੂੰਹ ਨਾਲ ਕਰਦਾ ਰਹਿੰਦਾ ਹੈ।

ਹੇ ਨਾਨਕ! ਤੂੰ (ਸਦਾ ਪਰਮਾਤਮਾ ਦੀ) ਸਿਫ਼ਤਿ-ਸਾਲਾਹ ਕਰਦਾ ਰਹੁ। (ਸਿਫ਼ਤਿ-ਸਾਲਾਹ ਨੂੰ ਭੁਲਾ ਕੇ) ਹੋਰ (ਸਾਰਾ ਉੱਦਮ) ਹਉਮੈ ਦੇ ਕਾਰਨ ਜਨਮ ਮਰਨ ਦਾ ਗੇੜ ਬਣਾਈ ਰੱਖਦਾ ਹੈ।11।

ਹੈਨਿ ਵਿਰਲੇ ਨਾਹੀ ਘਣੇ ਫੈਲ ਫਕੜੁ ਸੰਸਾਰੁ ॥੧੨॥ {ਪੰਨਾ 1411}

ਪਦ ਅਰਥ: ਹੈਨਿ = ਹਨ (ਬਹੁ-ਵਚਨ) । ਘਣੇ = ਬਹੁਤੇ। ਫੈਲ = ਵਿਖਾਵੇ ਦੇ ਕੰਮ। ਫਕੜੁ = ਗੰਦਾ ਮੰਦਾ ਬੋਲ। ਸੰਸਾਰੁ = ਜਗਤ।12।

ਅਰਥ: ਹੇ ਭਾਈ! (ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨ ਵਾਲੇ ਮਨੁੱਖ) ਕੋਈ ਵਿਰਲੇ ਵਿਰਲੇ ਹਨ, ਬਹੁਤੇ ਨਹੀਂ ਹਨ। (ਆਮ ਤੌਰ ਤੇ) ਜਗਤ ਵਿਖਾਵੇ ਦੇ ਕੰਮ ਹੀ (ਕਰਦਾ ਰਹਿੰਦਾ ਹੈ, ਆਤਮਕ ਜੀਵਨ ਨੂੰ) ਨੀਵਾਂ ਕਰਨ ਵਾਲਾ ਬੋਲ ਹੀ (ਬੋਲਦਾ ਰਹਿੰਦਾ ਹੈ) ।12।

ਨਾਨਕ ਲਗੀ ਤੁਰਿ ਮਰੈ ਜੀਵਣ ਨਾਹੀ ਤਾਣੁ ॥ ਚੋਟੈ ਸੇਤੀ ਜੋ ਮਰੈ ਲਗੀ ਸਾ ਪਰਵਾਣੁ ॥ ਜਿਸ ਨੋ ਲਾਏ ਤਿਸੁ ਲਗੈ ਲਗੀ ਤਾ ਪਰਵਾਣੁ ॥ ਪਿਰਮ ਪੈਕਾਮੁ ਨ ਨਿਕਲੈ ਲਾਇਆ ਤਿਨਿ ਸੁਜਾਣਿ ॥੧੩॥ {ਪੰਨਾ 1411}

ਪਦ ਅਰਥ: ਤੁਰਿ = (तुर = speed. तुरगः-तुरेणगच्छति) ਤੁਰਤ, ਛੇਤੀ ਹੀ। ਮਰੈ = ਆਪਾ-ਭਾਵ ਵਲੋਂ ਮਰ ਜਾਂਦਾ ਹੈ। ਜੀਵਣ ਤਾਣੁ = (ਸੁਆਰਥ ਦੇ) ਜੀਵਨ ਦਾ ਜ਼ੋਰ। ਸੇਤੀ = ਨਾਲ। ਲਗੀ = ਲੱਗੀ ਹੋਈ ਚੋਟ। ਜਿਸ ਨੋ = (ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਜਿਸੁ' ਦਾ ੁ ਉੱਡ ਗਿਆ ਹੈ) । ਤਾ = ਤਾਂ, ਤਦੋਂ। ਪਰਵਾਣੁ = (ਪ੍ਰਭੂ-ਦਰ ਤੇ) ਕਬੂਲ। ਪੈਕਾਮੁ = ਤੀਰ। ਪਿਰਮ ਪੈਕਾਮੁ = ਪ੍ਰੇਮ ਦਾ ਤੀਰ। ਤਿਨਿ = ਉਸ (ਪਰਮਾਤਮਾ) ਨੇ। ਸੁਜਾਣਿ = ਸਿਆਣੇ (ਪ੍ਰਭੂ) ਨੇ। ਤਿਨਿ ਸੁਜਾਣਿ = ਉਸ ਸਿਆਣੇ (ਪਰਮਾਤਮਾ) ਨੇ।13।

ਅਰਥ: ਹੇ ਨਾਨਕ! (ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰੇਮ ਦੀ ਚੋਟ) ਲੱਗਦੀ ਹੈ (ਉਹ ਮਨੁੱਖ) ਤੁਰਤ ਆਪਾ-ਭਾਵ ਵਲੋਂ ਮਰ ਜਾਂਦਾ ਹੈ (ਉਸ ਦੇ ਅੰਦਰੋਂ ਸੁਆਰਥ ਖ਼ਤਮ ਹੋ ਜਾਂਦਾ ਹੈ) , (ਉਸ ਦੇ ਅੰਦਰ ਸੁਆਰਥ ਦੇ) ਜੀਵਨ ਦਾ ਜ਼ੋਰ ਨਹੀਂ ਰਹਿ ਜਾਂਦਾ। ਹੇ ਭਾਈ! ਜਿਹੜਾ ਮਨੁੱਖ (ਪ੍ਰਭੂ-ਚਰਨਾਂ ਦੀ ਪ੍ਰੀਤ ਦੀ) ਚੋਟ ਨਾਲ ਆਪਾ-ਭਾਵ ਵਲੋਂ ਮਰ ਜਾਂਦਾ ਹੈ (ਉਸ ਦਾ ਜੀਵਨ ਪ੍ਰਭੂ-ਦਰ ਤੇ ਕਬੂਲ ਹੋ ਜਾਂਦਾ ਹੈ) ਉਹੀ ਲੱਗੀ ਹੋਈ ਚੋਟ (ਪ੍ਰਭੂ-ਦਰ ਤੇ) ਪਰਵਾਨ ਹੁੰਦੀ ਹੈ। ਪਰ ਹੇ ਭਾਈ! (ਇਹ ਪ੍ਰੇਮ ਦੀ ਚੋਟ) ਉਸ ਮਨੁੱਖ ਨੂੰ ਹੀ ਲੱਗਦੀ ਹੈ ਜਿਸ ਨੂੰ (ਪਰਮਾਤਮਾ ਆਪ) ਲਾਂਦਾ ਹੈ (ਜਦੋਂ ਇਹ ਚੋਟ ਪਰਮਾਤਮਾ ਵਲੋਂ ਲੱਗਦੀ ਹੈ) ਤਦੋਂ ਹੀ ਇਹ ਲੱਗੀ ਹੋਈ (ਚੋਟ) ਕਬੂਲ ਹੁੰਦੀ ਹੈ (ਸਫਲ ਹੁੰਦੀ ਹੈ) । ਹੇ ਭਾਈ! ਉਸ ਸਿਆਣੇ (ਤੀਰੰਦਾਜ਼-ਪ੍ਰਭੂ) ਨੇ (ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰੇਮ ਦਾ ਤੀਰ) ਵਿੰਨ੍ਹ ਦਿੱਤਾ; (ਉਸ ਹਿਰਦੇ ਵਿਚੋਂ ਇਹ) ਪ੍ਰੇਮ ਦਾ ਤੀਰ ਫਿਰ ਨਹੀਂ ਨਿਕਲਦਾ।13।

ਭਾਂਡਾ ਧੋਵੈ ਕਉਣੁ ਜਿ ਕਚਾ ਸਾਜਿਆ ॥ ਧਾਤੂ ਪੰਜਿ ਰਲਾਇ ਕੂੜਾ ਪਾਜਿਆ ॥ ਭਾਂਡਾ ਆਣਗੁ ਰਾਸਿ ਜਾਂ ਤਿਸੁ ਭਾਵਸੀ ॥ ਪਰਮ ਜੋਤਿ ਜਾਗਾਇ ਵਾਜਾ ਵਾਵਸੀ ॥੧੪॥ {ਪੰਨਾ 1411}

ਪਦ ਅਰਥ: ਭਾਂਡਾ = ਸਰੀਰ-ਭਾਂਡਾ। ਧੋਵੈ ਕਉਣੁ = ਕੌਣ ਧੋ ਸਕਦਾ ਹੈ? ਕੌਣ ਸੁੱਧ ਪਵਿੱਤਰ ਕਰ ਸਕਦਾ ਹੈ? ਕੋਈ ਪਵਿੱਤਰ ਨਹੀਂ ਕਰ ਸਕਦਾ। ਜਿ = ਜਿਹੜਾ ਸਰੀਰ-ਭਾਂਡਾ। ਕਚਾ = ਕੱਚਾ। ਕਚਾ ਭਾਂਡਾ = ਕੱਚਾ ਘੜਾ (ਕੱਚੇ ਘੜੇ ਨੂੰ ਪਾਣੀ ਨਾਲ ਧੋਤਿਆਂ ਉਸ ਦੀ ਮਿੱਟੀ ਖੁਰ ਖੁਰ ਕੇ ਭਾਂਡੇ ਨੂੰ ਚਿੱਕੜ ਨਾਲ ਲਿਬੇੜੀ ਜਾਇਗੀ। ਸਰੀਰ ਕੱਚਾ ਭਾਂਡਾ ਹੈ, ਇਸ ਨੂੰ ਵਿਕਾਰਾਂ ਦਾ ਚਿੱਕੜ ਸਦਾ ਲੱਗਦਾ ਰਹਿੰਦਾ ਹੈ। ਤੀਰਥ-ਇਸ਼ਨਾਨ ਆਦਿਕ ਨਾਲ ਇਹ ਚਿੱਕੜ ਉਤਰ ਨਹੀਂ ਸਕਦਾ) । ਧਾਤੂ ਪੰਜਿ = (ਹਵਾ, ਪਾਣੀ, ਮਿੱਟੀ, ਅੱਗ, ਆਕਾਸ਼,) ਪੰਜ ਤੱਤ। ਕੂੜਾ ਪਾਜਿਆ = ਨਾਸਵੰਤ ਖਿਡੌਣਾ ਜਿਹਾ ਬਣਾਇਆ ਗਿਆ ਹੈ। ਆਣਗੁ = ਲਿਆਵੇਗਾ। ਆਣਗੁ ਰਾਸਿ = (ਗੁਰੂ) ਸੁੱਧ-ਪਵਿੱਤਰ ਕਰ ਦੇਵੇਗਾ। ਜਾਂ = ਜਦੋਂ। ਤਿਸੁ = ਉਸ (ਪਰਮਾਤਮਾ) ਨੂੰ। ਪਰਮ = ਸਭ ਤੋਂ ਉੱਚੀ। ਵਾਜਾ = ਰੱਬੀ ਜੋਤਿ ਦਾ ਵਾਜਾ। ਵਾਵਸੀ = ਵਜਾਇਗਾ।14।

ਅਰਥ: ਹੇ ਭਾਈ! (ਤੀਰਥ-ਇਸ਼ਨਾਨ ਆਦਿਕ ਨਾਲ) ਕੋਈ ਭੀ ਮਨੁੱਖ ਸਰੀਰ ਘੜੇ ਨੂੰ ਪਵਿੱਤਰ ਨਹੀਂ ਕਰ ਸਕਦਾ, ਕਿਉਂਕਿ ਇਹ ਬਣਾਇਆ ਹੀ ਅਜਿਹਾ ਹੈ ਕਿ ਇਸ ਨੂੰ ਵਿਕਾਰਾਂ ਦਾ ਚਿੱਕੜ ਸਦਾ ਲੱਗਦਾ ਰਹਿੰਦਾ ਹੈ। (ਹਵਾ, ਪਾਣੀ, ਮਿੱਟੀ, ਅੱਗ, ਆਕਾਸ਼) ਪੰਜ ਤੱਤ ਇਕੱਠੇ ਕਰ ਕੇ ਇਹ ਸਰੀਰ-ਭਾਂਡਾ ਇਕ ਨਾਸਵੰਤ ਖਿਡੌਣਾ ਜਿਹਾ ਬਣਾਇਆ ਗਿਆ ਹੈ।

ਹਾਂ, ਹੇ ਭਾਈ! ਜਦੋਂ ਉਸ ਪਰਮਾਤਮਾ ਦੀ ਰਜ਼ਾ ਹੁੰਦੀ ਹੈ (ਮਨੁੱਖ ਨੂੰ ਗੁਰੂ ਮਿਲਦਾ ਹੈ, ਗੁਰੂ ਮਨੁੱਖ ਦੇ) ਸਰੀਰ-ਭਾਂਡੇ ਨੂੰ ਪਵਿੱਤਰ ਕਰ ਦੇਂਦਾ ਹੈ। (ਗੁਰੂ ਮਨੁੱਖ ਦੇ ਅੰਦਰ) ਸਭ ਤੋਂ ਉੱਚੀ ਰੱਬੀ ਜੋਤਿ ਜਗਾ ਕੇ (ਰੱਬੀ ਜੋਤਿ ਦਾ) ਵਾਜਾ ਵਜਾ ਦੇਂਦਾ ਹੈ। (ਰੱਬੀ ਜੋਤਿ ਦਾ ਰੱਬੀ ਸਿਫ਼ਤਿ-ਸਾਲਾਹ ਦਾ ਇਤਨਾ ਪ੍ਰਬਲ ਪ੍ਰਭਾਵ ਬਣਾ ਦੇਂਦਾ ਹੈ ਕਿ ਮਨੁੱਖ ਦੇ ਅੰਦਰ ਵਿਕਾਰਾਂ ਦਾ ਰੌਲਾ ਸੁਣਿਆ ਹੀ ਨਹੀਂ ਜਾਂਦਾ। ਵਿਕਾਰਾਂ ਦੀ ਕੋਈ ਪੇਸ਼ ਹੀ ਨਹੀਂ ਜਾਂਦੀ ਕਿ ਕੁਕਰਮਾਂ ਦਾ ਕੋਈ ਚਿੱਕੜ ਖਿਲਾਰ ਸਕਣ) ।14।

ਮਨਹੁ ਜਿ ਅੰਧੇ ਘੂਪ ਕਹਿਆ ਬਿਰਦੁ ਨ ਜਾਣਨੀ ॥ ਮਨਿ ਅੰਧੈ ਊਂਧੈ ਕਵਲ ਦਿਸਨਿ ਖਰੇ ਕਰੂਪ ॥ ਇਕਿ ਕਹਿ ਜਾਣਨਿ ਕਹਿਆ ਬੁਝਨਿ ਤੇ ਨਰ ਸੁਘੜ ਸਰੂਪ ॥ ਇਕਨਾ ਨਾਦੁ ਨ ਬੇਦੁ ਨ ਗੀਅ ਰਸੁ ਰਸੁ ਕਸੁ ਨ ਜਾਣੰਤਿ ॥ ਇਕਨਾ ਸਿਧਿ ਨ ਬੁਧਿ ਨ ਅਕਲਿ ਸਰ ਅਖਰ ਕਾ ਭੇਉ ਨ ਲਹੰਤਿ ॥ ਨਾਨਕ ਤੇ ਨਰ ਅਸਲਿ ਖਰ ਜਿ ਬਿਨੁ ਗੁਣ ਗਰਬੁ ਕਰੰਤ ॥੧੫॥ {ਪੰਨਾ 1411}

ਪਦ ਅਰਥ: ਜਿ = ਜੇਹੜੇ ਮਨੁੱਖ। ਅੰਧੇ ਘੂਪ = ਘੁੱਪ ਅੰਨ੍ਹੇ, ਬਹੁਤ ਹੀ ਮੂਰਖ। ਬਿਰਦੁ = (ਇਨਸਾਨੀ) ਫ਼ਰਜ਼। ਕਹਿਆ = ਦੱਸਿਆਂ ਭੀ, ਕਹਿਆਂ, ਆਖਿਆਂ ਭੀ। ਮਨਿ ਅੰਧੈ = ਅੰਨ੍ਹੇ ਮਨ ਦੇ ਕਾਰਨ। ਊਂਧੈ ਕਵਲ = ਉਲਟੇ ਹੋਏ (ਹਿਰਦੇ-) ਕੰਵਲ ਦੇ ਕਾਰਨ। ਖਰੇ ਕਰੂਪ = ਬਹੁਤ ਕੋਝੇ। ਕਹਿ ਜਾਣਨਿ = ਗੱਲ ਕਰਨੀ ਜਾਣਦੇ ਹਨ। ਸੁਘੜ = ਸੁ-ਘੜ, ਸੁਚੱਜੇ। ਨਾਦ ਰਸੁ = ਨਾਦ ਦਾ ਰਸ। ਬੇਦ ਰਸੁ = ਗੀਤ ਦਾ ਰਸ। ਰਸੁ ਕਸੁ = ਕਸੈਲਾ ਰਸ। ਸਿਧਿ = ਸਿੱਧੀ। ਬੁਧਿ = ਅਕਲ। ਸਰ = ਸਾਰ, ਸਮਝ। ਭੇਉ = ਭੇਤ। ਅਖਰ ਕਾ ਭੇਉ = ਪੜ੍ਹਨ ਦੀ ਜਾਚ। ਅਸਲਿ ਖਰ = ਨਿਰੇ ਖੋਤੇ (ਖ਼ਰ = ਖੋਤਾ) । ਜਿ = ਜਿਹੜੇ ਮਨੁੱਖ। ਗਰਬੁ = ਅਹੰਕਾਰ।15।

ਅਰਥ: ਹੇ ਭਾਈ! ਜਿਹੜੇ ਮਨੁੱਖ ਮਨੋਂ ਘੁੱਪ ਅੰਨ੍ਹੇ ਹਨ (ਪੁੱਜ ਕੇ ਮੂਰਖ ਹਨ) ਉਹ ਦੱਸਿਆਂ ਭੀ (ਇਨਸਾਨੀ) ਫ਼ਰਜ਼ ਨਹੀਂ ਜਾਣਦੇ। ਮਨ ਅੰਨ੍ਹਾ ਹੋਣ ਕਰਕੇ, ਹਿਰਦਾ ਕੇਵਲ (ਧਰਮ ਵਲੋਂ) ਉਲਟਿਆ ਹੋਇਆ ਹੋਣ ਦੇ ਕਾਰਨ ਉਹ ਬੰਦੇ ਬਹੁਤ ਕੋਝੇ (ਕੋਝੇ ਜੀਵਨ ਵਾਲੇ) ਲੱਗਦੇ ਹਨ। ਕਈ ਮਨੁੱਖ ਐਸੇ ਹੁੰਦੇ ਹਨ ਜੋ (ਆਪ) ਗੱਲ ਕਰਨੀ ਭੀ ਜਾਣਦੇ ਹਨ, ਤੇ, ਕਿਸੇ ਦੀ ਆਖੀ ਭੀ ਸਮਝਦੇ ਹਨ, ਉਹ ਮਨੁੱਖ ਸੁਚੱਜੇ ਤੇ ਸੋਹਣੇ ਜਾਪਦੇ ਹਨ।

ਕਈ ਬੰਦਿਆਂ ਨੂੰ ਨਾਹ ਜੋਗੀਆਂ ਦੇ ਨਾਦ ਦਾ ਰਸ, ਨਾਹ ਵੇਦ ਦਾ ਸ਼ੌਕ, ਨਾਹ ਰਾਗ ਦੀ ਖਿੱਚ = ਕਿਸੇ ਤਰ੍ਹਾਂ ਦੇ ਕੋਮਲ ਉਨਰ ਵੱਲ ਰੁਚੀ ਨਹੀਂ ਹੈ, ਨਾਹ (ਵਿਚਾਰ ਵਿਚ) ਸਫਲਤਾ, ਨਾਹ ਸੁਚੱਜੀ ਬੁੱਧੀ, ਨਾਹ ਅਕਲ ਦੀ ਸਾਰ ਹੈ, ਤੇ, ਇਕ ਅੱਖਰ ਭੀ ਪੜ੍ਹਨਾ ਨਹੀਂ ਜਾਣਦੇ (ਫਿਰ ਭੀ, ਆਕੜ ਹੀ ਆਕੜ ਵਿਖਾਲਦੇ ਹਨ) । ਹੇ ਨਾਨਕ! ਜਿਨ੍ਹਾਂ ਵਿਚ ਕੋਈ ਗੁਣ ਨਾਹ ਹੋਵੇ, ਤੇ, ਅਹੰਕਾਰ ਕਰੀ ਜਾਣ, ਉਹ ਮਨੁੱਖ ਨਿਰੇ ਖੋਤੇ ਹਨ।15।

ਨੋਟ: ਇਹ ਸ਼ਲੋਕ 'ਸਾਰਗ ਕੀ ਵਾਰ' ਦੀ ਪਉੜੀ ਨੰ: 32 ਦੇ ਨਾਲ ਥੋੜਾ ਜਿਹਾ ਫ਼ਰਕ ਰੱਖ ਕੇ ਦੂਜਾ ਸ਼ਲੋਕ ਹੈ। ਵੇਖੋ ਸਫਾ 1246 (ਮੂਲ) ।

ਸੋ ਬ੍ਰਹਮਣੁ ਜੋ ਬਿੰਦੈ ਬ੍ਰਹਮੁ ॥ ਜਪੁ ਤਪੁ ਸੰਜਮੁ ਕਮਾਵੈ ਕਰਮੁ ॥ ਸੀਲ ਸੰਤੋਖ ਕਾ ਰਖੈ ਧਰਮੁ ॥ ਬੰਧਨ ਤੋੜੈ ਹੋਵੈ ਮੁਕਤੁ ॥ ਸੋਈ ਬ੍ਰਹਮਣੁ ਪੂਜਣ ਜੁਗਤੁ ॥੧੬॥ {ਪੰਨਾ 1411}

ਪਦ ਅਰਥ: ਬਿੰਦੈ = (विदह्* = to know) ਜਾਣਦਾ ਹੈ, ਜਾਣ-ਪਛਾਣ ਪੈਦਾ ਕਰਦਾ ਹੈ, ਡੂੰਘੀ ਸਾਂਝ ਪਾਂਦਾ ਹੈ। ਬ੍ਰਹਮੁ = ਪਰਮਾਤਮਾ। ਸੰਜਮੁ = ਇੰਦ੍ਰਿਆਂ ਨੂੰ ਵੱਸ ਵਿਚ ਰੱਖਣ ਦਾ ਜਤਨ। ਸੀਲ = ਚੰਗਾ ਮਿੱਠਾ ਸੁਭਾਉ। ਸੰਤੋਖ = ਮਾਇਆ ਦੀ ਤ੍ਰਿਸ਼ਨਾ ਵਲੋਂ ਤ੍ਰਿਪਤੀ। ਰਖੈ = ਰੱਖਦਾ ਹੈ, ਨਿਬਾਹੁੰਦਾ ਹੈ। ਬੰਧਨ = ਮਾਇਆ ਦੇ ਮੋਹ ਦੀਆਂ ਫਾਹੀਆਂ। ਮੁਕਤੁ = ਮਾਇਆ ਦੇ ਮੋਹ ਤੋਂ ਆਜ਼ਾਦ। ਪੂਜਣ ਜੁਗਤੁ = ਪੂਜਣ ਦੇ ਲਾਇਕ।16।

ਅਰਥ: ਹੇ ਭਾਈ! (ਸਾਡੀਆਂ ਨਜ਼ਰਾਂ ਵਿਚ) ਉਹ (ਮਨੁੱਖ ਅਸਲ) ਬ੍ਰਾਹਮਣ ਹੈ ਜੋ ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਰੱਖਦਾ ਹੈ, ਜੋ ਇਹੀ ਜਪ-ਕਰਮ ਕਰਦਾ ਹੈ, ਇਹੀ ਤਪ-ਕਰਮ ਕਰਦਾ ਹੈ, ਇਹੀ ਸੰਜਮ-ਕਰਮ ਕਰਦਾ ਹੈ (ਜੋ ਪਰਮਾਤਮਾ ਦੀ ਭਗਤੀ ਨੂੰ ਹੀ ਜਪ ਤਪ ਸੰਜਮ ਸਮਝਦਾ ਹੈ) ਜੋ ਮਿੱਠੇ ਸੁਭਾਅ ਅਤੇ ਸੰਤੋਖ ਦਾ ਫ਼ਰਜ਼ ਨਿਬਾਹੁੰਦਾ ਹੈ, ਜੋ ਮਾਇਆ ਦੇ ਮੋਹ ਦੀਆਂ ਫਾਹੀਆਂ ਤੋੜ ਲੈਂਦਾ ਹੈ ਅਤੇ ਮਾਇਆ ਦੇ ਮੋਹ ਤੋਂ ਆਜ਼ਾਦ ਹੋ ਜਾਂਦਾ ਹੈ। ਹੇ ਭਾਈ! ਉਹੀ ਬ੍ਰਾਹਮਣ ਆਦਰ-ਸਤਕਾਰ ਦਾ ਹੱਕਦਾਰ ਹੈ।16।

ਖਤ੍ਰੀ ਸੋ ਜੁ ਕਰਮਾ ਕਾ ਸੂਰੁ ॥ ਪੁੰਨ ਦਾਨ ਕਾ ਕਰੈ ਸਰੀਰੁ ॥ ਖੇਤੁ ਪਛਾਣੈ ਬੀਜੈ ਦਾਨੁ ॥ ਸੋ ਖਤ੍ਰੀ ਦਰਗਹ ਪਰਵਾਣੁ ॥ ਲਬੁ ਲੋਭੁ ਜੇ ਕੂੜੁ ਕਮਾਵੈ ॥ ਅਪਣਾ ਕੀਤਾ ਆਪੇ ਪਾਵੈ ॥੧੭॥ {ਪੰਨਾ 1411}

ਪਦ ਅਰਥ: ਸੂਰੁ = ਸੂਰਮਾ। ਕਰਮਾ ਕਾ ਸੂਰੁ = (ਕਾਮਾਦਿਕ ਬਲੀ ਸੂਰਮਿਆਂ ਦੇ ਮੁਕਾਬਲੇ ਤੇ) ਨੇਕ ਕਰਮ ਕਰਨ ਵਾਲਾ ਸੂਰਮਾ। ਪੁੰਨ = ਭਲੇ ਕਰਮ। ਪੁੰਨ ਦਾਨ = ਭਲੇ ਕਰਮ ਵੰਡਣੇ। ਸਰੀਰੁ = (ਭਾਵ,) ਆਪਣਾ ਜੀਵਨ। ਖੇਤੁ = ਸਰੀਰ-ਖੇਤ। ਦਾਨੁ = ਨਾਮ ਦੀ ਦਾਤਿ। ਦਰਗਹ = ਪਰਮਾਤਮਾ ਦੀ ਹਜ਼ੂਰੀ ਵਿਚ। ਆਪੇ = ਆਪ ਹੀ।17।

ਅਰਥ: ਹੇ ਭਾਈ! (ਸਾਡੀਆਂ ਨਜ਼ਰਾਂ ਵਿਚ) ਉਹ ਮਨੁੱਖ ਖੱਤ੍ਰੀ ਹੈ ਜੋ (ਕਾਮਾਦਿਕ ਵੈਰੀਆਂ ਨੂੰ ਮਾਰ-ਮੁਕਾਣ ਲਈ) ਨੇਕ ਕਰਮ ਕਰਨ ਵਾਲਾ ਸੂਰਮਾ ਬਣਦਾ ਹੈ, ਜੋ ਆਪਣੇ ਸਰੀਰ ਨੂੰ (ਆਪਣੇ ਜੀਵਨ ਨੂੰ, ਹੋਰਨਾਂ ਵਿਚ) ਭਲੇ ਕਰਮ ਵੰਡਣ ਲਈ ਵਸੀਲਾ ਬਣਾਂਦਾ ਹੈ, ਜੋ (ਆਪਣੇ ਸਰੀਰ ਨੂੰ ਕਿਸਾਨ ਦੇ ਖੇਤ ਵਾਂਗ) ਖੇਤ ਸਮਝਦਾ ਹੈ (ਤੇ, ਇਸ ਖੇਤ ਵਿਚ ਪਰਮਾਤਮਾ ਦੇ ਨਾਮ ਦੀ) ਦਾਤਿ (ਨਾਮ-ਬੀਜ) ਬੀਜਦਾ ਹੈ। ਹੇ ਭਾਈ! ਅਜਿਹਾ ਖੱਤ੍ਰੀ ਪਰਮਾਤਮਾ ਦੀ ਹਜ਼ੂਰੀ ਵਿਚ ਕਬੂਲ ਹੁੰਦਾ ਹੈ।

ਪਰ ਜਿਹੜਾ ਮਨੁੱਖ ਲੱਬ ਲੋਭ ਅਤੇ ਹੋਰ ਠੱਗੀ ਆਦਿਕ ਕਰਦਾ ਰਹਿੰਦਾ ਹੈ (ਉਹ ਜਨਮ ਦਾ ਚਾਹੇ ਖੱਤ੍ਰੀ ਹੀ ਹੋਵੇ) ਉਹ ਮਨੁੱਖ (ਲੱਬ ਆਦਿਕ) ਕੀਤੇ ਕਰਮਾਂ ਦਾ ਫਲ ਆਪ ਹੀ ਭੁਗਤਦਾ ਹੈ (ਉਹ ਮਨੁੱਖ ਕਾਮਾਦਿਕ ਵਿਕਾਰਾਂ ਦਾ ਸ਼ਿਕਾਰ ਹੋਇਆ ਹੀ ਰਹਿੰਦਾ ਹੈ, ਉਹ ਨਹੀਂ ਹੈ ਸੂਰਮਾ) ।17।

ਤਨੁ ਨ ਤਪਾਇ ਤਨੂਰ ਜਿਉ ਬਾਲਣੁ ਹਡ ਨ ਬਾਲਿ ॥ ਸਿਰਿ ਪੈਰੀ ਕਿਆ ਫੇੜਿਆ ਅੰਦਰਿ ਪਿਰੀ ਸਮ੍ਹ੍ਹਾਲਿ ॥੧੮॥ {ਪੰਨਾ 1411}

ਪਦ ਅਰਥ: ਜਿਉ = ਵਾਂਗ। ਸਿਰਿ = ਸਿਰ ਨੇ। ਪੈਰੀ = ਪੈਰੀਂ, ਪੈਰਾਂ ਨੇ। ਫੇੜਿਆ = ਵਿਗਾੜਿਆ। ਅੰਦਰਿ = ਆਪਣੇ ਹਿਰਦੇ ਵਿਚ ਹੀ। ਪਿਰੀ = ਪ੍ਰੀਤਮ ਪ੍ਰਭੂ ਨੂੰ। ਸਮ੍ਹ੍ਹਾਲਿ = ਸਾਂਭ ਕੇ ਰੱਖ।18।

ਅਰਥ: ਹੇ ਭਾਈ! (ਆਪਣੇ) ਸਰੀਰ ਨੂੰ (ਧੂਣੀਆਂ ਨਾਲ) ਤਨੂਰ ਵਾਂਗ ਨਾਹ ਸਾੜ, ਤੇ, ਹੱਡਾਂ ਨੂੰ (ਧੂਣੀਆਂ ਨਾਲ) ਇਉਂ ਨਾਹ ਬਾਲ ਜਿਵੇਂ ਇਹ ਬਾਲਣ ਹੈ। (ਤੇਰੇ) ਸਿਰ ਨੇ (ਤੇਰੇ) ਪੈਰਾਂ ਨੇ ਕੁਝ ਨਹੀਂ ਵਿਗਾੜਿਆ (ਇਹਨਾਂ ਨੂੰ ਧੂਣੀਆਂ ਨਾਲ ਕਿਉਂ ਦੁਖੀ ਕਰਦਾ ਹੈਂ? ਇਹਨਾਂ ਨੂੰ ਦੁਖੀ ਨਾਹ ਕਰ) ਪਰਮਾਤਮਾ (ਦੀ ਯਾਦ) ਨੂੰ ਆਪਣੇ ਹਿਰਦੇ ਵਿਚ ਸਾਂਭ ਕੇ ਰੱਖ।18।

ਨੋਟ: ਇਹ ਸ਼ਲੋਕ ਥੋੜੇ ਕੁ ਹੀ ਫ਼ਰਕ ਨਾਲ ਫ਼ਰੀਦ ਜੀ ਦੇ ਸ਼ਲੋਕਾਂ ਵਿਚ ਨੰ: 120 ਤੇ ਦਰਜ ਹੈ।

TOP OF PAGE

Sri Guru Granth Darpan, by Professor Sahib Singh