ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1412

ਸਭਨੀ ਘਟੀ ਸਹੁ ਵਸੈ ਸਹ ਬਿਨੁ ਘਟੁ ਨ ਕੋਇ ॥ ਨਾਨਕ ਤੇ ਸੋਹਾਗਣੀ ਜਿਨ੍ਹ੍ਹਾ ਗੁਰਮੁਖਿ ਪਰਗਟੁ ਹੋਇ ॥੧੯॥ {ਪੰਨਾ 1412}

ਪਦ ਅਰਥ: ਘਟੁ = ਸਰੀਰ। ਸਭਨੀ ਘਟੀ = ਸਭਨੀਂ ਘਟੀਂ, ਸਾਰੇ ਸਰੀਰਾਂ ਵਿਚ। ਸਹੁ = ਖਸਮ-ਪ੍ਰਭੂ। ਸਹ ਬਿਨੁ = ਖਸਮ-ਪ੍ਰਭੂ ਤੋਂ ਬਿਨਾ। ਨਾਨਕ = ਹੇ ਨਾਨਕ! ਤੇ = ਉਹ ਜੀਵ-ਇਸਤ੍ਰੀਆਂ। ਸੋਹਾਗਣੀ = ਖਸਮ ਵਾਲੀਆਂ। ਗੁਰਮੁਖਿ = ਗੁਰੂ ਦੀ ਰਾਹੀਂ, ਗੁਰੂ ਦੀ ਸਰਨ ਪੈ ਕੇ।19।

ਅਰਥ: ਹੇ ਭਾਈ! ਖਸਮ-ਪ੍ਰਭੂ ਸਾਰੇ ਹੀ ਸਰੀਰਾਂ ਵਿਚ ਵੱਸਦਾ ਹੈ। ਕੋਈ ਭੀ ਸਰੀਰ (ਐਸਾ) ਨਹੀਂ ਹੈ ਜੋ ਖਸਮ-ਪ੍ਰਭੂ ਤੋਂ ਬਿਨਾ ਹੋਵੇ (ਜਿਸ ਵਿਚ ਖਸਮ-ਪ੍ਰਭੂ ਵੱਸਦਾ ਨਾਹ ਹੋਵੇ। ਪਰ ਵੱਸਦਾ ਹੈ ਗੁਪਤ) । ਹੇ ਨਾਨਕ! ਉਹ ਜੀਵ-ਇਸਤ੍ਰੀਆਂ ਭਾਗਾਂ ਵਾਲੀਆਂ ਹਨ ਜਿਨ੍ਹਾਂ ਦੇ ਅੰਦਰ (ਉਹ ਖਸਮ-ਪ੍ਰਭੂ) ਗੁਰੂ ਦੀ ਰਾਹੀਂ ਪਰਗਟ ਹੋ ਜਾਂਦਾ ਹੈ।19।

ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥ ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨ ਕੀਜੈ ॥੨੦॥ {ਪੰਨਾ 1412}

ਪਦ ਅਰਥ: ਜਉ = ਜੇ। ਤਉ = ਤੈਨੂੰ, ਤੇਰਾ। ਚਾਉ = ਸ਼ੌਕ। ਧਰਿ = ਧਰ ਕੇ, ਰੱਖ ਕੇ। ਸਿਰੁ = (ਭਾਵ,) ਹਉਮੈ, ਅਹੰਕਾਰ। ਇਤੁ = ਇਸ ਵਿਚ। ਮਾਰਗਿ = ਰਸਤੇ ਵਿਚ। ਇਤੁ ਮਾਰਗਿ = ਇਸ ਰਸਤੇ ਵਿਚ, (ਪ੍ਰੇਮ ਦੇ) ਇਸ ਰਸਤੇ ਤੇ। ਧਰੀਜੈ = ਧਰਨਾ ਚਾਹੀਦਾ ਹੈ। ਕਾਣਿ = ਝਿਜਕ। ਨ ਕੀਜੈ = ਨਹੀਂ ਚਾਹੀਦੀ।20।

ਅਰਥ: ਹੇ ਭਾਈ! ਜੇ ਤੈਨੂੰ (ਪ੍ਰਭੂ-ਪ੍ਰੇਮ ਦੀ) ਖੇਡ ਖੇਡਣ ਦਾ ਸ਼ੌਕ ਹੈ, ਤਾਂ (ਆਪਣਾ) ਸਿਰ ਤਲੀ ਉੱਤੇ ਰੱਖ ਕੇ ਮੇਰੀ ਗਲੀ ਵਿਚ ਆ (ਲੋਕ-ਲਾਜ ਛੱਡ ਕੇ ਹਉਮੈ ਦੂਰ ਕਰ ਕੇ ਆ) । (ਪ੍ਰਭੂ-ਪ੍ਰੀਤ ਦੇ) ਇਸ ਰਸਤੇ ਉੱਤੇ (ਤਦੋਂ ਹੀ) ਪੈਰ ਧਰਿਆ ਜਾ ਸਕਦਾ ਹੈ (ਜਦੋਂ) ਸਿਰ ਭੇਟਾ ਕੀਤਾ ਜਾਏ, ਪਰ ਕੋਈ ਝਿਜਕ ਨਾਹ ਕੀਤੀ ਜਾਏ (ਜਦੋਂ ਬਿਨਾ ਕਿਸੇ ਝਿਜਕ ਦੇ ਲੋਕ-ਲਾਜ ਅਤੇ ਹਉਮੈ ਛੱਡੀ ਜਾਏ) ।20।

ਨਾਲਿ ਕਿਰਾੜਾ ਦੋਸਤੀ ਕੂੜੈ ਕੂੜੀ ਪਾਇ ॥ ਮਰਣੁ ਨ ਜਾਪੈ ਮੂਲਿਆ ਆਵੈ ਕਿਤੈ ਥਾਇ ॥੨੧॥ ਗਿਆਨ ਹੀਣੰ ਅਗਿਆਨ ਪੂਜਾ ॥ ਅੰਧ ਵਰਤਾਵਾ ਭਾਉ ਦੂਜਾ ॥੨੨॥ {ਪੰਨਾ 1412}

ਪਦ ਅਰਥ: ਕਿਰਾੜਾ = ਮਾਇਆ ਦੇ ਮੋਹ ਵਿਚ ਫਸਿਆ ਹੋਇਆ ਮਨੁੱਖ, ਹਰ ਵੇਲੇ ਮਾਇਆ ਦੀਆਂ ਗਿਣਤੀਆਂ ਗਿਣਨ ਵਾਲਾ ਮਨੁੱਖ। ਦੋਸਤੀ = ਮਿੱਤ੍ਰਤਾ। ਕੂੜੈ = ਕੂੜ ਦੇ ਕਾਰਨ, ਮਾਇਆ ਦੇ ਮੋਹ ਦੇ ਕਾਰਨ। ਪਾਇ = ਪਾਂਇਆਂ, (ਦੋਸਤੀ ਦੀ) ਪਾਂਇਆਂ। ਕੂੜੀ = ਜਿਸ ਉਤੇ ਇਤਬਾਰ ਨਾਹ ਹੋ ਸਕੇ। ਨ ਜਾਪੈ = (ਇਹ ਗੱਲ) ਸੁਝਦੀ ਹੀ ਨਹੀਂ। ਕਿਤੈ ਥਾਂਇ = ਕਿਸੇ ਭੀ ਥਾਂ ਤੇ। ਆਵੈ = ਆ ਜਾਂਦੀ ਹੈ। ਮਰਣੁ = ਮੌਤ।21।

ਅਰਥ: ਹੇ ਭਾਈ! ਜੇ ਹਰ ਵੇਲੇ ਮਾਇਆ ਦੀਆਂ ਗਿਣਤੀਆਂ ਗਿਣਨ ਵਾਲੇ ਮਨੁੱਖ ਨਾਲ ਦੋਸਤੀ ਬਣਾਈ ਜਾਏ, (ਤਾਂ ਉਸ ਕਿਰਾੜ ਦੇ ਅੰਦਰਲੇ) ਮਾਇਆ ਦੇ ਮੋਹ ਦੇ ਕਾਰਨ (ਉਸ ਦੀ ਦੋਸਤੀ ਦੀ) ਪਾਂਇਆਂ ਭੀ ਇਤਬਾਰ-ਜੋਗ ਨਹੀਂ ਹੁੰਦੀ। ਹੇ ਮੂਲਿਆ! (ਮਾਇਆ ਦੇ ਮੋਹ ਵਿਚ ਫਸਿਆ ਹੋਇਆ ਮਨੁੱਖ ਸਦਾ ਮੌਤ ਤੋਂ ਬਚੇ ਰਹਿਣ ਦੇ ਉਪਰਾਲੇ ਕਰਦਾ ਰਹਿੰਦਾ ਹੈ, ਪਰ ਉਸ ਨੂੰ ਇਹ ਗੱਲ) ਸੁੱਝਦੀ ਹੀ ਨਹੀਂ ਕਿ ਮੌਤ ਕਿਸੇ ਭੀ ਥਾਂ ਤੇ (ਕਿਸੇ ਭੀ ਵੇਲੇ) ਆ ਸਕਦੀ ਹੈ।21।

ਪਦ ਅਰਥ: ਗਿਆਨ = ਆਤਮਕ ਜੀਵਨ ਦੀ ਸੂਝ। ਹੀਣੰ = ਸੱਖਣੇ। ਅਗਿਆਨ = ਆਤਮਕ ਜੀਵਨ ਵਲੋਂ ਬੇਸਮਝੀ। ਅੰਧ = ਅੰਨ੍ਹਾ, ਆਤਮਕ ਜੀਵਨ ਵਲੋਂ ਅੰਨ੍ਹਾ ਬਣਾਈ ਰੱਖਣ ਵਾਲਾ। ਵਰਤਾਵਾ = ਵਰਤਣ-ਵਿਹਾਰ। ਭਾਉ = ਪਿਆਰ। ਭਾਉ ਦੂਜਾ = ਪਰਮਾਤਮਾ ਤੋਂ ਬਿਨਾ ਹੋਰ ਦਾ ਪਿਆਰ, ਮਾਇਆ ਦਾ ਮੋਹ।22।

ਅਰਥ: ਹੇ ਭਾਈ! ਜਿਹੜੇ ਮਨੁੱਖ ਆਤਮਕ ਜੀਵਨ ਦੀ ਸੂਝ ਤੋਂ ਸੱਖਣੇ ਹੁੰਦੇ ਹਨ, ਉਹ ਆਤਮਕ ਜੀਵਨ ਵਲੋਂ ਬੇ-ਸਮਝੀ ਨੂੰ ਹੀ ਸਦਾ ਪਸੰਦ ਕਰਦੇ ਹਨ। ਹੇ ਭਾਈ! (ਜਿਨ੍ਹਾਂ ਮਨੁੱਖਾਂ ਦੇ ਅੰਦਰ) ਮਾਇਆ ਦਾ ਮੋਹ (ਸਦਾ ਟਿਕਿਆ ਰਹਿੰਦਾ ਹੈ, ਉਹਨਾਂ ਦਾ) ਵਰਤਣ-ਵਿਹਾਰ (ਆਤਮਕ ਜੀਵਨ ਵਲੋਂ) ਅੰਨ੍ਹਾ (ਬਣਾਈ ਰੱਖਣ ਵਾਲਾ ਹੁੰਦਾ) ਹੈ।22।

ਗੁਰ ਬਿਨੁ ਗਿਆਨੁ ਧਰਮ ਬਿਨੁ ਧਿਆਨੁ ॥ ਸਚ ਬਿਨੁ ਸਾਖੀ ਮੂਲੋ ਨ ਬਾਕੀ ॥੨੩॥ {ਪੰਨਾ 1412}

ਪਦ ਅਰਥ: ਗਿਆਨੁ = ਆਤਮਕ ਜੀਵਨ ਦੀ ਸੂਝ, ਪਰਮਾਤਮਾ ਨਾਲ ਸਾਂਝ। ਧਰਮ = ਫ਼ਰਜ਼, ਕਰਤੱਬ। ਧਿਆਨੁ = ਲਗਨ, ਸੁਰਤਿ। ਸਚ = ਸਦਾ-ਥਿਰ ਹਰਿ-ਨਾਮ ਦਾ ਸਿਮਰਨ। ਸਾਖੀ = ਗਵਾਹੀ, ਪਰਵਾਨਾ, ਜੀਵਨ-ਰਾਹਦਾਰੀ। ਮੂਲੋ = ਮੂਲ ਭੀ, ਸਰਮਾਇਆ ਭੀ, (ਆਤਮਕ ਜੀਵਨ ਦਾ ਉਹ) ਸਰਮਾਇਆ ਭੀ (ਜਿਸ ਨੇ ਮਨੁੱਖਾ ਜਨਮ ਲੈ ਕੇ ਦਿੱਤਾ ਸੀ) । ਨ ਬਾਕੀ = ਬਾਕੀ ਨਹੀਂ ਰਹਿੰਦਾ, ਪੱਲੇ ਨਹੀਂ ਰਹਿੰਦਾ।23।

ਅਰਥ: ਹੇ ਭਾਈ! ਗੁਰੂ (ਦੀ ਸਰਨ ਪੈਣ) ਤੋਂ ਬਿਨਾ ਪਰਮਾਤਮਾ ਨਾਲ ਡੂੰਘੀ ਸਾਂਝ ਨਹੀਂ ਬਣਦੀ। (ਇਸ ਡੂੰਘੀ ਸਾਂਝ ਨੂੰ ਮਨੁੱਖਾ ਜੀਵਨ ਦਾ ਜ਼ਰੂਰੀ) ਫ਼ਰਜ਼ ਬਣਾਣ ਤੋਂ ਬਿਨਾ (ਹਰਿ-ਨਾਮ ਸਿਮਰਨ ਦੀ) ਲਗਨ ਨਹੀਂ ਬਣਦੀ। ਸਦਾ-ਥਿਰ ਹਰਿ-ਨਾਮ ਸਿਮਰਨ ਤੋਂ ਬਿਨਾ (ਹੋਰ ਹੋਰ ਮਾਇਕ ਉੱਦਮਾਂ ਦੀ ਜੀਵਨ-) ਰਾਹਦਾਰੀ ਦੇ ਕਾਰਨ (ਆਤਮਕ ਜੀਵਨ ਦਾ ਉਹ) ਸਰਮਾਇਆ ਭੀ ਪੱਲੇ ਨਹੀਂ ਰਹਿ ਜਾਂਦਾ (ਜਿਸ ਨੇ ਮਨੁੱਖਾ ਜਨਮ ਲੈ ਕੇ ਦਿੱਤਾ ਸੀ) ।23।

ਮਾਣੂ ਘਲੈ ਉਠੀ ਚਲੈ ॥ ਸਾਦੁ ਨਾਹੀ ਇਵੇਹੀ ਗਲੈ ॥੨੪॥ ਰਾਮੁ ਝੁਰੈ ਦਲ ਮੇਲਵੈ ਅੰਤਰਿ ਬਲੁ ਅਧਿਕਾਰ ॥ ਬੰਤਰ ਕੀ ਸੈਨਾ ਸੇਵੀਐ ਮਨਿ ਤਨਿ ਜੁਝੁ ਅਪਾਰੁ ॥ ਸੀਤਾ ਲੈ ਗਇਆ ਦਹਸਿਰੋ ਲਛਮਣੁ ਮੂਓ ਸਰਾਪਿ ॥ ਨਾਨਕ ਕਰਤਾ ਕਰਣਹਾਰੁ ਕਰਿ ਵੇਖੈ ਥਾਪਿ ਉਥਾਪਿ ॥੨੫॥ {ਪੰਨਾ 1412}

ਪਦ ਅਰਥ: ਮਾਣੂ = ਮਨੁੱਖ (ਨੂੰ) । ਘਲੈ = ਘੱਲੈ, (ਪਰਮਾਤਮਾ) ਭੇਜਦਾ ਹੈ। ਉਠੀ = ਉਠਿ, ਉੱਠ ਕੇ। ਚਲੈ = ਚੱਲੈ, (ਜਗਤ ਤੋਂ) ਤੁਰ ਪੈਂਦਾ ਹੈ। ਸਾਦੁ = ਸੁਆਦ, ਆਨੰਦ। ਇਵੇਹੀ ਗਲੈ = ਇਹੋ ਜਿਹੀ ਗੱਲ ਵਿਚ।24।

ਅਰਥ: ਹੇ ਭਾਈ! (ਪਰਮਾਤਮਾ) ਮਨੁੱਖ ਨੂੰ (ਜਗਤ ਵਿਚ ਕੋਈ ਆਤਮਕ ਲਾਭ ਖੱਟਣ ਲਈ) ਭੇਜਦਾ ਹੈ, (ਪਰ ਜੇ ਆਤਮਕ ਜੀਵਨ ਦੀ ਖੱਟੀ ਖੱਟਣ ਤੋਂ ਬਿਨਾ ਹੀ ਮਨੁੱਖ ਜਗਤ ਤੋਂ) ਉੱਠ ਕੇ ਤੁਰ ਪੈਂਦਾ ਹੈ, (ਤਾਂ) ਇਹੋ ਜਿਹਾ ਜੀਵਨ ਜੀਊਣ ਵਿਚ ਮਨੁੱਖ ਨੂੰ ਕੋਈ) ਆਤਮਕ ਆਨੰਦ ਹਾਸਲ ਨਹੀਂ ਹੁੰਦਾ।24।

ਪਦ ਅਰਥ: ਰਾਮੁ = (ਸ੍ਰੀ) ਰਾਮਚੰਦ੍ਰ। ਝੁਰੈ = ਦੁਖੀ ਹੁੰਦਾ ਹੈ। ਦਲ = ਫ਼ੌਜਾਂ। ਮੇਲਵੈ = ਇਕੱਠੀਆਂ ਕਰਦਾ ਹੈ। ਅੰਤਰਿ = (ਸ੍ਰੀ ਰਾਮਚੰਦ੍ਰ ਦੇ) ਅੰਦਰ। ਅਧਿਕਾਰ = ਇਖ਼ਤਿਆਰ। ਬਲੁ ਅਧਿਕਾਰ = ਅਧਿਕਾਰ ਦੀ ਤਾਕਤ। ਬੰਤਰ ਕੀ ਸੈਨਾ = ਵਾਨਰਾਂ ਦੀ ਫ਼ੌਜ ਦੀ ਰਾਹੀਂ। ਸੇਵੀਐ = (ਸ੍ਰੀ ਰਾਮਚੰਦ੍ਰ ਦੀ) ਸੇਵਾ ਕੀਤੀ ਜਾ ਰਹੀ ਹੈ। ਮਨਿ = ਮਨ ਵਿਚ। ਤਨਿ = ਤਨ ਵਿਚ। ਜੁਝੁ = ਜੁੱਧ ਦਾ ਚਾਉ। ਦਹਸਿਰੋ = ਦਸ ਸਿਰਾਂ ਵਾਲਾ ਰਾਵਣ। ਮੂਓ = ਮਰ ਗਿਆ। ਸਰਾਪਿ = ਸਰਾਪ ਨਾਲ। ਕਰਣਹਾਰੁ = ਸਭ ਕੁਝ ਕਰ ਸਕਣ ਵਾਲਾ। ਕਰਤਾ = ਕਰਤਾਰ। ਕਰਿ = ਕਰ ਕੇ। ਥਾਪਿ = ਪੈਦਾ ਕਰ ਕੇ। ਉਥਾਪਿ = ਨਾਸ ਕਰ ਕੇ।25।

ਅਰਥ: ਹੇ ਨਾਨਕ! ਕਰਤਾਰ ਸਭ ਕੁਝ ਕਰ ਸਕਣ ਦੀ ਸਮਰਥਾ ਵਾਲਾ ਹੈ (ਉਸ ਨੂੰ ਕਦੇ ਝੁਰਨ ਦੀ ਦੁਖੀ ਹੋਣ ਦੀ ਲੋੜ ਨਹੀਂ) , ਉਹ ਤਾਂ ਪੈਦਾ ਕਰ ਕੇ ਨਾਸ ਕਰ ਕੇ (ਸਭ ਕੁਝ ਕਰ ਕੇ ਆਪ ਹੀ) ਵੇਖਦਾ ਹੈ। (ਸ੍ਰੀ ਰਾਮਚੰਦ੍ਰ ਉਸ ਕਰਤਾਰ ਦੀ ਬਰਾਬਰੀ ਨਹੀਂ ਕਰ ਸਕਦਾ। ਵੇਖੋ, ਰਾਵਣ ਨਾਲ ਲੜਾਈ ਕਰਨ ਵਾਸਤੇ) ਸ੍ਰੀ ਰਾਮਚੰਦ੍ਰ ਫ਼ੌਜਾਂ ਇਕੱਠੀਆਂ ਕਰਦਾ ਹੈ, (ਉਸ ਦੇ) ਅੰਦਰ (ਫ਼ੌਜਾਂ ਇਕੱਠੀਆਂ ਕਰਨ ਦੇ) ਅਧਿਕਾਰ ਦੀ ਤਾਕਤ ਭੀ ਹੈ, ਵਾਨਰਾਂ ਦੀ (ਉਸ) ਫ਼ੌਜ ਦੀ ਰਾਹੀਂ (ਉਸ ਦੀ) ਸੇਵਾ ਭੀ ਹੋ ਰਹੀ ਹੈ (ਜਿਸ ਸੈਨਾ ਦੇ) ਮਨ ਵਿਚ ਤਨ ਵਿਚ ਜੁੱਧ ਕਰਨ ਦਾ ਬੇਅੰਤ ਚਾਉ ਹੈ, (ਫਿਰ ਭੀ ਸ੍ਰੀ) ਰਾਮਚੰਦ੍ਰ (ਤਦੋਂ) ਦੁਖੀ ਹੁੰਦਾ ਹੈ (ਦੁਖੀ ਹੋਇਆ, ਜਦੋਂ) ਸੀਤਾ (ਜੀ) ਨੂੰ ਰਾਵਣ ਲੈ ਗਿਆ ਸੀ, (ਤੇ, ਫਿਰ ਜਦੋਂ ਸ੍ਰੀ ਰਾਮਚੰਦ੍ਰ ਜੀ ਦਾ ਭਾਈ) ਲਛਮਨ ਸਰਾਪ ਨਾਲ ਮਰ ਗਿਆ ਸੀ।25।

ਮਨ ਮਹਿ ਝੂਰੈ ਰਾਮਚੰਦੁ ਸੀਤਾ ਲਛਮਣ ਜੋਗੁ ॥ ਹਣਵੰਤਰੁ ਆਰਾਧਿਆ ਆਇਆ ਕਰਿ ਸੰਜੋਗੁ ॥ ਭੂਲਾ ਦੈਤੁ ਨ ਸਮਝਈ ਤਿਨਿ ਪ੍ਰਭ ਕੀਏ ਕਾਮ ॥ ਨਾਨਕ ਵੇਪਰਵਾਹੁ ਸੋ ਕਿਰਤੁ ਨ ਮਿਟਈ ਰਾਮ ॥੨੬॥ {ਪੰਨਾ 1412}

ਪਦ ਅਰਥ: ਝੂਰੈ = ਦੁਖੀ ਹੁੰਦਾ ਹੈ (ਦੁਖੀ ਹੋਇਆ) । ਜੋਗੁ = ਦੀ ਖ਼ਾਤਰ, ਵਾਸਤੇ। ਹਣਵੰਤਰੁ = ਹਨੂਮਾਨ (हनु = ਠੋਡੀ। ਹਨੂਮਾਨ = ਲੰਮੀ ਠੋਡੀ ਵਾਲਾ) । ਆਰਾਧਿਆ = ਯਾਦ ਕੀਤਾ। ਕਰਿ = ਕਰਕੇ, ਦੇ ਕਾਰਨ। ਸੰਜੋਗੁ = ਮਿਲਾਪ, (ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ) ਮਿਲਾਪ। ਸੰਜੋਗੁ ਕਰਿ = (ਪਰਮਾਤਮਾ ਵਲੋਂ ਬਣੇ) ਸੰਜੋਗ ਨਾਲ। ਦੈਤੁ = ਰਾਵਣ ਦੈਂਤ। ਨ ਸਮਝਈ = ਨਹੀਂ ਸਮਝਦਾ (ਨਾਹ ਸਮਝਿਆ) । ਤਿਨਿ ਪ੍ਰਭ = ਉਸ ਪਰਮਾਤਮਾ ਨੇ। ਤਿਨਿ = ਉਸ ਨੇ। ਕਾਮ = ਸਾਰੇ ਕੰਮ। ਵੇਪਰਵਾਹੁ = ਜਿਸ ਨੂੰ ਕਿਸੇ ਦੀ ਮੁਥਾਜੀ ਨਹੀਂ। ਕਿਰਤੁ = ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਸਮੂਹ, ਭਾਵੀ। ਨ ਮਿਟਈ ਰਾਮ = (ਸ੍ਰੀ) ਰਾਮਚੰਦ੍ਰ ਪਾਸੋਂ (ਭੀ) ਨਾਹ ਮਿਟੀ।26।

ਅਰਥ: ਹੇ ਭਾਈ! ਉਹ ਪਰਮਾਤਮਾ (ਤਾਂ) ਬੇ-ਮੁਥਾਜ ਹੈ (ਸ੍ਰੀ ਰਾਮਚੰਦ੍ਰ ਉਸ ਪਰਮਾਤਮਾ ਦੀ ਬਰਾਬਰੀ ਨਹੀਂ ਕਰ ਸਕਦਾ) । (ਸ੍ਰੀ) ਰਾਮਚੰਦ (ਜੀ) ਪਾਸੋਂ ਵੀ ਨਾਹ ਮਿਟ ਸਕੀ। (ਵੇਖੋ, ਸ੍ਰੀ) ਰਾਮਚੰਦ੍ਰ (ਆਪਣੇ) ਮਨ ਵਿਚ ਸੀਤਾ (ਜੀ) ਦੀ ਖ਼ਾਤਰ ਦੁਖੀ ਹੋਇਆ (ਜਦੋਂ ਸੀਤਾ ਜੀ ਨੂੰ ਰਾਵਣ ਚੁਰਾ ਕੇ ਲੈ ਗਿਆ, ਫਿਰ) ਦੁਖੀ ਹੋਇਆ ਲਛਮਣ ਦੀ ਖ਼ਾਤਰ (ਜਦੋਂ ਰਣਭੂਮੀ ਵਿਚ ਲਛਮਨ ਬਰਛੀ ਨਾਲ ਮੂਰਛਿਤ ਹੋਇਆ) । (ਤਦੋਂ ਸ੍ਰੀ ਰਾਮਚੰਦ੍ਰ ਨੇ) ਹਨੂਮਾਨ ਨੂੰ ਯਾਦ ਕੀਤਾ ਜੋ (ਪਰਮਾਤਮਾ ਵਲੋਂ ਬਣੇ) ਸੰਜੋਗ ਦੇ ਕਾਰਨ (ਸ੍ਰੀ ਰਾਮਚੰਦ੍ਰ ਜੀ ਦੀ ਸਰਨ) ਆਇਆ ਸੀ। ਮੂਰਖ ਰਾਵਣ (ਭੀ) ਇਹ ਗੱਲ ਨਾਹ ਸਮਝਿਆ ਕਿ ਇਹ ਸਾਰੇ ਕੰਮ ਪਰਮਾਤਮਾ ਨੇ (ਆਪ ਹੀ) ਕੀਤੇ ਸਨ।26।

ਲਾਹੌਰ ਸਹਰੁ ਜਹਰੁ ਕਹਰੁ ਸਵਾ ਪਹਰੁ ॥੨੭॥ ਮਹਲਾ ੩ ॥ ਲਾਹੌਰ ਸਹਰੁ ਅੰਮ੍ਰਿਤ ਸਰੁ ਸਿਫਤੀ ਦਾ ਘਰੁ ॥੨੮॥ {ਪੰਨਾ 1412}

ਪਦ ਅਰਥ: ਜਹਰੁ = (ਆਤਮਕ ਮੌਤ ਲਿਆਉਣ ਵਾਲਾ) ਜ਼ਹਿਰ।27।

ਅੰਮ੍ਰਿਤ ਸਰੁ = ਅੰਮ੍ਰਿਤ ਦਾ ਸਰੋਵਰ, ਅੰਮ੍ਰਿਤ ਦਾ ਚਸ਼ਮਾ। ਸਿਫਤੀ ਦਾ = ਪ੍ਰਭੂ ਦੀਆਂ ਸਿਫ਼ਤਾਂ ਦਾ।28।

ਅਰਥ: ਹੇ ਭਾਈ! ਲਾਹੌਰ ਦਾ ਸ਼ਹਰ (ਸ਼ਹਰ-ਨਿਵਾਸੀਆਂ ਵਾਸਤੇ ਆਤਮਕ ਮੌਤ ਲਿਆਈ ਰੱਖਣ ਦੇ ਕਾਰਣ) ਜ਼ਹਰ (ਬਣਿਆ ਪਿਆ ਹੈ, ਕਿਉਂਕਿ ਇੱਥੇ ਨਿੱਤ ਸਵੇਰੇ ਰੱਬੀ ਸਿਫ਼ਤਿ-ਸਾਲਾਹ ਦੀ ਥਾਂ) ਸਵਾ ਪਹਰ (ਦਿਨ ਚੜ੍ਹੇ ਤਕ ਮਾਸ ਦੀ ਖ਼ਾਤਰ ਪਸ਼ੂਆਂ ਉਤੇ) ਕਹਰ (ਹੁੰਦਾ ਰਹਿੰਦਾ ਹੈ। ਮਾਸ ਆਦਿਕ ਖਾਣਾ ਅਤੇ ਵਿਸ਼ੇ ਭੋਗਣਾ ਹੀ ਲਾਹੌਰ-ਨਿਵਾਸੀਆਂ ਦਾ ਜੀਵਨ-ਮਨੋਰਥ ਬਣ ਰਿਹਾ ਹੈ) ।27।

ਮਹਲਾ 3।

ਹੇ ਭਾਈ! (ਹੁਣ) ਲਾਹੌਰ ਸ਼ਹਰ ਅੰਮ੍ਰਿਤ ਦਾ ਚਸ਼ਮਾ ਬਣ ਗਿਆ ਹੈ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਸੋਮਾ ਬਣ ਗਿਆ ਹੈ (ਕਿਉਂਕਿ ਗੁਰੂ ਰਾਮਦਾਸ ਜੀ ਦਾ ਜਨਮ ਹੋਇਆ ਹੈ) ।28।

ਨੋਟ: ਜਿੱਥੇ ਮਾਸ ਆਦਿਕ ਖਾਣਾ ਅਤੇ ਵਿਸ਼ੇ ਭੋਗਣਾ ਹੀ ਜੀਵਨ-ਮਨੋਰਥ ਬਣ ਜਾਏ, ਉਹ ਥਾਂ ਉਥੋਂ ਦੇ ਵਸਨੀਕਾਂ ਵਾਸਤੇ ਆਤਮਕ ਮੌਤ ਦਾ ਕਾਰਨ ਬਣ ਜਾਂਦੀ ਹੈ। ਪਰ ਜਿੱਥੇ ਕੋਈ ਮਹਾਪੁਰਖ ਪਰਗਟ ਹੋ ਪਏ, ਉਥੇ ਲੋਕਾਂ ਨੂੰ ਆਤਮਕ ਜੀਵਨ ਦਾ ਸਨੇਹਾ ਮਿਲਣ ਲੱਗ ਪੈਂਦਾ ਹੈ।

ਮਹਲਾ ੧ ॥ ਉਦੋਸਾਹੈ ਕਿਆ ਨੀਸਾਨੀ ਤੋਟਿ ਨ ਆਵੈ ਅੰਨੀ ॥ ਉਦੋਸੀਅ ਘਰੇ ਹੀ ਵੁਠੀ ਕੁੜਿਈ ਰੰਨੀ ਧੰਮੀ ॥ ਸਤੀ ਰੰਨੀ ਘਰੇ ਸਿਆਪਾ ਰੋਵਨਿ ਕੂੜੀ ਕੰਮੀ ॥ ਜੋ ਲੇਵੈ ਸੋ ਦੇਵੈ ਨਾਹੀ ਖਟੇ ਦੰਮ ਸਹੰਮੀ ॥੨੯॥ {ਪੰਨਾ 1412}

ਪਦ ਅਰਥ: ਉਦੋਸਾਹੈ ਨੀਸਾਨੀ = (ਮਾਇਆ ਕਮਾਣ ਵਾਸਤੇ) ਉਤਸ਼ਾਹ ਦੀ ਨਿਸ਼ਾਨੀ। ਤੋਟਿ = ਘਾਟ। ਅੰਨ = ਅੰਨ-ਧਨ ਦੀ। ਉਦੋਸੀਅ = ਉਦਾਸੀ, ਉਪਰਾਮਤਾ, (ਹਰਿ-ਨਾਮ ਵਲੋਂ) ਲਾ-ਪਰਵਾਹੀ। ਘਰੇ ਹੀ = ਹਿਰਦੇ-ਘਰ ਵਿਚ ਹੀ। ਵੁਠੀ = ਟਿਕੀ ਰਹਿੰਦੀ ਹੈ। ਕੁੜਿਈ ਰੰਨੀ = ਕੂੜ ਵਿਚ ਫਸੀਆਂ ਹੋਈਆਂ ਰੰਨਾਂ ਦਾ, ਮਾਇਆ ਦੇ ਮੋਹ ਵਿਚ ਫਸੀਆਂ ਹੋਈਆਂ ਇੰਦ੍ਰੀਆਂ ਦਾ। ਧੰਮੀ = ਧਮੱਚੜ, ਰੌਲਾ।

ਸਤੀ ਰੰਨੀ = ਸੱਤਾਂ ਹੀ ਰੰਨਾਂ ਦਾ, (ਦੋ ਅੱਖਾਂ, ਦੋ ਕੰਨ, ਇਕ ਨੱਕ, ਇਕ ਮੂੰਹ, ਇਕ ਕਾਮ-ਇੰਦ੍ਰੀ) ਸੱਤਾਂ ਹੀ ਇੰਦ੍ਰੀਆਂ ਦਾ। ਘਰੇ = ਸਰੀਰ-ਘਰ ਵਿਚ। ਸਿਆਪਾ = ਝਗੜਾ। ਰੋਵਨਿ = ਰੋਂਦੀਆਂ ਹਨ, ਰੌਲਾ ਪਾਂਦੀਆਂ ਰਹਿੰਦੀਆਂ ਹਨ। ਕੂੜੀ ਕੰਮੀ = (ਵਿਕਾਰਾਂ ਵਾਲੇ) ਕੂੜੇ ਕੰਮਾਂ ਵਾਸਤੇ। ਜੋ ਦੰਮ = ਜਿਹੜੇ ਦਮੜੇ। ਲੇਵੈ = ਕਮਾਂਦਾ ਹੈ। ਸੋ ਦੰਮ = ਉਹ ਦਮੜੇ। ਦੇਵੈ ਨਾਹੀ = (ਹੱਥੋਂ ਹੋਰਨਾਂ ਨੂੰ) ਨਹੀਂ ਦੇਂਦਾ। ਖਟੇ ਦੰਮ = ਦਮੜੇ ਕਮਾਂਦਾ ਹੈ। ਸਹੰਮੀ = (ਫਿਰ ਭੀ) ਸਹਮ (ਪਿਆ ਰਹਿੰਦਾ ਹੈ) ।

ਅਰਥ: ਹੇ ਭਾਈ! ਨਿਰੀ ਮਾਇਆ ਦੀ ਖ਼ਾਤਰ ਕੀਤੀ ਦੌੜ-ਭੱਜ ਦੀ ਕੀਹ ਪਛਾਣ ਹੈ? (ਪਛਾਣ ਇਹ ਹੈ ਕਿ ਇਹ ਦੌੜ-ਭੱਜ ਕਰਨ ਵਾਲੇ ਨੂੰ) ਅੰਨ-ਧਨ ਦੀ ਘਾਟ ਨਹੀਂ ਹੁੰਦੀ। (ਪਰ ਨਿਰੀ ਮਾਇਆ ਦੀ ਖ਼ਾਤਰ ਦੌੜ-ਭੱਜ ਦੇ ਕਾਰਨ ਹਰਿ-ਨਾਮ ਵਲੋਂ) ਲਾ-ਪਰਵਾਹੀ ਭੀ ਸਦਾ ਹਿਰਦੇ-ਘਰ ਵਿਚ ਟਿਕੀ ਰਹਿੰਦੀ ਹੈ, ਮਾਇਆ ਦੇ ਮੋਹ ਵਿਚ ਫਸੀਆਂ ਇੰਦ੍ਰੀਆਂ ਦਾ ਧਮੱਚੜ ਪਿਆ ਰਹਿੰਦਾ ਹੈ।

(ਦੋ ਅੱਖਾਂ, ਦੋ ਕੰਨ, ਇਕ ਨੱਕ, ਇਕ ਮੂੰਹ, ਇਕ ਕਾਮ-ਇੰਦ੍ਰੀ, ਇਹਨਾਂ) ਸੱਤਾਂ ਹੀ ਇੰਦ੍ਰੀਆਂ ਦਾ ਝਗੜਾ ਸਰੀਰ-ਘਰ ਵਿਚ ਬਣਿਆ ਰਹਿੰਦਾ ਹੈ। ਇਹ ਇੰਦ੍ਰੀਆਂ (ਵਿਕਾਰਾਂ ਵਾਲੇ) ਕੂੜੇ ਕੰਮਾਂ ਵਾਸਤੇ ਰੌਲਾ ਪਾਂਦੀਆਂ ਰਹਿੰਦੀਆਂ ਹਨ। (ਜਿਹੜਾ ਮਨੁੱਖ ਨਿਰੀ ਮਾਇਆ ਦੀ ਖ਼ਾਤਰ ਹੀ ਦੌੜ-ਭੱਜ ਕਰਦਾ ਰਹਿੰਦਾ ਹੈ, ਉਹ) ਦਮੜੇ ਤਾਂ ਕਮਾਂਦਾ ਹੈ, ਪਰ ਸਹਮ ਵਿਚ ਟਿਕਿਆ ਰਹਿੰਦਾ ਹੈ, ਜੋ ਕੁਝ ਕਮਾਂਦਾ ਹੈ ਉਹ ਹੋਰਨਾਂ ਨੂੰ ਹੱਥੋਂ ਦੇਂਦਾ ਨਹੀਂ।29।

ਪਬਰ ਤੂੰ ਹਰੀਆਵਲਾ ਕਵਲਾ ਕੰਚਨ ਵੰਨਿ ॥ ਕੈ ਦੋਖੜੈ ਸੜਿਓਹਿ ਕਾਲੀ ਹੋਈਆ ਦੇਹੁਰੀ ਨਾਨਕ ਮੈ ਤਨਿ ਭੰਗੁ ॥ ਜਾਣਾ ਪਾਣੀ ਨਾ ਲਹਾਂ ਜੈ ਸੇਤੀ ਮੇਰਾ ਸੰਗੁ ॥ ਜਿਤੁ ਡਿਠੈ ਤਨੁ ਪਰਫੁੜੈ ਚੜੈ ਚਵਗਣਿ ਵੰਨੁ ॥੩੦॥ {ਪੰਨਾ 1412}

ਪਦ ਅਰਥ: ਪਬਰ = (पद्माकर= ਪਦਮਾਂ ਦੀ ਖਾਣ, ਕੌਲ-ਫੁੱਲਾਂ ਦੀ ਖਾਣ, ਸਰੋਵਰ) ਹੇ ਸਰੋਵਰ! ਹਰੀਆਵਲਾ = ਚੁਫੇਰੇ ਹਰਾ ਹੀ ਹਰਾ। ਕੰਚਨ = ਸੋਨਾ। ਵੰਨ = ਰੰਗ। ਕੰਚਨ ਵੰਨਿ = ਸੋਨੇ ਦੇ ਰੰਗ ਵਾਲੇ। ਕੈ ਦੋਖੜੈ = ਕਿਸ ਦੋਸ਼ ਦੇ ਕਾਰਨ। ਸੜਿਓਹਿ = ਤੂੰ ਸੜ ਗਿਆ ਹੈਂ। ਦੇਹੁਰੀ = ਸੋਹਣਾ ਸਰੀਰ, ਸੋਹਣੀ ਦੇਹੀ। ਨਾਨਕ = ਹੇ ਨਾਨਕ! ਮੈ ਤਨਿ = ਮੇਰੇ ਸਰੀਰ ਵਿਚ। ਭੰਗੁ = ਤੋਟ, ਘਾਟ। ਜਾਣਾ = ਜਾਣਾਂ, ਮੈਂ ਜਾਣਦਾ ਹਾਂ, ਮੈਨੂੰ ਸਮਝ ਆਈ ਹੈ। ਨ ਲਹਾਂ = ਮੈਂ ਹਾਸਲ ਨਹੀਂ ਕਰ ਰਿਹਾ। ਜੈ ਸੇਤੀ = ਜਿਸ (ਪਾਣੀ) ਨਾਲ। ਸੰਗੁ = ਸਾਥ, ਮੇਲ। ਜਿਤੁ ਡਿਠੈ = ਜਿਸ (ਪਾਣੀ) ਨੂੰ ਵੇਖਿਆਂ। ਪਰਫੁੜੈ = ਪ੍ਰਫੱਲਤ ਹੋ ਜਾਂਦਾ ਹੈ, ਖਿੜ ਪੈਂਦਾ ਹੈ। ਚਵਗਣਿ ਵੰਨੁ = ਚਾਰ-ਗੁਣਾਂ ਰੰਗ।30।

ਅਰਥ: ਹੇ ਸਰੋਵਰ! ਤੂੰ (ਕਦੇ) ਚੁਫੇਰੇ ਹਰਾ ਹੀ ਹਰਾ ਸੈਂ, (ਤੇਰੇ ਅੰਦਰ) ਸੋਨੇ ਦੇ ਰੰਗ ਵਾਲੇ (ਚਮਕਦੇ) ਕੌਲ-ਫੁੱਲ (ਖਿੜੇ ਹੋਏ ਸਨ) । ਹੁਣ ਤੂੰ ਕਿਸ ਨੁਕਸ ਦੇ ਕਾਰਨ ਸੜ ਗਿਆ ਹੈਂ? ਤੇਰਾ ਸੋਹਣਾ ਸਰੀਰ ਕਿਉਂ ਕਾਲਾ ਹੋ ਗਿਆ ਹੈ?

ਹੇ ਨਾਨਕ! (ਇਸ ਕਾਲਖ ਦਾ ਕਾਰਨ ਇਹ ਹੈ ਕਿ) ਮੇਰੇ ਸਰੀਰ ਵਿਚ (ਪਾਣੀ ਵਲੋਂ) ਟੋਟ ਆ ਗਈ ਹੈ। ਮੈਨੂੰ ਇਹ ਸਮਝ ਆ ਰਹੀ ਹੈ ਕਿ ਜਿਸ (ਪਾਣੀ) ਨਾਲ ਮੇਰਾ (ਸਦਾ) ਸਾਥ (ਰਹਿੰਦਾ ਸੀ) ਜਿਸ (ਪਾਣੀ) ਦਾ ਦਰਸਨ ਕਰ ਕੇ ਸਰੀਰ ਖਿੜਿਆ ਰਹਿੰਦਾ ਹੈ, ਚਾਰ-ਗੁਣਾਂ ਰੰਗ ਚੜ੍ਹਿਆ ਰਹਿੰਦਾ ਹੈ (ਉਹ) ਪਾਣੀ ਹੁਣ ਮੈਨੂੰ ਨਹੀਂ ਮਿਲਦਾ।30।

ਰਜਿ ਨ ਕੋਈ ਜੀਵਿਆ ਪਹੁਚਿ ਨ ਚਲਿਆ ਕੋਇ ॥ ਗਿਆਨੀ ਜੀਵੈ ਸਦਾ ਸਦਾ ਸੁਰਤੀ ਹੀ ਪਤਿ ਹੋਇ ॥ ਸਰਫੈ ਸਰਫੈ ਸਦਾ ਸਦਾ ਏਵੈ ਗਈ ਵਿਹਾਇ ॥ ਨਾਨਕ ਕਿਸ ਨੋ ਆਖੀਐ ਵਿਣੁ ਪੁਛਿਆ ਹੀ ਲੈ ਜਾਇ ॥੩੧॥ {ਪੰਨਾ 1412}

ਪਦ ਅਰਥ: ਰਜਿ = ਰੱਜ ਕੇ। ਪਹੁਚਿ = (ਸਾਰੇ ਧੰਧਿਆਂ ਦੇ ਅਖ਼ੀਰ ਤਕ) ਪਹੁੰਚ ਕੇ, ਦੁਨੀਆ ਵਾਲੇ ਸਾਰੇ ਧੰਧੇ ਮੁਕਾ ਕੇ। ਗਿਆਨੀ = ਆਤਮਕ ਜੀਵਨ ਦੀ ਸੂਝ ਵਾਲਾ ਮਨੁੱਖ। ਜੀਵੈ = ਆਤਮਕ ਜੀਵਨ ਜੀਊਂਦਾ ਹੈ। ਸੁਰਤੀ = ਪਰਮਾਤਮਾ ਵਿਚ ਸੁਰਤਿ ਜੋੜੀ ਰੱਖਣ ਵਾਲਾ ਮਨੁੱਖ। ਪਤਿ = ਇੱਜ਼ਤ। ਸਰਫੈ = ਸਰਫ਼ਾ ਕਰਨ ਵਿਚ, ਕਿਰਸ ਕਰਨ ਵਿਚ। ਏਵੈ = ਇਸੇ ਤਰ੍ਹਾਂ ਹੀ। ਗਈ ਵਿਹਾਇ = (ਉਮਰ) ਬੀਤ ਜਾਂਦੀ ਹੈ। ਕਿਸ ਨੋ = (ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਕਿਸੁ' ਦਾ ੁ ਉੱਡ ਗਿਆ ਹੈ) । ਲੈ ਜਾਇ = ਲੈ ਜਾਂਦਾ ਹੈ।31।

ਅਰਥ: ਹੇ ਭਾਈ! (ਲੰਮੀ) ਉਮਰ ਭੋਗ ਭੋਗ ਕੇ ਭੀ ਕਿਸੇ ਮਨੁੱਖ ਦੀ ਕਦੇ ਤਸੱਲੀ ਨਹੀਂ ਹੋਈ। ਨਾਹ ਕੋਈ ਮਨੁੱਖ ਦੁਨੀਆ ਵਾਲੇ ਸਾਰੇ ਧੰਧੇ ਮੁਕਾ ਕੇ (ਇੱਥੋਂ) ਤੁਰਦਾ ਹੈ (ਨਾਹ ਹੀ ਕੋਈ ਇਹ ਆਖਦਾ ਹੈ ਕਿ ਹੁਣ ਮੇਰੇ ਕੰਮ-ਧੰਧੇ ਮੁੱਕ ਗਏ ਹਨ) ।

ਹੇ ਭਾਈ! ਆਤਮਕ ਜੀਵਨ ਦੀ ਸੂਝ ਵਾਲਾ ਮਨੁੱਖ ਸਦਾ ਹੀ ਆਤਮਕ ਜੀਵਨ ਜੀਊਂਦਾ ਹੈ (ਸਦਾ ਆਪਣੀ ਸੁਰਤਿ ਪਰਮਾਤਮਾ ਦੀ ਯਾਦ ਵਿਚ ਜੋੜੀ ਰੱਖਦਾ ਹੈ) (ਪਰਮਾਤਮਾ ਵਿਚ) ਸੁਰਤਿ ਜੋੜੀ ਰੱਖਣ ਵਾਲੇ ਮਨੁੱਖ ਦੀ ਹੀ (ਲੋਕ ਪਰਲੋਕ ਵਿਚ) ਇੱਜ਼ਤ ਹੁੰਦੀ ਹੈ। ਪਰ, ਹੇ ਨਾਨਕ! (ਮਾਇਆ-ਵੇੜ੍ਹੇ ਮਨੁੱਖ ਦੀ ਉਮਰ) ਸਦਾ ਹੀ ਕਿਰਸਾਂ ਕਰਦਿਆਂ ਕਰਦਿਆਂ ਇਹਨਾਂ ਕਿਰਸਾਂ ਵਿਚ ਹੀ ਬੀਤ ਜਾਂਦੀ ਹੈ (ਸਰਫ਼ਿਆਂ-ਮਾਰੇ ਮਨੁੱਖ ਨੂੰ ਭੀ ਮੌਤ) ਉਸ ਦੀ ਸਲਾਹ ਪੁੱਛਣ ਤੋਂ ਬਿਨਾ ਹੀ ਇੱਥੋਂ ਲੈ ਤੁਰਦੀ ਹੈ। ਕਿਸੇ ਦੀ ਭੀ ਪੇਸ਼ ਨਹੀਂ ਜਾ ਸਕਦੀ।31।

ਦੋਸੁ ਨ ਦੇਅਹੁ ਰਾਇ ਨੋ ਮਤਿ ਚਲੈ ਜਾਂ ਬੁਢਾ ਹੋਵੈ ॥ ਗਲਾਂ ਕਰੇ ਘਣੇਰੀਆ ਤਾਂ ਅੰਨ੍ਹ੍ਹੇ ਪਵਣਾ ਖਾਤੀ ਟੋਵੈ ॥੩੨॥ {ਪੰਨਾ 1412}

ਪਦ ਅਰਥ: ਦੇਅਹੁ = ਦੇਵੋ। ਰਾਇ = ਅਮੀਰ ਮਨੁੱਖ, ਧਨੀ ਮਨੁੱਖ, ਮਾਇਆਧਾਰੀ। ਮਤਿ ਚਲੈ = ਅਕਲ (ਪਰਮਾਰਥ ਵਾਲੇ ਪਾਸੇ) ਕੰਮ ਕਰਨੋਂ ਰਹਿ ਜਾਂਦੀ ਹੈ। ਜਾਂ = ਜਦੋਂ। ਗਲਾਂ = ਗੱਲਾਂ, (ਮਾਇਆ ਦੀਆਂ) ਗੱਲਾਂ। ਘਣੇਰੀਆਂ = ਬਹੁਤ, ਬਥੇਰੀਆਂ। ਅੰਨ੍ਹ੍ਹਾ = ਆਤਮਕ ਜੀਵਨ ਦੀ ਸੂਝ ਤੋਂ ਸੱਖਣਾ, ਜਿਸ ਨੂੰ ਆਤਮਕ ਜੀਵਨ ਵਾਲਾ ਰਸਤਾ ਨਹੀਂ ਦਿੱਸਦਾ। ਖਾਤੀ = ਖਾਤੀਂ, ਖਾਤਿਆਂ ਵਿਚ। ਟੋਵੈ = ਟੋਏ ਵਿਚ।

ਅਰਥ: ਹੇ ਭਾਈ! ਮਾਇਆਧਾਰੀ ਮਨੁੱਖ ਦੇ ਸਿਰ ਦੋਸ਼ ਨਾਹ ਥੱਪੋ (ਮਾਇਆ ਦਾ ਮੋਹ ਉਸ ਨੂੰ ਸਦਾ ਮਾਇਆ ਵਿਚ ਹੀ ਜਕੜੀ ਰੱਖਦਾ ਹੈ) । ਜਦੋਂ (ਮਾਇਆ-ਵੇੜ੍ਹਿਆ ਮਨੁੱਖ) ਬੁੱਢਾ (ਵੱਡੀ ਉਮਰ ਦਾ) ਹੋ ਜਾਂਦਾ ਹੈ (ਤਦੋਂ ਤਾਂ ਪਰਮਾਰਥ ਵਾਲੇ ਪਾਸੇ ਕੰਮ ਕਰਨ ਵਲੋਂ ਉਸ ਦੀ) ਅਕਲ (ਉੱਕਾ ਹੀ) ਰਹਿ ਜਾਂਦੀ ਹੈ। (ਉਹ ਹਰ ਵੇਲੇ ਮਾਇਆ ਦੀਆਂ ਹੀ) ਬਹੁਤੀਆਂ ਗੱਲਾਂ ਕਰਦਾ ਰਹਿੰਦਾ ਹੈ। ਹੇ ਭਾਈ! ਅੰਨ੍ਹੇ ਮਨੁੱਖ ਨੇ ਤਾਂ ਟੋਇਆਂ ਗੜ੍ਹਿਆਂ ਵਿਚ ਹੀ ਡਿੱਗਣਾ ਹੋਇਆ (ਜਿਸ ਮਨੁੱਖ ਨੂੰ ਆਤਮਕ ਜੀਵਨ ਵਾਲਾ ਰਸਤਾ ਦਿੱਸੇ ਹੀ ਨਾਹ, ਉਸ ਨੇ ਤਾਂ ਮੋਹ ਦੇ ਠੇਢੇ ਖਾ ਖਾ ਕੇ ਦੁੱਖਾਂ ਵਿਚ ਹੀ ਪਏ ਰਹਿਣਾ ਹੋਇਆ) ।32।

ਪੂਰੇ ਕਾ ਕੀਆ ਸਭ ਕਿਛੁ ਪੂਰਾ ਘਟਿ ਵਧਿ ਕਿਛੁ ਨਾਹੀ ॥ ਨਾਨਕ ਗੁਰਮੁਖਿ ਐਸਾ ਜਾਣੈ ਪੂਰੇ ਮਾਂਹਿ ਸਮਾਂਹੀ ॥੩੩॥ {ਪੰਨਾ 1412}

ਪਦ ਅਰਥ: ਪੂਰੈ ਕਾ = ਸਰਬ-ਗੁਣ ਭਰਪੂਰ ਪ੍ਰਭੂ ਦਾ। ਪੂਰਾ = ਪੂਰਨ, ਅਭੁੱਲ। ਘਟਿ ਵਧਿ ਕਿਛੁ = ਕੋਈ ਨੁਕਸ। ਨਾਨਕ = ਹੇ ਨਾਨਕ! ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਜਾਣੈ = ਜਾਣਦਾ ਹੈ, ਯਕੀਨ ਰੱਖਦਾ ਹੈ (ਇਕ-ਵਚਨ) । ਮਾਂਹਿ = ਵਿਚ। ਸਮਾਂਹੀ = ਸਮਾਂਹਿ, ਲੀਨ ਰਹਿੰਦੇ ਹਨ (ਬਹੁ-ਵਚਨ) ।33।

ਅਰਥ: ਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਇਹ ਨਿਸਚਾ ਰੱਖਦਾ ਹੈ ਕਿ ਸਰਬ-ਗੁਣ-ਭਰਪੂਰ ਪਰਮਾਤਮਾ ਦੀ ਰਚੀ ਜਗਤ-ਮਰਯਾਦਾ ਅਭੁੱਲ ਹੈ, ਇਸ ਵਿਚ ਕਿਤੇ ਕੋਈ ਨੁਕਸ ਨਹੀਂ ਹੈ। ਹੇ ਨਾਨਕ! (ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਇਸ ਨਿਸ਼ਚੇ ਦੀ ਬਰਕਤਿ ਨਾਲ) ਸਾਰੇ ਗੁਣਾਂ ਦੇ ਮਾਲਕ ਪਰਮਾਤਮਾ (ਦੀ ਯਾਦ) ਵਿਚ ਲੀਨ ਰਹਿੰਦੇ ਹਨ।33।

TOP OF PAGE

Sri Guru Granth Darpan, by Professor Sahib Singh