ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1413 ਸਲੋਕ ਮਹਲਾ ੩ ੴ ਸਤਿਗੁਰ ਪ੍ਰਸਾਦਿ ॥ ਅਭਿਆਗਤ ਏਹ ਨ ਆਖੀਅਹਿ ਜਿਨ ਕੈ ਮਨ ਮਹਿ ਭਰਮੁ ॥ ਤਿਨ ਕੇ ਦਿਤੇ ਨਾਨਕਾ ਤੇਹੋ ਜੇਹਾ ਧਰਮੁ ॥੧॥ ਅਭੈ ਨਿਰੰਜਨ ਪਰਮ ਪਦੁ ਤਾ ਕਾ ਭੀਖਕੁ ਹੋਇ ॥ ਤਿਸ ਕਾ ਭੋਜਨੁ ਨਾਨਕਾ ਵਿਰਲਾ ਪਾਏ ਕੋਇ ॥੨॥ {ਪੰਨਾ 1413} ਪਦ ਅਰਥ: ਅਭਿਆਗਤ = (गमह् with अभि and आ = ਨੇੜੇ ਆਉਣਾ, ਪਹੁੰਚਣਾ) ਪਰਾਹੁਣੇ ਵਾਂਗ ਆਇਆ ਹੋਇਆ, ਉਹ ਸਾਧੂ ਜੋ ਆਪਣੇ ਆਪ ਨੂੰ ਜਗਤ ਵਿਚ ਪਰਾਹੁਣੇ ਹੀ ਸਮਝਦੇ ਹਨ, ਸਾਧੂ। ਏਹ = ਇਹੋ ਜਿਹੇ ਬੰਦੇ। ਨ ਆਖੀਅਹਿ = ਨਹੀਂ ਆਖੇ ਜਾ ਸਕਦੇ (ਵਰਤਮਾਨ ਕਾਲ; ਕਰਮ ਵਾਚ। ਆਖਹਿ = ਆਖਦੇ ਹਨ) । ਭਰਮੁ = (ਮਾਇਆ ਦੀ ਖ਼ਾਤਰ) ਭਟਕਣਾ।1। ਅਭੈ = ਉਹ ਪਰਮਾਤਮਾ ਜਿਸ ਨੂੰ ਕੋਈ ਡਰ ਪੋਹ ਨਹੀਂ ਸਕਦਾ। ਨਿਰੰਜਨ = (ਨਿਰ-ਅੰਜਨ) ਜਿਸ ਨੂੰ ਮਾਇਆ ਦੇ ਮੋਹ ਦੀ ਕਾਲਖ ਨਹੀਂ ਪੋਂਹਦੀ। ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ। ਤਾ ਕਾ = ਉਸ ('ਪਰਮ ਪਦ') ਦਾ। ਭੀਖਕੁ = ਮੰਗਤਾ। ਤਿਸ ਕਾ = (ਸੰਬੰਧਕ 'ਕਾ' ਦੇ ਕਾਰਨ ਲਫ਼ਜ਼ (ਤਿਸੁ) ਦਾ ੁ ਉੱਡ ਗਿਆ ਹੈ) । ਤਿਸ ਕਾ ਭੋਜਨੁ = ਅਜਿਹੇ ਨਾਮ-ਭਿਖਾਰੀ ਵਾਲਾ (ਆਤਮਕ) ਭੋਜਨ।2। ਅਰਥ: ਹੇ ਭਾਈ! ਇਹੋ ਜਿਹੇ ਬੰਦੇ 'ਸਾਧ-ਸੰਤ' ਨਹੀਂ ਆਖੇ ਜਾ ਸਕਦੇ, ਜਿਨ੍ਹਾਂ ਦੇ ਮਨ ਵਿਚ (ਮਾਇਆ ਆਦਿਕ ਮੰਗਣ ਦੀ ਖ਼ਾਤਰ ਹੀ) ਭਟਕਣਾ ਲੱਗੀ ਪਈ ਹੈ। ਹੇ ਨਾਨਕ! ਇਹੋ ਜਿਹੇ ਸਾਧਾਂ ਨੂੰ (ਅੰਨ ਬਸਤ੍ਰ ਮਾਇਆ ਆਦਿਕ) ਦੇਣਾ ਕੋਈ ਧਾਰਮਿਕ ਕੰਮ ਨਹੀਂ ਹੈ। ਹੇ ਭਾਈ! ਜਿਸ ਪਰਮਾਤਮਾ ਨੂੰ ਕੋਈ ਡਰ ਨਹੀਂ ਪੋਹ ਸਕਦਾ, ਜਿਸ ਪਰਮਾਤਮਾ ਨੂੰ ਮਾਇਆ ਦੇ ਮੋਹ ਦੀ ਕਾਲਖ ਨਹੀਂ ਲੱਗ ਸਕਦੀ, ਉਸ ਦਾ ਮਿਲਾਪ ਸਭ ਤੋਂ ਉੱਚਾ ਆਤਮਕ ਦਰਜਾ ਹੈ। ਜਿਹੜਾ ਮਨੁੱਖ ਉਸ (ਉੱਚੇ ਆਤਮਕ ਦਰਜੇ) ਦਾ ਭਿਖਾਰੀ ਹੈ (ਉਹ ਹੈ ਅਸਲ 'ਸਾਧਸੰਤ') । ਹੇ ਨਾਨਕ! ਇਹੋ ਜਿਹੇ (ਭਿਖਾਰੀ) ਵਾਲਾ (ਨਾਮ-) ਭੋਜਨ ਕਿਸੇ ਵਿਰਲੇ ਨੂੰ ਹੀ ਪ੍ਰਾਪਤ ਹੁੰਦਾ ਹੈ।2। ਹੋਵਾ ਪੰਡਿਤੁ ਜੋਤਕੀ ਵੇਦ ਪੜਾ ਮੁਖਿ ਚਾਰਿ ॥ ਨਵਾ ਖੰਡਾ ਵਿਚਿ ਜਾਣੀਆ ਅਪਨੇ ਚਜ ਵੀਚਾਰ ॥੩॥ {ਪੰਨਾ 1413} ਪਦ ਅਰਥ: ਹੋਵਾ = ਹੋਵਾਂ, ਜੇ ਮੈਂ ਬਣ ਜਾਵਾਂ। ਜੋਤਕੀ = ਜੋਤਸ਼ੀ। ਪੜਾ = ਪੜ੍ਹਾਂ, ਜੇ ਮੈਂ ਪੜ੍ਹਦਾ ਰਹਾਂ। ਮੁਖਿ = (ਆਪਣੇ) ਮੂੰਹ ਨਾਲ। ਨਵਾ ਖੰਡਾ ਵਿਚਿ = ਨਵਾਂ ਖੰਡਾਂ ਵਿਚਿ, ਸਾਰੀ ਧਰਤੀ ਉਤੇ, ਸਾਰੇ ਹੀ ਜਗਤ ਵਿਚ। ਜਾਣੀਆ = ਮੈਂ ਜਾਣਿਆ ਜਾਵਾਂਗਾ। ਚਜ = ਚੱਜ, ਕਰਤੱਬ, ਕਰਮ। ਵੀਚਾਰ = ਖ਼ਿਆਲ।3। ਅਰਥ: ਹੇ ਭਾਈ! ਜੇ ਮੈਂ (ਮਿਹਨਤ ਨਾਲ ਵਿੱਦਿਆ ਪ੍ਰਾਪਤ ਕਰ ਕੇ) ਜੋਤਸ਼ੀ (ਭੀ) ਬਣ ਜਾਵਾਂ, ਪੰਡਿਤ (ਭੀ) ਬਣ ਜਾਵਾਂ, (ਅਤੇ) ਚਾਰੇ ਵੇਦ (ਆਪਣੇ) ਮੂੰਹੋਂ ਪੜ੍ਹਦਾ ਰਹਾਂ, ਤਾਂ ਭੀ ਜਗਤ ਵਿਚ ਮੈਂ ਉਹੋ ਜਿਹਾ ਹੀ ਸਮਝਿਆ ਜਾਵਾਂਗਾ, ਜਿਹੋ ਜਿਹੇ ਮੇਰੇ ਕਰਤੱਬ ਹਨ ਤੇ ਮੇਰੇ ਖ਼ਿਆਲ ਹਨ।3। ਬ੍ਰਹਮਣ ਕੈਲੀ ਘਾਤੁ ਕੰਞਕਾ ਅਣਚਾਰੀ ਕਾ ਧਾਨੁ ॥ ਫਿਟਕ ਫਿਟਕਾ ਕੋੜੁ ਬਦੀਆ ਸਦਾ ਸਦਾ ਅਭਿਮਾਨੁ ॥ ਪਾਹਿ ਏਤੇ ਜਾਹਿ ਵੀਸਰਿ ਨਾਨਕਾ ਇਕੁ ਨਾਮੁ ॥ ਸਭ ਬੁਧੀ ਜਾਲੀਅਹਿ ਇਕੁ ਰਹੈ ਤਤੁ ਗਿਆਨੁ ॥੪॥ {ਪੰਨਾ 1413} ਪਦ ਅਰਥ: ਬ੍ਰਹਮਣ ਘਾਤੁ = ਬ੍ਰਾਹਮਣ ਦੀ ਹੱਤਿਆ। ਕੈਲੀ ਘਾਤ = ਗਾਂ ਦੀ ਹੱਤਿਆ। ਕੰਞਕਾ ਘਾਤੁ = ਧੀ ਦੀ ਹੱਤਿਆ (ਧੀ ਦਾ ਪੈਸਾ) । ਅਣਚਾਰੀ = ਕੁਕਰਮੀ, ਪਾਪੀ। ਧਾਨੁ = ਅੰਨ ਆਦਿਕ। ਕੋੜੁ ਬਦੀਆ = ਪਾਪਾਂ ਦਾ ਕੋਹੜ। ਫਿਟਕ ਫਿਟਕਾ = (ਜਗਤ ਵਲੋਂ) ਫਿਟਕਾਰਾਂ ਹੀ ਫਿਟਕਾਰਾਂ। ਸਦਾ ਸਦਾ ਅਭਿਮਾਨੁ = ਹਰ ਵੇਲੇ ਦੀ ਆਕੜ। ਪਾਹਿ = ਪਾ ਲੈਂਦੇ, ਖੱਟਦੇ ਹਨ। ਏਤੇ = ਇਹ ਸਾਰੇ ਹੀ (ਐਬ) । ਜਾਲੀਅਹਿ = ਸਾੜੀਆਂ ਜਾਂਦੀਆਂ ਹਨ (ਬਹੁ-ਵਚਨ) । ਸਭ ਬਧੀ = ਸਾਰੀਆਂ ਹੀ ਸਿਆਣਪਾਂ। ਇਕੁ ਰਹੈ– ਸਿਰਫ਼ ਪਰਮਾਤਮਾ ਦਾ ਨਾਮ ਸਦਾ ਕਾਇਮ ਰਹਿੰਦਾ ਹੈ। ਤਤੁ = (ਜੀਵਨ ਦਾ) ਨਿਚੋੜ। ਗਿਆਨੁ = ਆਤਮਕ ਜੀਵਨ ਦੀ ਸੂਝ।4। ਅਰਥ: ਹੇ ਭਾਈ! ਬ੍ਰਾਹਮਣ ਦੀ ਹੱਤਿਆ, ਗਾਂ ਦੀ ਹੱਤਿਆ, ਧੀ ਦੀ ਹੱਤਿਆ (ਧੀ ਦਾ ਪੈਸਾ) , ਕੁਕਰਮੀ ਦਾ ਪੈਸਾ, (ਜਗਤ ਵਲੋਂ) ਫਿਟਕਾਰਾਂ ਹੀ ਫਿਟਕਾਰਾਂ, ਬਦੀਆਂ ਦਾ ਕੋਹੜ, ਹਰ ਵੇਲੇ ਦੀ ਆਕੜ = ਇਹ ਸਾਰੇ ਹੀ ਐਬ, ਹੇ ਨਾਨਕ! ਉਹ ਮਨੁੱਖ ਖੱਟਦੇ ਰਹਿੰਦੇ ਹਨ, ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਭੁੱਲਿਆ ਰਹਿੰਦਾ ਹੈ। ਹੇ ਭਾਈ! ਹੋਰ ਸਾਰੀਆਂ ਹੀ ਸਿਆਣਪਾਂ ਵਿਅਰਥ ਜਾਂਦੀਆਂ ਹਨ, ਸਿਰਫ਼ ਪ੍ਰਭੂ ਦਾ ਨਾਮ ਹੀ ਕਾਇਮ ਰਹਿੰਦਾ ਹੈ। ਇਹ ਨਾਮ ਹੀ ਹੈ ਜੀਵਨ ਦਾ ਨਿਚੋੜ, ਇਹ ਨਾਮ ਹੀ ਹੈ ਅਸਲ ਗਿਆਨ।4। ਮਾਥੈ ਜੋ ਧੁਰਿ ਲਿਖਿਆ ਸੁ ਮੇਟਿ ਨ ਸਕੈ ਕੋਇ ॥ ਨਾਨਕ ਜੋ ਲਿਖਿਆ ਸੋ ਵਰਤਦਾ ਸੋ ਬੂਝੈ ਜਿਸ ਨੋ ਨਦਰਿ ਹੋਇ ॥੫॥ {ਪੰਨਾ 1413} ਪਦ ਅਰਥ: ਮਾਥੈ = (ਮਨੁੱਖ ਦੇ) ਮੱਥੇ ਉੱਤੇ। ਧੁਰਿ = ਧੁਰ ਦਰਗਾਹ ਤੋਂ, ਮਨੁੱਖ ਦੇ ਕੀਤੇ ਕਰਮਾਂ ਅਨੁਸਾਰ। ਸੁ = ਉਹ ਲੇਖ। ਵਰਤਦਾ = ਵਾਪਰਦਾ ਹੈ। ਜਿਸ ਨੋ = (ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਜਿਸੁ' ਦਾ ੁ ਉਡ ਗਿਆ ਹੈ) । ਨਦਰਿ = ਮਿਹਰ ਦੀ ਨਿਗਾਹ। ਸੋ = ਉਹ ਮਨੁੱਖ। ਬੂਝੈ = (ਲਿਖੇ ਲੇਖ ਨੂੰ ਮਿਟਾਣ ਦੀ ਬਿਧੀ) ਸਮਝ ਲੈਂਦਾ ਹੈ।5। ਅਰਥ: ਹੇ ਨਾਨਕ! (ਮਨੁੱਖ ਦੇ ਕੀਤੇ ਕਰਮਾਂ ਅਨੁਸਾਰ) ਧੁਰ ਦਰਗਾਹ ਤੋਂ ਜਿਹੜਾ ਲੇਖ ਲਿਖਿਆ ਜਾਂਦਾ ਹੈ ਉਹ ਵਾਪਰਦਾ ਰਹਿੰਦਾ ਹੈ, (ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ) ਕੋਈ ਮਨੁੱਖ ਉਸ ਲੇਖ ਨੂੰ ਮਿਟਾ ਨਹੀਂ ਸਕਦਾ (ਹਰਿ-ਨਾਮ ਦਾ ਸਿਮਰਨ ਪਿਛਲੇ ਲੇਖਾਂ ਨੂੰ ਮਿਟਾ ਸਕਦਾ ਹੈ। ਪਰ) ਜਿਸ ਮਨੁੱਖ ਉੱਤੇ ਪਰਮਾਤਮਾ ਦੀ ਮਿਹਰ ਦੀ ਨਿਗਾਹ ਹੋਵੇ, ਉਹੀ (ਇਸ ਭੇਤ ਨੂੰ) ਸਮਝਦਾ ਹੈ।5। ਜਿਨੀ ਨਾਮੁ ਵਿਸਾਰਿਆ ਕੂੜੈ ਲਾਲਚਿ ਲਗਿ ॥ ਧੰਧਾ ਮਾਇਆ ਮੋਹਣੀ ਅੰਤਰਿ ਤਿਸਨਾ ਅਗਿ ॥ ਜਿਨ੍ਹ੍ਹਾ ਵੇਲਿ ਨ ਤੂੰਬੜੀ ਮਾਇਆ ਠਗੇ ਠਗਿ ॥ ਮਨਮੁਖ ਬੰਨ੍ਹ੍ਹਿ ਚਲਾਈਅਹਿ ਨਾ ਮਿਲਹੀ ਵਗਿ ਸਗਿ ॥ ਆਪਿ ਭੁਲਾਏ ਭੁਲੀਐ ਆਪੇ ਮੇਲਿ ਮਿਲਾਇ ॥ ਨਾਨਕ ਗੁਰਮੁਖਿ ਛੁਟੀਐ ਜੇ ਚਲੈ ਸਤਿਗੁਰ ਭਾਇ ॥੬॥ {ਪੰਨਾ 1413} ਪਦ ਅਰਥ: ਜਿਨੀ = ਜਿਨ੍ਹਾਂ (ਮਨੁੱਖਾਂ) ਨੇ। ਵਿਸਾਰਿਆ = ਭੁਲਾ ਦਿੱਤਾ। ਕੂੜੈ ਲਾਲਚਿ = ਝੂਠੇ ਲਾਲਚ ਵਿਚ, ਨਾਸਵੰਤ ਪਦਾਰਥਾਂ ਦੇ ਲਾਲਚ ਵਿਚ। ਲਗਿ = ਲੱਗ ਕੇ, ਫਸ ਕੇ। ਧੰਧਾ = ਦੌੜ-ਭੱਜ। ਅੰਤਰਿ = (ਉਹਨਾਂ ਦੇ) ਅੰਦਰ। ਅਗਿ = ਅੱਗ। ਤੂੰਬੜੀ = ਕੱਦੂ ਆਦਿਕ ਫਲ। ਠਗਿ = ਠੱਗ ਦੀ ਰਾਹੀਂ, ਮੋਹ-ਰੂਪ ਠੱਗ ਦੀ ਰਾਹੀਂ। ਮਾਇਆ ਠਗਿ = ਮਾਇਆ ਦੇ ਮੋਹ-ਰੂਪ ਠੱਗ ਦੀ ਰਾਹੀਂ। ਠਗੇ = ਠੱਗੇ, ਲੁੱਟੇ ਗਏ, ਆਤਮਕ ਜੀਵਨ ਲੁਟਾ ਬੈਠੇ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ। ਬੰਨ੍ਹ੍ਹਿ = ਬੰਨ੍ਹ ਕੇ। ਚਲਾਈਅਹਿ = ਅੱਗੇ ਲਾ ਲਏ ਜਾਂਦੇ ਹਨ। ਮਿਲਹੀ = ਮਿਲਹਿ, ਮਿਲਦੇ ਹਨ। ਵਗਿ = ਵੱਗ ਵਿਚ, (ਗਾਈਆਂ ਮਹੀਆਂ ਆਦਿਕ ਦੁੱਧ ਦੇਣ ਵਾਲੇ ਪਸ਼ੂਆਂ ਦੇ ਇਕੱਠ ਵਿਚ) । ਸਗੁ = ਕੁੱਤਾ। ਸਗ = ਕੁੱਤੇ। ਸਗਿ = ਕੁੱਤੇ (ਵਾਲੇ ਸੁਭਾਵ) ਦੇ ਕਾਰਨ, ਲਾਲਚ ਦੇ ਕਾਰਨ। ਭੁਲੀਐ = ਕੁਰਾਹੇ ਪੈ ਜਾਈਦਾ ਹੈ। ਆਪੇ = (ਪ੍ਰਭੂ) ਆਪ ਹੀ। ਮੇਲਿ = ਮੇਲ ਵਿਚ, ਸਤ-ਸੰਗ ਦੇ ਮੇਲ ਵਿਚ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਸਤਿਗੁਰ ਭਾਇ = ਗੁਰੂ ਦੀ ਰਜ਼ਾ ਅਨੁਸਾਰ। ਚਲੈ = ਜੀਵਨ-ਰਾਹ ਉੱਤੇ ਤੁਰੇ।6। ਅਰਥ: ਹੇ ਭਾਈ! ਨਾਸਵੰਤ ਪਦਾਰਥਾਂ ਦੇ ਲਾਲਚ ਵਿਚ ਫਸ ਕੇ ਜਿਨ੍ਹਾਂ (ਮਨੁੱਖਾਂ) ਨੇ (ਪਰਮਾਤਮਾ ਦਾ) ਨਾਮ ਭੁਲਾ ਦਿੱਤਾ, ਜੋ ਮਨੁੱਖ ਮਨ ਨੂੰ ਮੋਹ ਲੈਣ ਵਾਲੀ ਮਾਇਆ ਦੀ ਖ਼ਾਤਰ ਹੀ ਦੌੜ-ਭੱਜ ਕਰਦੇ ਰਹੇ, (ਉਹਨਾਂ ਦੇ) ਅੰਦਰ ਤ੍ਰਿਸ਼ਨਾ ਦੀ ਅੱਗ (ਬਲਦੀ ਰਹਿੰਦੀ ਹੈ) । ਹੇ ਭਾਈ! ਮਾਇਆ ਦੇ (ਮੋਹ-ਰੂਪ) ਠੱਗ ਨੇ ਜਿਨ੍ਹਾਂ ਦੇ ਆਤਮਕ ਸਰਮਾਏ ਨੂੰ ਲੁੱਟ ਲਿਆ, ਉਹ ਮਨੁੱਖ ਉਹਨਾਂ ਵੇਲਾਂ ਵਾਂਗ ਹਨ ਜਿਨ੍ਹਾਂ ਨੂੰ ਕੋਈ ਫਲ ਨਹੀਂ ਪੈਂਦਾ। ਹੇ ਭਾਈ! (ਜਿਵੇਂ ਕੁੱਤੇ ਗਾਈਆਂ ਮਹੀਆਂ ਦੇ) ਵੱਗ ਵਿਚ ਨਹੀਂ ਰਲ ਸਕਦੇ (ਤਿਵੇਂ) ਆਪਣੇ ਹੀ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਲਾਲਚ ਵਾਲੇ ਸੁਭਾਵ ਦੇ ਕਾਰਨ (ਗੁਰਮੁਖਾਂ ਵਿਚ) ਨਹੀਂ ਮਿਲ ਸਕਦੇ, (ਚੋਰਾਂ ਵਾਂਗ ਉਹ) ਮਨਮੁਖ ਬੰਨ੍ਹ ਕੇ ਅੱਗੇ ਲਾ ਲਏ ਜਾਂਦੇ ਹਨ। (ਪਰ, ਹੇ ਭਾਈ! ਜੀਵ ਦੇ ਕੀਹ ਵੱਸ? ਜਦੋਂ ਪਰਮਾਤਮਾ ਜੀਵ ਨੂੰ) ਆਪ ਕੁਰਾਹੇ ਪਾਂਦਾ ਹੈ (ਤਦੋਂ ਹੀ) ਕੁਰਾਹੇ ਪੈ ਜਾਈਦਾ ਹੈ, ਉਹ ਆਪ ਹੀ (ਜੀਵ ਨੂੰ ਗੁਰਮੁਖਾਂ ਦੀ) ਸੰਗਤਿ ਵਿਚ ਮਿਲਾਂਦਾ ਹੈ। ਹੇ ਨਾਨਕ! ਜੇ ਮਨੁੱਖ ਗੁਰੂ ਦੀ ਰਜ਼ਾ ਅਨੁਸਾਰ ਜੀਵਨ-ਰਾਹ ਤੇ ਤੁਰੇ, ਤਾਂ ਗੁਰੂ ਦੀ ਸਰਨ ਪੈ ਕੇ ਹੀ (ਲਾਲਚ ਆਦਿਕ ਤੋਂ) ਖ਼ਲਾਸੀ ਹਾਸਲ ਕਰਦਾ ਹੈ।6। ਸਾਲਾਹੀ ਸਾਲਾਹਣਾ ਭੀ ਸਚਾ ਸਾਲਾਹਿ ॥ ਨਾਨਕ ਸਚਾ ਏਕੁ ਦਰੁ ਬੀਭਾ ਪਰਹਰਿ ਆਹਿ ॥੭॥ {ਪੰਨਾ 1413} ਪਦ ਅਰਥ: ਸਾਲਾਹੀ = ਸਲਾਹੁਣ-ਜੋਗ ਪਰਮਾਤਮਾ। ਸਾਲਾਹਣਾ = ਸਲਾਹੁਣਾ ਚਾਹੀਦਾ ਹੈ। ਭੀ = ਮੁੜ, ਫਿਰ, ਹਰ ਵੇਲੇ। ਸਚਾ = ਸਦਾ ਕਾਇਮ ਰਹਿਣ ਵਾਲਾ ਪਰਮਾਤਮਾ। ਸਾਲਾਹਿ = ਸਲਾਹਿਆ ਕਰ। ਦਰੁ = ਦਰਵਾਜ਼ਾ। ਬੀਭਾ = ਦੂਜਾ (ਦਰ) । ਪਰਹਰਿ ਆਹਿ = ਤਿਆਗ ਦੇਣਾ ਚਾਹੀਦਾ ਹੈ।7। ਅਰਥ: ਹੇ ਭਾਈ! ਸਲਾਹੁਣ-ਜੋਗ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦੇ ਰਹਿਣਾ ਚਾਹੀਦਾ ਹੈ। ਹੇ ਭਾਈ! ਮੁੜ ਮੁੜ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਹੀ ਸਿਫ਼ਤਿ-ਸਾਲਾਹ ਕਰਦਾ ਰਿਹਾ ਕਰ। ਹੇ ਨਾਨਕ! ਸਿਰਫ਼ ਪਰਮਾਤਮਾ ਦਾ ਦਰਵਾਜ਼ਾ ਹੀ ਸਦਾ ਕਾਇਮ ਰਹਿਣ ਵਾਲਾ ਹੈ, (ਉਸ ਤੋਂ ਬਿਨਾ ਕੋਈ) ਦੂਜਾ (ਦਰ) ਛੱਡ ਦੇਣਾ ਚਾਹੀਦਾ ਹੈ (ਕਿਸੇ ਹੋਰ ਦੀ ਆਸ ਨਹੀਂ ਬਣਾਣੀ ਚਾਹੀਦੀ) ।7। ਨਾਨਕ ਜਹ ਜਹ ਮੈ ਫਿਰਉ ਤਹ ਤਹ ਸਾਚਾ ਸੋਇ ॥ ਜਹ ਦੇਖਾ ਤਹ ਏਕੁ ਹੈ ਗੁਰਮੁਖਿ ਪਰਗਟੁ ਹੋਇ ॥੮॥ {ਪੰਨਾ 1413} ਪਦ ਅਰਥ: ਜਹ ਜਹ = ਜਿਥੇ ਜਿਥੇ। ਫਿਰਉ = ਫਿਰਉਂ, ਮੈਂ ਫਿਰਦਾ ਹਾਂ। ਤਹ ਤਹ = ਉਥੇ ਉਥੇ। ਸਾਚਾ = ਸਦਾ ਕਾਇਮ ਰਹਿਣ ਵਾਲਾ। ਸੋਇ = ਉਹ (ਪਰਮਾਤਮਾ) ਹੀ। ਦੇਖਾ = ਦੇਖਾਂ, ਮੈਂ ਵੇਖਦਾ ਹਾਂ। ਗੁਰਮੁਖਿ = ਗੁਰੂ ਦੀ ਸਰਨ ਪਿਆਂ।8। ਅਰਥ: ਹੇ ਨਾਨਕ! (ਆਖ-) ਜਿਥੇ ਜਿਥੇ ਮੈਂ ਫਿਰਦਾ ਹਾਂ, ਉਥੇ ਉਥੇ ਉਹ ਸਦਾ ਕਾਇਮ ਰਹਿਣ ਵਾਲਾ (ਪਰਮਾਤਮਾ) ਹੀ (ਮੌਜੂਦ ਹੈ) । ਮੈਂ ਜਿਥੇ (ਭੀ) ਵੇਖਦਾ ਹਾਂ, ਉਥੇ ਸਿਰਫ਼ ਪਰਮਾਤਮਾ ਹੀ ਹੈ, ਪਰ ਗੁਰੂ ਦੀ ਸਰਨ ਪਿਆਂ ਹੀ ਇਹ ਸਮਝ ਆਉਂਦੀ ਹੈ।8। ਦੂਖ ਵਿਸਾਰਣੁ ਸਬਦੁ ਹੈ ਜੇ ਮੰਨਿ ਵਸਾਏ ਕੋਇ ॥ ਗੁਰ ਕਿਰਪਾ ਤੇ ਮਨਿ ਵਸੈ ਕਰਮ ਪਰਾਪਤਿ ਹੋਇ ॥੯॥ {ਪੰਨਾ 1413} ਪਦ ਅਰਥ: ਦੂਖ ਵਿਸਾਰਣੁ = ਦੁੱਖਾਂ ਨੂੰ ਭੁਲਾ ਸਕਣ ਵਾਲਾ। ਮੰਨਿ = ਮਨਿ, ਮਨ ਵਿਚ। ਜੇ ਕੋਇ = ਜੇ ਕੋਈ ਮਨੁੱਖ। ਤੇ = ਤੋਂ, ਦੀ ਰਾਹੀਂ। ਮਨਿ = ਮਨ ਵਿਚ। ਕਰਮ = ਚੰਗੇ ਭਾਗਾਂ ਨਾਲ।9। ਅਰਥ: ਹੇ ਭਾਈ! ਗੁਰੂ ਦਾ ਸ਼ਬਦ (ਮਨੁੱਖ ਦੇ ਅੰਦਰੋਂ ਸਾਰੇ) ਦੁੱਖਾਂ ਦਾ ਨਾਸ ਕਰ ਸਕਣ ਵਾਲਾ ਹੈ (ਪਰ ਇਹ ਤਦੋਂ ਹੀ ਨਿਸ਼ਚਾ ਬਣਦਾ ਹੈ) ਜੇ ਕੋਈ ਮਨੁੱਖ (ਆਪਣੇ) ਮਨ ਵਿਚ (ਗੁਰ-ਸ਼ਬਦ ਨੂੰ) ਵਸਾ ਲਏ। ਗੁਰੂ ਦੀ ਕਿਰਪਾ ਨਾਲ ਹੀ (ਗੁਰੂ ਦਾ ਸ਼ਬਦ ਮਨੁੱਖ ਦੇ) ਮਨ ਵਿਚ ਵੱਸਦਾ ਹੈ, ਗੁਰ-ਸ਼ਬਦ ਦੀ ਪ੍ਰਾਪਤੀ ਭਾਗਾਂ ਨਾਲ ਹੀ ਹੁੰਦੀ ਹੈ।9। ਨਾਨਕ ਹਉ ਹਉ ਕਰਤੇ ਖਪਿ ਮੁਏ ਖੂਹਣਿ ਲਖ ਅਸੰਖ ॥ ਸਤਿਗੁਰ ਮਿਲੇ ਸੁ ਉਬਰੇ ਸਾਚੈ ਸਬਦਿ ਅਲੰਖ ॥੧੦॥ {ਪੰਨਾ 1413} ਪਦ ਅਰਥ: ਹਉ = ਹਉਂ, ਮੈਂ। ਕਰਤੇ = ਕਰਦੇ ਕਰਦੇ। ਹਉ ਹਉ ਕਰਤੇ = 'ਮੈਂ (ਵੱਡਾ) ਮੈਂ (ਵੱਡਾ) ' = ਇਹ ਆਖਦੇ ਆਖਦੇ। ਖਪਿ = ਖਪ ਕੇ, ਖ਼ੁਆਰ ਹੋ ਕੇ, ਦੁਖੀ ਹੋ ਕੇ। ਮੁਏ = ਆਤਮਕ ਮੌਤ ਸਹੇੜਦੇ ਰਹੇ। ਅਸੰਖ = ਅਣਗਿਣਤ। ਖੂਹਣਿ = (अक्ष्औहिणी* = a large army) ਬੇਅੰਤ। ਸੁ = ਉਹ ਬੰਦੇ। ਉਬਰੇ = ਬਚ ਗਏ। ਸਾਚੈ ਸਬਦਿ = ਸੱਚੇ ਸ਼ਬਦ ਦੀ ਰਾਹੀਂ। ਅਲੰਖ = ਅਲੱਖ ਪ੍ਰਭੂ ਨੂੰ।10। ਅਰਥ: ਹੇ ਨਾਨਕ! (ਦੁਨੀਆ ਵਿਚ) ਲੱਖਾਂ ਹੀ ਜੀਵ, ਅਣਗਿਣਤ ਜੀਵ, ਬੇਅੰਤ ਜੀਵ 'ਮੈਂ (ਵੱਡਾ) ' ਮੈਂ (ਵੱਡਾ) = ਇਹ ਆਖਦੇ ਆਖਦੇ ਦੁਖੀ ਹੋ ਹੋ ਕੇ ਆਤਮਕ ਮੌਤੇ ਮਰਦੇ ਰਹੇ। ਜਿਹੜੇ ਮਨੁੱਖ ਗੁਰੂ ਨੂੰ ਮਿਲ ਪਏ, ਗੁਰੂ ਦੇ ਸੱਚੇ ਸ਼ਬਦ ਦੀ ਬਰਕਤਿ ਨਾਲ ਅਲੱਖ ਪ੍ਰਭੂ ਨੂੰ ਮਿਲ ਪਏ, ਉਹ ਇਸ 'ਹਉ ਹਉ' ਤੋਂ ਬਚਦੇ ਰਹੇ।10। ਜਿਨਾ ਸਤਿਗੁਰੁ ਇਕ ਮਨਿ ਸੇਵਿਆ ਤਿਨ ਜਨ ਲਾਗਉ ਪਾਇ ॥ ਗੁਰ ਸਬਦੀ ਹਰਿ ਮਨਿ ਵਸੈ ਮਾਇਆ ਕੀ ਭੁਖ ਜਾਇ ॥ ਸੇ ਜਨ ਨਿਰਮਲ ਊਜਲੇ ਜਿ ਗੁਰਮੁਖਿ ਨਾਮਿ ਸਮਾਇ ॥ ਨਾਨਕ ਹੋਰਿ ਪਤਿਸਾਹੀਆ ਕੂੜੀਆ ਨਾਮਿ ਰਤੇ ਪਾਤਿਸਾਹ ॥੧੧॥ {ਪੰਨਾ 1413} ਪਦ ਅਰਥ: ਇਕ ਮਨਿ = ਇਕ ਮਨ ਦੀ ਰਾਹੀਂ, ਸਰਧਾ ਨਾਲ। ਤਿਨ ਜਨ ਪਾਇ = ਉਹਨਾਂ ਮਨੁੱਖਾਂ ਦੀ ਚਰਨੀਂ। ਲਾਗਉ = ਲਾਗਉਂ, ਮੈਂ ਲੱਗਦਾ ਹਾਂ। ਸਬਦੀ = ਸ਼ਬਦ ਦੀ ਰਾਹੀਂ। ਮਨਿ = ਮਨ ਵਿਚ। ਭੁਖ = ਲਾਲਚ। ਜਾਇ = ਦੂਰ ਹੋ ਜਾਂਦੀ ਹੈ। ਨਿਰਮਲ = ਪਵਿੱਤਰ ਜੀਵਨ ਵਾਲੇ। ਊਜਲੇ = ਰੌਸ਼ਨ ਜੀਵਨ ਵਾਲੇ। ਜਿ = ਜਿਹੜਾ ਜਿਹੜਾ (ਇਕ-ਵਚਨ) । ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਨਾਮਿ = ਨਾਮ ਵਿਚ। ਸਮਾਇ = ਲੀਨ ਹੋ ਜਾਂਦਾ ਹੈ (ਇਕ-ਵਚਨ) । ਕੂੜੀਆ = ਨਾਸਵੰਤ। ਨਾਮਿ ਰਤੇ = ਜਿਹੜੇ ਮਨੁੱਖ ਹਰਿ-ਨਾਮ ਵਿਚ ਰੰਗੇ ਜਾਂਦੇ ਹਨ।11। ਅਰਥ: ਹੇ ਭਾਈ! ਮੈਂ ਉਹਨਾਂ (ਵਡਭਾਗੀ) ਮਨੁੱਖਾਂ ਦੀ ਚਰਨੀਂ ਲੱਗਦਾ ਹਾਂ ਜਿਨ੍ਹਾਂ ਪੂਰੀ ਸਰਧਾ ਨਾਲ ਗੁਰੂ ਨੂੰ ਸੇਵਿਆ ਹੈ (ਗੁਰੂ ਦਾ ਪੱਲਾ ਫੜਿਆ ਹੈ) । ਹੇ ਭਾਈ! ਗੁਰੂ ਦੇ ਸ਼ਬਦ ਦੀ ਰਾਹੀਂ ਹੀ ਪਰਮਾਤਮਾ (ਮਨੁੱਖ ਦੇ) ਮਨ ਵਿਚ ਵੱਸਦਾ ਹੈ (ਅਤੇ ਮਨੁੱਖ ਦੇ ਅੰਦਰ) ਮਾਇਆ ਦਾ ਲਾਲਚ ਦੂਰ ਹੁੰਦਾ ਹੈ। ਹੇ ਭਾਈ! ਜਿਹੜਾ ਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ (ਪਰਮਾਤਮਾ ਦੇ) ਨਾਮ ਵਿਚ ਜੁੜਦਾ ਹੈ ਉਹ ਸਾਰੇ ਮਨੁੱਖ ਪਵਿੱਤਰ ਜੀਵਨ ਵਾਲੇ ਚਮਕਦੇ ਜੀਵਨ ਵਾਲੇ ਹੋ ਜਾਂਦੇ ਹਨ। ਹੇ ਨਾਨਕ! (ਦੁਨੀਆ ਦੀਆਂ) ਹੋਰ (ਸਾਰੀਆਂ) ਪਾਤਿਸ਼ਾਹੀਆਂ ਨਾਸਵੰਤ ਹਨ। ਅਸਲ ਪਾਤਿਸ਼ਾਹ ਉਹ ਹਨ, ਜੋ ਪਰਮਾਤਮਾ ਦੇ ਨਾਮ ਵਿਚ ਰੰਗੇ ਰਹਿੰਦੇ ਹਨ।11। ਜਿਉ ਪੁਰਖੈ ਘਰਿ ਭਗਤੀ ਨਾਰਿ ਹੈ ਅਤਿ ਲੋਚੈ ਭਗਤੀ ਭਾਇ ॥ ਬਹੁ ਰਸ ਸਾਲਣੇ ਸਵਾਰਦੀ ਖਟ ਰਸ ਮੀਠੇ ਪਾਇ ॥ ਤਿਉ ਬਾਣੀ ਭਗਤ ਸਲਾਹਦੇ ਹਰਿ ਨਾਮੈ ਚਿਤੁ ਲਾਇ ॥ ਮਨੁ ਤਨੁ ਧਨੁ ਆਗੈ ਰਾਖਿਆ ਸਿਰੁ ਵੇਚਿਆ ਗੁਰ ਆਗੈ ਜਾਇ ॥ ਭੈ ਭਗਤੀ ਭਗਤ ਬਹੁ ਲੋਚਦੇ ਪ੍ਰਭ ਲੋਚਾ ਪੂਰਿ ਮਿਲਾਇ ॥ ਹਰਿ ਪ੍ਰਭੁ ਵੇਪਰਵਾਹੁ ਹੈ ਕਿਤੁ ਖਾਧੈ ਤਿਪਤਾਇ ॥ ਸਤਿਗੁਰ ਕੈ ਭਾਣੈ ਜੋ ਚਲੈ ਤਿਪਤਾਸੈ ਹਰਿ ਗੁਣ ਗਾਇ ॥ ਧਨੁ ਧਨੁ ਕਲਜੁਗਿ ਨਾਨਕਾ ਜਿ ਚਲੇ ਸਤਿਗੁਰ ਭਾਇ ॥੧੨॥ {ਪੰਨਾ 1413-1414} ਪਦ ਅਰਥ: ਪੁਰਖੈ ਘਰਿ = (ਕਿਸੇ) ਮਨੁੱਖ ਦੇ ਘਰ ਵਿਚ। ਭਗਤੀ ਨਾਰਿ = ਪਿਆਰ ਕਰਨ ਵਾਲੀ ਇਸਤ੍ਰੀ, ਸੇਵਾ ਕਰਨ ਵਾਲੀ ਇਸਤ੍ਰੀ, ਪਤਿਬ੍ਰਤਾ ਇਸਤ੍ਰੀ। ਅਤਿ = ਬਹੁਤ। ਲੋਚੈ = (ਸੇਵਾ ਕਰਨ ਦੀ) ਤਾਂਘ ਰੱਖਦੀ ਹੈ। ਭਗਤੀ ਭਾਇ = ਪਿਆਰ-ਭਾਵਨਾ ਨਾਲ। ਸਾਲਣੇ = ਸਲੂਣੇ, ਭਾਜੀਆਂ। ਖਟ = ਖੱਟੇ। ਪਾਇ = ਪਾ ਕੇ। ਸਲਾਹਦੇ = (ਪਰਮਾਤਮਾ ਦੀ) ਸਿਫ਼ਤਿ-ਸਾਲਾਹ ਕਰਦੇ ਹਨ। ਨਾਮੈ = ਨਾਮ ਵਿਚ। ਲਾਇ = ਲਾ ਕੇ, ਜੋੜ ਕੇ। ਜਾਇ = ਜਾ ਕੇ। ਭੈ = (ਪਰਮਾਤਮਾ ਦੇ) ਡਰ ਵਿਚ। ਪੂਰਿ = ਪੂਰੀ ਕਰ ਕੇ। ਮਿਲਾਇ = ਮਿਲਾਂਦਾ ਹੈ। ਕਿਤੁ ਖਾਧੈ = ਕਿਸੇ ਖਾਧੀ ਚੀਜ਼ ਦੀ ਰਾਹੀਂ? ਕੀਹ ਖਾਣ ਨਾਲ? ਤਿਪਤਾਇ = ਰੱਜਦਾ ਹੈ, ਪ੍ਰਸੰਨ ਹੁੰਦਾ ਹੈ। ਕੈ ਭਾਣੈ = ਦੀ ਰਜ਼ਾ ਵਿਚ। ਗਾਇ = ਗਾਂਦਾ ਹੈ। ਤਿਪਤਾਸੈ = ਪ੍ਰਸੰਨ ਹੁੰਦਾ ਹੈ। ਕਲਿਜੁਗਿ = ਵਿਕਾਰਾਂ-ਭਰੀ ਦੁਨੀਆ ਵਿਚ। ਜਿ = ਜਿਹੜੇ।12। ਅਰਥ: ਹੇ ਭਾਈ! ਜਿਵੇਂ (ਕਿਸੇ) ਮਨੁੱਖ ਦੇ ਘਰ ਵਿਚ (ਉਸ ਦੀ) ਪਤਿਬ੍ਰਤਾ ਇਸਤ੍ਰੀ ਹੈ ਜੋ ਪਿਆਰ-ਭਾਵਨਾ ਨਾਲ (ਆਪਣੇ ਪਤੀ ਦੀ ਸੇਵਾ ਕਰਨ ਦੀ) ਬਹੁਤ ਤਾਂਘ ਕਰਦੀ ਹੈ, ਖੱਟੇ ਤੇ ਮਿੱਠੇ ਰਸ ਪਾ ਕੇ ਕਈ ਸਵਾਦਲੀਆਂ ਭਾਜੀਆਂ (ਪਤੀ ਵਾਸਤੇ) ਬਣਾਂਦੀ ਰਹਿੰਦੀ ਹੈ; ਇਸੇ ਤਰ੍ਹਾਂ ਪਰਮਾਤਮਾ ਦੇ ਭਗਤ ਪਰਮਾਤਮਾ ਦੇ ਨਾਮ ਵਿਚ ਚਿੱਤ ਜੋੜ ਕੇ ਸਤਿਗੁਰੂ ਦੀ ਬਾਣੀ ਦੀ ਰਾਹੀਂ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦੇ ਰਹਿੰਦੇ ਹਨ। ਉਹਨਾਂ ਭਗਤਾਂ ਨੇ ਆਪਣਾ ਮਨ ਆਪਣਾ ਤਨ ਆਪਣਾ ਧਨ (ਸਭ ਕੁਝ) ਗੁਰੂ ਦੇ ਅੱਗੇ ਲਿਆ ਰੱਖਿਆ ਹੁੰਦਾ ਹੈ, ਉਹਨਾਂ ਨੇ ਆਪਣਾ ਸਿਰ ਗੁਰੂ ਅੱਗੇ ਵੇਚ ਦਿੱਤਾ ਹੁੰਦਾ ਹੈ। ਹੇ ਭਾਈ! ਪਰਮਾਤਮਾ ਦੇ ਅਦਬ ਵਿਚ ਟਿਕ ਕੇ ਪਰਮਾਤਮਾ ਦੇ ਭਗਤ ਉਸ ਦੀ ਭਗਤੀ ਦੀ ਬਹੁਤ ਤਾਂਘ ਰੱਖਦੇ ਹਨ, ਪ੍ਰਭੂ (ਉਹਨਾਂ ਦੀ) ਤਾਂਘ ਪੂਰੀ ਕਰ ਕੇ (ਉਹਨਾਂ ਨੂੰ ਆਪਣੇ ਨਾਲ) ਮਿਲਾ ਲੈਂਦਾ ਹੈ। ਹੇ ਭਾਈ! ਪਰਮਾਤਮਾ ਨੂੰ ਤਾਂ ਕਿਸੇ ਚੀਜ਼ ਦੀ ਕੋਈ ਮੁਥਾਜੀ-ਲੋੜ ਨਹੀਂ ਹੈ, ਫਿਰ ਉਹ ਕਿਹੜੀ ਚੀਜ਼ ਖਾਣ ਨਾਲ ਖ਼ੁਸ਼ ਹੁੰਦਾ ਹੈ? ਜਿਹੜਾ ਮਨੁੱਖ ਗੁਰੂ ਦੀ ਰਜ਼ਾ ਵਿਚ ਜੀਵਨ-ਤੋਰ ਤੁਰਦਾ ਹੈ ਅਤੇ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ, (ਉਸ ਉਤੇ ਪਰਮਾਤਮਾ) ਪ੍ਰਸੰਨ ਹੁੰਦਾ ਹੈ। ਹੇ ਨਾਨਕ! ਇਸ ਵਿਕਾਰਾਂ-ਭਰੇ ਸੰਸਾਰ ਵਿਚ ਉਹ ਮਨੁੱਖ ਸੋਭਾ ਖੱਟਦੇ ਹਨ ਜਿਹੜੇ ਗੁਰੂ ਦੀ ਮਰਜ਼ੀ ਅਨੁਸਾਰ ਜੀਵਨ-ਰਾਹ ਤੇ ਤੁਰਦੇ ਹਨ।12। |
Sri Guru Granth Darpan, by Professor Sahib Singh |