ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1417 ਮਾਇਆ ਮੋਹੁ ਦੁਖੁ ਸਾਗਰੁ ਹੈ ਬਿਖੁ ਦੁਤਰੁ ਤਰਿਆ ਨ ਜਾਇ ॥ ਮੇਰਾ ਮੇਰਾ ਕਰਦੇ ਪਚਿ ਮੁਏ ਹਉਮੈ ਕਰਤ ਵਿਹਾਇ ॥ ਮਨਮੁਖਾ ਉਰਵਾਰੁ ਨ ਪਾਰੁ ਹੈ ਅਧ ਵਿਚਿ ਰਹੇ ਲਪਟਾਇ ॥ ਜੋ ਧੁਰਿ ਲਿਖਿਆ ਸੁ ਕਮਾਵਣਾ ਕਰਣਾ ਕਛੂ ਨ ਜਾਇ ॥ ਗੁਰਮਤੀ ਗਿਆਨੁ ਰਤਨੁ ਮਨਿ ਵਸੈ ਸਭੁ ਦੇਖਿਆ ਬ੍ਰਹਮੁ ਸੁਭਾਇ ॥ ਨਾਨਕ ਸਤਿਗੁਰਿ ਬੋਹਿਥੈ ਵਡਭਾਗੀ ਚੜੈ ਤੇ ਭਉਜਲਿ ਪਾਰਿ ਲੰਘਾਇ ॥੩੪॥ {ਪੰਨਾ 1417} ਪਦ ਅਰਥ: ਸਾਗਰੁ-ਸਮੁੰਦਰ। ਬਿਖੁ = ਜ਼ਹਰ, ਆਤਮਕ ਮੌਤ ਲਿਆਉਣ ਵਾਲੀ ਜ਼ਹਰ। ਦੁਤਰੁ = (दुस्तर) ਜਿਸ ਤੋਂ ਪਾਰ ਲੰਘਣਾ ਬਹੁਤ ਔਖਾ ਹੈ। ਪਚਿ = (ਤ੍ਰਿਸ਼ਨਾ ਦੀ ਅੱਗ ਵਿਚ) ਸੜ ਕੇ। ਮੁਏ = ਆਤਮਕ ਮੌਤ ਮਰ ਗਏ। ਵਿਹਾਇ = (ਉਮਰ) ਬੀਤਦੀ ਹੈ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਉਰਵਾਰੁ = (ਸਮੁੰਦਰ ਦਾ) ਉਰਲਾ ਬੰਨਾ। ਪਾਰੁ = ਪਾਰਲਾ ਕੰਢਾ। ਰਹੇ ਲਪਟਾਇ = (ਮੋਹ ਨਾਲ) ਚੰਬੜ ਰਹੇ ਹਨ। ਧੁਰਿ = ਧੁਰ ਦਰਗਾਹ ਤੋਂ। ਸੁ = ਉਹ (ਲੇਖ) । ਗਿਆਨੁ = ਆਤਮਕ ਜੀਵਨ ਦੀ ਸੂਝ। ਮਨਿ = ਮਨ ਵਿਚ। ਸਭੁ = ਹਰ ਥਾਂ, ਸਾਰੀ ਸ੍ਰਿਸ਼ਟੀ ਵਿਚ। ਸੁਭਾਇ = ਪ੍ਰੇਮ ਦੀ ਰਾਹੀਂ। ਸਤਿਗੁਰਿ = ਸਤਿਗੁਰੂ ਵਿਚ। ਬੋਹਿਥੈ = ਜਹਾਜ਼ ਵਿਚ। ਸਤਿਗੁਰਿ ਬੋਹਿਥੈ = ਗੁਰੂ-ਜਹਾਜ਼ ਵਿਚ। ਤੇ = ਤਿਨ, ਉਹਨਾਂ ਨੂੰ। ਭਉਜਲਿ = ਸੰਸਾਰ-ਸਮੁੰਦਰ ਵਿਚ (ਡੁੱਬਦਿਆਂ ਨੂੰ) ।34। ਅਰਥ: ਹੇ ਭਾਈ! ਮਾਇਆ ਦਾ ਮੋਹ (ਮਨੁੱਖ ਦੀ ਜਿੰਦ ਵਾਸਤੇ) ਦੁੱਖ (ਦਾ ਮੂਲ) ਹੈ (ਮਾਨੋ, ਦੁੱਖਾਂ ਦਾ) ਸਮੁੰਦਰ ਹੈ, ਆਤਮਕ ਮੌਤ ਲਿਆਉਣ ਵਾਲੀ ਜ਼ਹਰ (-ਭਰਿਆ ਸਮੁੰਦਰ) ਹੈ, ਇਸ ਵਿਚੋਂ ਪਾਰ ਲੰਘਣਾ ਬਹੁਤ ਔਖਾ ਹੈ, ਪਾਰ ਲੰਘਿਆ ਨਹੀਂ ਜਾ ਸਕਦਾ। 'ਮੇਰਾ (ਧਨ) , ਮੇਰਾ (ਧਨ) ' ਆਖਦੇ (ਜੀਵ ਤ੍ਰਿਸ਼ਨਾ ਦੀ ਅੱਗ ਵਿਚ) ਸੜ ਸੜ ਕੇ ਆਤਮਕ ਮੌਤ ਸਹੇੜੀ ਰੱਖਦੇ ਹਨ, 'ਹਉਂ, ਹਉਂ' ਕਰਦਿਆਂ (ਜੀਵਾਂ ਦੀ ਉਮਰ) ਗੁਜ਼ਰਦੀ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਨੂੰ (ਮੋਹ ਦੇ ਸਮੁੰਦਰ ਦਾ) ਨਾਹ ਉਰਲਾ ਕੰਢਾ ਲੱਭਦਾ ਹੈ ਨਾਂਹ ਪਾਰਲਾ ਕੰਢਾ। (ਇਸ ਸਮੁੰਦਰ ਦੇ) ਅੱਧ ਵਿਚ ਹੀ (ਗੋਤੇ ਖਾਂਦੇ ਮੋਹ ਨਾਲ) ਚੰਬੜੇ ਰਹਿੰਦੇ ਹਨ। ਪਰ ਜੀਵ ਭੀ ਕੀਹ ਕਰਨ? ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ) ਧੁਰ ਦਰਗਾਹ ਤੋਂ ਜਿਹੜਾ ਲੇਖ (ਜੀਵ ਦੇ ਮੱਥੇ ਉੱਤੇ) ਲਿਖਿਆ ਜਾਂਦਾ ਹੈ, ਉਹ ਲੇਖ ਕਮਾਣਾ ਹੀ ਪੈਂਦਾ ਹੈ (ਆਪਣੀ ਅਕਲ ਦੇ ਆਸਰੇ ਉਸ ਲੇਖ ਤੋਂ ਬਚਣ ਲਈ) ਕੋਈ ਉੱਦਮ ਨਹੀਂ ਕੀਤਾ ਜਾ ਸਕਦਾ। ਗੁਰੂ ਦੀ ਮਤਿ ਉਤੇ ਤੁਰ ਕੇ (ਜਿਸ ਮਨੁੱਖ ਦੇ) ਮਨ ਵਿਚ ਪਰਮਾਤਮਾ ਨਾਲ ਬਣੀ ਡੂੰਘੀ ਸਾਂਝ (ਦਾ) ਰਤਨ ਆ ਵੱਸਦਾ ਹੈ, ਪ੍ਰਭੂ-ਪ੍ਰੇਮ ਦੀ ਰਾਹੀਂ ਉਹ ਮਨੁੱਖ ਸਾਰੀ ਲੁਕਾਈ ਵਿਚ ਪ੍ਰਭੂ ਨੂੰ ਹੀ ਵੇਖਦਾ ਹੈ। ਹੇ ਨਾਨਕ! ਵੱਡੇ ਭਾਗਾਂ ਨਾਲ ਹੀ (ਕੋਈ ਮਨੁੱਖ) ਗੁਰੂ-ਜਹਾਜ਼ ਵਿਚ ਸਵਾਰ ਹੁੰਦਾ ਹੈ (ਤੇ, ਜਿਹੜੇ ਮਨੁੱਖ ਗੁਰੂ-ਜਹਾਜ਼ ਵਿਚ ਚੜ੍ਹਦੇ ਹਨ, ਗੁਰੂ ਦੇ ਦੱਸੇ ਰਾਹ ਉਤੇ ਤੁਰਦੇ ਹਨ) ਉਹਨਾਂ ਸੰਸਾਰ-ਸਮੁੰਦਰ ਵਿਚ (ਡੁੱਬਦਿਆਂ ਨੂੰ ਗੁਰੂ) ਪਾਰ ਲੰਘਾ ਲੈਂਦਾ ਹੈ।34। ਬਿਨੁ ਸਤਿਗੁਰ ਦਾਤਾ ਕੋ ਨਹੀ ਜੋ ਹਰਿ ਨਾਮੁ ਦੇਇ ਆਧਾਰੁ ॥ ਗੁਰ ਕਿਰਪਾ ਤੇ ਨਾਉ ਮਨਿ ਵਸੈ ਸਦਾ ਰਹੈ ਉਰਿ ਧਾਰਿ ॥ ਤਿਸਨਾ ਬੁਝੈ ਤਿਪਤਿ ਹੋਇ ਹਰਿ ਕੈ ਨਾਇ ਪਿਆਰਿ ॥ ਨਾਨਕ ਗੁਰਮੁਖਿ ਪਾਈਐ ਹਰਿ ਅਪਨੀ ਕਿਰਪਾ ਧਾਰਿ ॥੩੫॥ {ਪੰਨਾ 1417} ਪਦ ਅਰਥ: ਦਾਤਾ = (ਨਾਮ ਦੀ) ਦਾਤਿ ਦੇਣ ਵਾਲਾ। ਕੋ = ਕੋਈ (ਪੜਨਾਂਵ) । ਦੇਇ = ਦੇਂਦਾ ਹੈ। ਆਧਾਰੁ = ਆਸਰਾ। ਤੇ = ਤੋਂ। ਮਨਿ = ਮਨ ਵਿਚ। ਵਸੈ = ਆ ਵੱਸਦਾ ਹੈ। ਉਰਿ = ਹਿਰਦੇ ਵਿਚ। ਧਾਰਿ = ਧਾਰ ਕੇ, ਟਿਕਾ ਕੇ। ਬੁਝੈ = (ਅੱਗ) ਬੁੱਝ ਜਾਂਦੀ ਹੈ। ਤਿਪਤਿ = ਤ੍ਰਿਪਤੀ, ਸ਼ਾਂਤੀ, ਰਜੇਵਾਂ। ਕੈ ਨਾਇ = ਦੇ ਨਾਮ ਵਿਚ। ਕੈ ਪਿਆਰ = ਦੇ ਪਿਆਰ ਵਿਚ। ਗੁਰਮੁਖਿ = ਗੁਰੂ ਦੀ ਰਾਹੀਂ।35। ਅਰਥ: ਹੇ ਭਾਈ! ਗੁਰੂ ਤੋਂ ਬਿਨਾ (ਪਰਮਾਤਮਾ ਦੇ ਨਾਮ ਦੀ) ਦਾਤਿ ਦੇਣ ਵਾਲਾ ਹੋਰ ਕੋਈ ਨਹੀਂ ਹੈ, ਉਹ ਗੁਰੂ ਹੀ ਪਰਮਾਤਮਾ ਦਾ ਨਾਮ (ਜਿੰਦ ਲਈ) ਆਸਰਾ ਦੇਂਦਾ ਹੈ। ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ (ਮਨੁੱਖ ਦੇ) ਮਨ ਵਿਚ ਆ ਵੱਸਦਾ ਹੈ, (ਮਨੁੱਖ ਹਰਿ-ਨਾਮ ਨੂੰ ਆਪਣੇ) ਹਿਰਦੇ ਵਿਚ ਵਸਾਈ ਰੱਖਦਾ ਹੈ। ਹਰੀ ਦੇ ਨਾਮ ਦੀ ਰਾਹੀਂ, ਹਰੀ ਦੇ ਪਿਆਰ ਦੀ ਰਾਹੀਂ (ਮਨੁੱਖ ਦੇ ਅੰਦਰੋਂ) ਤ੍ਰਿਸ਼ਨਾ (ਦੀ ਅੱਗ) ਬੁੱਝ ਜਾਂਦੀ ਹੈ, (ਮਨੁੱਖ ਦੇ ਅੰਦਰ ਮਾਇਆ ਵਲੋਂ) ਤ੍ਰਿਪਤੀ ਹੋ ਜਾਂਦੀ ਹੈ। ਹੇ ਨਾਨਕ! ਗੁਰੂ ਦੀ ਸਰਨ ਪਿਆਂ (ਪਰਮਾਤਮਾ ਦਾ ਨਾਮ) ਪ੍ਰਾਪਤ ਹੋ ਜਾਂਦਾ ਹੈ। (ਗੁਰੂ ਦੀ ਸਰਨ ਪਿਆਂ) ਪਰਮਾਤਮਾ (ਸੇਵਕ ਉੱਤੇ) ਆਪਣੀ ਮਿਹਰ ਕਰਦਾ ਹੈ।35। ਬਿਨੁ ਸਬਦੈ ਜਗਤੁ ਬਰਲਿਆ ਕਹਣਾ ਕਛੂ ਨ ਜਾਇ ॥ ਹਰਿ ਰਖੇ ਸੇ ਉਬਰੇ ਸਬਦਿ ਰਹੇ ਲਿਵ ਲਾਇ ॥ ਨਾਨਕ ਕਰਤਾ ਸਭ ਕਿਛੁ ਜਾਣਦਾ ਜਿਨਿ ਰਖੀ ਬਣਤ ਬਣਾਇ ॥੩੬॥ {ਪੰਨਾ 1417} ਪਦ ਅਰਥ: ਬਰਲਿਆ = ਝੱਲਾ ਹੋ ਰਿਹਾ ਹੈ। ਕਹਣਾ ਕਛੂ ਨ ਜਾਇ = ਕੁਝ ਕਿਹਾ ਨਹੀਂ ਜਾ ਸਕਦਾ, ਕੋਈ ਪੇਸ਼ ਨਹੀਂ ਜਾਂਦੀ। ਰਖੇ = ਰੱਖਿਆ ਕਰਦਾ ਹੈ। ਸੇ = ਉਹ (ਬਹੁ-ਵਚਨ) । ਉਬਰੇ = ਬਚ ਗਏ। ਸਬਦ = ਗੁਰੂ ਦੇ ਸ਼ਬਦ ਵਿਚ। ਲਿਵ = ਲਗਨ। ਲਿਵ ਲਾਇ ਰਹੇ = ਸੁਰਤਿ ਜੋੜੀ ਰੱਖਦੇ ਹਨ। ਨਾਨਕ = ਹੇ ਨਾਨਕ! ਸਭ ਕਿਛੁ = ਹਰੇਕ ਗੱਲ। ਜਿਨਿ = ਜਿਸ (ਕਰਤਾਰ) ਨੇ। ਬਣਤ = ਮਰਯਾਦਾ।36। ਅਰਥ: ਹੇ ਭਾਈ! ਗੁਰੂ ਦੇ ਸ਼ਬਦ ਤੋਂ ਵਾਂਜਿਆਂ ਰਹਿ ਕੇ ਜਗਤ (ਮਾਇਆ ਦੇ ਪਿੱਛੇ) ਝੱਲਾ ਹੋਇਆ ਫਿਰਦਾ ਹੈ, ਕਿਸੇ ਦੀ ਕੋਈ ਪੇਸ਼ ਨਹੀਂ ਜਾਂਦੀ। ਜਿਨ੍ਹਾਂ ਦੀ ਰੱਖਿਆ ਪਰਮਾਤਮਾ ਨੇ ਆਪ ਕੀਤੀ, ਉਹ (ਮਾਇਆ ਦੇ ਅਸਰ ਤੋਂ) ਬਚ ਗਏ, ਉਹ ਮਨੁੱਖ ਗੁਰੂ ਦੇ ਸ਼ਬਦ ਵਿਚ ਸੁਰਤਿ ਜੋੜੀ ਰੱਖਦੇ ਹਨ। ਹੇ ਨਾਨਕ! ਜਿਸ (ਕਰਤਾਰ) ਨੇ ਇਹ ਸਾਰੀ ਮਰਯਾਦਾ ਕਾਇਮ ਕਰ ਰੱਖੀ ਹੈ, ਉਹ ਹੀ ਇਸ ਸਾਰੇ ਭੇਤ ਨੂੰ ਜਾਣਦਾ ਹੈ।36। ਹੋਮ ਜਗ ਸਭਿ ਤੀਰਥਾ ਪੜ੍ਹ੍ਹਿ ਪੰਡਿਤ ਥਕੇ ਪੁਰਾਣ ॥ ਬਿਖੁ ਮਾਇਆ ਮੋਹੁ ਨ ਮਿਟਈ ਵਿਚਿ ਹਉਮੈ ਆਵਣੁ ਜਾਣੁ ॥ ਸਤਿਗੁਰ ਮਿਲਿਐ ਮਲੁ ਉਤਰੀ ਹਰਿ ਜਪਿਆ ਪੁਰਖੁ ਸੁਜਾਣੁ ॥ ਜਿਨਾ ਹਰਿ ਹਰਿ ਪ੍ਰਭੁ ਸੇਵਿਆ ਜਨ ਨਾਨਕੁ ਸਦ ਕੁਰਬਾਣੁ ॥੩੭॥ {ਪੰਨਾ 1417} ਪਦ ਅਰਥ: ਹੋਮ = ਹਵਨ। ਸਭਿ = ਸਾਰੇ। ਤੀਰਥਾ = ਤੀਰਥ (-ਇਸ਼ਨਾਨ) । ਪੜ੍ਹ੍ਹਿ = ਪੜ੍ਹ ਕੇ। ਬਿਖੁ ਮਾਇਆ = ਆਤਮਕ ਮੌਤ ਲਿਆਉਣ ਵਾਲੀ ਮਾਇਆ ਜ਼ਹਰ। ਮਿਟਈ = ਮਿਟੈ, ਮਿਟਦਾ। ਆਵਣੁ ਜਾਣੁ = ਜੰਮਣ ਮਰਨ (ਦਾ ਗੇੜ) । ਸਤਿਗੁਰ ਮਿਲਿਐ = ਜੇ ਗੁਰੂ ਮਿਲ ਪਏ। ਸੁਜਾਣੁ = ਸਿਆਣਾ। ਸੇਵਿਆ = ਸੇਵਾ-ਭਗਤੀ ਕੀਤੀ। ਸਦ = ਸਦਾ।37। ਅਰਥ: ਹੇ ਭਾਈ! ਪੰਡਿਤ ਲੋਕ ਹਵਨ ਕਰ ਕੇ, ਜੱਗ ਕਰ ਕੇ, ਸਾਰੇ ਤੀਰਥ-ਇਸ਼ਨਾਨ ਕਰ ਕੇ, ਪੁਰਾਣ (ਆਦਿਕ ਧਰਮ-ਪੁਸਤਕ) ਪੜ੍ਹ ਕੇ ਥੱਕ ਜਾਂਦੇ ਹਨ, (ਪਰ, ਫਿਰ ਭੀ) ਆਤਮਕ ਮੌਤ ਲਿਆਉਣ ਵਾਲੀ ਮਾਇਆ-ਜ਼ਹਰ ਦਾ ਮੋਹ (ਉਹਨਾਂ ਦੇ ਅੰਦਰੋਂ) ਮਿਟਦਾ ਨਹੀਂ, ਹਉਮੈ ਵਿਚ (ਫਸੇ ਰਹਿਣ ਦੇ ਕਾਰਣ ਉਹਨਾਂ ਦਾ) ਜਨਮ ਮਰਨ (ਦਾ ਗੇੜ ਬਣਿਆ ਰਹਿੰਦਾ ਹੈ) । ਪਰ, ਹੇ ਭਾਈ! ਜੇ ਗੁਰੂ ਮਿਲ ਪਏ (ਤਾਂ ਗੁਰੂ ਦੀ ਸਰਨ ਪੈ ਕੇ ਜਿਸ ਮਨੁੱਖ ਨੇ) ਅੰਤਰਜਾਮੀ ਅਕਾਲ ਪੁਰਖ ਦਾ ਨਾਮ ਜਪਿਆ (ਉਸ ਦੇ ਅੰਦਰੋਂ ਵਿਕਾਰਾਂ ਦੀ) ਮੈਲ ਲਹਿ ਗਈ। ਦਾਸ ਨਾਨਕ ਉਹਨਾਂ ਮਨੁੱਖਾਂ ਤੋਂ ਸਦਾ ਸਦਕੇ ਜਾਂਦਾ ਹੈ, ਜਿਨ੍ਹਾਂ ਨੇ ਸਦਾ ਪਰਮਾਤਮਾ ਦੀ ਸੇਵਾ ਭਗਤੀ ਕੀਤੀ।37। ਮਾਇਆ ਮੋਹੁ ਬਹੁ ਚਿਤਵਦੇ ਬਹੁ ਆਸਾ ਲੋਭੁ ਵਿਕਾਰ ॥ ਮਨਮੁਖਿ ਅਸਥਿਰੁ ਨਾ ਥੀਐ ਮਰਿ ਬਿਨਸਿ ਜਾਇ ਖਿਨ ਵਾਰ ॥ ਵਡ ਭਾਗੁ ਹੋਵੈ ਸਤਿਗੁਰੁ ਮਿਲੈ ਹਉਮੈ ਤਜੈ ਵਿਕਾਰ ॥ ਹਰਿ ਨਾਮਾ ਜਪਿ ਸੁਖੁ ਪਾਇਆ ਜਨ ਨਾਨਕ ਸਬਦੁ ਵੀਚਾਰ ॥੩੮॥ {ਪੰਨਾ 1417} ਪਦ ਅਰਥ: ਚਿਤਵਦੇ = ਚੇਤੇ ਕਰਦੇ ਰਹਿੰਦੇ ਹਨ (ਬਹੁ-ਵਚਨ) । ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਇਕ-ਵਚਨ) । ਅਸਥਿਰੁ = ਅਡੋਲ-ਚਿੱਤ। ਨਾ ਥੀਐ = ਨਹੀਂ ਹੁੰਦਾ (ਇਕ-ਵਚਨ) । ਮਰਿ = ਮਰ ਕੇ। ਮਰਿ ਬਿਨਸਿ ਜਾਇ = ਮਰ ਕੇ ਮਰਦਾ ਹੈ, ਮੁੜ ਮੁੜ ਮਰਦਾ ਹੈ, ਮੁੜ ਮੁੜ ਆਤਮਕ ਮੌਤੇ ਮਰਦਾ ਰਹਿੰਦਾ ਹੈ। ਖਿਨ ਵਾਰ = ਖਿਨ ਖਿਨ ਵਾਰ ਵਾਰ, ਹਰ ਵੇਲੇ। ਭਾਗੁ = ਕਿਸਮਤ। ਤਜੈ = ਤਿਆਗਦਾ ਹੈ। ਜਪਿ = ਜਪ ਕੇ। ਵੀਚਾਰੁ = ਸੋਚ ਦਾ ਧੁਰਾ।38। ਅਰਥ: ਹੇ ਭਾਈ! (ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ) ਸਦਾ ਮਾਇਆ ਦਾ ਮੋਹ ਹੀ ਚੇਤੇ ਕਰਦੇ ਰਹਿੰਦੇ ਹਨ, ਅਨੇਕਾਂ ਆਸਾਂ ਬਣਾਂਦੇ ਰਹਿੰਦੇ ਹਨ, ਲੋਭ ਚਿਤਵਦੇ ਹਨ, ਵਿਕਾਰ ਚਿਤਵਦੇ ਰਹਿੰਦੇ ਹਨ। (ਤਾਹੀਏਂ) ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਕਦੇ) ਅਡੋਲ-ਚਿੱਤ ਨਹੀਂ ਹੁੰਦਾ, ਉਹ ਹਰ ਵੇਲੇ ਆਤਮਕ ਮੌਤੇ ਮਰਦਾ ਰਹਿੰਦਾ ਹੈ। ਜਿਸ ਮਨੁੱਖ ਦੀ ਕਿਸਮਤ ਜਾਗ ਪਏ, ਉਸ ਨੂੰ ਗੁਰੂ ਮਿਲ ਪੈਂਦਾ ਹੈ, ਉਹ ਮਨੁੱਖ ਹਉਮੈ ਤਿਆਗ ਦੇਂਦਾ ਹੈ, ਵਿਕਾਰ ਛੱਡ ਦੇਂਦਾ ਹੈ। ਹੇ ਨਾਨਕ! ਜਿਹੜੇ ਮਨੁੱਖਾਂ ਨੇ ਗੁਰੂ ਦੇ ਸ਼ਬਦ ਨੂੰ (ਆਪਣੀ) ਸੋਚ ਦਾ ਧੁਰਾ ਬਣਾ ਲਿਆ, ਉਹ ਪਰਮਾਤਮਾ ਦਾ ਨਾਮ ਜਪ ਕੇ ਆਤਮਕ ਆਨੰਦ ਮਾਣਨ ਲੱਗ ਪਏ।38। ਬਿਨੁ ਸਤਿਗੁਰ ਭਗਤਿ ਨ ਹੋਵਈ ਨਾਮਿ ਨ ਲਗੈ ਪਿਆਰੁ ॥ ਜਨ ਨਾਨਕ ਨਾਮੁ ਅਰਾਧਿਆ ਗੁਰ ਕੈ ਹੇਤਿ ਪਿਆਰਿ ॥੩੯॥ {ਪੰਨਾ 1417} ਪਦ ਅਰਥ: ਨ ਹੋਵਈ = ਨ ਹੋਵੈ, ਨਹੀਂ ਹੋ ਸਕਦੀ। ਨਾਮਿ = ਨਾਮ ਵਿਚ। ਕੈ ਹੇਤਿ = ਦੇ ਪਿਆਰ ਵਿਚ। ਕੈ ਪਿਆਰਿ = ਦੇ ਪਿਆਰ ਵਿਚ।39। ਅਰਥ: ਹੇ ਭਾਈ! ਗੁਰੂ (ਦੀ ਸਰਨ ਪੈਣ) ਤੋਂ ਬਿਨਾ (ਪਰਮਾਤਮਾ ਦੀ) ਭਗਤੀ ਨਹੀਂ ਹੋ ਸਕਦੀ, (ਪਰਮਾਤਮਾ ਦੇ) ਨਾਮ ਵਿਚ ਪਿਆਰ ਨਹੀਂ ਬਣ ਸਕਦਾ। ਹੇ ਦਾਸ ਨਾਨਕ! (ਆਖ– ਹੇ ਭਾਈ!) ਗੁਰੂ ਦੇ ਪ੍ਰੇਮ-ਪਿਆਰ ਵਿਚ (ਰਹਿ ਕੇ ਹੀ ਪਰਮਾਤਮਾ ਦਾ ਨਾਮ) ਸਿਮਰਿਆ ਜਾ ਸਕਦਾ ਹੈ।39। ਲੋਭੀ ਕਾ ਵੇਸਾਹੁ ਨ ਕੀਜੈ ਜੇ ਕਾ ਪਾਰਿ ਵਸਾਇ ॥ ਅੰਤਿ ਕਾਲਿ ਤਿਥੈ ਧੁਹੈ ਜਿਥੈ ਹਥੁ ਨ ਪਾਇ ॥ ਮਨਮੁਖ ਸੇਤੀ ਸੰਗੁ ਕਰੇ ਮੁਹਿ ਕਾਲਖ ਦਾਗੁ ਲਗਾਇ ॥ ਮੁਹ ਕਾਲੇ ਤਿਨ੍ਹ੍ਹ ਲੋਭੀਆਂ ਜਾਸਨਿ ਜਨਮੁ ਗਵਾਇ ॥ ਸਤਸੰਗਤਿ ਹਰਿ ਮੇਲਿ ਪ੍ਰਭ ਹਰਿ ਨਾਮੁ ਵਸੈ ਮਨਿ ਆਇ ॥ ਜਨਮ ਮਰਨ ਕੀ ਮਲੁ ਉਤਰੈ ਜਨ ਨਾਨਕ ਹਰਿ ਗੁਨ ਗਾਇ ॥੪੦॥ {ਪੰਨਾ 1417} ਪਦ ਅਰਥ: ਨ ਕੀਜੈ = ਨਹੀਂ ਕਰਨਾ ਚਾਹੀਦਾ। ਵੇਸਾਹੁ = ਇਤਬਾਰ। ਜੇਕਾ ਪਾਰਿ = ਜਿੱਥੋਂ ਤਕ। ਵਸਾਇ = ਵੱਸ (ਚੱਲ ਸਕੇ) । ਅੰਤਿ ਕਾਲਿ = ਅਖ਼ੀਰਲੇ ਵੇਲੇ। ਧੁਹੈ– ਧੋਖਾ ਦੇ ਜਾਂਦਾ ਹੈ। ਹਥੁ ਨ ਪਾਇ = (ਕੋਈ ਹੋਰ) ਹੱਥ ਨਹੀਂ ਪਾ ਸਕਦਾ, ਮਦਦ ਨਹੀਂ ਕਰ ਸਕਦਾ। ਮਨੁਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ। ਸੇਤੀ = ਨਾਲ। ਸੰਗੁ = ਸਾਥ, ਮੇਲ। ਮੁਹਿ = ਮੂੰਹ ਉੱਤੇ। ਜਾਸਨਿ = ਜਾਣਗੇ, ਜਾਂਦੇ ਹਨ। ਗਵਾਇ = ਵਿਅਰਥ ਗਵਾ ਕੇ। ਪ੍ਰਭ = ਹੇ ਪ੍ਰਭੂ! ਮਨਿ = ਮਨ ਵਿਚ। ਗਾਇ = ਗਾ ਕੇ।40। ਅਰਥ: ਹੇ ਭਾਈ! ਜਿੱਥੋਂ ਤਕ ਹੋ ਸਕੇ, ਕਿਸੇ ਲਾਲਚੀ ਮਨੁੱਖ ਦਾ ਇਤਬਾਰ ਨਹੀਂ ਕਰਨਾ ਚਾਹੀਦਾ, (ਲਾਲਚੀ ਮਨੁੱਖ) ਆਖ਼ਰ ਉਸ ਥਾਂ ਧੋਖਾ ਦੇ ਜਾਂਦਾ ਹੈ, ਜਿੱਥੇ ਕੋਈ ਮਦਦ ਨਾਹ ਕਰ ਸਕੇ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨਾਲ (ਜਿਹੜਾ ਮਨੁੱਖ) ਸਾਥ ਬਣਾਈ ਰੱਖਦਾ ਹੈ, (ਉਹ ਭੀ (ਆਪਣੇ) ਮੂੰਹ ਉਤੇ (ਬਦਨਾਮੀ ਦੀ) ਕਾਲਖ ਲਾਂਦਾ ਹੈ (ਬਦਨਾਮੀ ਦਾ) ਦਾਗ਼ ਲਾਂਦਾ ਹੈ। ਉਹਨਾਂ ਲਾਲਚੀ ਮਨੁੱਖਾਂ ਦੇ ਮੂੰਹ (ਬਦਨਾਮੀ ਦੀ ਕਾਲਖ ਨਾਲ) ਕਾਲੇ ਹੋਏ ਰਹਿੰਦੇ ਹਨ, ਉਹ ਮਨੁੱਖਾ ਜਨਮ ਵਿਅਰਥ ਗਵਾ ਕੇ (ਜਗਤ ਤੋਂ) ਜਾਂਦੇ ਹਨ। ਹੇ ਪ੍ਰਭੂ! (ਆਪਣੀ) ਸਾਧ ਸੰਗਤਿ ਵਿਚ ਮਿਲਾਈ ਰੱਖ (ਸਾਧ ਸੰਗਤਿ ਵਿਚ ਰਿਹਾਂ ਹੀ) ਹਰਿ-ਨਾਮ ਮਨ ਵਿਚ ਵੱਸ ਸਕਦਾ ਹੈ, ਅਤੇ, ਹੇ ਨਾਨਕ! ਪਰਮਾਤਮਾ ਦੇ ਗੁਣ ਗਾ ਗਾ ਕੇ ਜਨਮ ਮਰਨ ਦੀ ਵਿਕਾਰਾਂ ਦੀ ਮੈਲ (ਮਨ ਤੋਂ) ਲਹਿ ਜਾਂਦੀ ਹੈ।40। ਧੁਰਿ ਹਰਿ ਪ੍ਰਭਿ ਕਰਤੈ ਲਿਖਿਆ ਸੁ ਮੇਟਣਾ ਨ ਜਾਇ ॥ ਜੀਉ ਪਿੰਡੁ ਸਭੁ ਤਿਸ ਦਾ ਪ੍ਰਤਿਪਾਲਿ ਕਰੇ ਹਰਿ ਰਾਇ ॥ ਚੁਗਲ ਨਿੰਦਕ ਭੁਖੇ ਰੁਲਿ ਮੁਏ ਏਨਾ ਹਥੁ ਨ ਕਿਥਾਊ ਪਾਇ ॥ ਬਾਹਰਿ ਪਾਖੰਡ ਸਭ ਕਰਮ ਕਰਹਿ ਮਨਿ ਹਿਰਦੈ ਕਪਟੁ ਕਮਾਇ ॥ ਖੇਤਿ ਸਰੀਰਿ ਜੋ ਬੀਜੀਐ ਸੋ ਅੰਤਿ ਖਲੋਆ ਆਇ ॥ ਨਾਨਕ ਕੀ ਪ੍ਰਭ ਬੇਨਤੀ ਹਰਿ ਭਾਵੈ ਬਖਸਿ ਮਿਲਾਇ ॥੪੧॥ {ਪੰਨਾ 1417-1418} ਪਦ ਅਰਥ: ਧੁਰਿ = ਧੁਰ ਦਰਗਾਹ ਤੋਂ। ਕਰਤੈ = ਕਰਤਾਰ ਨੇ। ਸੁ = ਉਹ (ਲੇਖ) । ਜੀਉ = ਜਿੰਦ। ਪਿੰਡੁ = ਸਰੀਰ। ਤਿਸ ਦਾ = (ਸੰਬੰਧਕ 'ਦਾ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ) । ਹਰਿ ਰਾਇ = ਪ੍ਰਭੂ ਪਾਤਸ਼ਾਹ। ਭੁਖੇ = ਤ੍ਰਿਸ਼ਨਾ ਦੇ ਅਧੀਨ। ਕਿਥਾਊ = ਕਿਤੇ ਭੀ। ਨ ਪਾਇ = ਨਹੀਂ ਪੈਂਦਾ। ਪਾਖੰਡ ਕਰਮ = ਵਿਖਾਵੇ ਦੇ ਕੰਮ। ਕਰਹਿ = ਕਰਦੇ ਹਨ। ਮਨਿ = ਮਨ ਵਿਚ। ਹਿਰਦੈ = ਹਿਰਦੇ ਵਿਚ। ਖੇਤਿ = ਖੇਤ ਵਿਚ। ਸਰੀਰਿ = ਸਰੀਰ ਵਿਚ। ਕਪਟੁ = ਖੋਟ, ਧੋਖਾ। ਕਮਾਇ = ਕਮਾ ਕੇ। ਬੀਜੀਐ = ਬੀਜਿਆ ਜਾਂਦਾ ਹੈ। ਅੰਤਿ = ਆਖ਼ਰ। ਖਲੋਆ ਆਇ = ਪਰਗਟ ਹੋ ਜਾਂਦਾ ਹੈ। ਪ੍ਰਭ = ਹੇ ਪ੍ਰਭੂ! ਹਰਿ = ਹੇ ਹਰੀ! ਭਾਵੈ = (ਜਿਵੇਂ ਤੈਨੂੰ) ਚੰਗਾ ਲੱਗੇ। ਬਖਸਿ = ਮਿਹਰ ਕਰ ਕੇ।41। ਅਰਥ: ਹੇ ਭਾਈ! (ਜੀਵ ਦੇ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ) ਕਰਤਾਰ ਹਰੀ ਪ੍ਰਭੂ ਨੇ ਧੁਰ ਦਰਗਾਹ ਤੋਂ (ਜੀਵ ਦੇ ਮੱਥੇ ਉੱਤੇ ਜੋ ਲੇਖ) ਲਿਖ ਦਿੱਤਾ, ਉਹ ਲੇਖ (ਕਿਸੇ ਜੀਵ ਪਾਸੋਂ ਆਪਣੇ ਉੱਦਮ ਨਾਲ) ਮਿਟਾਇਆ ਨਹੀਂ ਜਾ ਸਕਦਾ (ਕਿਉਂਕਿ ਹਰੇਕ ਜੀਵ ਦੀ ਇਹ) ਜਿੰਦ ਇਹ ਸਰੀਰ ਉਸ (ਪਰਮਾਤਮਾ) ਦਾ ਦਿੱਤਾ ਹੋਇਆ ਹੈ ਜੋ ਪ੍ਰਭੂ-ਪਾਤਿਸ਼ਾਹ (ਸਭ ਦੀ) ਪਾਲਣਾ ਭੀ ਕਰਦਾ ਹੈ (ਉਸ ਦਾਤਾਰ ਨੂੰ ਭੁਲਾ ਕੇ) ਚੁਗ਼ਲੀ ਨਿੰਦਾ ਕਰਨ ਵਾਲੇ ਮਨੁੱਖ ਮਾਇਆ ਦੀ ਤ੍ਰਿਸ਼ਨਾ ਵਿਚ ਫਸੇ ਰਹਿ ਕੇ ਦੁਖੀ ਰਹਿ ਕੇ ਆਤਮਕ ਮੌਤ ਸਹੇੜ ਲੈਂਦੇ ਹਨ (ਇਸ ਭੈੜੀ ਦਸ਼ਾ ਵਿਚੋਂ ਨਿਕਲਣ ਲਈ) ਕਿਤੇ ਭੀ ਉਹਨਾਂ ਦਾ ਹੱਥ ਨਹੀਂ ਪੈ ਸਕਦਾ। (ਅਜਿਹੇ ਮਨੁੱਖ ਆਪਣੇ ਮਨ ਵਿਚ ਹਿਰਦੇ ਵਿਚ ਖੋਟ ਕਮਾ ਕੇ ਬਾਹਰ (ਲੋਕਾਂ ਨੂੰ ਵਿਖਾਣ ਲਈ) ਵਿਖਾਵੇ ਦੇ ਧਾਰਮਿਕ ਕਰਮ ਕਰਦੇ ਰਹਿੰਦੇ ਹਨ। (ਇਹ ਕੁਦਰਤੀ ਨਿਯਮ ਹੈ ਕਿ) ਇਸ ਸਰੀਰ-ਖੇਤ ਵਿਚ ਜਿਹੜਾ ਭੀ (ਚੰਗਾ ਮੰਦਾ) ਕਰਮ ਬੀਜਿਆ ਜਾਂਦਾ ਹੈ, ਉਹ ਜ਼ਰੂਰ ਪਰਗਟ ਹੋ ਜਾਂਦਾ ਹੈ। ਹੇ ਪ੍ਰਭੂ! ਹੇ ਹਰੀ! (ਤੇਰੇ ਦਾਸ) ਨਾਨਕ ਦੀ (ਤੇਰੇ ਦਰ ਤੇ) ਬੇਨਤੀ ਹੈ ਕਿ ਜਿਵੇਂ ਹੋ ਸਕੇ ਮਿਹਰ ਕਰ ਕੇ (ਜੀਵਾਂ ਨੂੰ ਆਪਣੇ ਚਰਨਾਂ ਵਿਚ) ਜੋੜ।41। |
Sri Guru Granth Darpan, by Professor Sahib Singh |