ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1418

ਮਨ ਆਵਣ ਜਾਣੁ ਨ ਸੁਝਈ ਨਾ ਸੁਝੈ ਦਰਬਾਰੁ ॥ ਮਾਇਆ ਮੋਹਿ ਪਲੇਟਿਆ ਅੰਤਰਿ ਅਗਿਆਨੁ ਗੁਬਾਰੁ ॥ ਤਬ ਨਰੁ ਸੁਤਾ ਜਾਗਿਆ ਸਿਰਿ ਡੰਡੁ ਲਗਾ ਬਹੁ ਭਾਰੁ ॥ ਗੁਰਮੁਖਾਂ ਕਰਾਂ ਉਪਰਿ ਹਰਿ ਚੇਤਿਆ ਸੇ ਪਾਇਨਿ ਮੋਖ ਦੁਆਰੁ ॥ ਨਾਨਕ ਆਪਿ ਓਹਿ ਉਧਰੇ ਸਭ ਕੁਟੰਬ ਤਰੇ ਪਰਵਾਰ ॥੪੨॥ {ਪੰਨਾ 1418}

ਪਦ ਅਰਥ: ਮਨ = ਹੇ ਮਨ! ਆਵਣ ਜਾਣੁ = ਜਨਮ ਮਰਨ (ਦਾ ਗੇੜ) । ਨ ਸੁਝਈ = ਨਹੀਂ ਸੁੱਝਦਾ, ਖ਼ਿਆਲ ਨਹੀਂ ਆਉਂਦਾ। ਦਰਬਾਰੁ = ਪਰਮਾਤਮਾ ਦੀ ਹਜ਼ੂਰੀ। ਮੋਹਿ = ਮੋਹ ਵਿਚ। ਪਲੇਟਿਆ = ਲਿਬੜਿਆ ਹੋਇਆ, ਫਸਿਆ ਹੋਇਆ। ਅੰਤਰਿ = (ਤੇਰੇ) ਅੰਦਰ। ਅਗਿਆਨੁ = ਆਤਮਕ ਜੀਵਨ ਵਲੋਂ ਬੇ-ਸਮਝੀ। ਗੁਬਾਰੁ = (ਆਤਮਕ ਜੀਵਨ ਵਲੋਂ) ਘੁੱਪ ਹਨੇਰਾ। ਸਿਰਿ = ਸਿਰ ਉੱਤੇ। ਡੰਡੁ = ਡੰਡਾ। ਭਾਰੁ = ਭਾਰਾ, ਕਰਾਰਾ। ਕਰ = ਹੱਥ। ਕਰਾਂ ਉਪਰਿ = ਹੱਥਾਂ ਉੱਤੇ, ਹੱਥਾਂ ਦੀਆਂ ਉਂਗਲਾਂ ਤੇ, ਹਰ ਵੇਲੇ। ਸੇ = ਉਹ (ਬਹੁ-ਵਚਨ) । ਪਾਇਨਿ = ਲੱਭ ਲੈਂਦੇ ਹਨ। ਮੋਖ = ਵਿਕਾਰਾਂ ਤੋਂ ਖ਼ਲਾਸੀ। ਮੋਖ ਦੁਆਰੁ = ਵਿਕਾਰਾਂ ਤੋਂ ਖ਼ਲਾਸੀ ਪਾਣ ਦਾ ਦਰਵਾਜ਼ਾ। ਓਹਿ = (ਲਫ਼ਜ਼ 'ਓਹ' ਤੋਂ ਬਹੁ-ਵਚਨ) । ਉਧਰੇ = ਬਚ ਗਏ।42।

ਅਰਥ: ਹੇ ਮਨ! (ਤੈਨੂੰ) ਜਨਮ ਮਰਨ ਦਾ ਗੇੜ ਨਹੀਂ ਸੁੱਝਦਾ (ਤੈਨੂੰ ਇਹ ਖ਼ਿਆਲ ਨਹੀਂ ਆਉਂਦਾ ਕਿ ਜਨਮ ਮਰਨ ਦੇ ਗੇੜ ਵਿਚ ਪੈਣਾ ਪਏਗਾ) , (ਤੈਨੂੰ) ਪ੍ਰਭੂ ਦੀ ਹਜ਼ੂਰੀ ਭੀ ਯਾਦ ਨਹੀਂ ਆਉਂਦੀ। ਤੂੰ (ਸਦਾ) ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈਂ, ਤੇਰੇ ਅੰਦਰ ਆਤਮਕ ਜੀਵਨ ਵਲੋਂ ਬੇ-ਸਮਝੀ ਹੈ, ਆਤਮਕ ਜੀਵਨ ਵਲੋਂ ਘੁੱਪ ਹਨੇਰਾ ਹੈ।

ਹੇ ਭਾਈ! (ਮਾਇਆ ਦੇ ਮੋਹ ਦੀ) ਨੀਂਦ ਵਿਚ ਪਿਆ ਮਨੁੱਖ ਤਦੋਂ (ਹੀ) ਹੋਸ਼ ਕਰਦਾ ਹੈ ਜਦੋਂ (ਇਸ ਦੇ) ਸਿਰ ਉੱਤੇ (ਧਰਮਰਾਜ ਦਾ) ਤਕੜਾ ਕਰਾਰਾ ਡੰਡਾ ਵੱਜਦਾ ਹੈ (ਜਦੋਂ ਮੌਤ ਆ ਦਬੋਚਦੀ ਹੈ) ।

ਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਹਰ ਵੇਲੇ ਪਰਮਾਤਮਾ ਨੂੰ ਸਿਮਰਦੇ ਰਹਿੰਦੇ ਹਨ, ਉਸ ਮਾਇਆ ਦੇ ਮੋਹ ਤੋਂ ਖ਼ਲਾਸੀ ਦਾ ਰਸਤਾ ਲੱਭ ਲੈਂਦੇ ਹਨ। ਉਹ ਆਪ (ਭੀ ਵਿਕਾਰਾਂ ਵਿਚ ਗਲਣੋਂ) ਬਚ ਜਾਂਦੇ ਹਨ, ਉਹਨਾਂ ਦੇ ਪਰਵਾਰ-ਕੁਟੰਬ ਦੇ ਸਾਰੇ ਸਾਥੀ ਭੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ।42।

ਸਬਦਿ ਮਰੈ ਸੋ ਮੁਆ ਜਾਪੈ ॥ ਗੁਰ ਪਰਸਾਦੀ ਹਰਿ ਰਸਿ ਧ੍ਰਾਪੈ ॥ ਹਰਿ ਦਰਗਹਿ ਗੁਰ ਸਬਦਿ ਸਿਞਾਪੈ ॥ ਬਿਨੁ ਸਬਦੈ ਮੁਆ ਹੈ ਸਭੁ ਕੋਇ ॥ ਮਨਮੁਖੁ ਮੁਆ ਅਪੁਨਾ ਜਨਮੁ ਖੋਇ ॥ ਹਰਿ ਨਾਮੁ ਨ ਚੇਤਹਿ ਅੰਤਿ ਦੁਖੁ ਰੋਇ ॥ ਨਾਨਕ ਕਰਤਾ ਕਰੇ ਸੁ ਹੋਇ ॥੪੩॥ {ਪੰਨਾ 1418}

ਪਦ ਅਰਥ: ਸਬਦਿ = ਗੁਰੂ ਸ਼ਬਦ ਦੀ ਰਾਹੀਂ। ਮਰੈ = (ਵਿਕਾਰਾਂ ਵਲੋਂ) ਮਰਦਾ ਹੈ। ਸੋ ਮੁਆ = ਵਿਕਾਰਾਂ ਵਲੋਂ ਮਰਿਆ ਉਹ ਮਨੁੱਖ। ਜਾਪੈ = ਪ੍ਰਸਿੱਧ ਹੋ ਜਾਂਦਾ ਹੈ, ਸੋਭਾ ਖੱਟਦਾ ਹੈ। ਪਰਸਾਦੀ = ਪਰਸਾਦਿ, ਕਿਰਪਾ ਨਾਲ। ਰਸਿ = ਰਸ ਨਾਲ। ਧ੍ਰਾਪੈ = ਰੱਜ ਜਾਂਦਾ ਹੈ। ਸਿਞਾਪੈ = ਪਛਾਣਿਆ ਜਾਂਦਾ ਹੈ, ਸਤਕਾਰ ਪ੍ਰਾਪਤ ਕਰਦਾ ਹੈ। ਮੁਆ = ਆਤਮਕ ਮੌਤੇ ਮਰਿਆ ਹੋਇਆ। ਸਭੁ ਕੋਇ = ਹਰੇਕ ਜੀਵ। ਮਨਮੁਖੁ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਖੋਇ = ਗਵਾ ਕੇ। ਨ ਚੇਤਹਿ = ਨਹੀਂ ਚੇਤਦੇ (ਬਹੁ-ਵਚਨ) । ਅੰਤਿ = ਅਖ਼ੀਰ ਤਕ, ਜੀਵਨ ਦੇ ਅਖ਼ੀਰ ਤਕ। ਰੋਇ = ਰੋਇਂ, ਰੋਵਹਿ, ਰੋਂਦੇ ਰਹਿੰਦੇ ਹਨ (ਨੋਟ: ਲਫ਼ਜ਼ 'ਰੋਇ' ਇਕ-ਵਚਨ ਤੋਂ ਬਹੁ-ਵਚਨ ਆਮ ਤੌਰ ਤੇ 'ਰੋਵਹਿ' ਹੈ, 'ਰੋਹਿ' ਨਹੀਂ) ।43।

ਅਰਥ: ਹੇ ਭਾਈ! ਗੁਰੂ ਦੇ ਸ਼ਬਦ ਦੀ ਰਾਹੀਂ (ਮਨੁੱਖ ਵਿਕਾਰਾਂ ਵਲੋਂ) ਮਰ ਜਾਂਦਾ ਹੈ, (ਤੇ, ਵਿਕਾਰਾਂ ਵਲੋਂ) ਮਰਿਆ ਹੋਇਆ ਉਹ ਮਨੁੱਖ (ਜਗਤ ਵਿਚ) ਸੋਭਾ ਖੱਟਦਾ ਹੈ। ਗੁਰੂ ਦੀ ਕਿਰਪਾ ਨਾਲ ਹਰਿ-ਨਾਮ-ਰਸ ਦੀ ਰਾਹੀਂ (ਮਨੁੱਖ ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਜਾਂਦਾ ਹੈ। ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਮਨੁੱਖ) ਪਰਮਾਤਮਾ ਦੀ ਹਜ਼ੂਰੀ ਵਿਚ (ਭੀ) ਸਤਕਾਰ ਪ੍ਰਾਪਤ ਕਰਦਾ ਹੈ।

ਹੇ ਭਾਈ! ਗੁਰੂ ਦੇ ਸ਼ਬਦ ਤੋਂ ਬਿਨਾ ਹਰੇਕ ਜੀਵ ਆਤਮਕ ਮੌਤੇ ਮਰਿਆ ਰਹਿੰਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਆਪਣਾ ਮਨੁੱਖਾ ਜੀਵਨ ਅਜ਼ਾਈਂ ਗਵਾ ਕੇ ਆਤਮਕ ਮੌਤ ਸਹੇੜੀ ਰੱਖਦਾ ਹੈ। ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਨਹੀਂ ਸਿਮਰਦੇ, ਉਹ (ਜ਼ਿੰਦਗੀ ਦੇ) ਅਖ਼ੀਰ ਤਕ (ਆਪਣਾ ਕੋਈ ਨਾ ਕੋਈ) ਦੁੱਖ (ਹੀ) ਰੋਂਦੇ ਰਹਿੰਦੇ ਹਨ।

(ਪਰ, ਜੀਵਾਂ ਦੇ ਭੀ ਕੀਹ ਵੱਸ?) ਹੇ ਨਾਨਕ! (ਜੀਵਾਂ ਦੇ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਜੀਵ ਵਾਸਤੇ) ਪਰਮਾਤਮਾ ਜੋ ਕੁਝ ਕਰਦਾ ਹੈ, ਉਹੀ ਹੁੰਦਾ ਹੈ।43।

ਗੁਰਮੁਖਿ ਬੁਢੇ ਕਦੇ ਨਾਹੀ ਜਿਨ੍ਹ੍ਹਾ ਅੰਤਰਿ ਸੁਰਤਿ ਗਿਆਨੁ ॥ ਸਦਾ ਸਦਾ ਹਰਿ ਗੁਣ ਰਵਹਿ ਅੰਤਰਿ ਸਹਜ ਧਿਆਨੁ ॥ ਓਇ ਸਦਾ ਅਨੰਦਿ ਬਿਬੇਕ ਰਹਹਿ ਦੁਖਿ ਸੁਖਿ ਏਕ ਸਮਾਨਿ ॥ ਤਿਨਾ ਨਦਰੀ ਇਕੋ ਆਇਆ ਸਭੁ ਆਤਮ ਰਾਮੁ ਪਛਾਨੁ ॥੪੪॥ {ਪੰਨਾ 1418}

ਪਦ ਅਰਥ: ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ। ਬੁਢੇ = (ਆਤਮਕ ਜੀਵਨ ਵਲੋਂ) ਕਮਜ਼ੋਰ। ਸੁਰਤਿ = ਪ੍ਰਭੂ-ਚਰਨਾਂ ਦੀ ਲਗਨ। ਗਿਆਨੁ = ਆਤਮਕ ਜੀਵਨ ਦੀ ਸੂਝ। ਰਵਹਿ = ਯਾਦ ਕਰਦੇ ਹਨ। ਸਹਜ = ਆਤਮਕ ਅਡੋਲਤਾ। ਸਹਜ ਧਿਆਨੁ = ਆਤਮਕ ਅਡੋਲਤਾ ਦੀ ਸਮਾਧੀ। ਓਇ = (ਲਫ਼ਜ਼ 'ਓਹ' ਤੋਂ ਬਹੁ-ਵਚਨ) । ਅਨੰਦਿ = ਆਨੰਦ ਵਿਚ। ਬਿਬੇਕ = (ਚੰਗੇ ਮੰਦੇ ਕੰਮ ਦੀ) ਪਰਖ। ਰਹਹਿ = ਰਹਿੰਦੇ ਹਨ (ਬਹੁ-ਵਚਨ) । ਦੁਖਿ = ਦੁੱਖ ਵਿਚ। ਸੁਖਿ = ਸੁਖ ਵਿਚ। ਏਕ ਸਮਾਨਿ = ਇਕੋ ਜਿਹੇ, ਇਕੋ ਜਿਹੀ ਆਤਮਕ ਹਾਲਤ ਵਿਚ, ਅਡੋਲ-ਚਿੱਤ। ਇਕੋ = ਇਕ (ਪਰਮਾਤਮਾ) ਹੀ। ਸਭੁ = ਹਰ ਥਾਂ। ਆਤਮਰਾਮੁ = ਸਰਬ-ਵਿਆਪਕ ਪ੍ਰਭੂ। ਪਛਾਨੁ = ਪਛਾਣੂ, ਮਿੱਤਰ, ਸਾਥੀ।44।

ਅਰਥ: ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲੇ ਜਿਨ੍ਹਾਂ ਮਨੁੱਖਾਂ ਦੇ ਅੰਦਰ ਪ੍ਰਭੂ-ਚਰਨਾਂ ਦੀ ਲਗਨ ਟਿਕੀ ਰਹਿੰਦੀ ਹੈ, ਆਤਮਕ ਜੀਵਨ ਦੀ ਸੂਝ ਟਿਕੀ ਰਹਿੰਦੀ ਹੈ, ਉਹ ਮਨੁੱਖ (ਆਤਮਕ ਜੀਵਨ ਵਿਚ) ਕਦੇ ਕਮਜ਼ੋਰ ਨਹੀਂ ਹੁੰਦੇ। ਉਹ ਸਦਾ ਹੀ ਪਰਮਾਤਮਾ ਦੇ ਗੁਣ ਯਾਦ ਕਰਦੇ ਰਹਿੰਦੇ ਹਨ, ਉਹਨਾਂ ਦੇ ਅੰਦਰ ਆਤਮਕ ਅਡੋਲਤਾ ਦੀ ਸਮਾਧੀ ਬਣੀ ਰਹਿੰਦੀ ਹੈ। ਉਹ ਮਨੁੱਖ (ਚੰਗੇ ਮੰਦੇ ਕੰਮ ਦੀ) ਪਰਖ ਦੇ ਆਨੰਦ ਵਿਚ ਸਦਾ ਮਗਨ ਰਹਿੰਦੇ ਹਨ, (ਹਰੇਕ) ਦੁੱਖ ਵਿਚ (ਹਰੇਕ) ਸੁਖ ਵਿਚ ਉਹ ਸਦਾ ਅਡੋਲ-ਚਿੱਤ ਰਹਿੰਦੇ ਹਨ। ਉਹਨਾਂ ਨੂੰ ਹਰ ਥਾਂ ਸਿਰਫ਼ ਸਰਬ-ਵਿਆਪਕ ਪਰਮਾਤਮਾ ਸਾਥੀ ਹੀ ਵੱਸਦਾ ਦਿੱਸਦਾ ਹੈ।44।

ਮਨਮੁਖੁ ਬਾਲਕੁ ਬਿਰਧਿ ਸਮਾਨਿ ਹੈ ਜਿਨ੍ਹ੍ਹਾ ਅੰਤਰਿ ਹਰਿ ਸੁਰਤਿ ਨਾਹੀ ॥ ਵਿਚਿ ਹਉਮੈ ਕਰਮ ਕਮਾਵਦੇ ਸਭ ਧਰਮ ਰਾਇ ਕੈ ਜਾਂਹੀ ॥ ਗੁਰਮੁਖਿ ਹਛੇ ਨਿਰਮਲੇ ਗੁਰ ਕੈ ਸਬਦਿ ਸੁਭਾਇ ॥ ਓਨਾ ਮੈਲੁ ਪਤੰਗੁ ਨ ਲਗਈ ਜਿ ਚਲਨਿ ਸਤਿਗੁਰ ਭਾਇ ॥ ਮਨਮੁਖ ਜੂਠਿ ਨ ਉਤਰੈ ਜੇ ਸਉ ਧੋਵਣ ਪਾਇ ॥ ਨਾਨਕ ਗੁਰਮੁਖਿ ਮੇਲਿਅਨੁ ਗੁਰ ਕੈ ਅੰਕਿ ਸਮਾਇ ॥੪੫॥ {ਪੰਨਾ 1418}

ਪਦ ਅਰਥ: ਮਨਮੁਖੁ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਬਾਲਕੁ = (ਭਾਵ, ਨਰੋਏ ਸਰੀਰਕ ਅੰਗਾਂ ਵਾਲਾ) ਜੁਆਨ। ਬਿਰਧਿ ਸਮਾਨਿ = ਬੁੱਢੇ ਮਨੁੱਖ ਵਰਗਾ ਕਮਜ਼ੋਰ (ਆਤਮਕ ਜੀਵਨ ਵਿਚ ਕਮਜ਼ੋਰ) । ਸੁਰਤਿ = ਲਗਨ। ਧਰਮਰਾਇ ਕੈ = ਧਰਮਰਾਜ ਦੇ ਵੱਸ ਵਿਚ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ। ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਸੁਭਾਇ = (ਪ੍ਰਭੂ ਦੇ) ਪਿਆਰ ਵਿਚ। ਪਤੰਗੁ ਮੈਲੁ = ਰਤਾ ਭਰ ਭੀ (ਵਿਕਾਰਾਂ ਦੀ) ਮੈਲ। ਜਿ = ਜਿਹੜੇ। ਚਲਨਿ = ਤੁਰਦੇ ਹਨ। ਭਾਇ = ਪ੍ਰੇਮ ਵਿਚ। ਮਨਮੁਖ ਜੂਠਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੀ (ਵਿਕਾਰਾਂ ਦੀ) ਜੂਠ। ਸਉ = ਸੌ ਵਾਰੀ। ਧੋਵਣ ਪਾਇ = ਧੋਣ ਦਾ ਜਤਨ ਕਰੇ। ਮੇਲਿਅਨੁ = ਮਿਲਾ ਲਏ ਹਨ ਉਸ (ਪਰਮਾਤਮਾ) ਨੇ। ਕੈ ਅੰਕਿ = ਦੀ ਗੋਦ ਵਿਚ। ਸਮਾਇ = ਲੀਨ ਕਰ ਕੇ।45।

ਅਰਥ: ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਨਰੋਏ ਸਰੀਰਕ ਅੰਗਾਂ ਵਾਲਾ ਹੁੰਦਾ ਹੋਇਆ ਭੀ (ਆਤਮਕ ਜੀਵਨ ਵਿਚ) ਬੁੱਢੇ ਮਨੁੱਖ ਵਰਗਾ ਕਮਜ਼ੋਰ ਹੁੰਦਾ ਹੈ। ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਅੰਦਰ ਪਰਮਾਤਮਾ ਦੀ ਲਗਨ ਨਹੀਂ ਹੁੰਦੀ, ਉਹ ਮਨੁੱਖ (ਧਾਰਮਿਕ) ਕਰਮ (ਭੀ) ਹਉਮੈ ਵਿਚ (ਰਹਿ ਕੇ ਹੀ) ਕਰਦੇ ਹਨ, ਉਹ ਸਾਰੇ ਧਰਮਰਾਜ ਦੇ ਵੱਸ ਪੈਂਦੇ ਹਨ।

ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਪ੍ਰਭੂ ਦੇ) ਪਿਆਰ ਵਿਚ ਟਿਕ ਕੇ ਸੁੱਚੇ ਪਵਿੱਤਰ ਜੀਵਨ ਵਾਲੇ ਹੁੰਦੇ ਹਨ। ਜਿਹੜੇ ਮਨੁੱਖ ਗੁਰੂ ਦੇ ਅਨੁਸਾਰ ਰਹਿ ਕੇ ਜੀਵਨ ਚਾਲ ਚੱਲਦੇ ਹਨ, ਉਹਨਾਂ ਨੂੰ (ਵਿਕਾਰਾਂ ਦੀ) ਰਤਾ ਭੀ ਮੈਲ ਨਹੀਂ ਲੱਗਦੀ। ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੀ (ਵਿਕਾਰਾਂ ਦੀ) ਜੂਠ (ਉਸ ਦੇ ਮਨ ਤੋਂ) ਕਦੇ ਭੀ ਨਹੀਂ ਲਹਿੰਦੀ, ਭਾਵੇਂ ਉਹ ਸੌ ਵਾਰੀ (ਉਸ ਨੂੰ) ਧੋਣ ਦਾ ਜਤਨ ਕਰਦਾ ਰਹੇ।

ਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਨੂੰ ਗੁਰੂ ਦੀ ਗੋਦ ਵਿਚ ਲੀਨ ਕਰ ਕੇ ਪਰਮਾਤਮਾ ਨੇ (ਆਪ ਆਪਣੇ ਚਰਨਾਂ ਵਿਚ) ਮਿਲਾਇਆ ਹੁੰਦਾ ਹੈ।45।

ਬੁਰਾ ਕਰੇ ਸੁ ਕੇਹਾ ਸਿਝੈ ॥ ਆਪਣੈ ਰੋਹਿ ਆਪੇ ਹੀ ਦਝੈ ॥ ਮਨਮੁਖਿ ਕਮਲਾ ਰਗੜੈ ਲੁਝੈ ॥ ਗੁਰਮੁਖਿ ਹੋਇ ਤਿਸੁ ਸਭ ਕਿਛੁ ਸੁਝੈ ॥ ਨਾਨਕ ਗੁਰਮੁਖਿ ਮਨ ਸਿਉ ਲੁਝੈ ॥੪੬॥ {ਪੰਨਾ 1418}

ਪਦ ਅਰਥ: ਬੁਰਾ = ਬੁਰਾਈ। ਸੁ = ਉਹ ਮਨੁੱਖ। ਕੇਹਾ = ਕਿਹੋ ਜਿਹਾ? ਸਿਝੈ = ਕਾਮਯਾਬ ਹੁੰਦਾ ਹੈ। ਰੋਹਿ = ਕ੍ਰੋਧ ਵਿਚ। ਦਝੈ = ਸੜਦਾ ਰਹਿੰਦਾ ਹੈ। ਮਨਮੁਖਿ = ਆਪਣੇ ਮਨ ਦਾ ਮੁਰੀਦ ਮਨੁੱਖ। ਕਮਲਾ = ਝੱਲਾ। ਰਗੜੈ = ਦੁਨੀਆ ਦੇ ਝਗੜੇ-ਝੰਬੇਲੇ ਵਿਚ। ਲੁਝੈ = (ਹੋਰਨਾਂ ਨਾਲ) ਖਹਿੰਦਾ ਰਹਿੰਦਾ ਹੈ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਸਭ ਕਿਛੁ = (ਜੀਵਨ ਦਾ) ਹਰੇਕ ਭੇਤ। ਸੁਝੈ = ਸਮਝ ਵਿਚ ਆ ਜਾਂਦਾ ਹੈ। ਸਿਉ = ਨਾਲ। ਲੁਝੈ = ਟਾਕਰਾ ਕਰਦਾ ਹੈ।46।

ਅਰਥ: ਹੇ ਭਾਈ! ਜਿਹੜਾ ਮਨੁੱਖ (ਮਾਇਆ ਆਦਿਕ ਦੀ ਖ਼ਾਤਰ ਕਿਸੇ ਹੋਰ ਨਾਲ) ਕੋਈ ਭੈੜ ਕਮਾਂਦਾ ਹੈ, ਉਹ ਜ਼ਿੰਦਗੀ ਵਿਚ ਕਾਮਯਾਬ ਨਹੀਂ ਸਮਝਿਆ ਜਾ ਸਕਦਾ। (ਖਹਿ ਖਹਿ ਦੇ ਕਾਰਨ) ਉਹ ਮਨੁੱਖ ਆਪਣੇ ਹੀ ਗੁੱਸੇ (ਦੀ ਅੱਗ) ਵਿਚ (ਮਾਇਆ ਦੀ ਖ਼ਾਤਰ) ਝੱਲਾ ਹੋਇਆ ਫਿਰਦਾ ਹੈ, (ਦੁਨੀਆ ਦੇ) ਝਗੜੇ-ਝੰਬੇਲੇ ਵਿਚ (ਹੋਰਨਾਂ ਨਾਲ) ਖਹਿੰਦਾ ਰਹਿੰਦਾ ਹੈ। (ਪਰ) ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਆਤਮਕ ਜੀਵਨ ਦੇ) ਹਰੇਕ ਭੇਤ ਨੂੰ ਸਮਝਦਾ ਹੈ। ਹੇ ਨਾਨਕ! ਗੁਰੂ ਦੀ ਸਰਨ ਪਏ ਰਹਿਣ ਵਾਲਾ ਬੰਦਾ (ਆਪਣੇ) ਮਨ ਨਾਲ ਟਾਕਰਾ ਕਰਦਾ ਰਹਿੰਦਾ ਹੈ।46।

ਜਿਨਾ ਸਤਿਗੁਰੁ ਪੁਰਖੁ ਨ ਸੇਵਿਓ ਸਬਦਿ ਨ ਕੀਤੋ ਵੀਚਾਰੁ ॥ ਓਇ ਮਾਣਸ ਜੂਨਿ ਨ ਆਖੀਅਨਿ ਪਸੂ ਢੋਰ ਗਾਵਾਰ ॥ ਓਨਾ ਅੰਤਰਿ ਗਿਆਨੁ ਨ ਧਿਆਨੁ ਹੈ ਹਰਿ ਸਉ ਪ੍ਰੀਤਿ ਨ ਪਿਆਰੁ ॥ ਮਨਮੁਖ ਮੁਏ ਵਿਕਾਰ ਮਹਿ ਮਰਿ ਜੰਮਹਿ ਵਾਰੋ ਵਾਰ ॥ ਜੀਵਦਿਆ ਨੋ ਮਿਲੈ ਸੁ ਜੀਵਦੇ ਹਰਿ ਜਗਜੀਵਨ ਉਰ ਧਾਰਿ ॥ ਨਾਨਕ ਗੁਰਮੁਖਿ ਸੋਹਣੇ ਤਿਤੁ ਸਚੈ ਦਰਬਾਰਿ ॥੪੭॥ {ਪੰਨਾ 1418}

ਪਦ ਅਰਥ: ਸਬਦਿ = ਗੁਰੂ ਦੇ ਸ਼ਬਦ ਵਿਚ। ਨ ਕੀਤੋ ਵੀਚਾਰੁ = ਮਨ ਨਹੀਂ ਜੋੜਿਆ। ਓਇ = (ਲਫ਼ਜ਼ 'ਓਹ' ਤੋਂ ਬਹੁ-ਵਚਨ) । ਨ ਆਖੀਅਨਿ = ਨਹੀਂ ਆਖੇ ਜਾਂਦੇ। ਢੋਰ = ਮਰੇ ਪਸ਼ੂ। ਗਾਵਾਰ = ਮਹਾਂ ਮੂਰਖ। ਅੰਤਰਿ = ਅੰਦਰ। ਗਿਆਨ = ਆਤਮਕ ਜੀਵਨ ਦੀ ਸੂਝ। ਧਿਆਨ = ਪ੍ਰਭੂ-ਚਰਨਾਂ ਵਿਚ ਸੁਰਤਿ। ਸਉ = ਸਿਉਂ, ਨਾਲ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਮੁਏ = ਆਤਮਕ ਮੌਤੇ ਮਰੇ ਹੋਏ। ਵਾਰੋ ਵਾਰ = ਮੁੜ ਮੁੜ। ਨੋ = ਨੂੰ। ਜੀਵਦਿਆ ਨੋ = ਆਤਮਕ ਜੀਵਨ ਜੀਊਣ ਵਾਲਿਆਂ ਨੂੰ। ਮਿਲੈ = ਮਿਲਦਾ ਹੈ (ਇਕ-ਵਚਨ) । ਜੀਵਦੇ = ਆਤਮਕ ਜੀਵਨ ਵਾਲੇ। ਉਰ ਧਾਰਿ = ਹਿਰਦੇ ਵਿਚ ਵਸਾ ਕੇ। ਤਿਤੁ ਦਰਬਾਰਿ = ਉਸ ਦਰਬਾਰ ਵਿਚ। ਤਿਤੁ ਸਚੈ ਦਰਬਾਰਿ = ਉਸ ਸਦਾ-ਥਿਰ ਦਰਬਾਰ ਵਿਚ।47।

ਅਰਥ: ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਗੁਰੂ ਮਹਾ ਪੁਰਖ ਦੀ ਸਰਨ ਨਹੀਂ ਫੜੀ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਵਿਚ ਆਪਣਾ ਮਨ ਨਹੀਂ ਜੋੜਿਆ, ਉਹ ਬੰਦੇ ਮਨੁੱਖਾ ਜੂਨ ਵਿਚ ਆਏ ਨਹੀਂ ਕਹੇ ਜਾ ਸਕਦੇ, ਉਹ ਤਾਂ ਪਸ਼ੂ ਹਨ, ਉਹ ਤਾਂ ਮਰੇ ਹੋਏ ਪਸ਼ੂ ਹਨ ਉਹ ਮਹਾਂ ਮੂਰਖ ਹਨ। ਉਹਨਾਂ ਮਨੁੱਖਾਂ ਦੇ ਅੰਦਰ ਆਤਮਕ ਜੀਵਨ ਦੀ ਸੂਝ ਨਹੀਂ ਹੈ, ਉਹਨਾਂ ਦੇ ਅੰਦਰ ਪ੍ਰਭੂ-ਚਰਨਾਂ ਦੀ ਲਗਨ ਨਹੀਂ ਹੈ, ਪ੍ਰਭੂ ਨਾਲ ਉਹਨਾਂ ਦਾ ਪ੍ਰੇਮ-ਪਿਆਰ ਨਹੀਂ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਉਹ ਮਨੁੱਖ ਵਿਕਾਰਾਂ ਵਿਚ ਹੀ ਆਤਮਕ ਮੌਤ ਸਹੇੜੀ ਰੱਖਦੇ ਹਨ ਉਹ ਮੁੜ ਮੁੜ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ।

ਹੇ ਭਾਈ! ਜਿਹੜਾ ਜਿਹੜਾ ਮਨੁੱਖ ਆਤਮਕ ਜੀਵਨ ਵਾਲੇ ਮਨੁੱਖਾਂ ਨੂੰ ਮਿਲਦਾ ਹੈ ਉਹ ਸਾਰੇ ਭੀ ਜਗਤ ਦੇ ਜੀਵਨ ਹਰੀ ਨੂੰ ਹਿਰਦੇ ਵਿਚ ਵਸਾ ਕੇ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ। ਹੇ ਨਾਨਕ! ਗੁਰੂ ਦੇ ਸਨਮੁਖਿ ਰਹਿਣ ਵਾਲੇ ਮਨੁੱਖ ਉਸ ਸਦਾ-ਥਿਰ (ਰੱਬੀ) ਦਰਬਾਰ ਵਿਚ ਸੋਭਾ ਖੱਟਦੇ ਹਨ।47।

ਹਰਿ ਮੰਦਰੁ ਹਰਿ ਸਾਜਿਆ ਹਰਿ ਵਸੈ ਜਿਸੁ ਨਾਲਿ ॥ ਗੁਰਮਤੀ ਹਰਿ ਪਾਇਆ ਮਾਇਆ ਮੋਹ ਪਰਜਾਲਿ ॥ ਹਰਿ ਮੰਦਰਿ ਵਸਤੁ ਅਨੇਕ ਹੈ ਨਵ ਨਿਧਿ ਨਾਮੁ ਸਮਾਲਿ ॥ ਧਨੁ ਭਗਵੰਤੀ ਨਾਨਕਾ ਜਿਨਾ ਗੁਰਮੁਖਿ ਲਧਾ ਹਰਿ ਭਾਲਿ ॥ ਵਡਭਾਗੀ ਗੜ ਮੰਦਰੁ ਖੋਜਿਆ ਹਰਿ ਹਿਰਦੈ ਪਾਇਆ ਨਾਲਿ ॥੪੮॥ {ਪੰਨਾ 1418}

ਪਦ ਅਰਥ: ਸਾਜਿਆ = ਬਣਾਇਆ ਹੈ। ਜਿਸੁ ਨਾਲਿ = ਕਿਉਂਕਿ ਇਸ (ਸਰੀਰ) ਦੇ ਨਾਲ, ਇਸ ਸਰੀਰ ਵਿਚ। ਪਰਜਾਲਿ = ਚੰਗੀ ਤਰ੍ਹਾਂ ਸਾੜ ਕੇ। ਮੰਦਰਿ = ਮੰਦਰ ਵਿਚ। ਨਵਨਿਧਿ ਨਾਮੁ = ਪਰਮਾਤਮਾ ਦਾ ਨਾਮ ਜੋ, ਮਾਨੋ, ਧਰਤੀ ਦੇ ਸਾਰੇ ਹੀ ਨੌ ਖ਼ਜ਼ਾਨੇ ਹੈ। ਸਮਾਲਿ = ਸਾਂਭ ਕੇ ਰੱਖ। ਧਨੁ = (धन्य) । ਭਗਵੰਤੀ = ਭਾਗਾਂ ਵਾਲੇ। ਗੁਰਮੁਖਿ = ਗੁਰੂ ਦੀ ਰਾਹੀਂ। ਲਧਾ = ਲੱਧਾ, ਲੱਭ ਗਿਆ। ਗੜ = ਕਿਲ੍ਹਾ। ਹਿਰਦੈ = ਹਿਰਦੇ ਵਿਚ।48।

ਅਰਥ: ਹੇ ਭਾਈ! (ਮਨੁੱਖ ਦਾ ਇਹ ਸਰੀਰ-) ਹਰਿ-ਮੰਦਰ ਪਰਮਾਤਮਾ ਨੇ (ਆਪ) ਬਣਾਇਆ ਹੈ, ਇਸ ਸਰੀਰ-ਹਰਿਮੰਦਰ ਵਿਚ ਪਰਮਾਤਮਾ ਆਪ ਵੱਸਦਾ ਹੈ। (ਪਰ) ਗੁਰੂ ਦੀ ਮਤਿ ਉੱਤੇ ਤੁਰ ਕੇ (ਅੰਦਰੋਂ) ਮਾਇਆ ਦਾ ਮੋਹ ਚੰਗੀ ਤਰ੍ਹਾਂ ਸਾੜ ਕੇ (ਹੀ, ਕਿਸੇ ਭਾਗਾਂ ਵਾਲੇ ਨੇ ਅੰਦਰ-ਵੱਸਦਾ) ਪਰਮਾਤਮਾ ਲੱਭਾ ਹੈ।

ਹੇ ਭਾਈ! ਪਰਮਾਤਮਾ ਦਾ ਨਾਮ, ਮਾਨੋ, ਨੌ ਖ਼ਜ਼ਾਨੇ ਹੈ (ਇਸ ਨੂੰ ਹਿਰਦੇ ਵਿਚ) ਸਾਂਭ ਕੇ ਰੱਖ (ਜੇ ਹਰਿ-ਨਾਮ ਸੰਭਾਲਿਆ ਜਾਏ, ਤਾਂ) ਇਸ ਸਰੀਰ-ਹਰਿਮੰਦਰ ਵਿਚ ਅਨੇਕਾਂ ਹੀ ਉੱਤਮ ਕੀਮਤੀ ਗੁਣ (ਲੱਭ ਪੈਂਦੇ) ਹਨ।

ਹੇ ਨਾਨਕ! ਸ਼ਾਬਾਸ਼ੇ ਉਹਨਾਂ ਭਾਗਾਂ ਵਾਲਿਆਂ ਨੂੰ, ਜਿਨ੍ਹਾਂ ਗੁਰੂ ਦੀ ਸਰਨ ਪੈ ਕੇ (ਇਸ ਸਰੀਰ-ਹਰਿਮੰਦਰ ਵਿਚ ਵੱਸਦਾ) ਪਰਮਾਤਮਾ ਖੋਜ ਕੇ ਲੱਭ ਲਿਆ। ਜਿਨ੍ਹਾਂ ਵੱਡੇ ਭਾਗਾਂ ਵਾਲਿਆਂ ਨੇ ਇਸ ਸਰੀਰ ਕਿਲ੍ਹੇ ਨੂੰ ਸਰੀਰ ਮੰਦਰ ਨੂੰ ਖੋਜਿਆ, ਹਿਰਦੇ ਵਿਚ ਹੀ ਆਪਣੇ ਨਾਲ ਵੱਸਦਾ ਪਰਮਾਤਮਾ ਲੱਭ ਲਿਆ।48।

TOP OF PAGE

Sri Guru Granth Darpan, by Professor Sahib Singh