ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1419 ਮਨਮੁਖ ਦਹ ਦਿਸਿ ਫਿਰਿ ਰਹੇ ਅਤਿ ਤਿਸਨਾ ਲੋਭ ਵਿਕਾਰ ॥ ਮਾਇਆ ਮੋਹੁ ਨ ਚੁਕਈ ਮਰਿ ਜੰਮਹਿ ਵਾਰੋ ਵਾਰ ॥ ਸਤਿਗੁਰੁ ਸੇਵਿ ਸੁਖੁ ਪਾਇਆ ਅਤਿ ਤਿਸਨਾ ਤਜਿ ਵਿਕਾਰ ॥ ਜਨਮ ਮਰਨ ਕਾ ਦੁਖੁ ਗਇਆ ਜਨ ਨਾਨਕ ਸਬਦੁ ਬੀਚਾਰਿ ॥੪੯॥ {ਪੰਨਾ 1419} ਪਦ ਅਰਥ: ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਦਹ = ਦਸ। ਦਿਸਿ = ਪਾਸਾ। ਦਹ ਦਿਸਿ = ਦਸੀਂ ਪਾਸੀਂ (ਚਾਰ ਤਰਫਾਂ, ਚਾਰ ਨੁੱਕਰਾਂ, ਉਪਰ, ਹੇਠ) । ਨ ਚੁਕਈ = ਨਹੀਂ ਮੁੱਕਦਾ। ਮਰਿ ਜੰਮਹਿ = ਮਰ ਕੇ ਜੰਮਦੇ ਹਨ। ਵਾਰੋ ਵਾਰ = ਬਾਰ ਬਾਰ, ਮੁੜ ਮੁੜ। ਸੇਵਿ = ਸੇਵਾ ਕਰ ਕੇ, ਸਰਨ ਪੈ ਕੇ। ਸੁਖੁ = ਆਤਮਕ ਆਨੰਦ। ਤਜਿ = ਤਿਆਗ ਕੇ। ਸਬਦੁ ਬੀਚਾਰਿ = ਗੁਰੂ ਦੇ ਸ਼ਬਦ ਨੂੰ ਮਨ ਵਿਚ ਵਸਾ ਕੇ।49। ਅਰਥ: ਹੇ ਭਾਈ! ਮਾਇਆ ਦੀ ਭਾਰੀ ਤ੍ਰਿਸ਼ਨਾ, ਮਾਇਆ ਦਾ ਲਾਲਚ ਅਤੇ ਅਨੇਕਾਂ ਵਿਕਾਰਾਂ ਵਿਚ ਫਸ ਕੇ ਆਪਣੇ ਮਨ ਦੇ ਮੁਰੀਦ ਮਨੁੱਖ ਦਸੀਂ ਪਾਸੀਂ ਭਟਕਦੇ ਫਿਰਦੇ ਹਨ। (ਜਿਤਨਾ ਚਿਰ ਉਹਨਾਂ ਦੇ ਅੰਦਰੋਂ) ਮਾਇਆ ਦਾ ਮੋਹ ਮੁੱਕਦਾ ਨਹੀਂ, ਉਹ ਮੁੜ ਮੁੜ ਜੰਮਦੇ ਰਹਿੰਦੇ ਹਨ। ਹੇ ਦਾਸ ਨਾਨਕ! ਗੁਰੂ ਦੀ ਸਰਨ ਪੈ ਕੇ (ਆਪਣੇ ਅੰਦਰੋਂ) ਤ੍ਰਿਸ਼ਨਾ ਆਦਿਕ ਵਿਕਾਰ ਤਿਆਗ ਕੇ ਜਿਨ੍ਹਾਂ ਨੇ ਆਤਮਕ ਆਨੰਦ ਹਾਸਲ ਕਰ ਲਿਆ, ਗੁਰੂ ਦੇ ਸ਼ਬਦ ਨੂੰ ਮਨ ਵਿਚ ਵਸਾ ਕੇ ਉਹਨਾਂ ਦਾ ਜਨਮ ਮਰਨ (ਦੇ ਗੇੜ) ਦਾ ਦੁੱਖ ਦੂਰ ਹੋ ਗਿਆ।49। ਹਰਿ ਹਰਿ ਨਾਮੁ ਧਿਆਇ ਮਨ ਹਰਿ ਦਰਗਹ ਪਾਵਹਿ ਮਾਨੁ ॥ ਕਿਲਵਿਖ ਪਾਪ ਸਭਿ ਕਟੀਅਹਿ ਹਉਮੈ ਚੁਕੈ ਗੁਮਾਨੁ ॥ ਗੁਰਮੁਖਿ ਕਮਲੁ ਵਿਗਸਿਆ ਸਭੁ ਆਤਮ ਬ੍ਰਹਮੁ ਪਛਾਨੁ ॥ ਹਰਿ ਹਰਿ ਕਿਰਪਾ ਧਾਰਿ ਪ੍ਰਭ ਜਨ ਨਾਨਕ ਜਪਿ ਹਰਿ ਨਾਮੁ ॥੫੦॥ {ਪੰਨਾ 1419} ਪਦ ਅਰਥ: ਮਨ = ਹੇ ਮਨ! ਧਿਆਇ = ਸਿਮਰਿਆ ਕਰ। ਪਾਵਹਿ = ਤੂੰ ਹਾਸਲ ਕਰ ਲਏਂਗਾ। ਮਾਨੁ = ਇੱਜ਼ਤ, ਆਦਰ। ਕਿਲਵਿਖ = ਪਾਪ। ਸਭਿ = ਸਾਰੇ। ਕਟੀਅਹਿ = ਕੱਟੇ ਜਾਂਦੇ ਹਨ। ਚੁਕੈ = ਮੁੱਕ ਜਾਂਦਾ ਹੈ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਕਮਲੁ = ਹਿਰਦਾ-ਕੌਲ ਫੁੱਲ। ਵਿਗਸਿਆ = ਖਿੜ ਪੈਂਦਾ ਹੈ। ਸਭੁ = ਹਰ ਥਾਂ। ਆਤਮ ਬ੍ਰਹਮ = ਸਰਬ-ਵਿਆਪਕ ਹਰੀ। ਪਛਾਨੁ = ਪਛਾਣੂ, ਸਾਥੀ। ਹਰਿ ਹਰਿ = ਹੇ ਹਰੀ! ਪ੍ਰਭ = ਹੇ ਪ੍ਰਭੂ! ਜਪਿ = ਜਪੀਂ, ਮੈਂ ਜਪਦਾ ਰਹਾਂ।50। ਅਰਥ: ਹੇ (ਮੇਰੇ) ਮਨ! ਪਰਮਾਤਮਾ ਦਾ ਨਾਮ ਸਿਮਰਿਆ ਕਰ (ਸਿਮਰਨ ਦੀ ਬਰਕਤਿ ਨਾਲ) ਤੂੰ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਪ੍ਰਾਪਤ ਕਰੇਂਗਾ। (ਸਿਮਰਨ ਕੀਤਿਆਂ ਮਨੁੱਖ ਦੇ) ਸਾਰੇ ਪਾਪ ਐਬ ਕੱਟੇ ਜਾਂਦੇ ਹਨ, (ਮਨ ਵਿਚੋਂ) ਹਉਮੈ ਅਹੰਕਾਰ ਦੂਰ ਹੋ ਜਾਂਦਾ ਹੈ। ਗੁਰੂ ਦੀ ਸਰਨ ਪੈ ਕੇ (ਸਿਮਰਨ ਕੀਤਿਆਂ) ਹਿਰਦਾ-ਕੌਲ ਫੁੱਲ ਖਿੜ ਪੈਂਦਾ ਹੈ, ਹਰ ਥਾਂ ਸਰਬ-ਵਿਆਪਕ ਪ੍ਰਭੂ ਹੀ ਸਾਥੀ ਦਿੱਸਦਾ ਹੈ। ਹੇ ਦਾਸ ਨਾਨਕ! (ਆਖ-) ਹੇ ਹਰੀ! ਹੇ ਪ੍ਰਭੂ (ਮੇਰੇ ਉੱਤੇ) ਮਿਹਰ ਕਰ, ਮੈਂ (ਸਦਾ ਤੇਰਾ) ਨਾਮ ਜਪਦਾ ਰਹਾਂ।50। ਧਨਾਸਰੀ ਧਨਵੰਤੀ ਜਾਣੀਐ ਭਾਈ ਜਾਂ ਸਤਿਗੁਰ ਕੀ ਕਾਰ ਕਮਾਇ ॥ ਤਨੁ ਮਨੁ ਸਉਪੇ ਜੀਅ ਸਉ ਭਾਈ ਲਏ ਹੁਕਮਿ ਫਿਰਾਉ ॥ ਜਹ ਬੈਸਾਵਹਿ ਬੈਸਹ ਭਾਈ ਜਹ ਭੇਜਹਿ ਤਹ ਜਾਉ ॥ ਏਵਡੁ ਧਨੁ ਹੋਰੁ ਕੋ ਨਹੀ ਭਾਈ ਜੇਵਡੁ ਸਚਾ ਨਾਉ ॥ ਸਦਾ ਸਚੇ ਕੇ ਗੁਣ ਗਾਵਾਂ ਭਾਈ ਸਦਾ ਸਚੇ ਕੈ ਸੰਗਿ ਰਹਾਉ ॥ ਪੈਨਣੁ ਗੁਣ ਚੰਗਿਆਈਆ ਭਾਈ ਆਪਣੀ ਪਤਿ ਕੇ ਸਾਦ ਆਪੇ ਖਾਇ ॥ ਤਿਸ ਕਾ ਕਿਆ ਸਾਲਾਹੀਐ ਭਾਈ ਦਰਸਨ ਕਉ ਬਲਿ ਜਾਇ ॥ ਸਤਿਗੁਰ ਵਿਚਿ ਵਡੀਆ ਵਡਿਆਈਆ ਭਾਈ ਕਰਮਿ ਮਿਲੈ ਤਾਂ ਪਾਇ ॥ ਇਕਿ ਹੁਕਮੁ ਮੰਨਿ ਨ ਜਾਣਨੀ ਭਾਈ ਦੂਜੈ ਭਾਇ ਫਿਰਾਇ ॥ ਸੰਗਤਿ ਢੋਈ ਨਾ ਮਿਲੈ ਭਾਈ ਬੈਸਣਿ ਮਿਲੈ ਨ ਥਾਉ ॥ ਨਾਨਕ ਹੁਕਮੁ ਤਿਨਾ ਮਨਾਇਸੀ ਭਾਈ ਜਿਨਾ ਧੁਰੇ ਕਮਾਇਆ ਨਾਉ ॥ ਤਿਨ੍ਹ੍ਹ ਵਿਟਹੁ ਹਉ ਵਾਰਿਆ ਭਾਈ ਤਿਨ ਕਉ ਸਦ ਬਲਿਹਾਰੈ ਜਾਉ ॥੫੧॥ {ਪੰਨਾ 1419} ਧਨਾਸਰੀ = ਇਕ ਰਾਗਣੀ। ਪਦ ਅਰਥ: ਧਨਵੰਤੀ = ਧਨ ਵਾਲੀ, ਭਾਗਾਂ ਵਾਲੀ। ਜਾਣੀਐ = ਸਮਝੀ ਜਾਣੀ ਚਾਹੀਦੀ ਹੈ। ਭਾਈ = ਹੇ ਭਾਈ! ਜਾਂ = ਜਦੋਂ। ਕਮਾਇ = ਕਮਾਂਦੀ ਹੈ। ਸਉਪੇ = ਸੌਂਪਦੀ ਹੈ, ਭੇਟਾ ਕਰਦੀ ਹੈ, ਹਵਾਲੇ ਕਰਦੀ ਹੈ। ਜੀਅ ਸਉ = ਜਿੰਦ ਸਮੇਤ। ਹੁਕਮਿ = ਹੁਕਮ ਵਿਚ। ਲਏ ਫਿਰਾਉ = ਫੇਰਾ ਲੈਂਦੀ ਹੈ, ਤੁਰਦੀ-ਫਿਰਦੀ ਹੈ, ਜੀਵਨ-ਤੋਰ ਤੁਰਦੀ ਹੈ। ਜਹ = ਜਿੱਥੇ। ਬੈਸਾਵਹਿ = (ਪ੍ਰਭੂ ਜੀ) ਬਿਠਾਂਦੇ ਹਨ। ਬੈਸਹ = ਅਸੀਂ ਜੀਵ ਬੈਠਦੇ ਹਾਂ। ਭੇਜਹਿ = (ਪ੍ਰਭੂ ਜੀ) ਭੇਜਦੇ ਹਨ। ਤਹ = ਉਥੇ। ਜਾਉ = ਜਾਉਂ, ਮੈਂ ਜਾਂਦਾ ਹਾਂ। ਏਵਡੁ = ਏਡਾ ਵੱਡਾ, ਇਤਨਾ ਕੀਮਤੀ। ਕੋ = ਕੋਈ। ਜੇਵਡੁ = ਜਿਤਨਾ ਕੀਮਤੀ। ਸਚਾ ਨਾਉ = ਸਦਾ-ਥਿਰ ਹਰਿ-ਨਾਮ ਧਨ। ਗਾਵਾਂ = ਮੈਂ ਗਾਂਦਾ ਹਾਂ। ਭਾਈ = ਹੇ ਭਾਈ! ਕੈ ਸੰਗਿ = ਦੇ ਨਾਲ। ਸਚੇ ਕੈ ਸੰਗਿ = ਸਦਾ-ਥਿਰ ਪ੍ਰਭੂ ਦੇ ਨਾਲ। ਰਹਾਉ = ਰਹਉ, ਰਹਉਂ, ਮੈਂ ਰਹਿੰਦਾ ਹਾਂ। ਪੈਨਣੁ = ਪੁਸ਼ਾਕ, ਸਿਰੋਪਾ, (ਲੋਕ ਪਰਲੋਕ ਵਿਚ) ਇੱਜ਼ਤ। ਪਤਿ = ਇੱਜ਼ਤ। ਪਤਿ ਕੇ ਸਾਦ = (ਮਿਲੀ) ਇੱਜ਼ਤ ਦੇ ਆਨੰਦ। ਆਪੇ = ਆਪ ਹੀ। ਖਾਇ = ਖਾਂਦਾ ਹੈ, ਮਾਣਦਾ ਹੈ। ਤਿਸ ਕਾ = (ਸੰਬੰਧਕ 'ਕਾ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ) ਉਸ (ਮਨੁੱਖ) ਦਾ। ਕਿਆ ਸਾਲਾਹੀਐ = ਕੀਹ ਸਿਫ਼ਤਿ ਕੀਤੀ ਜਾਏ? ਸਿਫ਼ਤਿ ਹੋ ਹੀ ਨਹੀਂ ਸਕਦੀ। ਬਲਿ ਜਾਇ = ਸਦਕੇ ਜਾਂਦਾ ਰਹਿੰਦਾ ਹੈ। ਦਰਸਨ ਕਉ = (ਪਰਮਾਤਮਾ ਦੇ) ਦਰਸਨ ਤੋਂ। ਵਡਿਆਈਆ = ਗੁਣ। ਭਾਈ = ਹੇ ਭਾਈ! ਕਰਮਿ = ਮਿਹਰ ਨਾਲ; ਪ੍ਰਭੂ ਦੀ ਬਖ਼ਸ਼ਸ਼ ਨਾਲ। ਮਿਲੈ = (ਗੁਰੂ) ਮਿਲ ਪੈਂਦਾ ਹੈ। ਤਾਂ = ਤਦੋਂ। ਪਾਇ = (ਜਦੋਂ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਤਦੋਂ) ਹਾਸਲ ਕਰਦਾ ਹੈ। ਇਕਿ = (ਲਫ਼ਜ਼ 'ਇਕ' ਤੋਂ ਬਹੁ-ਵਚਨ) ਕਈ। ਮੰਨਿ ਨ ਜਾਣਨੀ = ਮੰਨਣਾ ਨਹੀਂ ਜਾਣਦੇ। ਦੂਜੈ ਭਾਇ = ਮਾਇਆ ਦੇ ਪਿਆਰ ਵਿਚ। ਫਿਰਾਇ = ਭਟਕ ਭਟਕ ਕੇ। ਢੋਈ = ਆਸਰਾ, ਸਹਾਰਾ। ਬੈਸਣਿ = ਬੈਠਣ ਲਈ। ਨਾਨਕ = ਹੇ ਨਾਨਕ! ਧੁਰੇ = ਧੁਰ ਦਰਗਾਹ ਤੋਂ ਲਿਖੇ ਅਨੁਸਾਰ। ਕਮਾਇਆ ਨਾਉ = ਨਾਮ ਸਿਮਰਨ ਦੀ ਕਮਾਈ ਕੀਤੀ। ਵਿਟਹੁ = ਤੋਂ। ਹਉ = ਹਉਂ, ਮੈਂ। ਵਾਰਿਆ = ਕੁਰਬਾਨ। ਸਦ = ਸਦਾ। ਜਾਉ = ਜਾਉਂ, ਮੈਂ ਜਾਂਦਾ ਹਾਂ।51। ਅਰਥ: ਹੇ ਭਾਈ! ਜਦੋਂ ਕੋਈ ਜੀਵ-ਇਸਤ੍ਰੀ ਗੁਰੂ ਦੀ (ਦੱਸੀ) ਕਾਰ ਕਰਨ ਲੱਗ ਪੈਂਦੀ ਹੈ, ਜਦੋਂ ਉਹ ਆਪਣਾ ਤਨ ਆਪਣਾ ਮਨ ਆਪਣੀ ਜਿੰਦ ਸਮੇਤ (ਆਪਣੇ ਗੁਰੂ ਦੇ) ਹਵਾਲੇ ਕਰਦੀ ਹੈ, ਜਦੋਂ ਉਹ (ਆਪਣੇ ਗੁਰੂ ਦੇ) ਹੁਕਮ ਵਿਚ ਜੀਵਨ-ਤੋਰ ਤੁਰਨ ਲੱਗ ਪੈਂਦੀ ਹੈ, ਤਦੋਂ ਉਸ ਜੀਵ-ਇਸਤ੍ਰੀ ਨੂੰ ਨਾਮ-ਧਨ ਵਾਲੀ ਭਾਗਾਂ ਵਾਲੀ ਸਮਝਣਾ ਚਾਹੀਦਾ ਹੈ। (ਹੇ ਭਾਈ! ਜੀਵ ਪ੍ਰਭੂ ਦੇ ਹੁਕਮ ਤੋਂ ਆਕੀ ਹੋ ਹੀ ਨਹੀਂ ਸਕਦੇ) ਜਿਥੇ ਪ੍ਰਭੂ ਜੀ ਅਸਾਂ ਜੀਵਾਂ ਨੂੰ ਬਿਠਾਂਦੇ ਹਨ, ਉੱਥੇ ਹੀ ਅਸੀਂ ਬੈਠਦੇ ਹਾਂ, ਜਿੱਥੇ ਪ੍ਰਭੂ ਜੀ ਮੈਨੂੰ ਭੇਜਦੇ ਹਨ, ਉਥੇ ਹੀ ਮੈਂ ਜਾਂਦਾ ਹਾਂ। ਹੇ ਭਾਈ! ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਨਾਮ (-ਧਨ) ਜਿਤਨਾ ਕੀਮਤੀ ਹੈ, ਇਤਨਾ ਕੀਮਤੀ ਹੋਰ ਕੋਈ ਧਨ ਨਹੀਂ ਹੈ। ਹੇ ਭਾਈ! ਮੈਂ ਤਾਂ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਗੁਣ ਹੀ ਸਦਾ ਗਾਂਦਾ ਹਾਂ, ਸਦਾ-ਥਿਰ ਪ੍ਰਭੂ ਦੇ ਚਰਨਾਂ ਵਿਚ ਹੀ ਟਿਕਿਆ ਰਹਿੰਦਾ ਹਾਂ। ਹੇ ਭਾਈ! (ਜਿਸ ਮਨੁੱਖ ਦੇ ਹਿਰਦੇ ਵਿਚ ਰੱਬੀ) ਗੁਣਾਂ (ਰੱਬੀ) ਚੰਗਿਆਈਆਂ ਦਾ ਨਿਵਾਸ ਹੋ ਜਾਂਦਾ ਹੈ (ਉਹ ਮਨੁੱਖ ਲੋਕ ਪਰਲੋਕ ਵਿਚ) ਇੱਜ਼ਤ-ਆਦਰ ਹਾਸਲ ਕਰਦਾ ਹੈ। (ਉਹ ਮਨੁੱਖ) ਆਪਣੀ (ਇਸ ਮਿਲੀ) ਇੱਜ਼ਤ ਦੇ ਆਨੰਦ ਆਪ ਹੀ ਮਾਣਦਾ ਰਹਿੰਦਾ ਹੈ (ਉਹ ਆਨੰਦ ਬਿਆਨ ਨਹੀਂ ਕੀਤੇ ਜਾ ਸਕਦੇ) । ਹੇ ਭਾਈ! ਉਸ ਮਨੁੱਖ ਦੀ ਸਿਫ਼ਤਿ (ਪੂਰੇ ਤੌਰ ਤੇ) ਕੀਤੀ ਹੀ ਨਹੀਂ ਜਾ ਸਕਦੀ, ਉਹ ਮਨੁੱਖ ਪਰਮਾਤਮਾ ਦੇ ਦਰਸਨ ਤੋਂ (ਸਦਾ) ਸਦਕੇ ਹੁੰਦਾ ਰਹਿੰਦਾ ਹੈ। ਹੇ ਭਾਈ! ਗੁਰੂ ਵਿਚ ਵੱਡੇ ਗੁਣ ਹਨ, (ਜਦੋਂ ਕਿਸੇ ਮਨੁੱਖ ਨੂੰ ਪਰਮਾਤਮਾ ਦੀ) ਮਿਹਰ ਨਾਲ (ਗੁਰੂ) ਮਿਲ ਪੈਂਦਾ ਹੈ, ਤਦੋਂ ਉਹ (ਇਹ ਗੁਣ) ਹਾਸਲ ਕਰ ਲੈਂਦਾ ਹੈ। ਪਰ ਕਈ ਬੰਦੇ (ਐਸੇ ਹਨ ਜੋ) ਮਾਇਆ ਦੇ ਮੋਹ ਵਿਚ ਭਟਕ ਭਟਕ ਕੇ (ਗੁਰੂ ਦਾ) ਹੁਕਮ ਮੰਨਣਾ ਨਹੀਂ ਜਾਣਦੇ। ਹੇ ਭਾਈ! (ਅਜਿਹੇ ਮਨੁੱਖਾਂ ਨੂੰ) ਸਾਧ ਸੰਗਤਿ ਵਿਚ ਆਸਰਾ ਨਹੀਂ ਮਿਲਦਾ, ਸਾਧ ਸੰਗਤਿ ਵਿਚ ਬੈਠਣ ਲਈ ਥਾਂ ਨਹੀਂ ਮਿਲਦੀ (ਕਿਉਂਕਿ ਉਹ ਤਾਂ ਸੰਗਤਿ ਵਾਲੇ ਪਾਸੇ ਜਾਂਦੇ ਹੀ ਨਹੀਂ) । ਹੇ ਨਾਨਕ! (ਆਖ– ਹੇ ਭਾਈ!) ਧੁਰ ਦਰਗਾਹ ਤੋਂ (ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ) ਜਿਨ੍ਹਾਂ ਮਨੁੱਖਾਂ ਨੇ ਹਰਿ-ਨਾਮ ਸਿਮਰਨ ਦੀ ਕਮਾਈ ਕਰਨੀ ਸ਼ੁਰੂ ਕੀਤੀ, ਉਹਨਾਂ ਮਨੁੱਖਾਂ ਤੋਂ ਹੀ (ਪਰਮਾਤਮਾ ਆਪਣੀ) ਰਜ਼ਾ (ਮਿੱਠੀ ਕਰ ਕੇ) ਮਨਾਂਦਾ ਹੈ। ਹੇ ਭਾਈ! ਮੈਂ ਅਜਿਹੇ ਮਨੁੱਖਾਂ ਤੋਂ ਕੁਰਬਾਨ ਜਾਂਦਾ ਹਾਂ, ਸਦਕੇ ਜਾਂਦਾ ਹਾਂ।51। ਸੇ ਦਾੜੀਆਂ ਸਚੀਆ ਜਿ ਗੁਰ ਚਰਨੀ ਲਗੰਨ੍ਹ੍ਹਿ ॥ ਅਨਦਿਨੁ ਸੇਵਨਿ ਗੁਰੁ ਆਪਣਾ ਅਨਦਿਨੁ ਅਨਦਿ ਰਹੰਨ੍ਹ੍ਹਿ ॥ ਨਾਨਕ ਸੇ ਮੁਹ ਸੋਹਣੇ ਸਚੈ ਦਰਿ ਦਿਸੰਨ੍ਹ੍ਹਿ ॥੫੨॥ {ਪੰਨਾ 1419} ਨੋਟ: ਕਿਸੇ ਮਨੁੱਖ ਦੇ ਮੂੰਹ ਤੇ ਦਾੜ੍ਹੀ ਇਸ ਗੱਲ ਦਾ ਲੱਛਣ ਮੰਨਿਆ ਗਿਆ ਹੈ ਕਿ ਉਹ ਹੁਣ ਇਤਬਾਰ-ਜੋਗ ਹੋ ਗਿਆ ਹੈ, ਆਦਰ-ਸਤਕਾਰ ਦਾ ਹੱਕਦਾਰ ਹੋ ਗਿਆ ਹੈ। ਪਦ ਅਰਥ: ਸੇ = ਉਹ (ਬਹੁ-ਵਚਨ) । ਸਚੀਆ = ਸੱਚੀਆਂ, ਸੱਚ-ਮੁੱਚ ਆਦਰ ਦੀਆਂ ਹੱਕਦਾਰ। ਜਿ = ਜਿਹੜੇ ਮਨੁੱਖ। ਅਨਦਿਨੁ = ਹਰ ਰੋਜ਼, ਹਰ ਵੇਲੇ। ਸੇਵਨਿ = ਸਰਨ ਪਏ ਰਹਿੰਦੇ ਹਨ। ਅਨਦਿ = ਆਨੰਦ ਵਿਚ। ਰਹੰਨ੍ਹ੍ਹਿ = ਟਿਕੇ ਰਹਿੰਦੇ ਹਨ। ਸਚੈ ਦਰਿ = ਸਦਾ-ਥਿਰ ਹਰੀ ਦੇ ਦਰ ਤੇ।52। ਅਰਥ: ਹੇ ਭਾਈ! ਜਿਹੜੇ ਮਨੁੱਖ ਗੁਰੂ ਦੇ ਚਰਨਾਂ ਵਿਚ ਟਿਕੇ ਰਹਿੰਦੇ ਹਨ, ਜਿਹੜੇ ਮਨੁੱਖ ਹਰ ਵੇਲੇ ਆਪਣੇ ਗੁਰੂ ਦੀ ਸਰਨ ਪਏ ਰਹਿੰਦੇ ਹਨ, ਅਤੇ ਹਰ ਵੇਲੇ ਆਤਮਕ ਆਨੰਦ ਵਿਚ ਲੀਨ ਰਹਿੰਦੇ ਹਨ, ਉਹਨਾਂ ਮਨੁੱਖਾਂ ਦੀਆਂ ਉਹ ਦਾੜ੍ਹੀਆਂ ਸੱਚ-ਮੁੱਚ ਆਦਰ-ਸਤਕਾਰ ਦੀਆਂ ਹੱਕਦਾਰ ਹੋ ਜਾਂਦੀਆਂ ਹਨ। ਹੇ ਨਾਨਕ! (ਉਹਨਾਂ ਹੀ ਮਨੁੱਖਾਂ ਦੇ) ਇਹ ਮੂੰਹ ਸਦਾ-ਥਿਰ ਪ੍ਰਭੂ ਦੇ ਦਰ ਤੇ ਸੋਹਣੇ ਦਿੱਸਦੇ ਹਨ।52। ਮੁਖ ਸਚੇ ਸਚੁ ਦਾੜੀਆ ਸਚੁ ਬੋਲਹਿ ਸਚੁ ਕਮਾਹਿ ॥ ਸਚਾ ਸਬਦੁ ਮਨਿ ਵਸਿਆ ਸਤਿਗੁਰ ਮਾਂਹਿ ਸਮਾਂਹਿ ॥ ਸਚੀ ਰਾਸੀ ਸਚੁ ਧਨੁ ਉਤਮ ਪਦਵੀ ਪਾਂਹਿ ॥ ਸਚੁ ਸੁਣਹਿ ਸਚੁ ਮੰਨਿ ਲੈਨਿ ਸਚੀ ਕਾਰ ਕਮਾਹਿ ॥ ਸਚੀ ਦਰਗਹ ਬੈਸਣਾ ਸਚੇ ਮਾਹਿ ਸਮਾਹਿ ॥ ਨਾਨਕ ਵਿਣੁ ਸਤਿਗੁਰ ਸਚੁ ਨ ਪਾਈਐ ਮਨਮੁਖ ਭੂਲੇ ਜਾਂਹਿ ॥੫੩॥ {ਪੰਨਾ 1419} ਪਦ ਅਰਥ: ਮੁਖ = ਮੂੰਹ (ਬਹੁ-ਵਚਨ) । ਸਚੇ = ਆਦਰ-ਸਤਕਾਰ ਦੇ ਹੱਕਦਾਰ। ਸਚੁ = ਸਦਾ-ਥਿਰ ਹਰਿ-ਨਾਮ। ਸਚੁ ਕਮਾਹਿ = ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਮਾਈ ਕਰਦੇ ਹਨ। ਮਨਿ = ਮਨ ਵਿਚ। ਮਾਂਹਿ = ਵਿਚ। ਸਮਾਂਹਿ = ਲੀਨ ਹੋਏ ਰਹਿੰਦੇ ਹਨ। ਰਾਸੀ = ਪੂੰਜੀ, ਸਰਮਾਇਆ। ਪਦਵੀ = ਆਤਮਕ ਦਰਜਾ। ਪਾਂਹਿ = ਹਾਸਲ ਕਰ ਲੈਂਦੇ ਹਨ। ਮੰਨਿ ਲੈਨਿ = ਮੰਨ ਲੈਂਦੇ ਹਨ। ਬੈਸਣਾ = ਆਦਰ ਦੀ ਥਾਂ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਭੂਲੇ ਜਾਂਹਿ = ਕੁਰਾਹੇ ਪਏ ਰਹਿੰਦੇ ਹਨ।53। ਅਰਥ: ਹੇ ਭਾਈ! ਜਿਹੜੇ ਮਨੁੱਖ ਸਦਾ-ਥਿਰ ਹਰਿ-ਨਾਮ ਸਿਮਰਦੇ ਹਨ, ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਮਾਈ ਕਰਦੇ ਰਹਿੰਦੇ ਹਨ, ਜਿਨ੍ਹਾਂ ਦੇ ਮਨ ਵਿਚ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਸ਼ਬਦ ਹਰ ਵੇਲੇ ਟਿਕਿਆ ਰਹਿੰਦਾ ਹੈ, ਜਿਹੜੇ ਹਰ ਵੇਲੇ ਗੁਰੂ ਵਿਚ ਲੀਨ ਰਹਿੰਦੇ ਹਨ, ਉਹਨਾਂ ਦੇ ਮੂੰਹ ਸੱਚ-ਮੁੱਚ ਸਤਕਾਰ ਦੇ ਹੱਕਦਾਰ ਹੋ ਜਾਂਦੇ ਹਨ, ਉਹਨਾਂ ਦੀਆਂ ਦਾੜ੍ਹੀਆਂ ਆਦਰ ਦੀਆਂ ਹੱਕਦਾਰ ਹੋ ਜਾਂਦੀਆਂ ਹਨ। ਉਹਨਾਂ ਮਨੁੱਖਾਂ ਦੇ ਕੋਲ ਸਦਾ-ਥਿਰ ਹਰਿ-ਨਾਮ ਦਾ ਸਰਮਾਇਆ ਧਨ (ਇਕੱਠਾ ਹੋ ਜਾਂਦਾ) ਹੈ, ਉਹ ਮਨੁੱਖ (ਲੋਕ ਪਰਲੋਕ ਵਿਚ) ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦੇ ਹਨ। ਹੇ ਭਾਈ! ਜਿਹੜੇ ਮਨੁੱਖ (ਹਰ ਵੇਲੇ) ਸਦਾ-ਥਿਰ ਹਰਿ-ਨਾਮ ਸੁਣਦੇ ਹਨ, ਸਦਾ-ਥਿਰ ਹਰਿ-ਨਾਮ ਨੂੰ ਸਿਦਕ-ਸਰਧਾ ਨਾਲ ਆਪਣੇ ਅੰਦਰ ਵਸਾ ਲੈਂਦੇ ਹਨ, ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਾਰ ਕਰਦੇ ਹਨ ਉਹਨਾਂ ਮਨੁੱਖਾਂ ਨੂੰ ਸਦਾ-ਥਿਰ ਪ੍ਰਭੂ ਦੀ ਹਜ਼ੂਰੀ ਵਿਚ ਆਦਰ-ਸਤਕਾਰ ਦੀ ਥਾਂ ਮਿਲਦੀ ਹੈ, ਉਹ ਸਦਾ-ਥਿਰ ਪ੍ਰਭੂ (ਦੀ ਯਾਦ) ਵਿਚ ਹਰ ਵੇਲੇ ਲੀਨ ਰਹਿੰਦੇ ਹਨ। ਪਰ, ਹੇ ਨਾਨਕ! ਗੁਰੂ ਦੀ ਸਰਨ ਤੋਂ ਬਿਨਾ ਸਦਾ-ਥਿਰ ਹਰਿ-ਨਾਮ ਨਹੀਂ ਮਿਲਦਾ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਜ਼ਰੂਰ ਜ਼ਿੰਦਗੀ ਦੇ) ਗ਼ਲਤ ਰਸਤੇ ਤੇ ਪਏ ਰਹਿੰਦੇ ਹਨ।53। ਬਾਬੀਹਾ ਪ੍ਰਿਉ ਪ੍ਰਿਉ ਕਰੇ ਜਲਨਿਧਿ ਪ੍ਰੇਮ ਪਿਆਰਿ ॥ ਗੁਰ ਮਿਲੇ ਸੀਤਲ ਜਲੁ ਪਾਇਆ ਸਭਿ ਦੂਖ ਨਿਵਾਰਣਹਾਰੁ ॥ ਤਿਸ ਚੁਕੈ ਸਹਜੁ ਊਪਜੈ ਚੁਕੈ ਕੂਕ ਪੁਕਾਰ ॥ ਨਾਨਕ ਗੁਰਮੁਖਿ ਸਾਂਤਿ ਹੋਇ ਨਾਮੁ ਰਖਹੁ ਉਰਿ ਧਾਰਿ ॥੫੪॥ {ਪੰਨਾ 1419} ਪਦ ਅਰਥ: ਬਾਬੀਹਾ = ਪਪੀਹਾ। ਪ੍ਰਿਉ ਪ੍ਰਿਉ ਕਰੇ = 'ਪ੍ਰਿਉ, ਪ੍ਰਿਉ' ਪੁਕਾਰਦਾ ਰਹਿੰਦਾ ਹੈ। ਜਲ ਨਿਧਿ = ਪਾਣੀ ਦਾ ਖ਼ਜ਼ਾਨਾ, ਬੱਦਲ; ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦਾ ਖ਼ਜ਼ਾਨਾ, ਪਰਮਾਤਮਾ। ਪਿਆਰਿ = ਪਿਆਰ ਵਿਚ। ਸੀਤਲ ਜਲੁ = ਆਤਮਕ ਠੰਢ ਦੇਣ ਵਾਲਾ ਨਾਮ-ਜਲ। ਸਭਿ = ਸਾਰੇ। ਨਿਵਾਰਣਹਾਰੁ = ਦੂਰ ਕਰਨ ਦੀ ਸਮਰਥਾ ਵਾਲਾ। ਤਿਸ = ਤ੍ਰਿਹ, ਤ੍ਰਿਸ਼ਨਾ। ਚੁਕੈ = ਮੁੱਕ ਜਾਂਦੀ ਹੈ। ਸਹਜੁ = ਆਤਮਕ ਅਡੋਲਤਾ। ਕੂਕ ਪੁਕਾਰ = (ਮਾਇਆ ਦੀ ਖ਼ਾਤਰ) ਦੌੜ-ਭੱਜ। ਗੁਰਮੁਖਿ = ਗੁਰੂ ਦੀ ਸਰਨ ਪਿਆਂ। ਉਰਿ = ਹਿਰਦੇ ਵਿਚ।54। ਅਰਥ: ਹੇ ਭਾਈ! (ਜਿਵੇਂ) ਪਪੀਹਾ ਬੱਦਲ ਦੇ ਪ੍ਰੇਮ-ਪਿਆਰ ਵਿਚ (ਵਰਖਾ ਦੀ ਬੂੰਦ ਦੀ ਖ਼ਾਤਰ) 'ਪ੍ਰਿਉ, ਪ੍ਰਿਉ' ਪੁਕਾਰਦਾ ਰਹਿੰਦਾ ਹੈ (ਜਦੋਂ ਉਹ ਬੂੰਦ ਉਸ ਨੂੰ ਮਿਲਦੀ ਹੈ, ਤਾਂ ਉਸ ਦੀ ਤ੍ਰਿਹ ਮੁੱਕ ਜਾਂਦੀ ਹੈ, ਉਸ ਦੀ 'ਕੂਕ ਪੁਕਾਰ' ਮੁੱਕ ਜਾਂਦੀ ਪੈ। ਤਿਵੇਂ ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪਰਮਾਤਮਾ ਦੇ ਪ੍ਰੇਮ-ਪਿਆਰ ਵਿਚ ਪਰਮਾਤਮਾ ਦਾ ਨਾਮ ਉਚਾਰਦਾ ਰਹਿੰਦਾ ਹੈ) , ਗੁਰੂ ਨੂੰ ਮਿਲਿਆਂ ਉਹ ਆਤਮਕ ਠੰਢ ਵਰਤਾਣ ਵਾਲਾ ਨਾਮ-ਜਲ ਪ੍ਰਾਪਤ ਕਰ ਲੈਂਦਾ ਹੈ, (ਉਹ ਨਾਮ-ਜਲ) ਸਾਰੇ ਦੁੱਖ ਦੂਰ ਕਰਨ ਦੀ ਸਮਰਥਾ ਵਾਲਾ ਹੈ। (ਇਸ ਨਾਮ-ਜਲ ਦੀ ਬਰਕਤਿ ਨਾਲ, ਉਸ ਦੀ) ਤ੍ਰਿਸ਼ਨਾ ਮੁੱਕ ਜਾਂਦੀ ਹੈ (ਉਸ ਦੇ ਅੰਦਰ) ਆਤਮਕ ਅਡੋਲਤਾ ਪੈਦਾ ਹੋ ਜਾਂਦੀ ਹੈ, (ਮਾਇਆ ਦੀ ਖ਼ਾਤਰ ਉਸ ਦੀ) ਘਬਰਾਹਟ ਖ਼ਤਮ ਹੋ ਜਾਂਦੀ ਹੈ। ਹੇ ਨਾਨਕ! ਗੁਰੂ ਦੀ ਸਰਨ ਪਿਆਂ (ਨਾਮ ਦੀ ਬਰਕਤਿ ਨਾਲ) ਆਤਮਕ ਠੰਢ ਪ੍ਰਾਪਤ ਹੋ ਜਾਂਦੀ ਹੈ। ਤਾਂ ਤੇ, ਹੇ ਭਾਈ! ਪਰਮਾਤਮਾ ਦਾ ਨਾਮ ਹਿਰਦੇ ਵਿਚ ਵਸਾਈ ਰੱਖੋ।54। ਬਾਬੀਹਾ ਤੂੰ ਸਚੁ ਚਉ ਸਚੇ ਸਉ ਲਿਵ ਲਾਇ ॥ ਬੋਲਿਆ ਤੇਰਾ ਥਾਇ ਪਵੈ ਗੁਰਮੁਖਿ ਹੋਇ ਅਲਾਇ ॥ ਸਬਦੁ ਚੀਨਿ ਤਿਖ ਉਤਰੈ ਮੰਨਿ ਲੈ ਰਜਾਇ ॥ ਚਾਰੇ ਕੁੰਡਾ ਝੋਕਿ ਵਰਸਦਾ ਬੂੰਦ ਪਵੈ ਸਹਜਿ ਸੁਭਾਇ ॥ ਜਲ ਹੀ ਤੇ ਸਭ ਊਪਜੈ ਬਿਨੁ ਜਲ ਪਿਆਸ ਨ ਜਾਇ ॥ ਨਾਨਕ ਹਰਿ ਜਲੁ ਜਿਨਿ ਪੀਆ ਤਿਸੁ ਭੂਖ ਨ ਲਾਗੈ ਆਇ ॥੫੫॥ {ਪੰਨਾ 1419-1420} ਪਦ ਅਰਥ: ਬਾਬੀਹਾ = ਹੇ ਪਪੀਹੇ! (ਹੇ ਆਤਮਕ ਜੀਵਨ ਦੇਣ ਵਾਲੀ ਨਾਮ-ਬੂੰਦ ਦੇ ਰਸੀਏ!) ਸਚੁ = ਸਦਾ ਕਾਇਮ ਰਹਿਣ ਵਾਲਾ ਹਰਿ-ਨਾਮ। ਚਉ = ਉਚਾਰ, ਉਚਾਰਿਆ ਕਰ। ਸਚੇ ਸਉ = ਸਦਾ-ਥਿਰ ਹਰਿ-ਨਾਮ ਨਾਲ। ਲਿਵ ਲਾਇ = ਸੁਰਤਿ ਜੋੜੀ ਰੱਖ। ਥਾਇ = (ਲਫ਼ਜ਼ 'ਥਾਉ' ਤੋਂ ਅਧਿਕਰਣ ਕਾਰਕ ਇਕ-ਵਚਨ) ਥਾਂ ਵਿਚ। ਥਾਇ ਪਵੈ = ਕਬੂਲ ਪਏਗਾ। ਅਲਾਇ = ਅਲਾਪਿਆ ਕਰ। ਗੁਰਮੁਖਿ ਸੋਇ = ਗੁਰੂ ਦੀ ਸਰਨ ਪੈ ਕੇ। ਚੀਨਿ = ਪਛਾਣ ਕੇ, ਸਾਂਝ ਪਾ ਕੇ। ਤਿਖ = ਤ੍ਰਿਹ (ਮਾਇਆ ਦੀ ਤ੍ਰਿਸ਼ਨਾ) । ਰਜਾਇ = ਰਜ਼ਾ, ਭਾਣਾ, ਹੁਕਮ। ਚਾਰੇ ਕੁੰਡਾਂ = ਚਾਰੇ ਕੁੰਡਾਂ, ਚੌਹੀਂ ਪਾਸੀਂ, ਹਰ ਥਾਂ। ਝੋਕਿ = ਝੁਕ ਕੇ, ਲਿਫ਼ ਕੇ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਇ = ਪ੍ਰੇਮ ਵਿਚ। ਤੇ = ਤੋਂ। ਸਭ = ਸਾਰੀ ਲੁਕਾਈ। ਜਿਨਿ = ਜਿਸ (ਮਨੁੱਖ) ਨੇ। ਤਿਸੁ = ਉਸ (ਮਨੁੱਖ) ਨੂੰ।55। ਅਰਥ: ਹੇ ਪਪੀਹੇ! (ਹੇ ਆਤਮਕ ਜੀਵਨ ਦੇਣ ਵਾਲੀ ਨਾਮ-ਬੂੰਦ ਦੇ ਰਸੀਏ!) ਤੂੰ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਨਾਮ ਸਿਮਰਿਆ ਕਰ, ਸਦਾ-ਥਿਰ ਪ੍ਰਭੂ ਨਾਲ ਸੁਰਤਿ ਜੋੜੀ ਰੱਖਿਆ ਕਰ। ਗੁਰੂ ਦੀ ਸਰਨ ਪੈ ਕੇ (ਹਰਿ-ਨਾਮ) ਉਚਾਰਿਆ ਕਰ, (ਤਦੋਂ ਹੀ) ਤੇਰਾ ਸਿਮਰਨ ਕਰਨ ਦਾ ਉੱਦਮ (ਪ੍ਰਭੂ ਦੀ ਹਜ਼ੂਰੀ ਵਿਚ) ਕਬੂਲ ਪੈ ਸਕਦਾ ਹੈ। ਹੇ ਭਾਈ! ਗੁਰੂ ਦੇ ਸ਼ਬਦ ਨਾਲ ਸਾਂਝ ਪਾ ਕੇ (ਪਰਮਾਤਮਾ ਦੇ) ਹੁਕਮ ਨੂੰ ਭਲਾ ਜਾਣ ਕੇ ਮੰਨਿਆ ਕਰ (ਇਸ ਤਰ੍ਹਾਂ ਮਾਇਆ ਦੀ) ਤ੍ਰਿਸ਼ਨਾ ਦੂਰ ਹੋ ਜਾਂਦੀ ਹੈ। (ਹੇ ਪਪੀਹੇ! ਇਹ ਨਾਮ-ਜਲ) ਸਾਰੀ ਸ੍ਰਿਸ਼ਟੀ ਵਿਚ ਛਹਬਰ ਲਾਈ ਰੱਖਦਾ ਹੈ (ਪਰ ਇਸ ਦੀ) ਬੂੰਦ (ਉਸ ਮਨੁੱਖ ਦੇ ਮੂੰਹ ਵਿਚ) ਪੈਂਦੀ ਹੈ (ਜਿਹੜਾ) ਆਤਮਕ ਅਡੋਲਤਾ ਵਿਚ ਹੈ (ਜਿਹੜਾ ਪਰਮਾਤਮਾ ਦੇ) ਪ੍ਰੇਮ ਵਿਚ (ਲੀਨ) ਹੈ। ਹੇ ਭਾਈ! (ਪ੍ਰਭੂ ਤੋਂ ਹੀ, ਹਰਿ-ਨਾਮ) ਜਲ ਤੋਂ ਹੀ ਸਾਰੀ ਸ੍ਰਿਸ਼ਟੀ ਪੈਦਾ ਹੁੰਦੀ ਹੈ (ਤਾਹੀਏਂ ਹਰਿ-ਨਾਮ) ਜਲ ਤੋਂ ਬਿਨਾ (ਕਿਸੇ ਭੀ ਜੀਵ ਦੀ ਮਾਇਆ ਦੀ) ਤ੍ਰਿਹ ਦੂਰ ਨਹੀਂ ਹੁੰਦੀ। ਹੇ ਨਾਨਕ! ਜਿਸ (ਮਨੁੱਖ) ਨੇ ਹਰਿ-ਨਾਮ ਜਲ ਪੀ ਲਿਆ, ਉਸ ਨੂੰ (ਕਦੇ ਮਾਇਆ ਦੀ) ਭੁੱਖ ਨਹੀਂ ਵਿਆਪਦੀ।55। |
Sri Guru Granth Darpan, by Professor Sahib Singh |