ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1420

ਬਾਬੀਹਾ ਤੂੰ ਸਹਜਿ ਬੋਲਿ ਸਚੈ ਸਬਦਿ ਸੁਭਾਇ ॥ ਸਭੁ ਕਿਛੁ ਤੇਰੈ ਨਾਲਿ ਹੈ ਸਤਿਗੁਰਿ ਦੀਆ ਦਿਖਾਇ ॥ ਆਪੁ ਪਛਾਣਹਿ ਪ੍ਰੀਤਮੁ ਮਿਲੈ ਵੁਠਾ ਛਹਬਰ ਲਾਇ ॥ ਝਿਮਿ ਝਿਮਿ ਅੰਮ੍ਰਿਤੁ ਵਰਸਦਾ ਤਿਸਨਾ ਭੁਖ ਸਭ ਜਾਇ ॥ ਕੂਕ ਪੁਕਾਰ ਨ ਹੋਵਈ ਜੋਤੀ ਜੋਤਿ ਮਿਲਾਇ ॥ ਨਾਨਕ ਸੁਖਿ ਸਵਨ੍ਹ੍ਹਿ ਸੋਹਾਗਣੀ ਸਚੈ ਨਾਮਿ ਸਮਾਇ ॥੫੬॥ {ਪੰਨਾ 1420}

ਪਦ ਅਰਥ: ਬਾਬੀਹਾ = ਹੇ ਪਪੀਹੇ! (ਹੇ ਆਤਮਕ ਜੀਵਨ ਦੇਣ ਵਾਲੀ ਨਾਮ-ਬੂੰਦ ਦੇ ਰਸੀਏ!) । ਸਹਜਿ = ਆਤਮਕ ਅਡੋਲਤਾ ਵਿਚ (ਟਿਕ ਕੇ) । ਬੋਲਿ = (ਹਰਿ-ਨਾਮ) ਜਪਿਆ ਕਰ। ਸਚੈ ਸਬਦਿ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਵਿਚ (ਜੁੜ ਕੇ) । ਸੁਭਾਇ = (ਪ੍ਰਭੂ ਦੇ) ਪਿਆਰ ਵਿਚ (ਟਿਕ ਕੇ) । ਸਭ ਕਿਛੁ = (ਹਰਿ-ਨਾਮ-ਬੂੰਦ ਤੋਂ ਪੈਦਾ ਹੋਣ ਵਾਲਾ) ਹਰੇਕ ਆਨੰਦ। ਸਤਿਗੁਰਿ = ਗੁਰੂ ਨੇ। ਆਪੁ = ਆਪਣਾ ਆਪ, ਆਪਣਾ ਆਤਮਕ ਜੀਵਨ। ਪਛਾਣਹਿ = (ਜਿਹੜੇ ਜੀਵ) ਪੜਤਾਲਦੇ ਰਹਿੰਦੇ ਹਨ। ਵੁਠਾ = ਆ ਵੱਸਦਾ ਹੈ। ਛਹਬਰ ਲਾਇ = ਝੜੀ ਲਾ ਕੇ। ਝਿਮਿ ਝਿਮਿ = ਸਹਜੇ ਸਹਜੇ, ਅਡੋਲ। ਕੂਕ ਪੁਕਾਰ = ਮਾਇਆ ਦੇ ਮੋਹ ਦਾ ਰੌਲਾ। ਨ ਹੋਵਈ = ਨਹੀਂ ਹੁੰਦਾ। ਸੁਖਿ = ਆਤਮਕ ਆਨੰਦ ਵਿਚ। ਸਵਨ੍ਹ੍ਹਿ = ਲੀਨ ਰਹਿੰਦੀਆਂ ਹਨ। ਸੋਹਾਗਣੀ = ਭਾਗਾਂ ਵਾਲੀਆਂ ਜੀਵ-ਇਸਤ੍ਰੀਆਂ। ਸਮਾਇ = ਟਿਕ ਕੇ। ਸਚੈ ਨਾਮਿ = ਸਦਾ-ਥਿਰ ਹਰਿ-ਨਾਮ ਵਿਚ।56।

ਅਰਥ: ਹੇ ਪਪੀਹੇ! (ਹੇ ਆਤਮਕ ਜੀਵਨ ਦੇਣ ਵਾਲੀ ਨਾਮ-ਬੂੰਦ ਦੇ ਰਸੀਏ!) ਆਤਮਕ ਅਡੋਲਤਾ ਵਿਚ (ਟਿਕ ਕੇ) , ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਵਿਚ (ਜੁੜ ਕੇ) , (ਪ੍ਰਭੂ ਦੇ) ਪਿਆਰ ਵਿਚ (ਟਿਕ ਕੇ) , ਤੂੰ (ਹਰੀ ਦਾ ਨਾਮ) ਜਪਿਆ ਕਰ। ਹੇ ਪਪੀਹੇ! (ਹਰਿ-ਨਾਮ-ਬੂੰਦ ਤੋਂ ਪੈਦਾ ਹੋਣ ਵਾਲਾ) ਹਰੇਕ ਆਨੰਦ ਮੌਜੂਦ ਹੈ (ਪਰ ਇਹ ਆਨੰਦ ਉਸ ਜੀਵ ਨੂੰ ਪ੍ਰਾਪਤ ਹੁੰਦਾ ਹੈ, ਜਿਸ ਨੂੰ) ਗੁਰੂ ਨੇ (ਇਹ) ਵਿਖਾ ਦਿੱਤਾ ਹੈ।

ਹੇ ਭਾਈ! ਜਿਹੜੇ ਮਨੁੱਖ ਆਪਣੇ ਆਤਮਕ ਜੀਵਨ ਨੂੰ ਪੜਤਾਲਦੇ ਰਹਿੰਦੇ ਹਨ, ਉਹਨਾਂ ਨੂੰ ਪ੍ਰੀਤਮ-ਪ੍ਰਭੂ ਮਿਲ ਪੈਂਦਾ ਹੈ, ਉਹਨਾਂ ਦੇ ਅੰਦਰ (ਸਿਫ਼ਤਿ-ਸਾਲਾਹ ਦਾ ਬੱਦਲ) ਝੜੀ ਲਾ ਕੇ ਆ ਵੱਸਦਾ ਹੈ। ਉਹਨਾਂ ਦੇ ਅੰਦਰ ਸਹਜੇ ਸਹਜੇ ਅਡੋਲ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੀ ਵਰਖਾ ਹੁੰਦੀ ਰਹਿੰਦੀ ਹੈ (ਉਹਨਾਂ ਦੇ ਅੰਦਰੋਂ) ਮਾਇਆ ਦੀ ਸਾਰੀ ਤ੍ਰਿਸ਼ਨਾ ਮਾਇਆ ਦੀ ਸਾਰੀ ਭੁੱਖ ਦੂਰ ਹੋ ਜਾਂਦੀ ਹੈ। ਮਾਇਆ ਦੇ ਮੋਹ ਦਾ ਸਾਰਾ ਰੌਲਾ ਉਹਨਾਂ ਦੇ ਅੰਦਰੋਂ ਮੁੱਕ ਜਾਂਦਾ ਹੈ, ਉਹਨਾਂ ਦੀ ਜਿੰਦ ਪ੍ਰਭੂ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ।

ਹੇ ਨਾਨਕ! ਸਦਾ-ਥਿਰ ਹਰਿ-ਨਾਮ ਵਿਚ ਲੀਨ ਹੋ ਕੇ ਭਾਗਾਂ ਵਾਲੀਆਂ ਜੀਵ-ਇਸਤ੍ਰੀਆਂ ਆਤਮਕ ਆਨੰਦ ਵਿਚ ਟਿਕੀਆਂ ਰਹਿੰਦੀਆਂ ਹਨ।56।

ਧੁਰਹੁ ਖਸਮਿ ਭੇਜਿਆ ਸਚੈ ਹੁਕਮਿ ਪਠਾਇ ॥ ਇੰਦੁ ਵਰਸੈ ਦਇਆ ਕਰਿ ਗੂੜ੍ਹ੍ਹੀ ਛਹਬਰ ਲਾਇ ॥ ਬਾਬੀਹੇ ਤਨਿ ਮਨਿ ਸੁਖੁ ਹੋਇ ਜਾਂ ਤਤੁ ਬੂੰਦ ਮੁਹਿ ਪਾਇ ॥ ਅਨੁ ਧਨੁ ਬਹੁਤਾ ਉਪਜੈ ਧਰਤੀ ਸੋਭਾ ਪਾਇ ॥ ਅਨਦਿਨੁ ਲੋਕੁ ਭਗਤਿ ਕਰੇ ਗੁਰ ਕੈ ਸਬਦਿ ਸਮਾਇ ॥ ਆਪੇ ਸਚਾ ਬਖਸਿ ਲਏ ਕਰਿ ਕਿਰਪਾ ਕਰੈ ਰਜਾਇ ॥ ਹਰਿ ਗੁਣ ਗਾਵਹੁ ਕਾਮਣੀ ਸਚੈ ਸਬਦਿ ਸਮਾਇ ॥ ਭੈ ਕਾ ਸਹਜੁ ਸੀਗਾਰੁ ਕਰਿਹੁ ਸਚਿ ਰਹਹੁ ਲਿਵ ਲਾਇ ॥ ਨਾਨਕ ਨਾਮੋ ਮਨਿ ਵਸੈ ਹਰਿ ਦਰਗਹ ਲਏ ਛਡਾਇ ॥੫੭॥ {ਪੰਨਾ 1420}

ਪਦ ਅਰਥ: ਧੁਰਹੁ = (ਆਪਣੀ) ਧੁਰ ਦਰਗਾਹ ਤੋਂ। ਖਸਮਿ = ਮਾਲਕ-ਪ੍ਰਭੂ ਨੇ। ਸਚੈ = ਸਦਾ ਕਾਇਮ ਰਹਿਣ ਵਾਲੇ। ਪਠਾਇ = ਤੋਰ ਕੇ, ਭੇਜ ਕੇ (प्रस्थापय्) । ਇੰਦੁ = ਇੰਦਰ ਦੇਵਤਾ, ਬੱਦਲ। ਛਹਬਰ ਲਾਇ = ਝੜੀ ਲਾ ਕੇ। ਤਨਿ = ਤਨ ਵਿਚ। ਮਨਿ = ਮਨ ਵਿਚ। ਜਾਂ = ਜਦੋਂ। ਤਤੁ = (ਜੀਵਨ-ਤੱਤ) ਹਰਿਨਾਮ। ਮੁਹਿ = ਮੂੰਹ ਵਿਚ। ਅਨੁ = ਅੰਨ। ਉਪਜੈ = ਪੈਦਾ ਹੁੰਦਾ ਹੈ। ਪਾਇ = ਹਾਸਲ ਕਰਦੀ ਹੈ। ਅਨਦਿਨੁ = (अनुंदिन) ਹਰ ਰੋਜ਼, ਹਰ ਵੇਲੇ। ਕੈ ਸਬਦਿ = ਦੇ ਸ਼ਬਦ ਵਿਚ। ਸਮਾਇ = ਲੀਨ ਹੋ ਕੇ। ਆਪੇ = ਆਪ ਹੀ। ਸਚਾ = ਸਦਾ-ਥਿਰ ਪ੍ਰਭੂ। ਕਰੈ ਰਜਾਇ = ਆਪਣਾ ਹੁਕਮ ਵਰਤਾਂਦਾ ਹੈ। ਕਾਮਣੀ = ਹੇ ਜੀਵ-ਇਸਤ੍ਰੀ! ਭੈ ਕਾ ਸਹਜੁ = (ਪਰਮਾਤਮਾ ਦੇ) ਡਰ-ਅਦਬ ਤੋਂ ਪੈਦਾ ਹੋਈ ਆਤਮਕ ਅਡੋਲਤਾ। ਸੀਗਾਰੁ = ਗਹਿਣਾ। ਸਚਿ = ਸਦਾ-ਥਿਰ ਪ੍ਰਭੂ ਵਿਚ। ਲਿਵ ਲਾਇ = ਸੁਰਤਿ ਜੋੜ ਕੇ। ਨਾਮੋ = ਨਾਮ ਹੀ। ਮਨਿ = ਮਨ ਵਿਚ। ਲਏ ਛਡਾਇ = ਲੇਖੇ ਤੋਂ ਬਚਾ ਲੈਂਦਾ ਹੈ।57।

ਅਰਥ: ਹੇ ਭਾਈ! ਸਦਾ ਕਾਇਮ ਰਹਿਣ ਵਾਲੇ ਮਾਲਕ-ਪ੍ਰਭੂ ਨੇ ਧੁਰ ਦਰਗਾਹ ਤੋਂ (ਆਪਣੇ) ਹੁਕਮ ਅਨੁਸਾਰ (ਹੀ) ਪ੍ਰੇਰ ਕੇ (ਇੰਦਰ ਦੇਵਤੇ ਨੂੰ, ਗੁਰੂ ਨੂੰ ਸਦਾ) ਭੇਜਿਆ ਹੈ। (ਉਸ ਦੇ ਹੁਕਮ ਵਿਚ ਹੀ) ਮਿਹਰ ਕਰ ਕੇ ਬੱਦਲ (-ਗੁਰੂ) ਡੂੰਘੀ ਝੜੀ ਲਾ ਕੇ ਵਰਖਾ ਕਰਦਾ ਹੈ। ਜਦੋਂ ਪਪੀਹਾ (ਆਤਮਕ ਜੀਵਨ ਦੇਣ ਵਾਲੀ ਨਾਮ-ਬੂੰਦ ਦਾ ਰਸੀਆ) ਨਾਮ-ਬੂੰਦ (ਆਪਣੇ) ਮੂੰਹ ਵਿਚ ਪਾਂਦਾ ਹੈ, ਤਦੋਂ ਉਸ ਦੇ ਤਨ ਵਿਚ ਆਨੰਦ ਪੈਦਾ ਹੁੰਦਾ ਹੈ। (ਜਿਵੇਂ ਵਰਖਾ ਨਾਲ) ਧਰਤੀ ਹਰੀਆਵਲੀ ਹੋ ਜਾਂਦੀ ਹੈ, (ਉਸ ਵਿਚ) ਬਹੁਤ ਅੰਨ ਪੈਦਾ ਹੁੰਦਾ ਹੈ (ਜਿਵੇਂ) ਗੁਰੂ ਦੇ ਸ਼ਬਦ ਵਿਚ ਲੀਨ ਹੋ ਕੇ ਜਗਤ ਹਰ ਵੇਲੇ ਪਰਮਾਤਮਾ ਦੀ ਭਗਤੀ ਕਰਨ ਲੱਗ ਪੈਂਦਾ ਹੈ। ਸਦਾ ਕਾਇਮ ਰਹਿਣ ਵਾਲਾ ਪ੍ਰਭੂ ਆਪ ਹੀ (ਗੁਰੂ ਦੀ ਸਰਨ ਪਈ ਲੁਕਾਈ ਉਤੇ) ਬਖ਼ਸ਼ਸ਼ ਕਰਦਾ ਹੈ, ਮਿਹਰ ਕਰ ਕੇ ਆਪਣਾ ਹੁਕਮ ਵਰਤਾਂਦਾ ਹੈ।

ਹੇ ਜੀਵ-ਇਸਤ੍ਰੀ! ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਵਿਚ ਲੀਨ ਹੋ ਕੇ ਪਰਮਾਤਮਾ ਦੇ ਗੁਣ ਗਾਇਆ ਕਰ, (ਪ੍ਰਭੂ ਦੇ) ਡਰ-ਅਦਬ ਤੋਂ ਪੈਦਾ ਹੋਈ ਆਤਮਕ ਅਡੋਲਤਾ ਨੂੰ (ਆਪਣੇ ਜੀਵਨ ਦਾ) ਸਿੰਗਾਰ ਬਣਾਈ ਰੱਖ, ਸਦਾ-ਥਿਰ ਹਰੀ ਵਿਚ ਸੁਰਤਿ ਜੋੜ ਕੇ ਟਿਕੀ ਰਿਹਾ ਕਰ।

ਹੇ ਨਾਨਕ! ਜਿਸ ਦੇ ਮਨ ਵਿਚ ਹਰਿ-ਨਾਮ ਹੀ ਟਿਕਿਆ ਰਹਿੰਦਾ ਹੈ, ਪਰਮਾਤਮਾ ਉਸ ਨੂੰ ਦਰਗਾਹ ਵਿਚ ਲੇਖੇ ਤੋਂ ਬਚਾ ਲੈਂਦਾ ਹੈ।57।

ਬਾਬੀਹਾ ਸਗਲੀ ਧਰਤੀ ਜੇ ਫਿਰਹਿ ਊਡਿ ਚੜਹਿ ਆਕਾਸਿ ॥ ਸਤਿਗੁਰਿ ਮਿਲਿਐ ਜਲੁ ਪਾਈਐ ਚੂਕੈ ਭੂਖ ਪਿਆਸ ॥ ਜੀਉ ਪਿੰਡੁ ਸਭੁ ਤਿਸ ਕਾ ਸਭੁ ਕਿਛੁ ਤਿਸ ਕੈ ਪਾਸਿ ॥ ਵਿਣੁ ਬੋਲਿਆ ਸਭੁ ਕਿਛੁ ਜਾਣਦਾ ਕਿਸੁ ਆਗੈ ਕੀਚੈ ਅਰਦਾਸਿ ॥ ਨਾਨਕ ਘਟਿ ਘਟਿ ਏਕੋ ਵਰਤਦਾ ਸਬਦਿ ਕਰੇ ਪਰਗਾਸ ॥੫੮॥ {ਪੰਨਾ 1420}

ਪਦ ਅਰਥ: ਬਾਬੀਹਾ = ਹੇ ਪਪੀਹੇ! (ਹੇ ਆਤਮਕ ਜੀਵਨ ਦੇਣ ਵਾਲੀ ਨਾਮ-ਬੂੰਦ ਦੇ ਰਸੀਏ!) ਫਿਰਹਿ = ਤੂੰ ਫਿਰਦਾ ਰਹੇਂ। ਊਡਿ = ਉੱਡ ਕੇ। ਆਕਾਸਿ = ਆਕਾਸ਼ ਵਿਚ। ਸਤਿਗੁਰਿ ਮਿਲਿਐ = ਜੇ ਗੁਰੂ ਮਿਲ ਪਏ, ਗੁਰੂ ਮਿਲਿਆਂ ਹੀ। ਪਾਈਐ = ਮਿਲਦਾ ਹੈ। ਚੂਕੈ = ਮੁੱਕ ਜਾਂਦੀ ਹੈ। ਜੀਉ = ਜਿੰਦ। ਪਿੰਡੁ = ਸਰੀਰ। ਤਿਸ ਕਾ = (ਸੰਬੰਧਕ 'ਕਾ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ) । ਤਿਸ ਕੈ = (ਸੰਬੰਧਕ 'ਕੈ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁਉੱਡ ਗਿਆ ਹੈ) । ਵਿਣੁ ਬੋਲਿਆ = ਵਿਣੁ ਬੋਲਿਆਂ। ਕੀਚੈ = ਕੀਤੀ ਜਾਏ। ਘਟਿ ਘਟਿ = ਹਰੇਕ ਸਰੀਰ ਵਿਚ। ਏਕੋ = ਇਕ ਪ੍ਰਭੂ ਹੀ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਪਰਗਾਸ = (ਆਤਮਕ ਜੀਵਨ ਦਾ) ਚਾਨਣ।58।

ਅਰਥ: ਹੇ ਆਤਮਕ ਜੀਵਨ ਦੇਣ ਵਾਲੀ ਨਾਮ-ਬੂੰਦ ਦੇ ਰਸੀਏ! (ਗੁਰੂ ਨੂੰ ਛੱਡ ਕੇ) ਤੂੰ (ਤੀਰਥ-ਜਾਤ੍ਰਾ ਆਦਿਕ ਦੀ ਖ਼ਾਤਰ) ਸਾਰੀ ਧਰਤੀ ਉਤੇ ਰਟਨ ਕਰਦਾ ਫਿਰੇਂ, ਜੇ ਤੂੰ (ਮਾਨਸਕ ਸ਼ਕਤੀਆਂ ਦੀ ਮਦਦ ਨਾਲ) ਉੱਡ ਕੇ ਆਕਾਸ਼ ਵਿਚ ਭੀ ਜਾ ਪਹੁੰਚੇਂ, (ਤਾਂ ਭੀ ਇਸ ਤਰ੍ਹਾਂ ਮਾਇਆ ਦੀ ਤ੍ਰਿਸ਼ਨਾ ਮਾਇਆ ਦੀ ਭੁੱਖ ਨਹੀਂ ਮਿਟਦੀ। ਨਾਮ-ਜਲ ਨਾਲ ਹੀ ਮਾਇਆ ਦੀ) ਭੁੱਖ ਤ੍ਰਿਹ ਮਿਟਦੀ ਹੈ (ਅਤੇ ਉਹ ਨਾਮ-) ਜਲ ਗੁਰੂ ਮਿਲਿਆਂ (ਹੀ) ਪ੍ਰਾਪਤ ਹੁੰਦਾ ਹੈ।

ਹੇ ਭਾਈ! ਇਹ ਜਿੰਦ ਇਹ ਸਰੀਰ ਸਭ ਕੁਝ ਉਸ (ਪਰਮਾਤਮਾ) ਦਾ ਹੀ ਦਿੱਤਾ ਹੋਇਆ ਹੈ, ਹਰੇਕ ਦਾਤਿ ਉਸ ਦੇ ਹੀ ਵੱਸ ਵਿਚ ਹੈ। (ਜੀਵਾਂ ਦੇ) ਬੋਲਣ ਤੋਂ ਬਿਨਾ ਹੀ (ਹਰੇਕ ਜੀਵ ਦੀ) ਹਰੇਕ ਲੋੜ ਉਹ ਜਾਣਦਾ ਹੈ, (ਉਸ ਨੂੰ ਛੱਡ ਕੇ) ਹੋਰ ਕਿਸ ਅੱਗੇ ਅਰਦਾਸ ਕੀਤੀ ਜਾ ਸਕਦੀ ਹੈ? ਹੇ ਨਾਨਕ? ਹਰੇਕ ਸਰੀਰ ਵਿਚ ਉਹ ਪਰਮਾਤਮਾ ਆਪ ਹੀ ਮੌਜੂਦ ਹੈ, (ਗੁਰੂ ਦੇ) ਸ਼ਬਦ ਦੀ ਰਾਹੀਂ (ਹਰੇਕ ਜੀਵ ਦੇ ਅੰਦਰ ਆਤਮਕ ਜੀਵਨ ਦਾ) ਚਾਨਣ (ਉਹ ਆਪ ਹੀ) ਕਰਦਾ ਹੈ।58।

ਨਾਨਕ ਤਿਸੈ ਬਸੰਤੁ ਹੈ ਜਿ ਸਤਿਗੁਰੁ ਸੇਵਿ ਸਮਾਇ ॥ ਹਰਿ ਵੁਠਾ ਮਨੁ ਤਨੁ ਸਭੁ ਪਰਫੜੈ ਸਭੁ ਜਗੁ ਹਰੀਆਵਲੁ ਹੋਇ ॥੫੯॥ ਸਬਦੇ ਸਦਾ ਬਸੰਤੁ ਹੈ ਜਿਤੁ ਤਨੁ ਮਨੁ ਹਰਿਆ ਹੋਇ ॥ ਨਾਨਕ ਨਾਮੁ ਨ ਵੀਸਰੈ ਜਿਨਿ ਸਿਰਿਆ ਸਭੁ ਕੋਇ ॥੬੦॥ ਨਾਨਕ ਤਿਨਾ ਬਸੰਤੁ ਹੈ ਜਿਨਾ ਗੁਰਮੁਖਿ ਵਸਿਆ ਮਨਿ ਸੋਇ ॥ ਹਰਿ ਵੁਠੈ ਮਨੁ ਤਨੁ ਪਰਫੜੈ ਸਭੁ ਜਗੁ ਹਰਿਆ ਹੋਇ ॥੬੧॥ {ਪੰਨਾ 1420}

ਪਦ ਅਰਥ: ਤਿਸੈ = ਉਸ (ਮਨੁੱਖ) ਨੂੰ ਹੀ। ਬਸੰਤੁ = ਖਿੜਾਉ ਦੀ ਰੁੱਤ। ਜਿ = ਜਿਹੜਾ (ਮਨੁੱਖ) । ਸੇਵ = ਸਰਨ ਪੈ ਕੇ। ਸਮਾਇ = (ਹਰਿ-ਨਾਮ ਵਿਚ) ਲੀਨ ਰਹਿੰਦਾ ਹੈ। ਵੁਠਾ = ਆ ਵੱਸਦਾ ਹੈ। ਪਰਫੜੇ = ਖਿੜ ਪੈਂਦਾ ਹੈ। ਹਰੀਆਵਲੁ = ਹਰਾ-ਭਰਾ।59।

ਸਬਦੇ = ਗੁਰੂ ਦੇ ਸ਼ਬਦ ਦੀ ਰਾਹੀਂ। ਜਿਤੁ = ਜਿਸ (ਬਸੰਤ) ਦੀ ਰਾਹੀਂ। ਜਿਨਿ = ਜਿਸ (ਪ੍ਰਭੂ) ਨੇ। ਸਿਰਿਆ = ਪੈਦਾ ਕੀਤਾ ਹੈ। ਸਭੁ ਕੋਇ = ਹਰੇਕ ਜੀਵ।60।

ਗੁਰਮੁਖਿ = ਗੁਰੂ ਦੀ ਰਾਹੀਂ। ਮਨਿ = ਮਨ ਵਿਚ। ਸੋਇ = ਉਹ ਪਰਮਾਤਮਾ। ਹਰਿ ਵੁਠੈ = ਜਦੋਂ ਪਰਮਾਤਮਾ ਆ ਵੱਸਦਾ ਹੈ। ਪਰਫੜੈ = ਖਿੜ ਪੈਂਦਾ ਹੈ।61।

ਅਰਥ: (ਜਿਵੇਂ ਬਸੰਤ ਰੁੱਤ ਆਉਣ ਤੇ (ਸਾਰਾ ਜਗਤ ਹਰਾ-ਭਰਾ ਹੋ ਜਾਂਦਾ ਹੈ, (ਤਿਵੇਂ) ਹੇ ਨਾਨਕ! ਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ (ਹਰਿ-ਨਾਮ ਵਿਚ) ਲੀਨ ਰਹਿੰਦਾ ਹੈ ਉਸ ਦੇ ਅੰਦਰ ਆਤਮਕ ਖਿੜਾਉ ਦੀ ਰੁੱਤ ਬਣੀ ਰਹਿੰਦੀ ਹੈ (ਜਦੋਂ ਮਨੁੱਖ ਦੇ ਅੰਦਰ) ਪਰਮਾਤਮਾ ਆ ਵੱਸਦਾ ਹੈ, ਉਸ ਦਾ ਤਨ ਉਸ ਦਾ ਮਨ (ਆਤਮਕ ਆਨੰਦ ਨਾਲ) ਖਿੜ ਪੈਂਦਾ ਹੈ।59।

ਹੇ ਨਾਨਕ! ਜਿਸ (ਪਰਮਾਤਮਾ) ਨੇ ਹਰੇਕ ਜੀਵ ਪੈਦਾ ਕੀਤਾ ਹੈ (ਜਿਸ ਮਨੁੱਖ ਨੂੰ ਉਸ ਦਾ) ਨਾਮ (ਗੁਰੂ ਦੇ) ਸ਼ਬਦ ਦੀ ਰਾਹੀਂ (ਕਦੇ) ਨਹੀਂ ਭੁੱਲਦਾ, ਉਸ ਦੇ ਅੰਦਰ ਸਦਾ ਲਈ (ਅਜਿਹੀ) ਖਿੜਾਉ ਦੀ ਰੁੱਤ ਬਣ ਜਾਂਦੀ ਹੈ ਜਿਸ ਦੀ ਬਰਕਤਿ ਨਾਲ ਉਸ ਦਾ ਮਨ ਆਨੰਦ-ਭਰਪੂਰ ਹੋ ਜਾਂਦਾ ਹੈ।60।

ਹੇ ਨਾਨਕ! ਗੁਰੂ ਦੀ ਸਰਨ ਪੈ ਕੇ ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਉਹ (ਪਰਮਾਤਮਾ) ਆ ਵੱਸਦਾ ਹੈ, ਉਹਨਾਂ ਦੇ ਅੰਦਰ ਆਤਮਕ ਖਿੜਾਉ ਦਾ ਸਮਾ ਬਣਿਆ ਰਹਿੰਦਾ ਹੈ। ਹੇ ਭਾਈ! (ਜਿਵੇਂ ਬਸੰਤ ਰੁੱਤੇ) ਸਾਰਾ ਜਗਤ ਹਰਾ-ਭਰਾ ਹੋ ਜਾਂਦਾ ਹੈ (ਤਿਵੇਂ, ਜਿਸ ਮਨੁੱਖ ਦੇ ਅੰਦਰ) ਪਰਮਾਤਮਾ ਆ ਵੱਸਦਾ ਹੈ (ਉਸ ਦਾ) ਮਨ (ਉਸ ਦਾ) ਤਨ ਖਿੜ ਪੈਂਦਾ ਹੈ।61।

ਵਡੜੈ ਝਾਲਿ ਝਲੁੰਭਲੈ ਨਾਵੜਾ ਲਈਐ ਕਿਸੁ ॥ ਨਾਉ ਲਈਐ ਪਰਮੇਸਰੈ ਭੰਨਣ ਘੜਣ ਸਮਰਥੁ ॥੬੨॥ ਹਰਹਟ ਭੀ ਤੂੰ ਤੂੰ ਕਰਹਿ ਬੋਲਹਿ ਭਲੀ ਬਾਣਿ ॥ ਸਾਹਿਬੁ ਸਦਾ ਹਦੂਰਿ ਹੈ ਕਿਆ ਉਚੀ ਕਰਹਿ ਪੁਕਾਰ ॥ ਜਿਨਿ ਜਗਤੁ ਉਪਾਇ ਹਰਿ ਰੰਗੁ ਕੀਆ ਤਿਸੈ ਵਿਟਹੁ ਕੁਰਬਾਣੁ ॥ ਆਪੁ ਛੋਡਹਿ ਤਾਂ ਸਹੁ ਮਿਲੈ ਸਚਾ ਏਹੁ ਵੀਚਾਰੁ ॥ ਹਉਮੈ ਫਿਕਾ ਬੋਲਣਾ ਬੁਝਿ ਨ ਸਕਾ ਕਾਰ ॥ ਵਣੁ ਤ੍ਰਿਣੁ ਤ੍ਰਿਭਵਣੁ ਤੁਝੈ ਧਿਆਇਦਾ ਅਨਦਿਨੁ ਸਦਾ ਵਿਹਾਣ ॥ ਬਿਨੁ ਸਤਿਗੁਰ ਕਿਨੈ ਨ ਪਾਇਆ ਕਰਿ ਕਰਿ ਥਕੇ ਵੀਚਾਰ ॥ ਨਦਰਿ ਕਰਹਿ ਜੇ ਆਪਣੀ ਤਾਂ ਆਪੇ ਲੈਹਿ ਸਵਾਰਿ ॥ ਨਾਨਕ ਗੁਰਮੁਖਿ ਜਿਨ੍ਹ੍ਹੀ ਧਿਆਇਆ ਆਏ ਸੇ ਪਰਵਾਣੁ ॥੬੩॥ {ਪੰਨਾ 1420}

ਪਦ ਅਰਥ: ਝਾਲਿ = ਝਾਲਾਂਘੇ। ਵਡੜੈ ਝਾਲਿ = ਬੜੇ ਸਵੇਰ ਵੇਲੇ, ਬਹੁਤ ਸਵੇਰੇ। ਝਲੁੰਭਲੈ = ਘੁਸਮੁਸੇ। ਨਾਵੜਾ = ਸੋਹਣਾ ਨਾਮ। ਕਿਸੁ ਨਾਵੜਾ = ਕਿਸ ਦਾ ਸੋਹਣਾ ਨਾਮ? ਪਰਮੇਸਰੈ ਨਾਉ = ਪਰਮੇਸਰ ਦਾ ਨਾਮ। ਸਮਰਥੁ = ਤਾਕਤ ਵਾਲਾ।62।

ਹਰਹਟ = ਹਲਟ (ਬਹੁ-ਵਚਨ) । ਕਰਹਿ = ਕਰਦੇ ਹਨ (ਬਹੁ-ਵਚਨ) । ਬੋਲਹਿ = ਬੋਲਦੇ ਹਨ। ਭਲੀ ਬਾਣਿ = ਮਿੱਠੀ ਬੋਲੀ। ਹਦੂਰਿ = ਹਾਜ਼ਰ-ਨਾਜ਼ਰ, ਹਰ ਥਾਂ ਹਾਜ਼ਰ। ਕਰਹਿ = ਤੂੰ ਕਰਦਾ ਹੈਂ। ਕਿਆ = ਕਾਹਦੇ ਲਈ। ਜਿਨਿ = ਜਿਸ (ਪਰਮਾਤਮਾ) ਨੇ। ਜਿਨਿ ਹਰਿ = ਜਿਸ ਹਰੀ ਨੇ। ਰੰਗੁ = ਤਮਾਸ਼ਾ। ਵਿਟਹੁ = ਤੋਂ। ਆਪੁ = ਆਪਾ-ਭਾਵ। ਛੋਡਹਿ = ਜੇ ਤੂੰ ਛੱਡ ਦੇਵੇਂ। ਸਹੁ = ਸ਼ਹੁ, ਖਸਮ-ਪ੍ਰਭੂ। ਸਚਾ = ਅਟੱਲ ਕਾਇਮ ਰਹਿਣ ਵਾਲਾ। ਫਿਕਾ = ਬੇ-ਸੁਆਦਾ। ਬੁਝਿ ਨ ਸਕਾ = ਬੁਝਿ ਨ ਸੱਕਾਂ। ਕਾਰ = (ਪਰਮਾਤਮਾ ਨੂੰ ਮਿਲਾ ਸਕਣ ਵਾਲਾ) ਕਰਤੱਬ। ਵਣੁ = ਜੰਗਲ। ਤ੍ਰਿਣੁ = ਤੀਲਾ, ਘਾਹ। ਤ੍ਰਿਭਵਣੁ = ਸਾਰਾ ਜਗਤ। ਅਨਦਿਨੁ = ਹਰ ਰੋਜ਼, ਹਰੇਕ ਦਿਹਾੜਾ। ਵਿਹਾਣ = ਬੀਤਦਾ ਹੈ। ਕਰਿ = ਕਰ ਕੇ। ਕਰਿ ਕਰਿ ਵੀਚਾਰ = (ਹੋਰ ਹੋਰ) ਵਿਚਾਰਾਂ ਕਰ ਕਰ ਕੇ। ਨਦਰਿ = ਮਿਹਰ ਦੀ ਨਿਗਾਹ। ਕਰਹਿ = (ਹੇ ਪ੍ਰਭੂ!) ਤੂੰ ਕਰੇਂ। ਆਪੇ = ਆਪ ਹੀ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਸੇ = ਉਹ (ਬਹੁ-ਵਚਨ) । ਪਰਵਾਣੁ = ਕਬੂਲ।62।

ਅਰਥ: ਹੇ ਭਾਈ ਸੁਵਖਤੇ ਘੁਸਮੁਸੇ (ਵੇਲੇ ਉੱਠ ਕੇ) ਕਿਸ ਦਾ ਸੋਹਣਾ ਨਾਮ ਲੈਣਾ ਚਾਹੀਦਾ ਹੈ? ਉਸ ਪਰਮੇਸਰ ਦਾ ਨਾਮ ਲੈਣਾ ਚਾਹੀਦਾ ਹੈ ਜੋ (ਜੀਵਾਂ ਨੂੰ) ਪੈਦਾ ਕਰਨ ਤੇ ਨਾਸ ਕਰਨ ਦੀ ਸਮਰਥਾ ਵਾਲਾ ਹੈ।62।

ਹੇ ਭਾਈ! ਮਾਲਕ-ਪ੍ਰਭੂ ਤਾਂ ਸਦਾ ਤੇਰੇ ਨਾਲ ਵੱਸਦਾ ਹੈ (ਉਸ ਅੰਦਰ-ਵੱਸਦੇ ਨੂੰ ਭੁਲਾ ਕੇ ਬਾਹਰ ਲੋਕ-ਵਿਖਾਵੇ ਲਈ) ਤੂੰ ਕਿਉਂ ਉੱਚੀ ਉੱਚੀ ਪੁਕਾਰਦਾ ਹੈਂ? (ਇਸ ਤਰ੍ਹਾਂ ਤਾਂ) ਹਲਟ ਭੀ (ਚੱਲਦੇ ਖੂਹ ਭੀ ਆਵਾਜ਼ ਕੱਢਦੇ ਇਉਂ ਜਾਪਦੇ ਹਨ ਕਿ) 'ਤੂੰ ਤੂੰ' ਕਰ ਰਹੇ ਹਨ, ਅਤੇ ਮਿੱਠੀ ਸੁਰ ਵਿਚ ਆਵਾਜ਼ ਕੱਢਦੇ ਹਨ (ਪਰ ਉਹ ਭਗਤੀ ਤਾਂ ਨਹੀਂ ਕਰ ਰਹੇ) ।

ਹੇ ਭਾਈ! ਜਿਸ ਹਰੀ ਨੇ ਇਹ ਜਗਤ ਪੈਦਾ ਕਰ ਕੇ ਇਹ ਖੇਲ-ਤਮਾਸ਼ਾ ਬਣਾਇਆ ਹੈ, ਉਸ ਤੋਂ ਸਦਕੇ ਹੋਇਆ ਕਰ। ਸਦਾ ਕਾਇਮ ਰਹਿਣ ਵਾਲਾ ਵਿਚਾਰ ਇਹ ਹੈ ਕਿ ਜੇ ਤੂੰ (ਆਪਣੇ ਅੰਦਰੋਂ) ਆਪਾ ਭਾਵ ਛੱਡ ਦੇਵੇਂਗਾ, ਤਾਂ ਤੈਨੂੰ ਪਰਮਾਤਮਾ ਮਿਲ ਪਏਗਾ।

ਹੇ ਭਾਈ! ਹਉਮੈ ਅਹੰਕਾਰ ਦੇ ਆਸਰੇ ('ਤੂੰ ਤੂੰ') ਬੋਲਦਾ (ਭੀ) ਬੇ-ਸੁਆਦਾ ਰਹਿੰਦਾ ਹੈ (ਆਤਮਕ ਜੀਵਨ ਦਾ ਹੁਲਾਰਾ ਪੈਦਾ ਨਹੀਂ ਕਰ ਸਕਦਾ) । (ਜੇ ਮੈਂ ਸਦਾ ਹਉਮੈ ਦੇ ਆਸਰੇ ਹੀ 'ਤੂੰ ਤੂੰ' ਬੋਲਦਾ ਰਹਾਂ, ਤਾਂ) ਮੈਂ ਪਰਮਾਤਮਾ ਨਾਲ ਮਿਲ ਸਕਣ ਵਾਲਾ) ਕਰਤੱਬ ਸਮਝ ਨਹੀਂ ਸਕਦਾ।

ਹੇ ਪ੍ਰਭੂ! ਜੰਗਲ, (ਜੰਗਲ ਦਾ) ਘਾਹ, ਸਾਰਾ ਜਗਤ ਤੈਨੂੰ ਹੀ ਸਿਮਰ ਰਿਹਾ ਹੈ। ਹਰੇਕ ਦਿਹਾੜਾ ਸਦਾ ਸਾਰਾ ਸਮਾ (ਤੇਰੀ ਹੀ ਯਾਦ ਵਿਚ) ਬੀਤ ਰਿਹਾ ਹੈ। ਪਰ (ਅਨੇਕਾਂ ਹੀ ਪੰਡਿਤ ਲੋਕ) ਸੋਚਾਂ ਵਿਚਾਰਾਂ ਕਰ ਕੇ ਥੱਕਦੇ ਆ ਰਹੇ ਹਨ, ਗੁਰੂ ਦੀ ਸਰਨ ਪੈਣ ਤੋਂ ਬਿਨਾ ਕਿਸੇ ਨੇ ਤੇਰਾ ਮਿਲਾਪ ਪ੍ਰਾਪਤ ਨਹੀਂ ਕੀਤਾ। ਜੇ ਤੂੰ ਮਿਹਰ ਦੀ ਨਿਗਾਹ ਕਰੇਂ, ਤਾਂ ਤੂੰ ਆਪ ਹੀ (ਜੀਵਾਂ ਦੇ ਆਤਮਕ ਜੀਵਨ) ਸੋਹਣੇ ਬਣਾ ਲੈਂਦਾ ਹੈਂ।

ਹੇ ਨਾਨਕ! ਗੁਰੂ ਦੀ ਸਰਨ ਪੈ ਕੇ ਜਿਨ੍ਹਾਂ ਮਨੁੱਖਾਂ ਨੇ ਪ੍ਰਭੂ ਦਾ ਨਾਮ ਸਿਮਰਿਆ ਹੈ, ਜਗਤ ਵਿਚ ਉਹੀ ਜੰਮੇ (ਪ੍ਰਭੂ ਦੀ ਹਜ਼ੂਰੀ ਵਿਚ) ਕਬੂਲ ਹੁੰਦੇ ਹਨ।63।

TOP OF PAGE

Sri Guru Granth Darpan, by Professor Sahib Singh