ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1421 ਜੋਗੁ ਨ ਭਗਵੀ ਕਪੜੀ ਜੋਗੁ ਨ ਮੈਲੇ ਵੇਸਿ ॥ ਨਾਨਕ ਘਰਿ ਬੈਠਿਆ ਜੋਗੁ ਪਾਈਐ ਸਤਿਗੁਰ ਕੈ ਉਪਦੇਸਿ ॥੬੪॥ ਚਾਰੇ ਕੁੰਡਾ ਜੇ ਭਵਹਿ ਬੇਦ ਪੜਹਿ ਜੁਗ ਚਾਰਿ ॥ ਨਾਨਕ ਸਾਚਾ ਭੇਟੈ ਹਰਿ ਮਨਿ ਵਸੈ ਪਾਵਹਿ ਮੋਖ ਦੁਆਰ ॥੬੫॥ ਨਾਨਕ ਹੁਕਮੁ ਵਰਤੈ ਖਸਮ ਕਾ ਮਤਿ ਭਵੀ ਫਿਰਹਿ ਚਲ ਚਿਤ ॥ ਮਨਮੁਖ ਸਉ ਕਰਿ ਦੋਸਤੀ ਸੁਖ ਕਿ ਪੁਛਹਿ ਮਿਤ ॥ ਗੁਰਮੁਖ ਸਉ ਕਰਿ ਦੋਸਤੀ ਸਤਿਗੁਰ ਸਉ ਲਾਇ ਚਿਤੁ ॥ ਜੰਮਣ ਮਰਣ ਕਾ ਮੂਲੁ ਕਟੀਐ ਤਾਂ ਸੁਖੁ ਹੋਵੀ ਮਿਤ ॥੬੬॥ ਭੁਲਿਆਂ ਆਪਿ ਸਮਝਾਇਸੀ ਜਾ ਕਉ ਨਦਰਿ ਕਰੇ ॥ ਨਾਨਕ ਨਦਰੀ ਬਾਹਰੀ ਕਰਣ ਪਲਾਹ ਕਰੇ ॥੬੭॥ {ਪੰਨਾ 1421} ਪਦ ਅਰਥ: ਜੋਗੁ = (ਪਰਮਾਤਮਾ ਨਾਲ) ਮਿਲਾਪ। ਭਗਵੀ ਕਪੜੀ = ਭਗਵੀਂ ਕਪੜੀਂ, ਗੇਰੂਏ ਰੰਗ ਦੇ ਕੱਪੜਿਆਂ ਨਾਲ। ਵੇਸਿ = ਵੇਸਿ ਨਾਲ, ਪਹਿਰਾਵੇ ਨਾਲ। ਘਰਿ = ਘਰ ਵਿਚ, ਗ੍ਰਿਹਸਤ ਵਿਚ। ਪਾਈਐ = ਪ੍ਰਾਪਤ ਕਰ ਲਈਦਾ ਹੈ। ਕੈ ਉਪਦੇਸਿ = ਦੇ ਉਪਦੇਸ ਨਾਲ।64। ਚਾਰੇ ਕੁੰਡਾ = ਚੌਹੀਂ ਪਾਸੀਂ। ਭਵਹਿ = ਭਵਹਿਂ, ਤੂੰ ਭੌਂਦਾ ਫਿਰੇਂ। ਪੜਹਿ = ਤੂੰ ਪੜ੍ਹਦਾ ਰਹੇਂ, ਪੜਹਿਂ। ਸਾਚਾ = ਸਦਾ ਕਾਇਮ ਰਹਿਣ ਵਾਲਾ ਪ੍ਰਭੂ। ਭੇਟੈ = ਮਿਲ ਪੈਂਦਾ ਹੈ। ਮਨਿ = ਮਨ ਵਿਚ। ਵਸੈ = ਆ ਵੱਸਦਾ ਹੈ। ਪਾਵਹਿ = ਪਾਵਹਿਂ, ਤੂੰ ਪ੍ਰਾਪਤ ਕਰ ਲਏਂਗਾ। ਮੋਖ ਦੁਆਰ = ਵਿਕਾਰਾਂ ਤੋਂ ਖ਼ਲਾਸੀ ਦਾ ਰਸਤਾ।65। ਨਾਨਕ = ਹੇ ਨਾਨਕ! ਵਰਤੈ = ਵਰਤ ਰਿਹਾ ਹੈ, ਚੱਲ ਰਿਹਾ ਹੈ। ਭਵੀ = ਉਲਟੀ ਹੋਈ ਹੈ, ਉਲਟੇ ਰਸਤੇ ਪਈ ਹੋਈ ਹੈ। ਫਿਰਹਿ = ਤੂੰ ਫਿਰਦਾ ਹੈਂ। ਚਲਚਿਤ = ਚੰਚਲਚਿਤ ਹੋ ਕੇ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਸਉ = ਸਿਉਂ ਨਾਲ। ਕਰਿ = ਕਰ ਕੇ, ਬਣਾ ਕੇ। ਕਿ = ਕਿਹੜੇ? ਮਿਤ = ਹੇ ਮਿੱਤਰ! ਕਰਿ ਦੋਸਤੀ = ਦੋਸਤੀ ਪੈਦਾ ਕਰ। ਲਾਇ ਚਿਤੁ = ਚਿੱਤ ਜੋੜੀ ਰੱਖ। ਮੂਲੁ = ਮੁੱਢ, ਜੜ੍ਹ। ਕਟੀਐ = ਵੱਢਿਆ ਜਾਂਦਾ ਹੈ। ਮਿਤ = ਹੇ ਮਿੱਤਰ।66। ਸਮਝਾਇਸੀ = ਸੂਝ ਬਖ਼ਸ਼ੇਗਾ। ਜਾ ਕਉ = ਜਿਸ (ਮਨੁੱਖ) ਉਤੇ। ਨਦਰਿ = ਮਿਹਰ ਦੀ ਨਿਗਾਹ। ਨਦਰੀ ਬਾਹਰੀ = ਮਿਹਰ ਦੀ ਨਿਗਾਹ ਤੋਂ ਵਿਰਵਾ ਰਹਿ ਕੇ। ਕਰਣ ਪਲਾਹ = (करूणा प्रलाय) ਕਰਣ = ਕਰੁਣਾ, ਤਰਸ। ਪਲਾਹ = ਪ੍ਰਲਾਪ, ਬੋਲ। ਕਰਣ ਪਲਾਹ = ਤਰਸ-ਭਰੇ ਬੋਲ, ਕੀਰਨੇ।67। ਅਰਥ: ਹੇ ਭਾਈ! (ਗ੍ਰਿਹਸਤ ਤਿਆਗ ਕੇ) ਗੇਰੂਏ ਰੰਗ ਦੇ ਕੱਪੜਿਆਂ ਨਾਲ ਜਾਂ ਮੈਲੇ ਪਹਿਰਾਵੇ ਨਾਲ (ਪਰਮਾਤਮਾ ਦਾ) ਮਿਲਾਪ ਨਹੀਂ ਹੋ ਜਾਂਦਾ। ਪਰ, ਹਾਂ, ਹੇ ਨਾਨਕ! ਗੁਰੂ ਦੇ ਉਪਦੇਸ਼ ਦੀ ਰਾਹੀਂ ਗ੍ਰਿਹਸਤ ਵਿਚ ਰਹਿੰਦਿਆਂ ਹੀ (ਪਰਮਾਤਮਾ ਨਾਲ) ਮਿਲਾਪ ਹੋ ਸਕਦਾ ਹੈ।64। ਹੇ ਭਾਈ! (ਗ੍ਰਿਹਸਤ ਛੱਡ ਕੇ) ਜੇ ਤੂੰ (ਧਰਤੀ ਤੇ) ਚੌਹੀਂ ਪਾਸੀਂ ਤੁਰਿਆ ਫਿਰੇਂ, ਤੇ, ਜੇ ਤੂੰ ਸਦਾ ਹੀ ਵੇਦ (ਆਦਿਕ ਧਰਮ-ਪੁਸਤਕ) ਪੜ੍ਹਦਾ ਰਹੇਂ (ਤਾਂ ਭੀ ਵਿਕਾਰਾਂ ਤੋਂ ਖ਼ਲਾਸੀ ਦਾ ਰਸਤਾ ਨਹੀਂ ਲੱਭ ਸਕਦਾ) । ਹੇ ਨਾਨਕ! (ਆਖ– ਹੇ ਭਾਈ!) ਤੂੰ ਵਿਕਾਰਾਂ ਤੋਂ ਖ਼ਲਾਸੀ ਦਾ ਦਰਵਾਜ਼ਾ (ਤਦੋਂ) ਲੱਭ ਲਏਂਗਾ, ਜਦੋਂ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਤੈਨੂੰ ਮਿਲ ਪਏਗਾ, ਜਦੋਂ ਹਰੀ (ਤੇਰੇ) ਮਨ ਵਿਚ ਆ ਵੱਸੇਗਾ।65। ਹੇ ਨਾਨਕ! (ਆਖ– ਹੇ ਭਾਈ! ਤੇਰੇ ਭੀ ਕੀਹ ਵੱਸ? ਸਾਰੇ ਸੰਸਾਰ ਵਿਚ) ਮਾਲਕ-ਪ੍ਰਭੂ ਦਾ ਹੁਕਮ ਚੱਲ ਰਿਹਾ ਹੈ (ਉਸ ਹੁਕਮ ਵਿਚ ਹੀ) ਤੇਰੀ ਮਤਿ ਉਲਟੇ ਰਾਹ ਪਈ ਹੋਈ ਹੈ, ਤੇ ਤੂੰ ਚੰਚਲ-ਚਿੱਤ ਹੋ ਕੇ (ਧਰਤੀ ਉਤੇ) ਵਿਚਰ ਰਿਹਾ ਹੈਂ। ਪਰ, ਹੇ ਮਿੱਤਰ! (ਇਹ ਤਾਂ ਦੱਸ ਕਿ) ਆਪਣੇ ਮਨ ਦੇ ਪਿਛੇ ਤੁਰਨ ਵਾਲਿਆਂ ਨਾਲ ਦੋਸਤੀ ਪਾ ਕੇ ਤੂੰ ਆਤਮਕ ਆਨੰਦ ਦੀ ਆਸ ਕਿਵੇਂ ਕਰ ਸਕਦਾ ਹੈਂ? ਹੇ ਭਾਈ ਗੁਰੂ ਦੇ ਸਨਮੁਖ ਰਹਿਣ ਵਾਲਿਆਂ ਨਾਲ ਮਿਤ੍ਰਤਾ ਬਣਾ, ਗੁਰੂ (ਦੇ ਚਰਨਾਂ) ਨਾਲ ਚਿੱਤ ਜੋੜੀ ਰੱਖ। (ਇਸ ਤਰ੍ਹਾਂ ਜਦੋਂ) ਜਨਮ ਮਰਨ ਦੇ ਗੇੜ ਦੀ ਜੜ੍ਹ ਵੱਢੀ ਜਾਂਦੀ ਹੈ, ਤਦੋਂ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ।66। ਹੇ ਭਾਈ! ਜ਼ਿੰਦਗੀ ਦੇ ਗ਼ਲਤ ਰਸਤੇ ਉੱਤੇ ਪਏ ਹੋਏ ਭੀ ਜਿਸ ਮਨੁੱਖ ਉਤੇ (ਪਰਮਾਤਮਾ) ਮਿਹਰ ਦੀ ਨਿਗਾਹ ਕਰਦਾ ਹੈ, ਉਸ ਨੂੰ ਆਪ (ਹੀ ਆਤਮਕ ਜੀਵਨ ਦੀ) ਸਮਝ ਬਖ਼ਸ਼ ਦੇਂਦਾ ਹੈ। ਹੇ ਨਾਨਕ! ਪਰਮਾਤਮਾ ਦੀ ਮਿਹਰ ਦੀ ਨਿਗਾਹ ਤੋਂ ਵਾਂਜਿਆ ਹੋਇਆ ਮਨੁੱਖ (ਸਦਾ) ਕੀਰਨੇ ਹੀ ਕਰਦਾ ਰਹਿੰਦਾ ਹੈ।67। ੴ ਸਤਿਗੁਰ ਪ੍ਰਸਾਦਿ ॥ ਸਲੋਕ ਮਹਲਾ ੪ ੴ ਸਤਿਗੁਰ ਪ੍ਰਸਾਦਿ ॥ ਵਡਭਾਗੀਆ ਸੋਹਾਗਣੀ ਜਿਨ੍ਹ੍ਹਾ ਗੁਰਮੁਖਿ ਮਿਲਿਆ ਹਰਿ ਰਾਇ ॥ ਅੰਤਰਿ ਜੋਤਿ ਪਰਗਾਸੀਆ ਨਾਨਕ ਨਾਮਿ ਸਮਾਇ ॥੧॥ {ਪੰਨਾ 1421} ਪਦ ਅਰਥ: ਸੋਹਾਗਣੀ = ਸੁਹਾਗ ਵਾਲੀਆਂ, ਖਸਮ ਵਾਲੀਆਂ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਹਰਿ ਰਾਇ = ਪ੍ਰਭੂ-ਪਾਤਿਸ਼ਾਹ। ਅੰਤਰਿ = (ਉਹਨਾਂ ਦੇ) ਅੰਦਰ। ਪਰਗਾਸੀਆ = ਚਮਕ ਪੈਂਦੀ ਹੈ। ਨਾਮਿ = ਨਾਮ ਵਿਚ। ਸਮਾਇ = ਲੀਨ ਰਹਿ ਕੇ।1। ਅਰਥ: ਹੇ ਨਾਨਕ! ਗੁਰੂ ਦੀ ਸਰਨ ਪੈ ਕੇ ਜਿਨ੍ਹਾਂ ਜੀਵ-ਇਸਤ੍ਰੀਆਂ ਨੂੰ ਪ੍ਰਭੂ-ਪਾਤਿਸ਼ਾਹ ਮਿਲ ਪੈਂਦਾ ਹੈ, ਉਹ ਵੱਡੇ ਭਾਗਾਂ ਵਾਲੀਆਂ ਬਣ ਜਾਂਦੀਆਂ ਹਨ, ਉਹ ਖਸਮ ਵਾਲੀਆਂ ਅਖਵਾਂਦੀਆਂ ਹਨ। ਪ੍ਰਭੂ ਦੇ ਨਾਮ ਵਿਚ ਲੀਨ ਰਹਿ ਕੇ ਉਹਨਾਂ ਦੇ ਅੰਦਰ ਪਰਮਾਤਮਾ ਦੀ ਜੋਤਿ ਚਮਕ ਪੈਂਦੀ ਹੈ।1। ਵਾਹੁ ਵਾਹੁ ਸਤਿਗੁਰੁ ਪੁਰਖੁ ਹੈ ਜਿਨਿ ਸਚੁ ਜਾਤਾ ਸੋਇ ॥ ਜਿਤੁ ਮਿਲਿਐ ਤਿਖ ਉਤਰੈ ਤਨੁ ਮਨੁ ਸੀਤਲੁ ਹੋਇ ॥ ਵਾਹੁ ਵਾਹੁ ਸਤਿਗੁਰੁ ਸਤਿ ਪੁਰਖੁ ਹੈ ਜਿਸ ਨੋ ਸਮਤੁ ਸਭ ਕੋਇ ॥ ਵਾਹੁ ਵਾਹੁ ਸਤਿਗੁਰੁ ਨਿਰਵੈਰੁ ਹੈ ਜਿਸੁ ਨਿੰਦਾ ਉਸਤਤਿ ਤੁਲਿ ਹੋਇ ॥ ਵਾਹੁ ਵਾਹੁ ਸਤਿਗੁਰੁ ਸੁਜਾਣੁ ਹੈ ਜਿਸੁ ਅੰਤਰਿ ਬ੍ਰਹਮੁ ਵੀਚਾਰੁ ॥ ਵਾਹੁ ਵਾਹੁ ਸਤਿਗੁਰੁ ਨਿਰੰਕਾਰੁ ਹੈ ਜਿਸੁ ਅੰਤੁ ਨ ਪਾਰਾਵਾਰੁ ॥ ਵਾਹੁ ਵਾਹੁ ਸਤਿਗੁਰੂ ਹੈ ਜਿ ਸਚੁ ਦ੍ਰਿੜਾਏ ਸੋਇ ॥ ਨਾਨਕ ਸਤਿਗੁਰ ਵਾਹੁ ਵਾਹੁ ਜਿਸ ਤੇ ਨਾਮੁ ਪਰਾਪਤਿ ਹੋਇ ॥੨॥ {ਪੰਨਾ 1421} ਪਦ ਅਰਥ: ਵਾਹੁ = ਧੰਨ, ਸਲਾਹੁਣ-ਜੋਗ। ਵਾਹੁ ਵਾਹੁ = ਧੰਨ ਧੰਨ। ਜਿਨਿ = ਜਿਸ (ਗੁਰੂ) ਨੇ। ਸਚੁ = ਸਦਾ ਕਾਇਮ ਰਹਿਣ ਵਾਲਾ ਪ੍ਰਭੂ। ਜਾਤਾ = ਸਾਂਝ ਪਾਈ। ਜਿਤੁ ਮਿਲਿਐ = ਜਿਸ ਨੂੰ ਮਿਲਿਆਂ। ਤਿਖ = ਤ੍ਰਿਹ। ਸੀਤਲੁ = ਠੰਢਾ-ਠਾਰ। ਜਿਸ ਨੋ = (ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਜਿਸੁ' ਦਾ ੁ ਉੱਡ ਗਿਆ ਹੈ) । ਸਮਤੁ = ਇਕੋ ਜਿਹਾ। ਸਭ ਕੋਇ = ਹਰੇਕ ਜੀਵ। ਤੁਲਿ = ਬਰਾਬਰ। ਸੁਜਾਣੁ = ਸਿਆਣਾ। ਜਿਸੁ ਅੰਤਰਿ = ਜਿਸ (ਗੁਰੂ) ਦੇ ਅੰਦਰ। ਜਿਸੁ ਅੰਤੁ ਨ = ਜਿਸ (ਪਰਮਾਤਮਾ ਦੇ ਗੁਣਾਂ) ਦਾ ਅੰਤ ਨਹੀਂ (ਪੈ ਸਕਦਾ) । ਜਿ = ਜਿਹੜਾ। ਦ੍ਰਿੜਾਏ = ਹਿਰਦੇ ਵਿਚ ਪੱਕਾ ਕਰਦਾ ਹੈ। ਸਤਿਗੁਰ ਵਾਹੁ ਵਾਹੁ = ਗੁਰੂ ਨੂੰ ਧੰਨ ਧੰਨ (ਆਖੋ) । ਜਿਸ ਤੇ = (ਸੰਬੰਧਕ 'ਤੇ' ਦੇ ਕਾਰਨ ਲਫ਼ਜ਼ 'ਜਿਸੁ' ਦਾ ੁ ਉੱਡ ਗਿਆ ਹੈ) ਜਿਸ (ਗੁਰੂ) ਪਾਸੋਂ।2। ਅਰਥ: ਹੇ ਭਾਈ! ਮਹਾ ਪੁਰਖ ਗੁਰੂ ਧੰਨ ਹੈ ਧੰਨ ਹੈ, ਜਿਸ (ਗੁਰੂ) ਨੇ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨਾਲ ਡੂੰਘੀ ਸਾਂਝ ਪਾਈ ਹੋਈ ਹੈ, ਜਿਸ (ਗੁਰੂ) ਨੂੰ ਮਿਲਿਆਂ (ਮਾਇਆ ਦੀ) ਤ੍ਰਿਸ਼ਨਾ ਦੂਰ ਹੋ ਜਾਂਦੀ ਹੈ, (ਮਨੁੱਖ ਦਾ) ਤਨ ਅਤੇ ਮਨ ਠੰਢਾ-ਠਾਰ ਸ਼ਾਂਤ ਹੋ ਜਾਂਦਾ ਹੈ। ਹੇ ਭਾਈ! ਗੁਰੂ ਸੱਤ ਪੁਰਖ ਸਲਾਹੁਣ-ਜੋਗ ਹੈ ਧੰਨ ਹੈ, ਕਿਉਂਕਿ ਉਸ ਨੂੰ ਹਰੇਕ ਜੀਵ ਇਕੋ ਜਿਹਾ (ਦਿੱਸਦਾ) ਹੈ। ਗੁਰੂ ਧੰਨ ਹੈ, ਗੁਰੂ ਧੰਨ ਹੈ, ਗੁਰੂ ਨੂੰ ਕਿਸੇ ਨਾਲ ਵੈਰ ਨਹੀਂ (ਕੋਈ ਮਨੁੱਖ ਗੁਰੂ ਦੀ ਨਿੰਦਾ ਕਰੇ, ਕੋਈ ਵਡਿਆਈ ਕਰੇ) ਗੁਰੂ ਨੂੰ (ਉਹ) ਨਿੰਦਾ ਜਾਂ ਵਡਿਆਈ ਇਕੋ ਜਿਹੀ ਜਾਪਦੀ ਹੈ। ਹੇ ਭਾਈ! ਗੁਰੂ ਧੰਨ ਹੈ ਗੁਰੂ ਧੰਨ ਹੈ, ਗੁਰੂ (ਆਤਮਕ ਜੀਵਨ ਦੀ ਸੂਝ ਵਿਚ) ਸਿਆਣਾ ਹੈ, ਗੁਰੂ ਦੇ ਅੰਦਰ ਪਰਮਾਤਮਾ ਸਦਾ ਵੱਸ ਰਿਹਾ ਹੈ। ਗੁਰੂ ਸਲਾਹੁਣ-ਜੋਗ ਹੈ, ਗੁਰੂ (ਉਸ) ਨਿਰੰਕਾਰ (ਦਾ ਰੂਪ) ਹੈ ਜਿਸ ਦੇ ਗੁਣਾਂ ਦਾ ਅੰਤ ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ। ਗੁਰੂ ਧੰਨ ਹੈ ਗੁਰੂ ਧੰਨ ਹੈ, ਕਿਉਂਕਿ ਉਹ (ਮਨੁੱਖ ਦੇ ਹਿਰਦੇ ਵਿਚ) ਸਦਾ-ਥਿਰ ਪ੍ਰਭੂ (ਦਾ ਨਾਮ) ਪੱਕਾ ਕਰ ਦੇਂਦਾ ਹੈ। ਹੇ ਨਾਨਕ! ਜਿਸ (ਗੁਰੂ) ਤੋਂ ਪਰਮਾਤਮਾ ਦਾ ਨਾਮ ਹਾਸਲ ਹੁੰਦਾ ਹੈ, ਉਸ ਨੂੰ (ਸਦਾ) ਧੰਨ ਧੰਨ ਆਖਿਆ ਕਰੋ।2। ਹਰਿ ਪ੍ਰਭ ਸਚਾ ਸੋਹਿਲਾ ਗੁਰਮੁਖਿ ਨਾਮੁ ਗੋਵਿੰਦੁ ॥ ਅਨਦਿਨੁ ਨਾਮੁ ਸਲਾਹਣਾ ਹਰਿ ਜਪਿਆ ਮਨਿ ਆਨੰਦੁ ॥ ਵਡਭਾਗੀ ਹਰਿ ਪਾਇਆ ਪੂਰਨ ਪਰਮਾਨੰਦੁ ॥ ਜਨ ਨਾਨਕ ਨਾਮੁ ਸਲਾਹਿਆ ਬਹੁੜਿ ਨ ਮਨਿ ਤਨਿ ਭੰਗੁ ॥੩॥ {ਪੰਨਾ 1421} ਪਦ ਅਰਥ: ਹਰਿ ਪ੍ਰਭੂ ਗੋਬਿੰਦੁ ਨਾਮੁ = ਹਰੀ ਪ੍ਰਭੂ ਦਾ ਗੋਬਿੰਦ ਨਾਮ। ਸਚਾ = ਸਦਾ ਕਾਇਮ ਰਹਿਣ ਵਾਲਾ। ਸੋਹਿਲਾ = ਖ਼ੁਸ਼ੀ ਦਾ ਗੀਤ। ਅਨਦਿਨੁ = ਹਰ ਰੋਜ਼, ਹਰ ਵੇਲੇ। ਮਨਿ = ਮਨ ਵਿਚ। ਵਡਭਾਗੀ = ਵੱਡੇ ਭਾਗਾਂ ਵਾਲਿਆਂ ਨੇ। ਪਰਮਾਨੰਦੁ = ਪਰਮ ਆਨੰਦ, ਸਭ ਤੋਂ ਉੱਚੇ ਆਨੰਦ ਦਾ ਮਾਲਕ-ਪ੍ਰਭੂ। ਬਹੁੜਿ = ਮੁੜ। ਮਨਿ = ਮਨ ਵਿਚ। ਤਨਿ = ਤਨ ਵਿਚ। ਭੰਗੁ = ਤੋਟ, ਆਤਮਕ ਆਨੰਦ ਵਲੋਂ ਤੋਟ।3। ਅਰਥ: ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਵਾਸਤੇ ਹਰੀ ਪ੍ਰਭੂ ਦਾ ਗੋਬਿੰਦ ਨਾਮ (ਹੀ) ਸਦਾ ਕਾਇਮ ਰਹਿਣ ਵਾਲਾ ਖ਼ੁਸ਼ੀ ਦਾ ਗੀਤ ਹੈ। ਜਿਨ੍ਹਾਂ ਮਨੁੱਖਾਂ ਨੇ ਹਰਿ-ਨਾਮ ਦੀ ਸਿਫ਼ਤਿ ਕੀਤੀ, ਹਰਿ-ਨਾਮ ਹੀ ਜਪਿਆ, ਉਹਨਾਂ ਦੇ ਮਨ ਵਿਚ ਅਨੰਦ ਬਣਿਆ ਰਹਿੰਦਾ ਹੈ। ਹੇ ਭਾਈ! ਵੱਡੇ ਭਾਗਾਂ ਵਾਲੇ ਮਨੁੱਖਾਂ ਨੇ ਸਭ ਤੋਂ ਉੱਚੇ ਆਤਮਕ ਅਨੰਦ ਦੇ ਮਾਲਕ-ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ। ਹੇ ਦਾਸ ਨਾਨਕ! (ਜਿਨ੍ਹਾਂ ਨੇ ਹਰ ਵੇਲੇ) ਹਰਿ-ਨਾਮ ਦੀ ਵਡਿਆਈ ਕੀਤੀ, ਉਹਨਾਂ ਦੇ ਮਨ ਵਿਚ ਉਹਨਾਂ ਦੇ ਤਨ ਵਿਚ (ਆਤਮਕ ਆਨੰਦ ਦੀ) ਮੁੜ ਕਦੇ ਤੋਟ ਨਹੀਂ ਆਉਂਦੀ।3। ਮੂੰ ਪਿਰੀਆ ਸਉ ਨੇਹੁ ਕਿਉ ਸਜਣ ਮਿਲਹਿ ਪਿਆਰਿਆ ॥ ਹਉ ਢੂਢੇਦੀ ਤਿਨ ਸਜਣ ਸਚਿ ਸਵਾਰਿਆ ॥ ਸਤਿਗੁਰੁ ਮੈਡਾ ਮਿਤੁ ਹੈ ਜੇ ਮਿਲੈ ਤ ਇਹੁ ਮਨੁ ਵਾਰਿਆ ॥ ਦੇਂਦਾ ਮੂੰ ਪਿਰੁ ਦਸਿ ਹਰਿ ਸਜਣੁ ਸਿਰਜਣਹਾਰਿਆ ॥ ਨਾਨਕ ਹਉ ਪਿਰੁ ਭਾਲੀ ਆਪਣਾ ਸਤਿਗੁਰ ਨਾਲਿ ਦਿਖਾਲਿਆ ॥੪॥ {ਪੰਨਾ 1421} ਪਦ ਅਰਥ: ਸਉ = ਸਉਂ, ਸਿਉਂ, ਨਾਲ। ਪਿਰੀਆ ਸਉ = ਪਿਆਰੇ ਨਾਲ। ਮੂੰ ਨੇਹੁ = ਮੇਰਾ ਪਿਆਰ। ਕਿਉ = ਕਿਵੇਂ। ਮਿਲਹਿ = ਮਿਲ ਪੈਣ (ਬਹੁ-ਵਚਨ) । ਹਉ = ਹਉਂ, ਮੈਂ। ਤਿਨ ਸਜਣ = ਉਹਨਾਂ ਸੱਜਣਾਂ ਨੂੰ। ਸਚਿ = ਸਦਾ-ਥਿਰ ਹਰਿ-ਨਾਮ ਨੇ। ਸਵਾਰਿਆ = ਸੋਹਣੇ ਜੀਵਨ ਵਾਲੇ ਬਣਾ ਦਿੱਤਾ ਹੈ। ਮੈਡਾ = ਮੇਰਾ। ਤ = ਤਾਂ। ਵਾਰਿਆ = ਸਦਕੇ ਕੀਤਾ। ਮੂੰ = ਮੈਨੂੰ। ਦੇਂਦਾ ਦਸਿ = ਦੱਸ ਦੇਂਦਾ ਹੈ। ਸਿਰਜਣਹਾਰਿਆ = (ਸ੍ਰਿਸ਼ਟੀ) ਪੈਦਾ ਕਰਨ ਵਾਲਾ। ਨਾਨਕ = ਹੇ ਨਾਨਕ! (ਆਖ-) । ਭਾਲੀ = ਭਾਲੀਂ, ਮੈਂ ਭਾਲਦੀ ਹਾਂ। ਸਤਿਗੁਰ = ਹੇ ਸਤਿਗੁਰੂ! ਨਾਲਿ = (ਮੇਰੇ) ਨਾਲ (ਵੱਸਦਾ) ।4। ਅਰਥ: ਹੇ ਭਾਈ! (ਆਪਣੇ) ਪਿਆਰੇ (ਪ੍ਰਭੂ) ਨਾਲ ਮੇਰਾ ਪਿਆਰ ਹੈ (ਮੇਰੀ ਹਰ ਵੇਲੇ ਤਾਂਘ ਹੈ ਕਿ ਮੈਨੂੰ) ਕਿਵੇਂ (ਉਹ) ਪਿਆਰੇ ਸੱਜਣ ਮਿਲ ਪੈਣ (ਜਿਹੜੇ ਮੈਨੂੰ ਪ੍ਰਭੂ-ਪਤੀ ਨਾਲ ਮਿਲਾ ਦੇਣ) । ਮੈਂ ਉਹਨਾਂ ਸੱਜਣਾਂ ਨੂੰ ਲੱਭਦੀ ਫਿਰਦੀ ਹਾਂ, ਸਦਾ-ਥਿਰ ਹਰਿ ਨਾਮ ਨੇ ਜਿਨ੍ਹਾਂ ਨੂੰ ਸੋਹਣੇ ਜੀਵਨ ਵਾਲਾ ਬਣਾ ਦਿੱਤਾ ਹੈ। ਹੇ ਭਾਈ! ਗੁਰੂ (ਹੀ) ਮੇਰਾ (ਅਸਲ) ਮਿੱਤਰ ਹੈ। ਜੇ (ਮੈਨੂੰ ਗੁਰੂ) ਮਿਲ ਪਏ, ਤਾਂ (ਮੈਂ ਆਪਣਾ) ਇਹ ਮਨ (ਉਸ ਤੋਂ) ਸਦਕੇ ਕਰ ਦਿਆਂ। (ਗੁਰੂ ਹੀ) ਮੈਨੂੰ ਦੱਸ ਸਕਦਾ ਹੈ ਕਿ ਸਿਰਜਣਹਾਰ ਹਰੀ (ਹੀ ਅਸਲ) ਸੱਜਣ ਹੈ। ਹੇ ਨਾਨਕ! (ਆਖ-) ਹੇ ਸਤਿਗੁਰੂ! ਮੈਂ ਆਪਣਾ ਖਸਮ-ਪ੍ਰਭੂ ਢੂੰਢ ਰਹੀ ਸਾਂ, ਤੂੰ (ਮੈਨੂੰ ਮੇਰੇ) ਨਾਲ (ਵੱਸਦਾ) ਵਿਖਾਲ ਦਿੱਤਾ ਹੈ।4। ਹਉ ਖੜੀ ਨਿਹਾਲੀ ਪੰਧੁ ਮਤੁ ਮੂੰ ਸਜਣੁ ਆਵਏ ॥ ਕੋ ਆਣਿ ਮਿਲਾਵੈ ਅਜੁ ਮੈ ਪਿਰੁ ਮੇਲਿ ਮਿਲਾਵਏ ॥ ਹਉ ਜੀਉ ਕਰੀ ਤਿਸ ਵਿਟਉ ਚਉ ਖੰਨੀਐ ਜੋ ਮੈ ਪਿਰੀ ਦਿਖਾਵਏ ॥ ਨਾਨਕ ਹਰਿ ਹੋਇ ਦਇਆਲੁ ਤਾਂ ਗੁਰੁ ਪੂਰਾ ਮੇਲਾਵਏ ॥੫॥ {ਪੰਨਾ 1421-1422} ਪਦ ਅਰਥ: ਹਉ = ਹਉਂ, ਮੈਂ। ਖੜੀ = ਖਲੋਤੀ, ਤਾਂਘ ਨਾਲ। ਨਿਹਾਲੀ = ਨਿਹਾਲੀਂ, ਮੈਂ ਤੱਕ ਰਹੀ ਹਾਂ, ਮੈਂ ਵੇਖ ਰਹੀ ਹਾਂ। ਪੰਧੁ = ਰਸਤਾ। ਮਤੁ = ਸ਼ਾਇਦ। ਮੂੰ ਸਜਣੁ = ਮੇਰਾ ਸੱਜਣ। ਆਵਏ = ਆਵੈ, ਆ ਰਿਹਾ ਹੈ। ਕੋ = ਕੋਈ। ਆਣਿ = ਲਿਆ ਕੇ। ਮੈ = ਮੈਨੂੰ। ਮੇਲਿ = ਮੇਲ ਕੇ। ਮਿਲਾਵਏ = ਮਿਲਾਵੈ, ਮਿਲਾ ਦੇਵੇ। ਜੀਉ = ਜਿੰਦ। ਕਰੀ = ਕਰੀਂ, ਮੈਂ ਕਰਾਂ। ਤਿਸ ਵਿਟਉ = ਉਸ ਤੋਂ। ਚਉ ਖੰਨੀਐ = ਚਾਰ ਟੋਟੇ (ਚਉ = ਚਾਰ) । ਮੈ = ਮੈਨੂੰ। ਦਇਆਲੁ = ਦਇਆਵਾਨ। ਮੇਲਾਵਏ = ਮੇਲਾਵੈ, ਮਿਲਾ ਦੇਂਦਾ ਹੈ।5। ਅਰਥ: ਹੇ ਭਾਈ! ਮੈਂ ਤਾਂਘ ਨਾਲ ਰਾਹ ਤੱਕ ਰਹੀ ਹਾਂ ਕਿ ਸ਼ਾਇਦ ਮੇਰਾ ਸੱਜਣ ਆ ਰਿਹਾ ਹੈ, ਜਿਹੜਾ ਮੈਨੂੰ (ਮੇਰਾ ਪ੍ਰਭੂ-) ਪਤੀ ਅੱਜ (ਇਸੇ ਜੀਵਨ ਵਿਚ) ਲਿਆ ਕੇ ਮਿਲਾ ਦੇਂਦਾ ਹੋਵੇ। ਜਿਹੜਾ ਮੈਨੂੰ ਮੇਰੇ ਪਿਆਰੇ ਦਾ ਦਰਸ਼ਨ ਕਰਾ ਦੇਵੇ, ਮੈਂ ਉਸ ਤੋਂ (ਆਪਣੀ) ਜਿੰਦ ਚਾਰ ਟੋਟੇ ਕਰ ਦਿਆਂ (ਸਦਕੇ ਕਰਨ ਨੂੰ ਤਿਆਰ ਹਾਂ) । ਹੇ ਨਾਨਕ! ਜਦੋਂ ਹਰੀ-ਪ੍ਰਭੂ (ਆਪ) ਦਇਆਵਾਨ ਹੁੰਦਾ ਹੈ, ਤਦੋਂ ਉਹ ਪੂਰਾ ਗੁਰੂ ਮਿਲਾਂਦਾ ਹੈ (ਤੇ, ਪੂਰਾ ਗੁਰੂ ਪ੍ਰਭੂ-ਪਤੀ ਦੇ ਚਰਨਾਂ ਵਿਚ ਜੋੜ ਦੇਂਦਾ ਹੈ) ।5। |
Sri Guru Granth Darpan, by Professor Sahib Singh |