ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1423 ਗੁਰਮੁਖਿ ਹੁਕਮੁ ਮੰਨੇ ਸਹ ਕੇਰਾ ਹੁਕਮੇ ਹੀ ਸੁਖੁ ਪਾਏ ॥ ਹੁਕਮੋ ਸੇਵੇ ਹੁਕਮੁ ਅਰਾਧੇ ਹੁਕਮੇ ਸਮੈ ਸਮਾਏ ॥ ਹੁਕਮੁ ਵਰਤੁ ਨੇਮੁ ਸੁਚ ਸੰਜਮੁ ਮਨ ਚਿੰਦਿਆ ਫਲੁ ਪਾਏ ॥ ਸਦਾ ਸੁਹਾਗਣਿ ਜਿ ਹੁਕਮੈ ਬੁਝੈ ਸਤਿਗੁਰੁ ਸੇਵੈ ਲਿਵ ਲਾਏ ॥ ਨਾਨਕ ਕ੍ਰਿਪਾ ਕਰੇ ਜਿਨ ਊਪਰਿ ਤਿਨਾ ਹੁਕਮੇ ਲਏ ਮਿਲਾਏ ॥੧੮॥ ਮਨਮੁਖਿ ਹੁਕਮੁ ਨ ਬੁਝੇ ਬਪੁੜੀ ਨਿਤ ਹਉਮੈ ਕਰਮ ਕਮਾਇ ॥ ਵਰਤ ਨੇਮੁ ਸੁਚ ਸੰਜਮੁ ਪੂਜਾ ਪਾਖੰਡਿ ਭਰਮੁ ਨ ਜਾਇ ॥ ਅੰਤਰਹੁ ਕੁਸੁਧੁ ਮਾਇਆ ਮੋਹਿ ਬੇਧੇ ਜਿਉ ਹਸਤੀ ਛਾਰੁ ਉਡਾਏ ॥ ਜਿਨਿ ਉਪਾਏ ਤਿਸੈ ਨ ਚੇਤਹਿ ਬਿਨੁ ਚੇਤੇ ਕਿਉ ਸੁਖੁ ਪਾਏ ॥ ਨਾਨਕ ਪਰਪੰਚੁ ਕੀਆ ਧੁਰਿ ਕਰਤੈ ਪੂਰਬਿ ਲਿਖਿਆ ਕਮਾਏ ॥੧੯॥ {ਪੰਨਾ 1423} ਪਦ ਅਰਥ: ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਕੇਰਾ = ਦਾ। ਸਹ ਕੇਰਾ = ਖਸਮ-ਪ੍ਰਭੂ ਦਾ। ਹੁਕਮੇ = ਹੁਕਮ ਵਿਚ (ਤੁਰ ਕੇ) । ਹੁਕਮੋ = ਹੁਕਮ ਨੂੰ ਹੀ। ਅਰਾਧੇ = ਚੇਤੇ ਰੱਖਦਾ ਹੈ। ਸਮੈ ਸਮਾਏ = ਹਰ ਵੇਲੇ ਲੀਨ ਰਹਿੰਦਾ ਹੈ। ਸੁਚ = ਸਰੀਰਕ ਪਵਿਤ੍ਰਤਾ। ਸੰਜਮੁ = ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਹਟਾਣ ਦਾ ਜਤਨ। ਮਨ ਚਿੰਦਿਆ = ਮਨ-ਮੰਗਿਆ। ਸੁਹਾਗਿਣ = ਭਾਗਾਂ ਵਾਲੀ। ਜਿ = ਜਿਹੜੀ (ਜੀਵ-ਇਸਤ੍ਰੀ) । ਲਿਵ ਲਾਏ = ਲਿਵ ਲਾਇ, ਸੁਰਤਿ ਜੋੜ ਕੇ।18। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ। ਬਪੁੜੀ = ਵਿਚਾਰੀ। ਕਮਾਇ = ਕਮਾਂਦਾ ਹੈ। ਪਾਖੰਡਿ = ਪਾਖੰਡ ਨਾਲ, ਵਿਖਾਵੇ ਨਾਲ। ਭਰਮੁ = ਭਟਕਣਾ। ਅੰਤਰਹੁ = ਅੰਦਰੋਂ। ਕੁਸੁਧੁ = ਖੋਟਾ, ਮੈਲਾ। ਮੋਹਿ = ਮੋਹ ਵਿਚ। ਬੇਧੇ = ਵਿੱਝੇ ਹੋਏ। ਹਸਤੀ = ਹਾਥੀ। ਛਾਰੁ = ਸੁਆਹ, ਮਿੱਟੀ। ਜਿਨਿ = ਜਿਸ (ਪਰਮਾਤਮਾ) ਨੇ। ਨ ਚੇਤਹਿ = ਚੇਤੇ ਨਹੀਂ ਕਰਦੇ (ਬਹੁ-ਵਚਨ) । ਬਿਨੁ ਚੇਤੇ = ਸਿਮਰਨ ਕਰਨ ਤੋਂ ਬਿਨਾ। ਪਰਪੰਚ = ਜਗਤ-ਰਚਨਾ। ਧੁਰਿ = ਧੁਰ ਦਰਗਾਹ ਤੋਂ। ਕਰਤੈ = ਕਰਤਾਰ ਨੇ। ਪੂਰਬਿ = ਪੂਰਬਲੇ ਜਨਮ ਵਿਚ।19। ਅਰਥ: ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿ ਕੇ ਖਸਮ-ਪ੍ਰਭੂ ਦਾ ਹੁਕਮ ਮੰਨਦਾ ਹੈ, ਉਹ ਹੁਕਮ ਵਿਚ ਟਿਕ ਕੇ ਹੀ ਆਤਮਕ ਆਨੰਦ ਮਾਣਦਾ ਹੈ। ਉਹ ਮਨੁੱਖ ਪ੍ਰਭੂ ਦੇ ਹੁਕਮ ਨੂੰ ਹਰ ਵੇਲੇ ਚੇਤੇ ਰੱਖਦਾ ਹੈ, ਹੁਕਮ ਦੀ ਭਗਤੀ ਕਰਦਾ ਹੈ, ਹਰ ਵੇਲੇ ਹੁਕਮ ਵਿਚ ਲੀਨ ਰਹਿੰਦਾ ਹੈ। ਵਰਤ (ਆਦਿਕ ਰੱਖਣ ਦਾ) ਨੇਮ, ਸਰੀਰਕ ਪਵਿਤ੍ਰਤਾ, ਇੰਦ੍ਰਿਆਂ ਨੂੰ ਰੋਕਣ ਦਾ ਜਤਨ = ਇਹ ਸਭ ਕੁਝ ਉਸ ਮਨੁੱਖ ਦੇ ਵਾਸਤੇ ਪ੍ਰਭੂ ਦਾ ਹੁਕਮ ਮੰਨਣਾ ਹੀ ਹੈ। (ਹੁਕਮ ਮੰਨ ਕੇ) ਉਹ ਮਨੁੱਖ ਮਨ-ਮੰਗੀ ਮੁਰਾਦ ਪ੍ਰਾਪਤ ਕਰਦਾ ਹੈ। ਹੇ ਭਾਈ! ਜਿਹੜੀ ਜੀਵ-ਇਸਤ੍ਰੀ ਪਰਮਾਤਮਾ ਦੀ ਰਜ਼ਾ ਨੂੰ ਸਮਝਦੀ ਹੈ, ਜਿਹੜੀ ਸੁਰਤਿ ਜੋੜ ਕੇ ਗੁਰੂ ਦੀ ਸਰਨ ਪਈ ਰਹਿੰਦੀ ਹੈ, ਉਹ ਜੀਵ-ਇਸਤ੍ਰੀ ਸਦਾ ਭਾਗਾਂ ਵਾਲੀ ਹੈ। ਹੇ ਨਾਨਕ! ਜਿਨ੍ਹਾਂ ਜੀਵਾਂ ਉੱਤੇ (ਪਰਮਾਤਮਾ) ਮਿਹਰ ਕਰਦਾ ਹੈ, ਉਹਨਾਂ ਨੂੰ (ਆਪਣੇ) ਹੁਕਮ ਵਿਚ ਲੀਨ ਕਰ ਲੈਂਦਾ ਹੈ।18। ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਬਦ-ਨਸੀਬ ਜੀਵ-ਇਸਤ੍ਰੀ (ਪਰਮਾਤਮਾ ਦੀ) ਰਜ਼ਾ ਨੂੰ ਨਹੀਂ ਸਮਝਦੀ, ਸਦਾ ਹਉਮੈ ਦੇ ਆਸਰੇ (ਆਪਣੇ ਵਲੋਂ ਮਿਥੇ ਹੋਏ ਧਾਰਮਿਕ) ਕੰਮ ਕਰਦੀ ਰਹਿੰਦੀ ਹੈ। ਉਹ ਵਰਤ ਨੇਮ ਸੁੱਚ ਸੰਜਮ ਦੇਵ-ਪੂਜਾ (ਆਦਿਕ ਕਰਮ ਕਰਦੀ ਹੈ, ਪਰ ਇਹ ਹਨ ਨਿਰਾ ਵਿਖਾਵਾ, ਤੇ) ਵਿਖਾਵੇ ਨਾਲ ਮਨ ਦੀ ਭਟਕਣਾ ਦੂਰ ਨਹੀਂ ਹੁੰਦੀ। ਹੇ ਭਾਈ! (ਜਿਨ੍ਹਾਂ ਮਨੁੱਖਾਂ ਦਾ ਮਨ) ਅੰਦਰੋਂ ਖੋਟਾ ਰਹਿੰਦਾ ਹੈ, ਜਿਹੜੇ ਮਾਇਆ ਦੇ ਮੋਹ ਵਿਚ ਵਿੱਝੇ ਰਹਿੰਦੇ ਹਨ (ਉਹਨਾਂ ਦੇ ਕੀਤੇ ਧਾਰਮਿਕ ਕਰਮ ਇਉਂ ਹੀ ਹਨ) ਜਿਵੇਂ ਹਾਥੀ (ਨ੍ਹਾ ਕੇ ਆਪਣੇ ਉੱਤੇ) ਮਿੱਟੀ ਉਡਾ ਕੇ ਪਾ ਲੈਂਦਾ ਹੈ। ਉਹ ਮਨੁੱਖ ਉਸ ਪਰਮਾਤਮਾ ਨੂੰ ਯਾਦ ਨਹੀਂ ਕਰਦੇ, ਜਿਸ ਨੇ (ਉਹਨਾਂ ਨੂੰ) ਪੈਦਾ ਕੀਤਾ। (ਹਰਿ-ਨਾਮ ਦਾ) ਸਿਮਰਨ ਕਰਨ ਤੋਂ ਬਿਨਾ ਕੋਈ ਮਨੁੱਖ ਕਦੇ ਸੁਖ ਨਹੀਂ ਪਾ ਸਕਦਾ। ਹੇ ਨਾਨਕ! ਕਰਤਾਰ ਨੇ ਹੀ ਧੁਰ ਦਰਗਾਹ ਤੋਂ (ਆਪਣੇ ਹੁਕਮ ਨਾਲ) ਜਗਤ-ਰਚਨਾ ਕੀਤੀ ਹੋਈ ਹੈ, ਹਰੇਕ ਜੀਵ ਆਪਣੇ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਹੀ (ਹੁਣ ਭੀ) ਕਰਮ ਕਰੀ ਜਾਂਦਾ ਹੈ।19। ਗੁਰਮੁਖਿ ਪਰਤੀਤਿ ਭਈ ਮਨੁ ਮਾਨਿਆ ਅਨਦਿਨੁ ਸੇਵਾ ਕਰਤ ਸਮਾਇ ॥ ਅੰਤਰਿ ਸਤਿਗੁਰੁ ਗੁਰੂ ਸਭ ਪੂਜੇ ਸਤਿਗੁਰ ਕਾ ਦਰਸੁ ਦੇਖੈ ਸਭ ਆਇ ॥ ਮੰਨੀਐ ਸਤਿਗੁਰ ਪਰਮ ਬੀਚਾਰੀ ਜਿਤੁ ਮਿਲਿਐ ਤਿਸਨਾ ਭੁਖ ਸਭ ਜਾਇ ॥ ਹਉ ਸਦਾ ਸਦਾ ਬਲਿਹਾਰੀ ਗੁਰ ਅਪੁਨੇ ਜੋ ਪ੍ਰਭੁ ਸਚਾ ਦੇਇ ਮਿਲਾਇ ॥ ਨਾਨਕ ਕਰਮੁ ਪਾਇਆ ਤਿਨ ਸਚਾ ਜੋ ਗੁਰ ਚਰਣੀ ਲਗੇ ਆਇ ॥੨੦॥ {ਪੰਨਾ 1423} ਪਦ ਅਰਥ: ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਪਰਤੀਤਿ = ਸਰਧਾ। ਮਾਨਿਆ = ਪਤੀਜਿਆ ਰਹਿੰਦਾ ਹੈ। ਅਨਦਿਨੁ = ਹਰ ਵੇਲੇ। ਕਰਤ = ਕਰਦਿਆਂ। ਸਮਾਇ = ਲੀਨ ਰਹਿੰਦਾ ਹੈ। ਅੰਤਰਿ = (ਜਿਸ ਦੇ) ਅੰਦਰ। ਸਭ = ਸਾਰੀ ਲੁਕਾਈ। ਪੂਜੇ = ਆਦਰ-ਸਤਕਾਰ ਕਰਦਾ ਹੈ। ਸਭ = ਸਾਰੀ ਲੁਕਾਈ ਵਿਚ। ਮੰਨੀਐ = ਸਰਧਾ ਬਣਾਣੀ ਚਾਹੀਦੀ ਹੈ। ਪਰਮ ਬੀਚਾਰੀ = ਸਭ ਤੋਂ ਉੱਚੀ ਆਤਮਕ ਵਿਚਾਰ ਦਾ ਮਾਲਕ। ਜਿਤੁ ਮਿਲਿਐ = ਜਿਸ ਨੂੰ ਮਿਲਿਆਂ। ਹਉ = ਹਉਂ, ਮੈਂ। ਦੇਇ ਮਿਲਾਇ = ਮਿਲਾ ਦੇਂਦਾ ਹੈ। ਸਚਾ = ਸਦਾ ਕਾਇਮ ਰਹਿਣ ਵਾਲਾ। ਕਰਮੁ = ਬਖ਼ਸ਼ਸ਼, ਮਿਹਰ। ਸਚਾ ਕਰਮੁ = ਸਦਾ-ਥਿਰ ਮਿਹਰ। ਆਇ = ਆ ਕੇ।20। ਅਰਥ: ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦੇ ਅੰਦਰ (ਗੁਰੂ ਵਾਸਤੇ) ਸਰਧਾ ਬਣੀ ਰਹਿੰਦੀ ਹੈ, (ਉਸ ਦਾ) ਮਨ (ਗੁਰੂ ਵਿਚ) ਪਤੀਜਿਆ ਰਹਿੰਦਾ ਹੈ, ਉਹ ਹਰ ਵੇਲੇ ਸੇਵਾ ਕਰਦਿਆਂ (ਸੇਵਾ ਵਿਚ) ਮਸਤ ਰਹਿੰਦਾ ਹੈ। (ਜਿਸ ਮਨੁੱਖ ਦੇ) ਹਿਰਦੇ ਵਿਚ (ਸਦਾ) ਗੁਰੂ ਵੱਸਦਾ ਹੈ ਸਭ ਦਾ ਆਦਰ-ਸਤਕਾਰ ਕਰਦਾ ਹੈ, ਉਹ ਸਾਰੀ ਲੁਕਾਈ ਵਿਚ ਗੁਰੂ ਦਾ ਦਰਸਨ ਕਰਦਾ ਹੈ। ਹੇ ਭਾਈ! ਸਭ ਤੋਂ ਉੱਚੀ ਆਤਮਕ ਵਿਚਾਰ ਦੇ ਮਾਲਕ ਗੁਰੂ ਵਿਚ ਸਰਧਾ ਬਣਾਣੀ ਚਾਹੀਦੀ ਹੈ, ਜਿਸ (ਗੁਰੂ) ਦੇ ਮਿਲਿਆਂ (ਮਾਇਆ ਦੀ) ਸਾਰੀ ਭੁੱਖ ਸਾਰੀ ਤ੍ਰਿਹ ਦੂਰ ਹੋ ਜਾਂਦੀ ਹੈ। ਹੇ ਭਾਈ! ਮੈਂ ਸਦਾ ਹੀ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ ਕਿਉਂਕਿ ਉਹ ਗੁਰੂ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਮਿਲਾ ਦੇਂਦਾ ਹੈ। ਹੇ ਨਾਨਕ! ਜਿਹੜੇ ਮਨੁੱਖ ਗੁਰੂ ਦੇ ਚਰਨਾਂ ਵਿਚ ਆ ਕੇ ਟਿਕ ਗਏ, ਉਹਨਾਂ ਨੇ ਸਦਾ ਕਾਇਮ ਰਹਿਣ ਵਾਲੀ (ਰੱਬੀ) ਮਿਹਰ ਪ੍ਰਾਪਤ ਕਰ ਲਈ।20। ਜਿਨ ਪਿਰੀਆ ਸਉ ਨੇਹੁ ਸੇ ਸਜਣ ਮੈ ਨਾਲਿ ॥ ਅੰਤਰਿ ਬਾਹਰਿ ਹਉ ਫਿਰਾਂ ਭੀ ਹਿਰਦੈ ਰਖਾ ਸਮਾਲਿ ॥੨੧॥ ਜਿਨਾ ਇਕ ਮਨਿ ਇਕ ਚਿਤਿ ਧਿਆਇਆ ਸਤਿਗੁਰ ਸਉ ਚਿਤੁ ਲਾਇ ॥ ਤਿਨ ਕੀ ਦੁਖ ਭੁਖ ਹਉਮੈ ਵਡਾ ਰੋਗੁ ਗਇਆ ਨਿਰਦੋਖ ਭਏ ਲਿਵ ਲਾਇ ॥ ਗੁਣ ਗਾਵਹਿ ਗੁਣ ਉਚਰਹਿ ਗੁਣ ਮਹਿ ਸਵੈ ਸਮਾਇ ॥ ਨਾਨਕ ਗੁਰ ਪੂਰੇ ਤੇ ਪਾਇਆ ਸਹਜਿ ਮਿਲਿਆ ਪ੍ਰਭੁ ਆਇ ॥੨੨॥ {ਪੰਨਾ 1423} ਪਦ ਅਰਥ: ਸਉ = ਸਉਂ, ਸਿਉਂ, ਨਾਲ। ਪਿਰੀਆ ਸਉ = ਪਿਆਰੇ (ਪ੍ਰਭੂ) ਨਾਲ। ਨੇਹੁ = ਪਿਆਰ। ਸੇ = ਉਹ (ਬਹੁ-ਵਚਨ) । ਮੈ ਨਾਲਿ = ਮੇਰੇ ਨਾਲ। ਹਉ ਫਿਰਾਂ = ਮੈਂ ਫਿਰਦਾ ਹਾਂ। ਭੀ = ਫਿਰ ਭੀ। ਹਿਰਦੈ = ਹਿਰਦੇ ਵਿਚ। ਰਖਾ = ਰੱਖਾਂ, ਮੈਂ ਰੱਖਦਾ ਹਾਂ। ਸਮਾਲਿ = ਸੰਭਾਲ ਕੇ।21। ਇਕ ਮਨਿ = ਇਕਾਗਰ ਮਨ ਨਾਲ। ਇਕ ਚਿਤਿ = ਇਕਾਗਰ ਚਿੱਤ ਨਾਲ। ਸਉ = ਸਿਉਂ, ਨਾਲ। ਲਾਇ = ਜੋੜ ਕੇ। ਨਿਰਦੋਖ = ਵਿਕਾਰ-ਰਹਿਤ। ਗਾਵਹਿ = ਗਾਂਦੇ ਹਨ। ਉਚਰਹਿ = ਉਚਾਰਦੇ ਹਨ। ਸਵੈ = ਲੀਨ ਰਹਿੰਦਾ ਹੈ (ਇਕ-ਵਚਨ) । ਸਮਾਇ = ਸਮਾਇਆ ਰਹਿੰਦਾ ਹੈ। ਤੇ = ਤੋਂ, ਪਾਸੋਂ। ਸਹਜਿ = ਆਤਮਕ ਅਡੋਲਤਾ ਵਿਚ।22। ਅਰਥ: ਹੇ ਭਾਈ! ਜਿਨ੍ਹਾਂ (ਸਤ ਸੰਗੀਆਂ ਦਾ) ਪਿਆਰੇ ਪ੍ਰਭੂ ਨਾਲ ਪਿਆਰ ਬਣਿਆ ਹੋਇਆ ਹੈ, ਉਹ ਸਤਸੰਗੀ ਸੱਜਣ ਮੇਰੇ ਨਾਲ (ਸਹਾਈ) ਹਨ। (ਉਹਨਾਂ ਦੇ ਸਤਸੰਗ ਦੀ ਬਰਕਤਿ ਨਾਲ) ਮੈਂ ਅੰਦਰ ਬਾਹਰ (ਦੁਨੀਆ ਦੇ ਕਾਰ ਵਿਹਾਰ ਵਿਚ ਭੀ) ਤੁਰਿਆ ਫਿਰਦਾ ਹਾਂ, (ਫਿਰ) ਭੀ (ਪਰਮਾਤਮਾ ਨੂੰ ਆਪਣੇ) ਹਿਰਦੇ ਵਿਚ ਸੰਭਾਲ ਕੇ ਰੱਖਦਾ ਹਾਂ।21। ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਗੁਰ ਚਰਨਾਂ ਵਿਚ ਚਿੱਤ ਜੋੜ ਕੇ ਇਕਾਗਰ ਮਨ ਨਾਲ ਇਕਾਗਰ ਚਿੱਤ ਨਾਲ (ਪਰਮਾਤਮਾ ਦਾ ਨਾਮ) ਸਿਮਰਿਆ ਹੈ, ਉਹਨਾਂ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ, ਉਹਨਾਂ ਦੀ ਮਾਇਆ ਦੀ ਭੁੱਖ ਦੂਰ ਹੋ ਜਾਂਦੀ ਹੈ, ਉਹਨਾਂ ਦੇ ਅੰਦਰੋਂ ਹਉਮੈ ਦਾ ਵੱਡਾ ਰੋਗ ਦੂਰ ਹੋ ਜਾਂਦਾ ਹੈ, (ਪ੍ਰਭੂ-ਚਰਨਾਂ ਵਿਚ) ਸੁਰਤਿ ਜੋੜ ਕੇ ਉਹ ਪਵਿੱਤਰ ਜੀਵਨ ਵਾਲੇ ਬਣ ਜਾਂਦੇ ਹਨ। ਉਹ ਮਨੁੱਖ ਸਦਾ ਪ੍ਰਭੂ ਦੇ ਗੁਣ ਗਾਂਦੇ ਹਨ, ਗੁਣ ਉਚਾਰਦੇ ਹਨ। ਹੇ ਭਾਈ! (ਗੁਰੂ-ਚਰਨਾਂ ਵਿਚ ਸੁਰਤਿ ਜੋੜ ਕੇ) ਮਨੁੱਖ ਪਰਮਾਤਮਾ ਦੇ ਗੁਣਾਂ ਵਿਚ ਸਦਾ ਲੀਨ ਰਹਿੰਦਾ ਹੈ ਟਿਕਿਆ ਰਹਿੰਦਾ ਹੈ। ਹੇ ਨਾਨਕ! ਪਰਮਾਤਮਾ ਪੂਰੇ ਗੁਰੂ ਦੀ ਰਾਹੀਂ ਮਿਲਦਾ ਹੈ, ਆਤਮਕ ਅਡੋਲਤਾ ਵਿਚ ਆ ਮਿਲਦਾ ਹੈ।22। ਮਨਮੁਖਿ ਮਾਇਆ ਮੋਹੁ ਹੈ ਨਾਮਿ ਨ ਲਗੈ ਪਿਆਰੁ ॥ ਕੂੜੁ ਕਮਾਵੈ ਕੂੜੁ ਸੰਘਰੈ ਕੂੜਿ ਕਰੈ ਆਹਾਰੁ ॥ ਬਿਖੁ ਮਾਇਆ ਧਨੁ ਸੰਚਿ ਮਰਹਿ ਅੰਤਿ ਹੋਇ ਸਭੁ ਛਾਰੁ ॥ ਕਰਮ ਧਰਮ ਸੁਚਿ ਸੰਜਮੁ ਕਰਹਿ ਅੰਤਰਿ ਲੋਭੁ ਵਿਕਾਰ ॥ ਨਾਨਕ ਮਨਮੁਖਿ ਜਿ ਕਮਾਵੈ ਸੁ ਥਾਇ ਨ ਪਵੈ ਦਰਗਹ ਹੋਇ ਖੁਆਰੁ ॥੨੩॥ {ਪੰਨਾ 1423} ਪਦ ਅਰਥ: ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੇ ਅੰਦਰ। ਨਾਮਿ = ਨਾਮ ਵਿਚ। ਕੂੜੁ = (कुट = Fraud, deceipt) ਧੋਖਾ, ਫ਼ਰੇਬ, ਠੱਗੀ। ਸੰਘਰੈ = ਇਕੱਠਾ ਕਰਦਾ ਹੈ। ਕੂੜਿ = ਫ਼ਰੇਬ ਦੀ ਰਾਹੀਂ। ਆਹਾਰੁ = ਖ਼ੁਰਾਕ, ਆਜੀਵਕਾ। ਬਿਖੁ = ਜ਼ਹਰ, ਆਤਮਕ ਮੌਤ ਲਿਆਉਣ ਵਾਲੀ। ਸੰਚਿ = ਇਕੱਠਾ ਕਰ ਕੇ। ਮਰਹਿ = ਆਤਮਕ ਮੌਤ ਸਹੇੜਦੇ ਹਨ। ਅੰਤਿ = ਆਖ਼ਰ ਨੂੰ। ਛਾਰੁ = ਸੁਆਹ। ਸਭੁ = ਸਾਰਾ (ਧਨ) । ਸੁਚਿ = ਸਰੀਰਕ ਪਵਿੱਤ੍ਰਤਾ। ਸੰਜਮੁ = ਇੰਦ੍ਰਿਆਂ ਨੂੰ ਰੋਕਣ ਦਾ ਜਤਨ। ਕਰਹਿ = ਕਰਦੇ ਹਨ (ਬਹੁ-ਵਚਨ) । ਜਿ = ਜੋ ਕੁਝ। ਥਾਇ ਨ ਪਵੈ = ਕਬੂਲ ਨਹੀਂ ਹੁੰਦਾ। ਥਾਇ = ਥਾਂ ਵਿਚ, ਥਾਂ ਸਿਰ। ਖੁਆਰੁ = ਔਖਾ, ਦੁਖੀ।23। ਅਰਥ: ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੇ ਅੰਦਰ ਮਾਇਆ ਦਾ ਮੋਹ (ਬਣਿਆ ਰਹਿੰਦਾ) ਹੈ, (ਇਸ ਵਾਸਤੇ ਉਸ ਦਾ ਪਰਮਾਤਮਾ ਦੇ) ਨਾਮ ਵਿਚ ਪਿਆਰ ਨਹੀਂ ਬਣਦਾ। ਉਹ ਮਨੁੱਖ ਠੱਗੀ-ਫ਼ਰੇਬ ਕਰਦਾ ਰਹਿੰਦਾ ਹੈ, ਠੱਗੀ-ਫ਼ਰੇਬ (ਦੇ ਸੰਸਕਾਰ ਆਪਣੇ ਅੰਦਰ) ਇਕੱਠੇ ਕਰਦਾ ਜਾਂਦਾ ਹੈ, ਠੱਗੀ-ਫ਼ਰੇਬ ਦੀ ਰਾਹੀਂ ਹੀ ਆਪਣੀ ਰੋਜ਼ੀ ਬਣਾਈ ਰੱਖਦਾ ਹੈ। ਹੇ ਭਾਈ! ਆਤਮਕ ਮੌਤ ਲਿਆਉਣ ਵਾਲੀ ਮਾਇਆ ਵਾਲਾ ਧਨ (ਮਨੁੱਖ ਦੇ) ਅੰਤ ਸਮੇ (ਉਸ ਦੇ ਭਾ ਦਾ) ਸਾਰਾ ਸੁਆਹ ਹੋ ਜਾਂਦਾ ਹੈ, (ਪਰ ਇਸੇ) ਧਨ ਨੂੰ ਜੋੜ ਜੋੜ ਕੇ (ਜੀਵ) ਆਤਮਕ ਮੌਤ ਸਹੇੜਦੇ ਰਹਿੰਦੇ ਹਨ, (ਆਪਣੇ ਵਲੋਂ ਤੀਰਥ-ਜਾਤ੍ਰਾ ਆਦਿਕ ਮਿਥੇ ਹੋਏ) ਧਾਰਮਿਕ ਕਰਮ ਕਰਦੇ ਹਨ, ਸਰੀਰਕ ਪਵਿੱਤ੍ਰਤਾ ਰੱਖਦੇ ਹਨ, (ਇਹੋ ਜਿਹਾ ਹਰੇਕ) ਸੰਜਮ ਕਰਦੇ ਹਨ, (ਪਰ ਉਹਨਾਂ ਦੇ) ਅੰਦਰ ਲੋਭ ਟਿਕਿਆ ਰਹਿੰਦਾ ਹੈ ਵਿਕਾਰ ਟਿਕੇ ਰਹਿੰਦੇ ਹਨ। ਹੇ ਨਾਨਕ! ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਸਾਰੀ ਉਮਰ) ਜੋ ਕੁਝ ਕਰਦਾ ਰਹਿੰਦਾ ਹੈ ਉਹ ਪਰਮਾਤਮਾ ਦੀ ਹਜ਼ੂਰੀ ਵਿਚ ਪਰਵਾਨ ਨਹੀਂ ਹੁੰਦਾ, ਉਥੇ ਉਹ ਖ਼ੁਆਰ ਹੀ ਹੁੰਦਾ ਹੈ।23। ਸਭਨਾ ਰਾਗਾਂ ਵਿਚਿ ਸੋ ਭਲਾ ਭਾਈ ਜਿਤੁ ਵਸਿਆ ਮਨਿ ਆਇ ॥ ਰਾਗੁ ਨਾਦੁ ਸਭੁ ਸਚੁ ਹੈ ਕੀਮਤਿ ਕਹੀ ਨ ਜਾਇ ॥ ਰਾਗੈ ਨਾਦੈ ਬਾਹਰਾ ਇਨੀ ਹੁਕਮੁ ਨ ਬੂਝਿਆ ਜਾਇ ॥ ਨਾਨਕ ਹੁਕਮੈ ਬੂਝੈ ਤਿਨਾ ਰਾਸਿ ਹੋਇ ਸਤਿਗੁਰ ਤੇ ਸੋਝੀ ਪਾਇ ॥ ਸਭੁ ਕਿਛੁ ਤਿਸ ਤੇ ਹੋਇਆ ਜਿਉ ਤਿਸੈ ਦੀ ਰਜਾਇ ॥੨੪॥ {ਪੰਨਾ 1423} ਪਦ ਅਰਥ: ਭਾਈ = ਹੇ ਭਾਈ! ਸੋ = ਉਹ ('ਸਚੁ' ਹੀ, 'ਸਿਮਰਨ' ਹੀ) । ਭਲਾ = ਚੰਗਾ (ਉੱਦਮ) । ਜਿਤੁ = ਜਿਸ (ਉੱਦਮ) ਦੀ ਰਾਹੀਂ, ਜਿਸ (ਸਿਮਰਨ) ਦੀ ਰਾਹੀਂ। ਮਨਿ = ਮਨ ਵਿਚ। ਸਚੁ = ਸਦਾ-ਥਿਰ ਹਰਿ-ਨਾਮ (ਦਾ ਸਿਮਰਨ) । ਰਾਗੈ ਬਾਹਰਾ = ਰਾਗ (ਦੀ ਕੈਦ) ਤੋਂ ਪਰੇ। ਨਾਦੈ ਬਾਹਰਾ = ਨਾਦ (ਦੀ ਕੈਦ) ਤੋਂ ਪਰੇ। ਇਨੀ = ਇਹਨਾਂ (ਰਾਗਾਂ ਅਤੇ ਨਾਦਾਂ) ਦੀ ਰਾਹੀਂ। ਨਾਦੁ = ਆਵਾਜ਼, ਸਿੰਙੀ ਆਦਿਕ ਦਾ ਵਜਾਣਾ। ਬੂਝੈ = ਸਮਝਦਾ ਹੈ (ਇਕ-ਵਚਨ) । ਤਿਨਾ = ਉਹਨਾਂ ਵਾਸਤੇ। ਰਾਸਿ ਹੋਇ = (ਰਾਗ ਭੀ) ਰਾਸਿ ਹੋਇ, (ਰਾਗ ਭੀ) ਸਫਲ ਹੋ ਜਾਂਦਾ ਹੈ, (ਰਾਗ ਭੀ) ਸਹਾਇਕ ਹੋ ਜਾਂਦਾ ਹੈ। ਤੇ = ਤੋਂ, ਪਾਸੋਂ। ਸੋਝੀ = ਰਜ਼ਾ ਦੀ ਸੂਝ। ਤਿਸ ਤੇ = (ਸੰਬੰਧਕ 'ਤੇ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ) ਉਸ ਪਰਮਾਤਮਾ ਤੋਂ। ਜਿਉ = ਜਿਵੇਂ।24। ਅਰਥ: ਹੇ ਭਾਈ! ਸਦਾ-ਥਿਰ ਹਰਿ-ਨਾਮ (ਦਾ ਸਿਮਰਨ ਹੀ ਮਨੁੱਖ ਵਾਸਤੇ) ਸਭ ਕੁਝ ਹੈ, ਸਦਾ-ਥਿਰ ਹਰਿ-ਨਾਮ ਹੀ (ਮਨੁੱਖ ਵਾਸਤੇ) ਰਾਗ ਹੈ ਨਾਦ ਹੈ, (ਹਰਿ-ਨਾਮ ਦੇ ਸਿਮਰਨ ਦਾ) ਮੁੱਲ ਬਿਆਨ ਨਹੀਂ ਕੀਤਾ ਜਾ ਸਕਦਾ। ਹੇ ਭਾਈ! ਸਾਰੇ ਰਾਗਾਂ ਵਿਚ ਉਹ (ਹਰਿ-ਨਾਮ ਸਿਮਰਨ ਹੀ) ਚੰਗਾ (ਉੱਦਮ) ਹੈ, ਕਿਉਂਕਿ ਉਸ (ਸਿਮਰਨ) ਦੀ ਰਾਹੀਂ (ਹੀ ਪਰਮਾਤਮਾ ਮਨੁੱਖ ਦੇ) ਮਨ ਵਿਚ ਆ ਕੇ ਵੱਸਦਾ ਹੈ। ਪਰਮਾਤਮਾ (ਦਾ ਮਿਲਾਪ) ਰਾਗ (ਦੀ ਕੈਦ) ਤੋਂ ਪਰੇ ਹੈ, ਨਾਦ (ਦੀ ਕੈਦ) ਤੋਂ ਪਰੇ ਹੈ। ਇਹਨਾਂ (ਰਾਗਾਂ ਨਾਦਾਂ) ਦੀ ਰਾਹੀਂ (ਪਰਮਾਤਮਾ ਦੀ) ਰਜ਼ਾ ਨੂੰ ਸਮਝਿਆ ਨਹੀਂ ਜਾ ਸਕਦਾ। ਹੇ ਨਾਨਕ! (ਜਿਹੜਾ ਜਿਹੜਾ ਮਨੁੱਖ ਪਰਮਾਤਮਾ ਦੀ) ਰਜ਼ਾ ਨੂੰ ਸਮਝ ਲੈਂਦਾ ਹੈ ਉਹਨਾਂ ਵਾਸਤੇ (ਰਾਗ ਭੀ) ਸਹਾਈ ਹੋ ਸਕਦਾ ਹੈ (ਉਂਞ ਨਿਰੇ ਰਾਗ ਹੀ ਆਤਮਕ ਜੀਵਨ ਦੇ ਰਸਤੇ ਵਿਚ ਸਹਾਈ ਨਹੀਂ ਹਨ) । ਹੇ ਭਾਈ! ਗੁਰੂ ਪਾਸੋਂ ਇਹ ਸਮਝ ਪੈਂਦੀ ਹੈ ਕਿ ਸਭ ਕੁਝ ਉਸ ਪਰਮਾਤਮਾ ਤੋਂ ਹੀ ਹੋ ਰਿਹਾ ਹੈ, ਜਿਵੇਂ ਉਸ ਦੀ ਰਜ਼ਾ ਹੈ, (ਤਿਵੇਂ ਹੀ ਸਭ ਕੁਝ ਹੋ ਰਿਹਾ ਹੈ) ।24। |
Sri Guru Granth Darpan, by Professor Sahib Singh |