ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1424

ਸਤਿਗੁਰ ਵਿਚਿ ਅੰਮ੍ਰਿਤ ਨਾਮੁ ਹੈ ਅੰਮ੍ਰਿਤੁ ਕਹੈ ਕਹਾਇ ॥ ਗੁਰਮਤੀ ਨਾਮੁ ਨਿਰਮਲੋੁ ਨਿਰਮਲ ਨਾਮੁ ਧਿਆਇ ॥ ਅੰਮ੍ਰਿਤ ਬਾਣੀ ਤਤੁ ਹੈ ਗੁਰਮੁਖਿ ਵਸੈ ਮਨਿ ਆਇ ॥ ਹਿਰਦੈ ਕਮਲੁ ਪਰਗਾਸਿਆ ਜੋਤੀ ਜੋਤਿ ਮਿਲਾਇ ॥ ਨਾਨਕ ਸਤਿਗੁਰੁ ਤਿਨ ਕਉ ਮੇਲਿਓਨੁ ਜਿਨ ਧੁਰਿ ਮਸਤਕਿ ਭਾਗੁ ਲਿਖਾਇ ॥੨੫॥ {ਪੰਨਾ 1424}

ਪਦ ਅਰਥ: ਅੰਮ੍ਰਿਤ ਨਾਮੁ = ਆਤਮਕ ਜੀਵਨ ਵਾਲਾ ਹਰਿ-ਨਾਮ। ਕਹੈ– ਜਪਦਾ ਹੈ, ਉਚਾਰਦਾ ਹੈ। ਕਹਾਇ = ਜਪਾਂਦਾ ਹੈ (ਹੋਰਨਾਂ ਤੋਂ) । ਨਿਰਮਲੋੁ = (ਅੱਖਰ 'ਲ' ਦੇ ਨਾਲ ਦੋ ਲਗਾਂ ਹਨ– ੋ ਅਤੇ ੁ। ਅਸਲ ਲਫ਼ਜ਼ ਹੈ 'ਨਿਰਮਲੁ', ਇਥੇ 'ਨਿਰਮਲੋ' ਪੜ੍ਹਨਾ ਹੈ) ਪਵਿੱਤਰ। ਅੰਮ੍ਰਿਤ ਬਾਣੀ = ਆਤਮਕ ਜੀਵਨ ਦੇਣ ਵਾਲੀ ਬਾਣੀ ਵਿਚ। ਤਤੁ = ਨਿਚੋੜ, ਅਸਲੀਅਤ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਮਨਿ = ਮਨ ਵਿਚ। ਪਰਗਾਸਿਆ = ਖਿੜ ਪੈਂਦਾ ਹੈ। ਜੋਤਿ = ਜਿੰਦ। ਮੇਲਿਓਨੁ = ਉਸ (ਪ੍ਰਭੂ) ਨੇ ਮਿਲਾਇਆ ਹੈ। ਧੁਰਿ = ਧੁਰ ਦਰਗਾਹ ਤੋਂ। ਮਸਤਕਿ = ਮੱਥੇ ਉੱਤੇ। ਭਾਗੁ = ਚੰਗੀ ਕਿਸਮਤ।25।

ਅਰਥ: ਹੇ ਭਾਈ! (ਪਰਮਾਤਮਾ ਦਾ) ਆਤਮਕ ਜੀਵਨ ਦੇਣ ਵਾਲਾ ਨਾਮ ਗੁਰੂ (ਦੇ ਹਿਰਦੇ) ਵਿਚ ਵੱਸਦਾ ਹੈ, (ਗੁਰੂ ਆਪ ਇਹ) ਅੰਮ੍ਰਿਤ-ਨਾਮ ਜਪਦਾ ਹੈ (ਅਤੇ ਹੋਰਨਾਂ ਪਾਸੋ) ਜਪਾਂਦਾ ਹੈ। ਗੁਰੂ ਦੀ ਮਤਿ ਉਤੇ ਤੁਰਿਆਂ ਹੀ (ਇਹ) ਪਵਿੱਤਰ ਨਾਮ (ਪ੍ਰਾਪਤ ਹੁੰਦਾ ਹੈ। ਗੁਰੂ ਦੀ ਮਤਿ ਉਤੇ ਤੁਰ ਕੇ ਹੀ ਮਨੁੱਖ ਇਹ) ਪਵਿੱਤਰ ਨਾਮ ਜਪ (ਸਕਦਾ ਹੈ) ।

ਹੇ ਭਾਈ! (ਮਨੁੱਖਾ ਜੀਵਨ ਦਾ) ਤੱਤ (ਹਰਿ-ਨਾਮ ਗੁਰੂ ਦੀ) ਆਤਮਕ ਜੀਵਨ ਦੇਣ ਵਾਲੀ ਬਾਣੀ ਦੀ ਰਾਹੀਂ ਹੀ ਮਿਲਦਾ ਹੈ, ਗੁਰੂ ਦੀ ਸਰਨ ਪਿਆਂ ਹੀ (ਹਰਿ-ਨਾਮ ਮਨੁੱਖ ਦੇ) ਮਨ ਵਿਚ ਆ ਵੱਸਦਾ ਹੈ (ਜਿਸ ਮਨੁੱਖ ਦੇ ਅੰਦਰ ਹਰਿ-ਨਾਮ ਆ ਵੱਸਦਾ ਹੈ, ਉਸ ਦੇ) ਹਿਰਦੇ ਦਾ ਕੌਲ-ਫੁੱਲ ਖਿੜ ਪੈਂਦਾ ਹੈ, (ਉਸ ਦੀ) ਜਿੰਦ ਪਰਮਾਤਮਾ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ। ਪਰ, ਹੇ ਨਾਨਕ! ਉਸ (ਪਰਮਾਤਮਾ) ਨੇ ਗੁਰੂ ਉਹਨਾਂ (ਮਨੁੱਖਾਂ) ਨੂੰ ਮਿਲਾਇਆ, ਜਿਨ੍ਹਾਂ ਦੇ ਮੱਥੇ ਉਤੇ (ਉਸ ਨੇ) ਧੁਰ ਦਰਗਾਹ ਤੋਂ (ਇਹ) ਚੰਗੀ ਕਿਸਮਤ ਲਿਖ ਦਿੱਤੀ।25।

ਅੰਦਰਿ ਤਿਸਨਾ ਅਗਿ ਹੈ ਮਨਮੁਖ ਭੁਖ ਨ ਜਾਇ ॥ ਮੋਹੁ ਕੁਟੰਬੁ ਸਭੁ ਕੂੜੁ ਹੈ ਕੂੜਿ ਰਹਿਆ ਲਪਟਾਇ ॥ ਅਨਦਿਨੁ ਚਿੰਤਾ ਚਿੰਤਵੈ ਚਿੰਤਾ ਬਧਾ ਜਾਇ ॥ ਜੰਮਣੁ ਮਰਣੁ ਨ ਚੁਕਈ ਹਉਮੈ ਕਰਮ ਕਮਾਇ ॥ ਗੁਰ ਸਰਣਾਈ ਉਬਰੈ ਨਾਨਕ ਲਏ ਛਡਾਇ ॥੨੬॥ {ਪੰਨਾ 1424}

ਪਦ ਅਰਥ: ਮਨਮੁਖ ਅੰਦਰਿ = ਆਪਣੇ ਮਨ ਦੇ ਮੁਰੀਦ ਮਨੁੱਖ ਦੇ ਹਿਰਦੇ ਵਿਚ। ਅਗਿ = ਅੱਗ। ਜਾਇ = ਦੂਰ ਹੁੰਦੀ। ਕੂੜੁ = ਨਾਸਵੰਤ ਪਸਾਰਾ। ਕੂੜਿ = ਨਾਸਵੰਤ ਪਸਾਰੇ ਵਿਚ। ਰਹਿਆ ਲਪਟਾਇ = ਫਸਿਆ ਰਹਿੰਦਾ ਹੈ। ਅਨਦਿਨੁ = (अनुदिनं) ਹਰ ਰੋਜ਼, ਹਰ ਵੇਲੇ। ਚਿੰਤਵੈ = ਸੋਚਦਾ ਰਹਿੰਦਾ ਹੈ। ਬਧਾ = ਬੱਝਾ ਹੋਇਆ। ਜਾਇ = (ਜਗਤ ਤੋਂ) ਤੁਰ ਪੈਂਦਾ ਹੈ। ਨ ਚੁਕਈ = ਨਹੀਂ ਮੁੱਕਦਾ। ਕਮਾਇ = ਕਰਦਾ ਰਹਿੰਦਾ ਹੈ। ਉਬਰੈ = ਬਚਦਾ ਹੈ। ਨਾਨਕ = ਹੇ ਨਾਨਕ!।26।

ਅਰਥ: ਹੇ ਭਾਈ! ਆਪਣੇ ਮਨ ਦੇ ਮੁਰੀਦ ਮਨੁੱਖ ਦੇ ਹਿਰਦੇ ਵਿਚ ਤ੍ਰਿਸ਼ਨਾ ਦੀ (ਅੱਗ ਬਲਦੀ) ਰਹਿੰਦੀ, (ਉਸ ਦੇ ਅੰਦਰੋਂ ਮਾਇਆ ਦੀ) ਭੁੱਖ (ਕਦੇ) ਦੂਰ ਨਹੀਂ ਹੁੰਦੀ। ਹੇ ਭਾਈ! (ਜਗਤ ਦਾ ਇਹ) ਮੋਹ ਨਾਸਵੰਤ ਪਸਾਰਾ ਹੈ, (ਇਹ) ਪਰਵਾਰ (ਭੀ) ਨਾਸਵੰਤ ਪਸਾਰਾ ਹੈ, (ਪਰ ਮਨ ਦਾ ਮੁਰੀਦ ਮਨੁੱਖ ਇਸ) ਨਾਸਵੰਤ ਪਸਾਰੇ ਵਿਚ (ਸਦਾ) ਫਸਿਆ ਰਹਿੰਦਾ ਹੈ, ਹਰ ਵੇਲੇ (ਮਾਇਆ ਦੇ ਮੋਹ ਦੀਆਂ) ਸੋਚਾਂ ਸੋਚਦਾ ਰਹਿੰਦਾ ਹੈ, ਸੋਚਾਂ ਵਿਚ ਬੱਝਾ ਹੋਇਆ (ਹੀ ਜਗਤ ਤੋਂ) ਤੁਰ ਪੈਂਦਾ ਹੈ, ਹਉਮੈ ਦੇ ਆਸਰੇ ਹੀ (ਸਾਰੇ) ਕੰਮ ਕਰਦਾ ਰਹਿੰਦਾ ਹੈ (ਤਾਹੀਏਂ ਉਸ ਦਾ) ਜਨਮ ਮਰਣ ਦਾ ਗੇੜ (ਕਦੇ) ਮੁੱਕਦਾ ਨਹੀਂ। ਪਰ, ਹੇ ਨਾਨਕ! ਗੁਰੂ ਦੀ ਸਰਨ ਪੈ ਕੇ (ਉਹ ਮਨਮੁਖ ਭੀ ਮੋਹ ਦੇ ਜਾਲ ਵਿਚੋਂ) ਬਚ ਨਿਕਲਦਾ ਹੈ, ਗੁਰੂ (ਇਸ ਮੋਹ-ਜਾਲ ਤੋਂ) ਛੁਡਾ ਲੈਂਦਾ ਹੈ।26।

ਸਤਿਗੁਰ ਪੁਰਖੁ ਹਰਿ ਧਿਆਇਦਾ ਸਤਸੰਗਤਿ ਸਤਿਗੁਰ ਭਾਇ ॥ ਸਤਸੰਗਤਿ ਸਤਿਗੁਰ ਸੇਵਦੇ ਹਰਿ ਮੇਲੇ ਗੁਰੁ ਮੇਲਾਇ ॥ ਏਹੁ ਭਉਜਲੁ ਜਗਤੁ ਸੰਸਾਰੁ ਹੈ ਗੁਰੁ ਬੋਹਿਥੁ ਨਾਮਿ ਤਰਾਇ ॥ ਗੁਰਸਿਖੀ ਭਾਣਾ ਮੰਨਿਆ ਗੁਰੁ ਪੂਰਾ ਪਾਰਿ ਲੰਘਾਇ ॥ ਗੁਰਸਿਖਾਂ ਕੀ ਹਰਿ ਧੂੜਿ ਦੇਹਿ ਹਮ ਪਾਪੀ ਭੀ ਗਤਿ ਪਾਂਹਿ ॥ ਧੁਰਿ ਮਸਤਕਿ ਹਰਿ ਪ੍ਰਭ ਲਿਖਿਆ ਗੁਰ ਨਾਨਕ ਮਿਲਿਆ ਆਇ ॥ ਜਮਕੰਕਰ ਮਾਰਿ ਬਿਦਾਰਿਅਨੁ ਹਰਿ ਦਰਗਹ ਲਏ ਛਡਾਇ ॥ ਗੁਰਸਿਖਾ ਨੋ ਸਾਬਾਸਿ ਹੈ ਹਰਿ ਤੁਠਾ ਮੇਲਿ ਮਿਲਾਇ ॥੨੭॥ {ਪੰਨਾ 1424}

ਪਦ ਅਰਥ: ਸਤਿਗੁਰ ਭਾਇ = ਗੁਰੂ ਦੇ ਪਿਆਰ ਵਿਚ (ਟਿਕ ਕੇ) । ਸੇਵਦੇ = ਸਰਨ ਪੈਂਦੇ ਹਨ। ਭਉਜਲੁ = ਸੰਸਾਰ-ਸਮੁੰਦਰ। ਬੋਹਿਥੁ = ਜਹਾਜ਼। ਨਾਮਿ = ਨਾਮ ਦੀ ਰਾਹੀਂ। ਤਰਾਇ = ਪਾਰ ਲੰਘਾ ਲੈਂਦਾ ਹੈ। ਗੁਰਸਿਖੀ = ਗੁਰੂ ਦੇ ਸਿੱਖਾਂ ਨੇ। ਭਾਣਾ = ਰਜ਼ਾ, ਮਰਜ਼ੀ। ਹਰਿ = ਹੇ ਹਰੀ! ਗਤਿ = ਉੱਚੀ ਆਤਮਕ ਅਵਸਥਾ। ਪਾਂਹਿ = ਅਸੀਂ ਹਾਸਲ ਕਰ ਸਕੀਏ। ਧੁਰਿ = ਧੁਰ ਦਰਗਾਹ ਤੋਂ। ਮਸਤਕਿ = ਮੱਥੇ ਉੱਤੇ। ਗੁਰ ਮਿਲਿਆ = ਗੁਰੂ ਨੂੰ ਮਿਲ ਪਿਆ। ਕੰਕਰ = (किंकर) ਦਾਸ, ਸੇਵਕ। ਜਮ ਕੰਕਰ = ਜਮ ਦੇ ਦਾਸ ਜਮਦੂਤ (ਬਹੁ-ਵਚਨ) । ਮਾਰਿ = ਮਾਰ ਕੇ। ਬਿਦਾਰਿਅਨੁ = ਉਸ ਗੁਰੂ ਨੇ ਮੁਕਾ ਦਿੱਤੇ। ਨੋ = ਨੂੰ। ਤੁਠਾ = ਪ੍ਰਸੰਨ।27।

ਅਰਥ: ਹੇ ਭਾਈ! ਗੁਰੂ ਮਹਾਪੁਰਖ ਸਾਧ ਸੰਗਤਿ ਵਿਚ ਗੁਰੂ ਦੇ ਪਿਆਰ ਵਿਚ ਟਿਕ ਕੇ ਪਰਮਾਤਮਾ ਦਾ ਸਿਮਰਨ ਕਰਦਾ ਰਹਿੰਦਾ ਹੈ। (ਜਿਹੜੇ ਮਨੁੱਖ) ਸਾਧ ਸੰਗਤਿ ਵਿਚ ਆ ਕੇ ਗੁਰੂ ਦੀ ਸਰਨ ਪੈਂਦੇ ਹਨ, ਗੁਰੂ ਉਹਨਾਂ ਨੂੰ ਪਰਮਾਤਮਾ ਵਿਚ ਜੋੜ ਦੇਂਦਾ ਹੈ ਪਰਮਾਤਮਾ ਨਾਲ ਮਿਲਾ ਦੇਂਦਾ ਹੈ। (ਹੇ ਭਾਈ! ਉਂਞ ਤਾਂ) ਇਹ ਜਗਤ ਇਹ ਸੰਸਾਰ ਇਕ ਭਿਆਨਕ ਸਮੁੰਦਰ ਹੈ, ਪਰ ਗੁਰੂ-ਜਹਾਜ਼ (ਸਰਨ ਆਏ ਜੀਵਾਂ ਨੂੰ) ਹਰਿ-ਨਾਮ ਵਿਚ (ਜੋੜ ਕੇ ਇਸ ਸਮੁੰਦਰ ਤੋਂ) ਪਾਰ ਲੰਘਾ ਦੇਂਦਾ ਹੈ। (ਜਿਨ੍ਹਾਂ) ਗੁਰਸਿੱਖਾਂ ਨੇ (ਗੁਰੂ ਦਾ) ਹੁਕਮ ਮੰਨ ਲਿਆ, ਪੂਰਾ ਗੁਰੂ (ਉਹਨਾਂ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾਂਦਾ ਹੈ।

ਹੇ ਹਰੀ! ਅਸਾਂ ਜੀਵਾਂ ਨੂੰ ਗੁਰਸਿੱਖਾਂ ਦੇ ਚਰਨਾਂ ਦੀ ਧੂੜ ਬਖ਼ਸ਼, ਤਾ ਕਿ ਅਸੀਂ ਵਿਕਾਰੀ ਜੀਵ ਭੀ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਸਕੀਏ।

ਹੇ ਨਾਨਕ! ਧੁਰ ਦਰਗਾਹ ਤੋਂ ਹਰੀ-ਪ੍ਰਭੂ ਦਾ ਲਿਖਿਆ ਲੇਖ (ਜਿਸ ਮਨੁੱਖ ਦੇ) ਮੱਥੇ ਉੱਤੇ ਉੱਘੜ ਪੈਂਦਾ ਹੈ ਉਹ ਮਨੁੱਖ ਗੁਰੂ ਨੂੰ ਆ ਮਿਲਦਾ ਹੈ। ਉਸ (ਗੁਰੂ) ਨੇ (ਸਾਰੇ) ਜਮਦੂਤ ਮਾਰ ਕੇ ਮੁਕਾ ਦਿੱਤੇ। (ਗੁਰੂ ਉਸ ਨੂੰ) ਪਰਮਾਤਮਾ ਦੀ ਦਰਗਾਹ ਵਿਚ ਸੁਰਖ਼ਰੂ ਕਰਾ ਲੈਂਦਾ ਹੈ।

ਹੇ ਭਾਈ! ਗੁਰਸਿੱਖਾਂ ਨੂੰ (ਲੋਕ ਪਰਲੋਕ ਵਿਚ) ਆਦਰ-ਸਤਕਾਰ ਮਿਲਦਾ ਹੈ, ਪ੍ਰਭੂ ਉਹਨਾਂ ਉਤੇ ਪ੍ਰਸੰਨ ਹੋ ਕੇ (ਉਹਨਾਂ ਨੂੰ ਆਪਣੇ ਨਾਲ) ਮਿਲਾ ਲੈਂਦਾ ਹੈ।27।

ਗੁਰਿ ਪੂਰੈ ਹਰਿ ਨਾਮੁ ਦਿੜਾਇਆ ਜਿਨਿ ਵਿਚਹੁ ਭਰਮੁ ਚੁਕਾਇਆ ॥ ਰਾਮ ਨਾਮੁ ਹਰਿ ਕੀਰਤਿ ਗਾਇ ਕਰਿ ਚਾਨਣੁ ਮਗੁ ਦੇਖਾਇਆ ॥ ਹਉਮੈ ਮਾਰਿ ਏਕ ਲਿਵ ਲਾਗੀ ਅੰਤਰਿ ਨਾਮੁ ਵਸਾਇਆ ॥ ਗੁਰਮਤੀ ਜਮੁ ਜੋਹਿ ਨ ਸਕੈ ਸਚੈ ਨਾਇ ਸਮਾਇਆ ॥ ਸਭੁ ਆਪੇ ਆਪਿ ਵਰਤੈ ਕਰਤਾ ਜੋ ਭਾਵੈ ਸੋ ਨਾਇ ਲਾਇਆ ॥ ਜਨ ਨਾਨਕੁ ਨਾਉ ਲਏ ਤਾਂ ਜੀਵੈ ਬਿਨੁ ਨਾਵੈ ਖਿਨੁ ਮਰਿ ਜਾਇਆ ॥੨੮॥

ਪਦ ਅਰਥ: ਗੁਰਿ ਪੂਰੈ = ਪੂਰੇ ਗੁਰੂ ਨੇ। ਦਿੜਾਇਆ = (ਹਿਰਦੇ ਵਿਚ) ਪੱਕਾ ਕਰ ਦਿੱਤਾ। ਜਿਨਿ = ਜਿਸ (ਗੁਰੂ) ਨੇ। ਵਿਚਹੁ = (ਜੀਵ ਦੇ) ਅੰਦਰੋਂ। ਭਰਮੁ = ਭਟਕਣਾ। ਚੁਕਾਇਆ = ਮੁਕਾ ਦਿੱਤਾ। ਕੀਰਤਿ = ਸਿਫ਼ਤਿ-ਸਾਲਾਹ। ਗਾਇ = (ਆਪ) ਗਾ ਕੇ। ਕਰਿ = ਪੈਦਾ ਕਰ ਕੇ। ਮਗੁ = ਰਸਤਾ। ਮਾਰਿ = ਮਾਰ ਕੇ। ਲਿਵ = ਸੁਰਤਿ। ਜੋਹਿ ਨ ਸਕੈ = ਤੱਕ ਨਹੀਂ ਸਕਦਾ। ਸਚੈ ਨਾਇ = ਸਦਾ ਕਾਇਮ ਰਹਿਣ ਵਾਲੇ ਹਰਿ-ਨਾਮ ਵਿਚ। ਸਭੁ = ਹਰ ਥਾਂ। ਆਪੇ = ਆਪ ਹੀ। ਵਰਤੈ = ਵਰਤਦਾ ਹੈ, ਮੌਜੂਦ ਹੈ। ਜੋ ਭਾਵੈ = ਜਿਹੜਾ ਜੀਵ ਉਸ ਨੂੰ ਚੰਗਾ ਲੱਗਦਾ ਹੈ। ਨਾਇ = ਨਾਮ ਵਿਚ। ਨਾਨਕੁ ਨਾਉ ਲਏ = ਨਾਨਕ ਹਰਿ-ਨਾਮ ਲੈਂਦਾ ਹੈ। ਤਾਂ = ਤਦੋਂ। ਜੀਵੈ = ਆਤਮਕ ਜੀਵਨ ਪ੍ਰਾਪਤ ਕਰਦਾ ਹੈ। ਮਰਿ ਜਾਇਆ = ਆਤਮਕ ਮੌਤ ਆਈ ਸਮਝਦਾ ਹੈ, ਮਰ ਜਾਂਦਾ ਹੈ।28।

ਅਰਥ: ਹੇ ਭਾਈ! (ਜਿਸ) ਪੂਰੇ ਗੁਰੂ ਨੇ (ਜੀਵ ਦੇ ਅੰਦਰ ਸਦਾ) ਪਰਮਾਤਮਾ ਦਾ ਨਾਮ ਪੱਕਾ ਕੀਤਾ ਹੈ, ਜਿਸ (ਪੂਰੇ ਗੁਰੂ) ਨੇ (ਜੀਵ ਦੇ) ਅੰਦਰੋਂ ਭਟਕਣਾ (ਸਦਾ) ਮੁਕਾਈ ਹੈ, (ਉਸ ਗੁਰੂ ਨੇ ਆਪ) ਪਰਮਾਤਮਾ ਦਾ ਨਾਮ (ਸਿਮਰ ਕੇ) , ਪਰਮਾਤਮਾ ਦੀ ਸਿਫ਼ਤਿ-ਸਾਲਾਹ ਗਾ ਗਾ ਕੇ (ਸਰਨ ਆਏ ਮਨੁੱਖ ਦੇ ਹਿਰਦੇ ਵਿਚ ਆਤਮਕ ਜੀਵਨ ਦਾ) ਚਾਨਣ ਪੈਦਾ ਕਰ ਕੇ (ਉਸ ਨੂੰ ਆਤਮਕ ਜੀਵਨ ਦਾ ਸਹੀ) ਰਸਤਾ (ਸਦਾ) ਵਿਖਾਇਆ ਹੈ।

ਹੇ ਭਾਈ! (ਪੂਰੇ ਗੁਰੂ ਦੀ ਰਾਹੀਂ) ਹਉਮੈ ਦੂਰ ਕਰ ਕੇ (ਜਿਸ ਮਨੁੱਖ ਦੇ ਅੰਦਰ) ਇਕ ਪਰਮਾਤਮਾ ਦੀ ਲਗਨ ਲੱਗ ਗਈ, (ਉਸ ਨੇ ਆਪਣੇ) ਹਿਰਦੇ ਵਿਚ ਪਰਮਾਤਮਾ ਦਾ ਨਾਮ ਵਸਾ ਲਿਆ। ਗੁਰੂ ਦੀ ਮਤਿ ਉਤੇ ਤੁਰਨ ਦੇ ਕਾਰਨ ਜਮਰਾਜ ਭੀ (ਉਸ ਮਨੁੱਖ ਵੱਲ) ਤੱਕ ਨਹੀਂ ਸਕਦਾ, (ਉਹ ਮਨੁੱਖ) ਸਦਾ-ਥਿਰ ਹਰਿ-ਨਾਮ ਵਿਚ (ਸਦਾ) ਲੀਨ ਰਹਿੰਦਾ ਹੈ। (ਉਸਨੂੰ ਇਹ ਨਿਸ਼ਚਾ ਬਣ ਜਾਂਦਾ ਹੈ ਕਿ) ਹਰ ਥਾਂ ਕਰਤਾਰ ਆਪ ਹੀ ਆਪ ਮੌਜੂਦ ਹੈ, ਜਿਹੜਾ ਮਨੁੱਖ ਉਸ ਨੂੰ ਚੰਗਾ ਲੱਗ ਪੈਂਦਾ ਹੈ ਉਸ ਨੂੰ ਆਪਣੇ ਨਾਮ ਵਿਚ ਜੋੜ ਲੈਂਦਾ ਹੈ।

ਹੇ ਭਾਈ! ਦਾਸ ਨਾਨਕ (ਭੀ ਜਦੋਂ ਪਰਮਾਤਮਾ ਦਾ) ਨਾਮ ਜਪਦਾ ਹੈ ਤਦੋਂ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ। ਹੇ ਭਾਈ! ਪਰਮਾਤਮਾ ਦੇ ਨਾਮ ਤੋਂ ਬਿਨਾ ਤਾਂ ਜੀਵ ਇਕ ਖਿਨ ਵਿਚ ਹੀ ਆਤਮਕ ਮੌਤ ਸਹੇੜ ਲੈਂਦਾ ਹੈ।28।

ਮਨ ਅੰਤਰਿ ਹਉਮੈ ਰੋਗੁ ਭ੍ਰਮਿ ਭੂਲੇ ਹਉਮੈ ਸਾਕਤ ਦੁਰਜਨਾ ॥ ਨਾਨਕ ਰੋਗੁ ਗਵਾਇ ਮਿਲਿ ਸਤਿਗੁਰ ਸਾਧੂ ਸਜਣਾ ॥੨੯॥ {ਪੰਨਾ 1424}

ਪਦ ਅਰਥ: ਭ੍ਰਮਿ = ਭਟਕਣਾ ਵਿਚ। ਭੂਲੇ = ਕੁਰਾਹੇ ਪਏ ਰਹਿੰਦੇ ਹਨ। ਸਾਕਤ = ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ। ਦੁਰਜਨ = ਦੁਰਾਚਾਰੀ ਮਨੁੱਖ, ਭੈੜੇ ਮਨੁੱਖ। ਅੰਤਰਿ = ਅੰਦਰ। ਗਵਾਇ = ਦੂਰ ਕਰ ਲੈਂਦਾ ਹੈ। ਮਿਲਿ = ਮਿਲ ਕੇ।29।

ਅਰਥ: ਹੇ ਭਾਈ! ਪਰਮਾਤਮਾ ਨਾਲੋਂ ਟੁੱਟੇ ਹੋਏ ਦੁਰਾਚਾਰੀ ਮਨੁੱਖਾਂ ਦੇ ਮਨ ਵਿਚ ਹਉਮੈ ਦਾ ਰੋਗ (ਸਦਾ ਟਿਕਿਆ ਰਹਿੰਦਾ ਹੈ) , ਇਸ ਹਉਮੈ ਦੇ ਕਾਰਨ ਭਟਕਣਾ ਵਿਚ ਪੈ ਕੇ ਉਹ (ਜੀਵਨ ਦੇ) ਗ਼ਲਤ ਰਸਤੇ ਪਏ ਰਹਿੰਦੇ ਹਨ। ਹੇ ਨਾਨਕ! (ਸਾਕਤ ਮਨੁੱਖ ਭੀ) ਸੱਜਣ ਸਾਧੂ ਸਤਿਗੁਰੂ ਨੂੰ ਮਿਲ ਕੇ (ਹਉਮੈ ਦਾ ਇਹ) ਰੋਗ ਦੂਰ ਕਰ ਲੈਂਦਾ ਹੈ।29।

ਗੁਰਮਤੀ ਹਰਿ ਹਰਿ ਬੋਲੇ ॥ ਹਰਿ ਪ੍ਰੇਮਿ ਕਸਾਈ ਦਿਨਸੁ ਰਾਤਿ ਹਰਿ ਰਤੀ ਹਰਿ ਰੰਗਿ ਚੋਲੇ ॥ ਹਰਿ ਜੈਸਾ ਪੁਰਖੁ ਨ ਲਭਈ ਸਭੁ ਦੇਖਿਆ ਜਗਤੁ ਮੈ ਟੋਲੇ ॥ ਗੁਰ ਸਤਿਗੁਰਿ ਨਾਮੁ ਦਿੜਾਇਆ ਮਨੁ ਅਨਤ ਨ ਕਾਹੂ ਡੋਲੇ ॥ ਜਨ ਨਾਨਕੁ ਹਰਿ ਕਾ ਦਾਸੁ ਹੈ ਗੁਰ ਸਤਿਗੁਰ ਕੇ ਗੁਲ ਗੋਲੇ ॥੩੦॥ {ਪੰਨਾ 1424}

ਪਦ ਅਰਥ: ਗੁਰਮਤੀ = ਗੁਰੂ ਦੀ ਮਤਿ ਉਤੇ ਤੁਰ ਕੇ। ਬੋਲੇ = ਜਪਦੀ ਰਹਿੰਦੀ ਹੈ। ਪ੍ਰੇਮਿ = ਪ੍ਰੇਮ ਵਿਚ। ਕਸਾਈ = ਖਿੱਚੀ ਰਹਿੰਦੀ ਹੈ। ਹਰਿ ਰੰਗਿ = ਹਰੀ ਦੇ (ਪ੍ਰੇਮ-) ਰੰਗ ਵਿਚ। ਰਤੀ = ਰੰਗੀ ਹੋਈ। ਚੋਲੇ = (ਆਤਮਕ ਆਨੰਦ) ਮਾਣਦੀ ਹੈ। ਪੁਰਖੁ = ਖਸਮ। ਨ ਲਭਈ = ਨ ਲਭੈ, ਨਹੀਂ ਲੱਭਦਾ। ਟੋਲੇ = ਟੋਲਿ, ਟੋਲ ਕੇ, ਖੋਜ ਕੇ। ਸਤਿਗੁਰਿ = ਸਤਿਗੁਰੂ ਨੇ। ਦਿੜਾਇਆ = (ਹਿਰਦੇ ਵਿਚ) ਪੱਕਾ ਕਰ ਦਿੱਤਾ। ਅਨਤ = (अन्यत्र) ਹੋਰ ਪਾਸੇ। ਅਨਤ ਕਾਹੂ = ਕਿਸੇ ਭੀ ਹੋਰ ਪਾਸੇ। ਗੁਲ ਗੋਲੇ = ਗੋਲਿਆਂ ਦੇ ਗੋਲਿਆਂ ਦਾ, ਦਾਸਾਂ ਦੇ ਦਾਸਾਂ ਦਾ।30।

ਅਰਥ: ਹੇ ਭਾਈ! (ਜਿਹੜੀ ਜੀਵ-ਇਸਤ੍ਰੀ) ਗੁਰੂ ਦੀ ਮਤਿ ਉੱਤੇ ਤੁਰ ਕੇ (ਸਦਾ) ਪਰਮਾਤਮਾ ਦਾ ਨਾਮ ਜਪਦੀ ਰਹਿੰਦੀ ਹੈ, ਉਹ ਦਿਨ ਰਾਤ ਪਰਮਾਤਮਾ ਦੇ ਪਿਆਰ ਵਿਚ ਖਿੱਚ ਪਾਂਦੀ ਰਹਿੰਦੀ ਹੈ, ਪਰਮਾਤਮਾ (ਦੇ ਨਾਮ) ਵਿਚ ਰੱਤੀ ਰਹਿੰਦੀ ਹੈ, ਉਹ ਪਰਮਾਤਮਾ ਦੇ (ਪ੍ਰੇਮ-) ਰੰਗ ਵਿਚ (ਆਤਮਕ ਆਨੰਦ) ਮਾਣਦੀ ਰਹਿੰਦੀ ਹੈ।

ਹੇ ਭਾਈ! ਮੈਂ ਸਾਰਾ ਸੰਸਾਰ ਭਾਲ ਕੇ ਵੇਖ ਲਿਆ ਹੈ, ਪਰਮਾਤਮਾ ਵਰਗਾ ਖਸਮ (ਕਿਸੇ ਹੋਰ ਥਾਂ) ਨਹੀਂ ਲੱਭਦਾ।

ਹੇ ਭਾਈ! ਗੁਰੂ ਸਤਿਗੁਰੂ ਨੇ (ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ) ਨਾਮ ਪੱਕਾ ਕਰ ਦਿੱਤਾ, (ਉਸ ਦਾ) ਮਨ ਕਿਸੇ ਭੀ ਹੋਰ ਪਾਸੇ ਨਹੀਂ ਡੋਲਦਾ। ਹੇ ਭਾਈ! ਦਾਸ ਨਾਨਕ (ਭੀ) ਪਰਮਾਤਮਾ ਦਾ ਦਾਸ ਹੈ, ਗੁਰੂ ਸਤਿਗੁਰੂ ਦੇ ਦਾਸਾਂ ਦੇ ਦਾਸਾਂ ਦਾ ਦਾਸ ਹੈ।30।

TOP OF PAGE

Sri Guru Granth Darpan, by Professor Sahib Singh