ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1425 ਸਲੋਕ ਮਹਲਾ ੫ ੴ ਸਤਿਗੁਰ ਪ੍ਰਸਾਦਿ ॥ ਰਤੇ ਸੇਈ ਜਿ ਮੁਖੁ ਨ ਮੋੜੰਨ੍ਹ੍ਹਿ ਜਿਨ੍ਹ੍ਹੀ ਸਿਞਾਤਾ ਸਾਈ ॥ ਝੜਿ ਝੜਿ ਪਵਦੇ ਕਚੇ ਬਿਰਹੀ ਜਿਨ੍ਹ੍ਹਾ ਕਾਰਿ ਨ ਆਈ ॥੧॥ ਧਣੀ ਵਿਹੂਣਾ ਪਾਟ ਪਟੰਬਰ ਭਾਹੀ ਸੇਤੀ ਜਾਲੇ ॥ ਧੂੜੀ ਵਿਚਿ ਲੁਡੰਦੜੀ ਸੋਹਾਂ ਨਾਨਕ ਤੈ ਸਹ ਨਾਲੇ ॥੨॥ {ਪੰਨਾ 1425} ਪਦ ਅਰਥ: ਰਤੇ = ਰੱਤੇ, (ਪ੍ਰੇਮ-ਰੰਗ ਵਿਚ) ਰੰਗੇ ਹੋਏ। ਸੋਈ = ਉਹ (ਮਨੁੱਖ) ਹੀ (ਬਹੁ-ਵਚਨ) । ਜਿ = ਜਿਹੜੇ (ਮਨੁੱਖ) । ਜਿਨੀ = ਜਿਨ੍ਹਾਂ ਨੇ। ਸਿਞਾਤਾ = ਡੂੰਘੀ ਸਾਂਝ ਪਾਈ ਹੋਈ ਹੈ। ਸਾਈ = ਸਾਈਂ, ਖਸਮ-ਪ੍ਰਭੂ। ਝੜਿ ਝੜਿ ਪਵਦੇ = ਮੁੜ ਮੁੜ ਝੜਦੇ ਹਨ। ਕਚੇ ਬਿਰਹੀ = ਕਮਜ਼ੋਰ ਪ੍ਰੀਤ ਵਾਲੇ। ਕਾਰਿ = ਕਾਰੀ, ਮੁਆਫ਼ਿਕ (ਵੇਖੋ, 'ਗੁਰ ਕੀ ਮਤਿ ਜੀਇ ਆਈ ਕਾਰਿ' = ਪੰਨਾ 220) ।1। ਧਣੀ = ਮਾਲਕ-ਪ੍ਰਭੂ। ਵਿਹੂਣਾ = ਬਿਨਾ। ਪਾਟ = ਰੇਸ਼ਮ। ਪਟੰਬਰ = ਪਟ-ਅੰਬਰ, ਪੱਟ ਦੇ ਕੱਪੜੇ। ਭਾਹਿ = ਅੱਗ। ਸੇਤੀ = ਨਾਲ। ਭਾਹੀ ਸੇਤੀ = ਅੱਗ ਨਾਲ। ਜਾਲੇ = ਸਾੜ ਦਿੱਤੇ ਹਨ। ਲੁਡੰਦੜੀ = ਲੇਟਦੀ। ਸੋਹਾਂ = ਮੈਂ ਸੋਹਣੀ ਲੱਗਦੀ ਹਾਂ। ਨਾਨਕ = ਹੇ ਨਾਨਕ! ਸਹ ਨਾਲੇ = ਖਸਮ ਨਾਲ। ਤੈ ਨਾਲੇ = ਤੇਰੇ ਨਾਲ। ਤੈ ਸਹ ਨਾਲੇ = ਹੇ ਖਸਮ! ਤੇਰੇ ਨਾਲ।2। ਅਰਥ: ਹੇ ਭਾਈ! ਉਹ ਮਨੁੱਖ ਹੀ (ਪ੍ਰੇਮ ਰੰਗ ਵਿਚ) ਰੰਗੇ ਹੋਏ ਹਨ, ਜਿਹੜੇ (ਖਸਮ-ਪ੍ਰਭੂ ਦੀ ਯਾਦ ਵਲੋਂ ਕਦੇ ਭੀ) ਮੂੰਹ ਨਹੀਂ ਮੋੜਦੇ (ਕਦੇ ਭੀ ਪ੍ਰਭੂ ਦੀ ਯਾਦ ਨਹੀਂ ਭੁਲਾਂਦੇ) , ਜਿਨ੍ਹਾਂ ਨੇ ਖਸਮ-ਪ੍ਰਭੂ ਨਾਲ ਡੂੰਘੀ ਸਾਂਝ ਪਾਈ ਹੋਈ ਹੈ। ਪਰ ਜਿਨ੍ਹਾਂ ਨੂੰ (ਪ੍ਰੇਮ ਦੀ ਦਵਾਈ) ਮੁਆਫ਼ਿਕ ਨਹੀਂ ਬੈਠਦੀ (ਠੀਕ ਅਸਰ ਨਹੀਂ ਕਰਦੀ,) ਉਹ ਕਮਜ਼ੋਰ ਪ੍ਰੇਮ ਵਾਲੇ ਮਨੁੱਖ (ਪ੍ਰਭੂ ਚਰਨਾਂ ਨਾਲੋਂ ਇਉਂ) ਮੁੜ ਮੁੜ ਟੁੱਟਦੇ ਹਨ (ਜਿਵੇਂ ਕਮਜ਼ੋਰ ਕੱਚੇ ਫਲ ਟਾਹਣੀ ਨਾਲੋਂ) ।1। ਹੇ ਨਾਨਕ! (ਆਖ– ਹੇ ਭਾਈ!) (ਮੈਂ ਤਾਂ ਉਹ) ਰੇਸ਼ਮੀ ਕਪੜੇ (ਭੀ) ਅੱਗ ਨਾਲ ਸਾੜ ਦਿੱਤੇ ਹਨ (ਜਿਨ੍ਹਾਂ ਦੇ ਕਾਰਨ ਜੀਵਨ) ਖਸਮ-ਪ੍ਰਭੂ (ਦੀ ਯਾਦ) ਤੋਂ ਵਾਂਜਿਆ ਹੀ ਰਹੇ। ਹੇ ਖਸਮ-ਪ੍ਰਭੂ! ਤੇਰੇ ਨਾਲ (ਤੇਰੇ ਚਰਨਾਂ ਵਿਚ ਰਹਿ ਕੇ) ਮੈਂ ਘੱਟੇ-ਮਿੱਟੀ ਵਿਚ ਲਿਬੜੀ ਹੋਈ ਭੀ (ਆਪਣੇ ਆਪ ਨੂੰ) ਸੋਹਣੀ ਲੱਗਦੀ ਹਾਂ।2। ਗੁਰ ਕੈ ਸਬਦਿ ਅਰਾਧੀਐ ਨਾਮਿ ਰੰਗਿ ਬੈਰਾਗੁ ॥ ਜੀਤੇ ਪੰਚ ਬੈਰਾਈਆ ਨਾਨਕ ਸਫਲ ਮਾਰੂ ਇਹੁ ਰਾਗੁ ॥੩॥ {ਪੰਨਾ 1425} ਪਦ ਅਰਥ: ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਅਰਾਧੀਐ = ਸਿਮਰਨਾ ਚਾਹੀਦਾ ਹੈ। ਨਾਮਿ = ਨਾਮ ਵਿਚ (ਜੁੜਿਆਂ) , ਨਾਮ ਦੀ ਰਾਹੀਂ। ਰੰਗਿ = ਪ੍ਰੇਮ-ਰੰਗ ਦੀ ਰਾਹੀਂ। ਬੈਰਾਗੁ = ਵਿਕਾਰਾਂ ਵਲੋਂ ਉਪਰਾਮਤਾ। ਜੀਤੇ = ਜਿੱਤੇ ਜਾਂਦੇ ਹਨ, ਵੱਸ ਵਿਚ ਆ ਜਾਂਦੇ ਹਨ। ਪੰਚ ਬੈਰਾਈਆ = (ਕਾਮਾਦਿਕ) ਪੰਜੇ ਵੈਰੀ। ਸਫਲ = ਕਾਮਯਾਬ, ਕਾਰੀ। ਮਾਰੂ = ਮਾਰ-ਮੁਕਾਣ ਵਾਲੀ (ਦਵਾਈ) । ਰਾਗੁ = ਹੁਲਾਰਾ, ਪਿਆਰ ਦਾ ਹੁਲਾਰਾ (emotion, feeling) ।3। ਅਰਥ: ਹੇ ਭਾਈ! ਗੁਰੂ ਦੇ ਸ਼ਬਦ ਵਿਚ ਜੁੜ ਕੇ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ। (ਪ੍ਰਭੂ ਦੇ) ਨਾਮ ਦੀ ਬਰਕਤਿ ਨਾਲ, (ਪ੍ਰਭੂ ਦੇ ਪ੍ਰੇਮ-) ਰੰਗ ਦੀ ਬਰਕਤਿ ਨਾਲ (ਮਨ ਵਿਚ ਵਿਕਾਰਾਂ ਵਲੋਂ) ਉਪਰਾਮਤਾ (ਪੈਦਾ ਹੋ ਜਾਂਦੀ ਹੈ) , (ਕਾਮਾਦਿਕ) ਪੰਜੇ ਵੈਰੀ ਵੱਸ ਵਿਚ ਆ ਜਾਂਦੇ ਹਨ। ਹੇ ਨਾਨਕ! ਇਹ ਪ੍ਰੇਮ-ਹੁਲਾਰਾ (ਵਿਕਾਰ-ਰੋਗਾਂ ਨੂੰ) ਮਾਰ-ਮੁਕਾਣ ਵਾਲੀ ਕਾਰੀ ਦਵਾਈ ਹੈ।3। ਜਾਂ ਮੂੰ ਇਕੁ ਤ ਲਖ ਤਉ ਜਿਤੀ ਪਿਨਣੇ ਦਰਿ ਕਿਤੜੇ ॥ ਬਾਮਣੁ ਬਿਰਥਾ ਗਇਓ ਜਨੰਮੁ ਜਿਨਿ ਕੀਤੋ ਸੋ ਵਿਸਰੇ ॥੪॥ {ਪੰਨਾ 1425} ਪਦ ਅਰਥ: ਜਾਂ = ਜਦੋਂ। ਮੂੰ = ਮੇਰਾ, ਮੇਰੇ ਵੱਲ। ਤ = ਤਦੋਂ, ਤਾਂ। ਲਖ = ਲੱਖਾਂ ਹੀ (ਮੇਰੇ ਵੱਲ) । ਤਉ = ਤੇਰੀ। ਜਿਤੀ = ਜਿਤਨੀ ਭੀ। ਤਉ ਜਿਤੀ = ਤੇਰੀ ਜਿਤਨੀ ਭੀ (ਸ੍ਰਿਸ਼ਟੀ ਹੈ) । ਦਰਿ = (ਤੇਰੇ) ਦਰ ਤੇ। ਕਿਤੜੇ = ਕਿਤਨੇ ਹੀ, ਅਨੇਕਾਂ, ਇਹ ਸਾਰੇ ਅਨੇਕਾਂ। ਪਿਨਣੇ = ਮੰਗਣ ਵਾਲੇ, ਮੰਗਤੇ। ਬਾਮਣੁ ਜਨੰਮੁ = (ਸਭ ਤੋਂ ਉੱਚਾ ਸਮਝਿਆ ਜਾਣ ਵਾਲਾ) ਬ੍ਰਾਹਮਣ (ਦੇ ਘਰ ਦਾ) ਜਨਮ (ਭੀ) । ਜਿਨਿ = ਜਿਸ (ਪਰਮਾਤਮਾ) ਨੇ। ਕੀਤੋ = ਪੈਦਾ ਕੀਤਾ ਹੈ। ਸੋ = ਉਹ (ਪਰਮਾਤਮਾ) ।4। ਅਰਥ: ਹੇ ਪ੍ਰਭੂ! ਜਦੋਂ ਇਕ ਤੂੰ ਮੇਰੇ ਵੱਲ ਹੈਂ, ਤਦੋਂ (ਤੇਰੇ ਪੈਦਾ ਕੀਤੇ ਲੱਖਾਂ ਹੀ (ਜੀਵ ਮੇਰੇ ਵੱਲ ਹੋ ਜਾਂਦੇ ਹਨ) । (ਇਹ) ਤੇਰੀ ਜਿਤਨੀ ਭੀ (ਪੈਦਾ ਕੀਤੀ ਹੋਈ ਸ੍ਰਿਸ਼ਟੀ ਹੈ, ਤੇਰੇ) ਦਰ ਤੇ (ਇਹ ਸਾਰੇ) ਅਨੇਕਾਂ ਹੀ ਮੰਗਤੇ ਹਨ। ਹੇ ਭਾਈ! ਜਿਸ ਪਰਮਾਤਮਾ ਨੇ ਪੈਦਾ ਕੀਤਾ ਹੈ, ਜੇ ਉਹ ਭੁੱਲਿਆ ਰਹੇ, ਤਾਂ (ਸਭ ਤੋਂ ਉੱਚਾ ਸਮਝਿਆ ਜਾਣ ਵਾਲਾ) ਬ੍ਰਾਹਮਣ (ਦੇ ਘਰ ਦਾ) ਜਨਮ (ਭੀ) ਵਿਅਰਥ ਚਲਾ ਗਿਆ।4। ਸੋਰਠਿ ਸੋ ਰਸੁ ਪੀਜੀਐ ਕਬਹੂ ਨ ਫੀਕਾ ਹੋਇ ॥ ਨਾਨਕ ਰਾਮ ਨਾਮ ਗੁਨ ਗਾਈਅਹਿ ਦਰਗਹ ਨਿਰਮਲ ਸੋਇ ॥੫॥ {ਪੰਨਾ 1425} ਪਦ ਅਰਥ: ਸੋਰਠਿ = ਇਕ ਰਾਗਣੀ। ਸੋ ਰਸੁ = ਉਹ (ਨਾਮ-) ਰਸ। ਪੀਜੀਐ = ਪੀਣਾ ਚਾਹੀਦਾ ਹੈ। ਕਬਹੂ = ਕਦੇ ਭੀ। ਫੀਕਾ = ਬੇ-ਸੁਆਦਾ। ਗਾਈਅਹਿ = ਗਾਏ ਜਾਣੇ ਚਾਹੀਦੇ ਹਨ। ਸੋਇ = ਸੋਭਾ। ਨਿਰਮਲ ਸੋਇ = ਬੇ-ਦਾਗ਼ ਸੋਭਾ।5। ਅਰਥ: ਹੇ ਭਾਈ! ਉਹ (ਹਰਿ-ਨਾਮ-) ਰਸ ਪੀਂਦੇ ਰਹਿਣਾ ਚਾਹੀਦਾ ਹੈ, ਜੋ ਕਦੇ ਭੀ ਬੇ-ਸੁਆਦਾ ਨਹੀਂ ਹੁੰਦਾ। ਹੇ ਨਾਨਕ! ਪਰਮਾਤਮਾ ਦੇ ਨਾਮ ਦੇ ਗੁਣ (ਸਦਾ) ਗਾਏ ਜਾਣੇ ਚਾਹੀਦੇ ਹਨ (ਇਸ ਤਰ੍ਹਾਂ ਪਰਮਾਤਮਾ ਦੀ) ਹਜ਼ੂਰੀ ਵਿਚ ਬੇ-ਦਾਗ਼ ਸੋਭਾ (ਮਿਲਦੀ ਹੈ) ।5। ਜੋ ਪ੍ਰਭਿ ਰਖੇ ਆਪਿ ਤਿਨ ਕੋਇ ਨ ਮਾਰਈ ॥ ਅੰਦਰਿ ਨਾਮੁ ਨਿਧਾਨੁ ਸਦਾ ਗੁਣ ਸਾਰਈ ॥ ਏਕਾ ਟੇਕ ਅਗੰਮ ਮਨਿ ਤਨਿ ਪ੍ਰਭੁ ਧਾਰਈ ॥ ਲਗਾ ਰੰਗੁ ਅਪਾਰੁ ਕੋ ਨ ਉਤਾਰਈ ॥ ਗੁਰਮੁਖਿ ਹਰਿ ਗੁਣ ਗਾਇ ਸਹਜਿ ਸੁਖੁ ਸਾਰਈ ॥ ਨਾਨਕ ਨਾਮੁ ਨਿਧਾਨੁ ਰਿਦੈ ਉਰਿ ਹਾਰਈ ॥੬॥ {ਪੰਨਾ 1425} ਪਦ ਅਰਥ: ਪ੍ਰਭਿ = ਪ੍ਰਭੂ ਨੇ। ਨ ਮਾਰਈ = ਨ ਮਾਰੈ, ਨਹੀਂ ਮਾਰਦਾ, ਨਹੀਂ ਮਾਰ ਸਕਦਾ। ਨਿਧਾਨੁ = ਖ਼ਜ਼ਾਨਾ। ਸਾਰਈ = ਸਾਰੈ, ਸੰਭਾਲਦਾ ਹੈ, ਹਿਰਦੇ ਵਿਚ ਵਸਾਈ ਰੱਖਦਾ ਹੈ। ਅਗੰਮ = ਅਪਹੁੰਚ। ਟੇਕ ਅਗੰਮ = ਅਪਹੁੰਚ ਪ੍ਰਭੂ ਦਾ ਆਸਰਾ। ਮਨਿ = ਮਨ ਵਿਚ। ਤਨਿ = ਤਨ ਵਿਚ। ਧਾਰਈ = ਧਾਰੈ, ਵਸਾਂਦਾ ਹੈ, ਵਸਾਈ ਰੱਖਦਾ ਹੈ। ਰੰਗੁ = ਪ੍ਰੇਮ-ਰੰਗ। ਅਪਾਰ = ਕਦੇ ਨਾਹ ਮੁੱਕਣ ਵਾਲਾ (ਅ-ਪਾਰੁ) । ਕੋ = ਕੋਈ ਜੀਵ। ਨ ਉਤਾਰਈ = ਨ ਉਤਾਰੈ, ਦੂਰ ਨਹੀਂ ਕਰ ਸਕਦਾ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਗਾਇ = ਗਾਂਦਾ ਹੈ। ਸਹਜਿ = ਆਤਮਕ ਅਡੋਲਤਾ ਵਿਚ। ਸਾਰਈ = ਸਾਰੈ, ਸੰਭਾਲਦਾ ਹੈ, ਮਾਣਦਾ ਹੈ। ਰਿਦੈ = ਹਿਰਦੇ ਵਿਚ। ਉਰਿ = ਹਿਰਦੇ ਵਿਚ। ਹਾਰਈ = ਧਾਰਈ, ਧਾਰੈ, ਟਿਕਾਈ ਰੱਖਦਾ ਹੈ।6। ਅਰਥ: ਹੇ ਭਾਈ! ਜਿਨ੍ਹਾਂ (ਮਨੁੱਖਾਂ) ਦੀ ਪ੍ਰਭੂ ਨੇ ਆਪ ਰੱਖਿਆ ਕੀਤੀ, ਉਹਨਾਂ ਨੂੰ ਕੋਈ ਮਾਰ ਨਹੀਂ ਸਕਦਾ। ਹੇ ਭਾਈ! (ਜਿਸ ਮਨੁੱਖ ਦੇ) ਹਿਰਦੇ ਵਿਚ ਪਰਮਾਤਮਾ ਦਾ ਨਾਮ ਖ਼ਜ਼ਾਨਾ ਵੱਸ ਰਿਹਾ ਹੈ, ਉਹ ਸਦਾ ਪਰਮਾਤਮਾ ਦੇ ਗੁਣ ਚੇਤੇ ਕਰਦਾ ਰਹਿੰਦਾ ਹੈ। ਜਿਸ ਨੂੰ ਇਕ ਅਪਹੁੰਚ ਪ੍ਰਭੂ ਦਾ (ਸਦਾ) ਆਸਰਾ ਹੈ, ਉਹ ਆਪਣੇ ਮਨ ਵਿਚ ਤਨ ਵਿਚ ਪ੍ਰਭੂ ਨੂੰ ਵਸਾਈ ਰੱਖਦਾ ਹੈ। (ਜਿਸ ਦੇ ਹਿਰਦੇ ਵਿਚ) ਕਦੇ ਨਾਹ ਮੁੱਕਣ ਵਾਲਾ ਪ੍ਰਭੂ-ਪ੍ਰੇਮ ਬਣ ਜਾਂਦਾ ਹੈ, ਉਸ ਪ੍ਰੇਮ-ਰੰਗ ਨੂੰ ਕੋਈ ਉਤਾਰ ਨਹੀਂ ਸਕਦਾ। ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ, ਅਤੇ ਆਤਮਕ ਅਡੋਲਤਾ ਵਿਚ (ਟਿਕ ਕੇ ਆਤਮਕ) ਅਨੰਦ ਮਾਣਦਾ ਰਹਿੰਦਾ ਹੈ। ਹੇ ਨਾਨਕ! (ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ) ਪਰਮਾਤਮਾ ਦਾ ਨਾਮ-ਖ਼ਜ਼ਾਨਾ ਆਪਣੇ ਹਿਰਦੇ ਵਿਚ (ਇਉਂ) ਟਿਕਾਈ ਰੱਖਦਾ ਹੈ (ਜਿਵੇਂ ਹਾਰ ਗਲ ਵਿਚ ਪਾ ਰੱਖੀਦਾ ਹੈ) ।6। ਕਰੇ ਸੁ ਚੰਗਾ ਮਾਨਿ ਦੁਯੀ ਗਣਤ ਲਾਹਿ ॥ ਅਪਣੀ ਨਦਰਿ ਨਿਹਾਲਿ ਆਪੇ ਲੈਹੁ ਲਾਇ ॥ ਜਨ ਦੇਹੁ ਮਤੀ ਉਪਦੇਸੁ ਵਿਚਹੁ ਭਰਮੁ ਜਾਇ ॥ ਜੋ ਧੁਰਿ ਲਿਖਿਆ ਲੇਖੁ ਸੋਈ ਸਭ ਕਮਾਇ ॥ ਸਭੁ ਕਛੁ ਤਿਸ ਦੈ ਵਸਿ ਦੂਜੀ ਨਾਹਿ ਜਾਇ ॥ ਨਾਨਕ ਸੁਖ ਅਨਦ ਭਏ ਪ੍ਰਭ ਕੀ ਮੰਨਿ ਰਜਾਇ ॥੭॥ {ਪੰਨਾ 1425} ਪਦ ਅਰਥ: ਕਰੇ = (ਜਿਹੜਾ ਕੰਮ ਪਰਮਾਤਮਾ) ਕਰਦਾ ਹੈ। ਸੁ = ਉਸ (ਕੰਮ) ਨੂੰ। ਮਾਨਿ = ਮੰਨ, ਸਮਝ। ਦੁਯੀ = ਦੂਜੀ, ਹੋਰ ਹੋਰ। ਗਣਤ = ਚਿੰਤਾ। ਲਾਹਿ = ਦੂਰ ਕਰ। ਨਦਰਿ = ਮਿਹਰ ਦੀ ਨਿਗਾਹ ਨਾਲ। ਨਿਹਾਲਿ = ਵੇਖ ਕੇ, ਤੱਕ ਕੇ। ਆਪੇ = ਆਪ ਹੀ। ਲੈਹੁ ਲਾਇ = (ਆਪਣੇ ਚਰਨਾਂ ਵਿਚ) ਜੋੜ ਲੈ। ਮਤੀ = ਮਤਿ, ਅਕਲ। ਉਪਦੇਸੁ = ਸਿੱਖਿਆ। ਵਿਚਹੁ = (ਸੇਵਕ ਦੇ) ਅੰਦਰੋਂ। ਭਰਮੁ = ਭਟਕਣਾ। ਜਾਇ = ਦੂਰ ਹੋ ਜਾਏ। ਧੁਰਿ = ਧੁਰ ਦਰਗਾਹ ਤੋਂ। ਸੋਈ = ਉਹ (ਲਿਖਿਆ ਲੇਖ) ਹੀ। ਸਭ = ਸਾਰੀ ਲੁਕਾਈ। ਤਿਸ ਦੈ = (ਸੰਬੰਧਕ 'ਦੈ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ) । ਤਿਸ ਦੈ ਵਸਿ = ਉਸ (ਪਰਮਾਤਮਾ) ਦੇ ਵੱਸ ਵਿਚ। ਜਾਇ = ਥਾਂ। ਭਏ = ਹੋ ਜਾਂਦੇ ਹਨ। ਮਨਿ = ਮੰਨਿ, ਮੰਨ ਕੇ। ਰਜਾਇ = ਰਜ਼ਾ, ਭਾਣਾ, ਹੁਕਮ।7। ਅਰਥ: ਹੇ ਭਾਈ! (ਜਿਹੜਾ ਕੰਮ ਪਰਮਾਤਮਾ) ਕਰਦਾ ਹੈ, ਉਸ (ਕੰਮ) ਨੂੰ ਚੰਗਾ ਸਮਝ, (ਅਤੇ ਆਪਣੇ ਅੰਦਰੋਂ) ਹੋਰ ਹੋਰ ਚਿੰਤਾ-ਫ਼ਿਕਰ ਦੂਰ ਕਰ। ਹੇ ਪ੍ਰਭੂ! ਤੂੰ ਆਪਣੀ ਮਿਹਰ ਦੀ ਨਿਗਾਹ ਨਾਲ ਤੱਕ, ਆਪ ਹੀ (ਆਪਣੇ ਸੇਵਕ ਨੂੰ ਆਪਣੇ ਚਰਨਾਂ ਵਿਚ) ਜੋੜੀ ਰੱਖ। (ਆਪਣੇ) ਸੇਵਕ ਨੂੰ (ਉਹ) ਅਕਲ ਦੇਹ (ਉਹ) ਸਿੱਖਿਆ ਦੇਹ (ਜਿਸ ਦੀ ਰਾਹੀਂ ਇਸ ਦੇ) ਅੰਦਰੋਂ ਭਟਕਣਾ ਦੂਰ ਹੋ ਜਾਏ। ਹੇ ਭਾਈ! (ਜੀਵਾਂ ਦੇ ਕੀਤੇ ਕਰਮਾਂ ਅਨੁਸਾਰ) ਧੁਰ ਦਰਗਾਹ ਤੋਂ ਜਿਹੜਾ ਲੇਖ (ਇਹਨਾਂ ਦੇ ਮੱਥੇ ਉੱਥੇ) ਲਿਖਿਆ ਜਾਂਦਾ ਹੈ, ਸਾਰੀ ਲੁਕਾਈ (ਉਸ ਲੇਖ ਅਨੁਸਾਰ ਹੀ ਹਰੇਕ) ਕਾਰ ਕਰਦੀ ਹੈ (ਕਿਉਂਕਿ) ਹਰੇਕ ਕਾਰ ਉਸ (ਪਰਮਾਤਮਾ) ਦੇ ਵੱਸ ਵਿਚ ਹੈ; (ਉਸ ਤੋਂ ਬਿਨਾ ਜੀਵਾਂ ਵਾਸਤੇ) ਕੋਈ ਹੋਰ ਥਾਂ (ਆਸਰਾ) ਨਹੀਂ ਹੈ। ਹੇ ਨਾਨਕ! ਪਰਮਾਤਮਾ ਦੀ ਰਜ਼ਾ ਨੂੰ ਮੰਨ ਕੇ (ਜੀਵ ਦੇ ਅੰਦਰ ਆਤਮਕ) ਸੁਖ ਆਨੰਦ ਬਣੇ ਰਹਿੰਦੇ ਹਨ।7। ਗੁਰੁ ਪੂਰਾ ਜਿਨ ਸਿਮਰਿਆ ਸੇਈ ਭਏ ਨਿਹਾਲ ॥ ਨਾਨਕ ਨਾਮੁ ਅਰਾਧਣਾ ਕਾਰਜੁ ਆਵੈ ਰਾਸਿ ॥੮॥ ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਇ ॥ ਨਾਨਕ ਜਿਉ ਮਥਨਿ ਮਾਧਾਣੀਆ ਤਿਉ ਮਥੇ ਧ੍ਰਮ ਰਾਇ ॥੯॥ ਨਾਮੁ ਧਿਆਇਨਿ ਸਾਜਨਾ ਜਨਮ ਪਦਾਰਥੁ ਜੀਤਿ ॥ ਨਾਨਕ ਧਰਮ ਐਸੇ ਚਵਹਿ ਕੀਤੋ ਭਵਨੁ ਪੁਨੀਤ ॥੧੦॥ {ਪੰਨਾ 1425} ਪਦ ਅਰਥ: ਜਿਨਿ = ਜਿਸ (ਜਿਸ) ਨੇ। ਸੇਈ = ਉਹ (ਸਾਰੇ) ਹੀ। ਨਿਹਾਲ = ਪ੍ਰਸੰਨ-ਚਿੱਤ। ਕਾਰਜੁ = (ਹਰੇਕ) ਕੰਮ। ਆਵੈ ਰਾਸਿ = ਸਿਰੇ ਚੜ੍ਹ ਜਾਂਦਾ ਹੈ, ਸਫਲ ਹੋ ਜਾਂਦਾ ਹੈ।8। ਕਰਦੇ ਹਾਇ ਹਾਇ = ਦੁਖੀ ਹੁੰਦੇ ਰਹਿੰਦੇ ਹਨ। ਮਥਨਿ = ਮਥਦੀਆਂ ਹਨ, ਰਿੜਕਦੀਆਂ ਹਨ। ਧ੍ਰਮਰਾਇ = ਧਰਮਰਾਜ।9। ਧਿਆਇਨਿ = (ਬਹੁ-ਵਚਨ) ਧਿਆਉਂਦੇ ਹਨ। ਪਦਾਰਥੁ = ਕੀਮਤੀ ਚੀਜ਼। ਜੀਤਿ = ਜਿੱਤ ਕੇ। ਚਵਹਿ = ਬੋਲਦੇ ਹਨ। ਐਸੇ = ਇਉਂ, ਇਸ ਤਰ੍ਹਾਂ। ਭਵਨੁ = ਜਗਤ, ਸੰਸਾਰ। ਪਨੀਤ = ਪਵਿੱਤਰ।10। ਅਰਥ: ਹੇ ਭਾਈ! ਜਿਸ ਜਿਸ ਮਨੁੱਖ ਨੇ ਪੂਰੇ ਗੁਰੂ ਨੂੰ (ਗੁਰੂ ਦੇ ਉਪਦੇਸ਼ ਨੂੰ) ਚੇਤੇ ਰੱਖਿਆ, ਉਹ ਸਾਰੇ ਪ੍ਰਸੰਨ-ਚਿੱਤ ਹੋ ਗਏ। ਹੇ ਨਾਨਕ! (ਗੁਰੂ ਦਾ ਉਪਦੇਸ਼ ਇਹ ਹੈ ਕਿ ਪਰਮਾਤਮਾ ਦਾ) ਨਾਮ ਸਿਮਰਨਾ ਚਾਹੀਦਾ ਹੈ (ਸਿਮਰਨ ਦੀ ਬਰਕਤਿ ਨਾਲ) ਜੀਵਨ-ਮਨੋਰਥ ਸਫਲ ਹੋ ਜਾਂਦਾ ਹੈ।8। ਹੇ ਭਾਈ! ਵਿਕਾਰੀ ਮਨੁੱਖ (ਵਿਕਾਰਾਂ ਦੇ) ਕੰਮ ਕਰਦੇ ਰਹਿੰਦੇ ਹਨ। ਹੇ ਨਾਨਕ! (ਵਿਕਾਰੀਆਂ ਨੂੰ) ਧਰਮਰਾਜ (ਹਰ ਵੇਲੇ) ਇਉਂ ਦੁਖੀ ਕਰਦਾ ਰਹਿੰਦਾ ਹੈ ਜਿਵੇਂ ਮਧਾਣੀਆਂ (ਦੁੱਧ) ਰਿੜਕਦੀਆਂ ਹਨ।9। ਹੇ ਭਾਈ! ਜਿਹੜੇ ਭਲੇ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ, ਉਹ ਇਸ ਕੀਮਤੀ ਮਨੁੱਖਾ ਜੀਵਨ ਦੀ ਬਾਜ਼ੀ ਜਿੱਤ ਕੇ (ਜਾਂਦੇ ਹਨ) । ਹੇ ਨਾਨਕ! ਜਿਹੜੇ ਮਨੁੱਖ (ਮਨੁੱਖਾ ਜੀਵਨ ਦਾ) ਮਨੋਰਥ (ਹਰਿ-ਨਾਮ) ਉਚਾਰਦੇ ਰਹਿੰਦੇ ਹਨ, ਉਹ ਜਗਤ ਨੂੰ ਭੀ ਪਵਿੱਤਰ ਕਰ ਦੇਂਦੇ ਹਨ।10। ਖੁਭੜੀ ਕੁਥਾਇ ਮਿਠੀ ਗਲਣਿ ਕੁਮੰਤ੍ਰੀਆ ॥ ਨਾਨਕ ਸੇਈ ਉਬਰੇ ਜਿਨਾ ਭਾਗੁ ਮਥਾਹਿ ॥੧੧॥ ਸੁਤੜੇ ਸੁਖੀ ਸਵੰਨ੍ਹ੍ਹਿ ਜੋ ਰਤੇ ਸਹ ਆਪਣੈ ॥ ਪ੍ਰੇਮ ਵਿਛੋਹਾ ਧਣੀ ਸਉ ਅਠੇ ਪਹਰ ਲਵੰਨ੍ਹ੍ਹਿ ॥੧੨॥ ਸੁਤੜੇ ਅਸੰਖ ਮਾਇਆ ਝੂਠੀ ਕਾਰਣੇ ॥ ਨਾਨਕ ਸੇ ਜਾਗੰਨ੍ਹ੍ਹਿ ਜਿ ਰਸਨਾ ਨਾਮੁ ਉਚਾਰਣੇ ॥੧੩॥ ਮ੍ਰਿਗ ਤਿਸਨਾ ਪੇਖਿ ਭੁਲਣੇ ਵੁਠੇ ਨਗਰ ਗੰਧ੍ਰਬ ॥ ਜਿਨੀ ਸਚੁ ਅਰਾਧਿਆ ਨਾਨਕ ਮਨਿ ਤਨਿ ਫਬ ॥੧੪॥ {ਪੰਨਾ 1425} ਪਦ ਅਰਥ: ਖੁਭੜੀ = ਭੈੜੀ ਤਰ੍ਹਾਂ ਖੁੱਭੀ ਰਹਿੰਦੀ ਹੈ। ਕੁਥਾਇ = ਕੋਝੇ ਥਾਂ ਵਿਚ। ਗਲਣਿ = ਜਿੱਲ੍ਹਣ। ਮੰਤ੍ਰ = ਉਪਦੇਸ਼, ਸਿੱਖਿਆ। ਕੁਮੰਤ੍ਰ = ਭੈੜੀ ਸਿੱਖਿਆ। ਕੁਮੰਤ੍ਰੀਆ = ਭੈੜੀ ਮਤਿ ਲੈਣ ਵਾਲੀ। ਸੇਈ = ਉਹ ਬੰਦੇ ਹੀ। ਉਬਰੇ = ਬਚਦੇ ਹਨ। ਜਿਨਾ ਮਥਾਹਿ = ਜਿਨ੍ਹਾਂ ਦੇ ਮੱਥੇ ਉੱਤੇ।11। ਸੁਤੜੇ = ਪ੍ਰੇਮ-ਲਗਨ ਵਿਚ ਮਸਤ ਰਹਿਣ ਵਾਲੇ। ਸਵੰਨ੍ਹ੍ਹਿ = ਸੌਂਦੇ ਹਨ, ਜੀਵਨ ਬਿਤੀਤ ਕਰਦੇ ਹਨ। ਸਹੁ = ਸ਼ਹੁ, ਖਸਮ। ਸਹ ਆਪਣੈ = ਸ਼ਹੁ ਦੇ (ਪ੍ਰੇਮ-ਰੰਗ) ਵਿਚ। ਰਤੇ = ਰੰਗੇ ਹੋਏ। ਵਿਛੋਹਾ = ਵਿਛੋੜਾ। ਧਣੀ = ਮਾਲਕ-ਪ੍ਰਭੂ। ਸਉ = ਸਿਉਂ, ਨਾਲੋਂ। ਲਵੰਨ੍ਹ੍ਹਿ = ਲੌਂ ਲੌਂ ਕਰਦੇ ਰਹਿੰਦੇ ਹਨ।12। ਅਸੰਖ = ਅਣਗਿਣਤ। ਕਾਰਣੇ = ਦੀ ਖ਼ਾਤਰ। ਸੇ = ਉਹ (ਬਹੁ-ਵਚਨ) । ਜਿ = ਜਿਹੜੇ।13। ਮ੍ਰਿਗ ਤਿਸਨਾ = ਠਗ-ਨੀਰਾ। ਪੇਖਿ = ਵੇਖ ਕੇ। ਵੁਠੇ = ਜਦੋਂ ਆ ਵੱਸੇ, ਜਦੋਂ ਦਿੱਸ ਪਏ। ਨਗਰ ਗੰਧ੍ਰਬ = ਗੰਧਰਬ ਨਗਰ, ਹਰਿਚੰਦ ਦੀ ਨਗਰੀ, ਹਵਾਈ ਕਿਲ੍ਹਾ। ਸਚੁ = ਸਦਾ ਕਾਇਮ ਰਹਿਣ ਵਾਲਾ ਹਰਿ-ਨਾਮ। ਮਨਿ = ਮਨ ਵਿਚ। ਤਨਿ = ਤਨ ਵਿਚ। ਛਬ = ਸੁੰਦਰਤਾ, ਸੁਹਣੱਪ।4। ਅਰਥ: ਹੇ ਭਾਈ! ਭੈੜੀ ਮਤਿ ਲੈਣ ਵਾਲੀ (ਜੀਵ-ਇਸਤ੍ਰੀ ਮਾਇਆ ਦੇ ਮੋਹ ਦੀ ਜਿਲ੍ਹਣ ਵਿਚ) ਕੋਝੇ ਥਾਂ ਵਿਚ ਬੁਰੇ ਹਾਲੇ ਖੁੱਭੀ ਰਹਿੰਦੀ ਹੈ, (ਪਰ ਇਹ) ਜਿਲ੍ਹਣ (ਉਸ ਨੂੰ) ਮਿੱਠੀ (ਭੀ ਲੱਗਦੀ ਹੈ) । ਹੇ ਨਾਨਕ! ਉਹ ਮਨੁੱਖ ਹੀ (ਮਾਇਆ ਦੇ ਮੋਹ ਦੀ ਇਸ ਜਿਲ੍ਹਣ ਵਿਚੋਂ) ਬਚ ਨਿਕਲਦੇ ਹਨ, ਜਿਨ੍ਹਾਂ ਦੇ ਮੱਥੇ ਉਤੇ ਭਾਗ (ਜਾਗ ਪੈਂਦਾ ਹੈ) ।11। ਹੇ ਭਾਈ! ਜਿਹੜੇ ਮਨੁੱਖ ਆਪਣੇ ਖਸਮ-ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ, ਪ੍ਰੇਮ-ਲਗਨ ਵਿਚ ਮਸਤ ਰਹਿਣ ਵਾਲੇ ਉਹ ਮਨੁੱਖ ਆਨੰਦ ਨਾਲ ਜੀਵਨ ਬਿਤੀਤ ਕਰਦੇ ਹਨ। ਪਰ ਜਿਨ੍ਹਾਂ ਮਨੁੱਖਾਂ ਨੂੰ ਖਸਮ ਨਾਲੋਂ ਪ੍ਰੇਮ ਦਾ ਵਿਛੋੜਾ ਰਹਿੰਦਾ ਹੈ, ਉਹ (ਮਾਇਆ ਦੀ ਖ਼ਾਤਰ) ਅੱਠੇ ਪਹਰ (ਕਾਂ ਵਾਂਗ) ਲੌ ਲੌਂ ਕਰਦੇ ਰਹਿੰਦੇ ਹਨ।12। ਹੇ ਭਾਈ! ਨਾਸਵੰਤ ਮਾਇਆ ਦੀ ਖ਼ਾਤਰ ਅਣਗਿਣਤ ਜੀਵ (ਮੋਹ ਦੀ ਨੀਂਦ ਵਿਚ) ਸੁੱਤੇ ਰਹਿੰਦੇ ਹਨ। ਹੇ ਨਾਨਕ! (ਮੋਹ ਦੀ ਇਸ ਨੀਂਦ ਵਿਚੋਂ ਸਿਰਫ਼) ਉਹ ਬੰਦੇ ਜਾਗਦੇ ਰਹਿੰਦੇ ਹਨ, ਜਿਹੜੇ (ਆਪਣੀ) ਜੀਭ ਨਾਲ ਪਰਮਾਤਮਾ ਦਾ ਨਾਮ ਜਪਦੇ ਰਹਿੰਦੇ ਹਨ।13। ਹੇ ਭਾਈ! (ਜਿਵੇਂ) ਠਗਨੀਰੇ ਨੂੰ ਵੇਖ ਕੇ (ਹਰਨ ਭੁੱਲ ਜਾਂਦੇ ਹਨ ਤੇ ਜਾਨ ਗੰਵਾ ਲੈਂਦੇ ਹਨ, ਤਿਵੇਂ ਮਾਇਆ ਦੀ) ਬਣੀ ਗੰਧਰਬ-ਨਗਰੀ ਨੂੰ ਵੇਖ ਕੇ (ਜੀਵ) ਕੁਰਾਹੇ ਪਏ ਰਹਿੰਦੇ ਹਨ। ਹੇ ਨਾਨਕ! ਜਿਨ੍ਹਾਂ ਮਨੁੱਖਾਂ ਨੇ ਸਦਾ-ਥਿਰ ਹਰਿ-ਨਾਮ ਸਿਮਰਿਆ, ਉਹਨਾਂ ਦੇ ਮਨ ਵਿਚ ਉਹਨਾਂ ਦੇ ਤਨ ਵਿਚ (ਆਤਮਕ ਜੀਵਨ ਦੀ) ਸੁੰਦਰਤਾ ਪੈਦਾ ਹੋ ਗਈ।14। |
Sri Guru Granth Darpan, by Professor Sahib Singh |