ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1429 ਸਿਰੁ ਕੰਪਿਓ ਪਗ ਡਗਮਗੇ ਨੈਨ ਜੋਤਿ ਤੇ ਹੀਨ ॥ ਕਹੁ ਨਾਨਕ ਇਹ ਬਿਧਿ ਭਈ ਤਊ ਨ ਹਰਿ ਰਸਿ ਲੀਨ ॥੪੭॥ ਨਿਜ ਕਰਿ ਦੇਖਿਓ ਜਗਤੁ ਮੈ ਕੋ ਕਾਹੂ ਕੋ ਨਾਹਿ ॥ ਨਾਨਕ ਥਿਰੁ ਹਰਿ ਭਗਤਿ ਹੈ ਤਿਹ ਰਾਖੋ ਮਨ ਮਾਹਿ ॥੪੮॥ ਜਗ ਰਚਨਾ ਸਭ ਝੂਠ ਹੈ ਜਾਨਿ ਲੇਹੁ ਰੇ ਮੀਤ ॥ ਕਹਿ ਨਾਨਕ ਥਿਰੁ ਨਾ ਰਹੈ ਜਿਉ ਬਾਲੂ ਕੀ ਭੀਤਿ ॥੪੯॥ ਰਾਮੁ ਗਇਓ ਰਾਵਨੁ ਗਇਓ ਜਾ ਕਉ ਬਹੁ ਪਰਵਾਰੁ ॥ ਕਹੁ ਨਾਨਕ ਥਿਰੁ ਕਛੁ ਨਹੀ ਸੁਪਨੇ ਜਿਉ ਸੰਸਾਰੁ ॥੫੦॥ ਚਿੰਤਾ ਤਾ ਕੀ ਕੀਜੀਐ ਜੋ ਅਨਹੋਨੀ ਹੋਇ ॥ ਇਹੁ ਮਾਰਗੁ ਸੰਸਾਰ ਕੋ ਨਾਨਕ ਥਿਰੁ ਨਹੀ ਕੋਇ ॥੫੧॥ ਜੋ ਉਪਜਿਓ ਸੋ ਬਿਨਸਿ ਹੈ ਪਰੋ ਆਜੁ ਕੈ ਕਾਲਿ ॥ ਨਾਨਕ ਹਰਿ ਗੁਨ ਗਾਇ ਲੇ ਛਾਡਿ ਸਗਲ ਜੰਜਾਲ ॥੫੨॥ {ਪੰਨਾ 1429} ਪਦ ਅਰਥ: ਕੰਪਿਓ = ਕੰਬ ਰਿਹਾ ਹੈ। ਪਗ = ਪੈਰ। ਡਗਮਗੇ = ਥਿੜਕ ਰਹੇ ਹਨ। ਤੇ = ਤੋਂ। ਨੈਨ = ਅੱਖਾਂ। ਜੋਤਿ = ਰੌਸ਼ਨੀ। ਇਹ ਬਿਧਿ = ਇਹ ਹਾਲਤ। ਤਊ = ਫਿਰ ਭੀ। ਲੀਨ = ਮਗਨ। ਹਰਿ ਰਸ ਲੀਨ = ਹਰਿ-ਨਾਮ ਦੇ ਰਸ ਵਿਚ ਮਗਨ।47। ਨਿਜ ਕਰਿ = ਆਪਣਾ ਸਮਝ ਕੇ। ਕੋ = ਕੋਈ ਜੀਵ। ਕਾਹੂ ਕੋ = ਕਿਸੇ ਦਾ ਭੀ। ਥਿਰੁ = ਸਦਾ ਕਾਇਮ ਰਹਿਣ ਵਾਲੀ (स्थिर) ।47। ਝੂਠ = ਨਾਸਵੰਤ। ਕਹਿ = ਕਹੈ, ਆਖਦਾ ਹੈ। ਬਾਲੂ = ਰੇਤ। ਭੀਤਿ = ਕੰਧ।49। ਗਇਓ = ਚਲਾ ਗਿਆ, ਕੂਚ ਕਰ ਗਿਆ। ਜਾ ਕਉ = ਜਿਸ (ਰਾਵਨ) ਨੂੰ। ਬਹੁ ਪਰਵਾਰੁ = ਵੱਡੇ ਪਰਵਾਰ ਵਾਲਾ (ਕਿਹਾ ਜਾਂਦਾ ਹੈ) । ਸੁਪਨੇ ਜਿਉ = ਸੁਪਨੇ ਵਰਗਾ।50। ਤਾ ਕੀ = ਉਸ (ਗੱਲ) ਦੀ। ਕੀਜੀਐ = ਕਰਨੀ ਚਾਹੀਦੀ ਹੈ। ਅਨਹੋਨੀ = ਨਾਹ ਹੋਣ ਵਾਲੀ, ਅਸੰਭਵ। ਕੋ = ਦਾ। ਮਾਰਗੁ = ਰਸਤਾ। ਸੰਸਾਰ ਕੋ ਮਾਰਗੁ = ਸੰਸਾਰ ਦਾ ਰਸਤਾ।51। ਬਿਨਸਿ ਹੈ– ਨਾਸ ਹੋ ਜਾਇਗਾ। ਪਰੋ = ਨਾਸ ਹੋ ਜਾਣ ਵਾਲਾ। ਕੈ = ਜਾਂ। ਕਾਲਿ = ਭਲਕੇ। ਛਾਡਿ = ਛੱਡ ਕੇ। ਜੰਜਾਲ = ਮਾਇਆ ਦੇ ਮੋਹ ਦੀਆਂ ਫਾਹੀਆਂ।42। ਅਰਥ: ਹੇ ਨਾਨਕ! ਆਖ– (ਹੇ ਭਾਈ! ਬੁਢੇਪਾ ਆ ਜਾਣ ਤੇ ਮਨੁੱਖ ਦਾ) ਸਿਰ ਕੰਬਣ ਲੱਗ ਪੈਂਦਾ ਹੈ (ਤੁਰਦਿਆਂ) ਪੈਰ ਥਿੜਕਦੇ ਹਨ, ਅੱਖਾਂ ਦੀ ਜੋਤਿ ਮਾਰੀ ਜਾਂਦੀ ਹੈ (ਬੁਢੇਪੇ ਨਾਲ ਸਰੀਰ ਦੀ) ਇਹ ਹਾਲਤ ਹੋ ਜਾਂਦੀ ਹੈ, ਫਿਰ ਭੀ (ਮਾਇਆ ਦਾ ਮੋਹ ਇਤਨਾ ਪ੍ਰਬਲ ਹੁੰਦਾ ਹੈ ਕਿ ਮਨੁੱਖ) ਪਰਮਾਤਮਾ ਦੇ ਨਾਮ ਦੇ ਸੁਆਦ ਵਿਚ ਮਗਨ ਨਹੀਂ ਹੁੰਦਾ।47। ਹੇ ਨਾਨਕ! (ਆਖ– ਹੇ ਭਾਈ!) ਮੈਂ ਜਗਤ ਨੂੰ ਆਪਣਾ ਸਮਝ ਕੇ (ਹੀ ਹੁਣ ਤਕ) ਵੇਖਦਾ ਰਿਹਾ, (ਪਰ ਇਥੇ ਤਾਂ) ਕੋਈ ਕਿਸੇ ਦਾ ਭੀ (ਸਦਾ ਲਈ ਆਪਣਾ) ਨਹੀਂ ਹੈ। ਸਦਾ ਕਾਇਮ ਰਹਿਣ ਵਾਲੀ ਤਾਂ ਪਰਮਾਤਮਾ ਦੀ ਭਗਤੀ (ਹੀ) ਹੈ। ਹੇ ਭਾਈ! ਇਸ (ਭਗਤੀ) ਨੂੰ (ਆਪਣੇ) ਮਨ ਵਿਚ ਪ੍ਰੋ ਰੱਖ।48। ਨਾਨਕ ਆਖਦਾ ਹੈ– ਹੇ ਮਿੱਤਰ! ਇਹ ਗੱਲ ਸੱਚੀ ਜਾਣ ਕਿ ਜਗਤ ਦੀ ਸਾਰੀ ਹੀ ਰਚਨਾ ਨਾਸਵੰਤ ਹੈ। ਰੇਤ ਦੀ ਕੰਧ ਵਾਂਗ (ਜਗਤ ਵਿਚ) ਕੋਈ ਭੀ ਚੀਜ਼ ਸਦਾ ਕਾਇਮ ਰਹਿਣ ਵਾਲੀ ਨਹੀਂ ਹੈ।49। ਹੇ ਨਾਨਕ! ਆਖ– (ਹੇ ਭਾਈ! ਸ੍ਰੀ) ਰਾਮ (-ਚੰਦ੍ਰ) ਕੂਚ ਕਰ ਗਿਆ, ਰਾਵਨ ਭੀ ਚੱਲ ਵੱਸਿਆ ਜਿਸ ਨੂੰ ਵੱਡੇ ਪਰਵਾਰ ਵਾਲਾ ਕਿਹਾ ਜਾਂਦਾ ਹੈ। (ਇਥੇ) ਕੋਈ ਭੀ ਸਦਾ ਕਾਇਮ ਰਹਿਣ ਵਾਲਾ ਪਦਾਰਥ ਨਹੀਂ ਹੈ। (ਇਹ) ਜਗਤ ਸੁਪਨੇ ਵਰਗਾ (ਹੀ) ਹੈ।50। ਹੇ ਨਾਨਕ! (ਆਖ– ਹੇ ਭਾਈ! ਮੌਤ ਆਦਿਕ ਤਾਂ) ਉਸ (ਘਟਨਾ) ਦੀ ਚਿੰਤਾ ਕਰਨੀ ਚਾਹੀਦੀ ਹੈ ਜਿਹੜੀ ਕਦੇ ਵਾਪਰਨ ਵਾਲੀ ਨਾਹ ਹੋਵੇ। ਜਗਤ ਦੀ ਤਾਂ ਚਾਲ ਹੀ ਇਹ ਹੈ ਕਿ (ਇਥੇ) ਕੋਈ ਜੀਵ (ਭੀ) ਸਦਾ ਕਾਇਮ ਰਹਿਣ ਵਾਲਾ ਨਹੀਂ ਹੈ।51। ਹੇ ਨਾਨਕ! (ਆਖ– ਹੇ ਭਾਈ! ਜਗਤ ਵਿਚ ਤਾਂ) ਜਿਹੜਾ ਭੀ ਜੰਮਿਆ ਹੈ ਉਹ (ਜ਼ਰੂਰ) ਨਾਸ ਹੋ ਜਾਇਗਾ (ਹਰ ਕੋਈ ਇਥੋਂ) ਅੱਜ ਜਾਂ ਭਲਕੇ ਕੂਚ ਕਰ ਜਾਣ ਵਾਲਾ ਹੈ। (ਇਸ ਵਾਸਤੇ ਮਾਇਆ ਦੇ ਮੋਹ ਦੀਆਂ) ਸਾਰੀਆਂ ਫਾਹੀਆਂ ਲਾਹ ਕੇ ਪਰਮਾਤਮਾ ਦੇ ਗੁਣ ਗਾਇਆ ਕਰ।52। ਦੋਹਰਾ ॥ ਬਲੁ ਛੁਟਕਿਓ ਬੰਧਨ ਪਰੇ ਕਛੂ ਨ ਹੋਤ ਉਪਾਇ ॥ ਕਹੁ ਨਾਨਕ ਅਬ ਓਟ ਹਰਿ ਗਜ ਜਿਉ ਹੋਹੁ ਸਹਾਇ ॥੫੩॥ ਬਲੁ ਹੋਆ ਬੰਧਨ ਛੁਟੇ ਸਭੁ ਕਿਛੁ ਹੋਤ ਉਪਾਇ ॥ ਨਾਨਕ ਸਭੁ ਕਿਛੁ ਤੁਮਰੈ ਹਾਥ ਮੈ ਤੁਮ ਹੀ ਹੋਤ ਸਹਾਇ ॥੫੪॥ ਸੰਗ ਸਖਾ ਸਭਿ ਤਜਿ ਗਏ ਕੋਊ ਨ ਨਿਬਹਿਓ ਸਾਥਿ ॥ ਕਹੁ ਨਾਨਕ ਇਹ ਬਿਪਤਿ ਮੈ ਟੇਕ ਏਕ ਰਘੁਨਾਥ ॥੫੫॥ ਨਾਮੁ ਰਹਿਓ ਸਾਧੂ ਰਹਿਓ ਰਹਿਓ ਗੁਰੁ ਗੋਬਿੰਦੁ ॥ ਕਹੁ ਨਾਨਕ ਇਹ ਜਗਤ ਮੈ ਕਿਨ ਜਪਿਓ ਗੁਰ ਮੰਤੁ ॥੫੬॥ ਰਾਮ ਨਾਮੁ ਉਰ ਮੈ ਗਹਿਓ ਜਾ ਕੈ ਸਮ ਨਹੀ ਕੋਇ ॥ ਜਿਹ ਸਿਮਰਤ ਸੰਕਟ ਮਿਟੈ ਦਰਸੁ ਤੁਹਾਰੋ ਹੋਇ ॥੫੭॥੧॥ {ਪੰਨਾ 1429} ਪਦ ਅਰਥ: ਬਲੁ = (ਆਤਮਕ) ਤਾਕਤ। ਬੰਧਨ = (ਮਾਇਆ ਦੇ ਮੋਹ ਦੀਆਂ) ਫਾਹੀਆਂ। ਪਰੇ = ਪੈ ਗਏ, ਪੈ ਜਾਂਦੇ ਹਨ। ਉਪਾਇ = ਹੀਲਾ। ਅਬ = ਹੁਣ, ਉਸ ਵੇਲੇ। ਓਟ = ਆਸਰਾ। ਹਰਿ = ਹੇ ਹਰੀ! ਸਹਾਇ = ਸਹਾਈ, ਮਦਦਗਾਰ।53। ਛੁਟੇ = ਟੁੱਟ ਜਾਂਦੇ ਹਨ। ਸਭੁ ਕਿਛੁ ਉਪਾਇ = ਹਰੇਕ ਉੱਦਮ। ਹੋਤ = ਹੋ ਸਕਦਾ ਹੈ। ਸਭੁ ਕਿਛੁ = ਹਰੇਕ ਚੀਜ਼।54। ਸੰਗ = ਸੰਗੀ। ਸਭਿ = ਸਾਰੇ। ਤਜਿ ਗਏ = ਛੱਡ ਗਏ, ਛੱਡ ਜਾਂਦੇ ਹਨ। ਸਾਥਿ = ਨਾਲ। ਇਹ ਬਿਪਤਿ ਮੈ = ਇਸ ਮੁਸੀਬਤ ਵਿਚ, ਇਸ ਇਕੱਲਾ-ਪਨ ਵਿਚ। ਰਘੁਨਾਥ ਟੇਕ = ਪਰਮਾਤਮਾ ਦਾ ਆਸਰਾ।55। ਰਹਿਓ = ਰਹਿੰਦਾ ਹੈ, ਸਾਥੀ ਬਣਿਆ ਰਹਿੰਦਾ ਹੈ। ਸਾਧੂ = ਗੁਰੂ। ਗੁਰੁ ਗੋਬਿੰਦ = ਅਕਾਲ ਪੁਰਖ। ਕਿਨ = ਜਿਸ ਕਿਸੇ ਨੇ। ਗੁਰਮੰਤੁ = (ਹਰਿ-ਨਾਮ ਸਿਮਰਨ ਵਾਲਾ) ਗੁਰ-ਉਪਦੇਸ਼।56। ਉਰ = ਹਿਰਦਾ। ਉਰ ਮਹਿ = ਹਿਰਦੇ ਵਿਚ। ਗਹਿਓ = ਫੜ ਲਿਆ, ਪੱਕੀ ਤਰ੍ਹਾਂ ਵਸਾ ਲਿਆ। ਜਾ ਕੈ ਸਮ = ਜਿਸ (ਹਰਿ-ਨਾਮ) ਦੇ ਬਰਾਬਰ। ਜਿਹ ਸਿਮਰਤ = ਜਿਸ ਹਰਿ-ਨਾਮ ਨੂੰ ਸਿਮਰਦਿਆਂ। ਸੰਕਟ = ਦੁੱਖ-ਕਲੇਸ਼।57। ਅਰਥ: ਹੇ ਭਾਈ! (ਪ੍ਰਭੂ ਦੇ ਨਾਮ ਤੋਂ ਵਿੱਛੁੜ ਕੇ ਜਦੋਂ ਮਾਇਆ ਦੇ ਮੋਹ ਦੀਆਂ) ਫਾਹੀਆਂ (ਮਨੁੱਖ ਨੂੰ) ਆ ਪੈਂਦੀਆਂ ਹਨ (ਉਹਨਾਂ ਫਾਹੀਆਂ ਨੂੰ ਕੱਟਣ ਲਈ ਮਨੁੱਖ ਦੇ ਅੰਦਰੋਂ ਆਤਮਕ) ਤਾਕਤ ਮੁੱਕ ਜਾਂਦੀ ਹੈ (ਮਾਇਆ ਦਾ ਟਾਕਰਾ ਕਰਨ ਲਈ ਮਨੁੱਖ ਪਾਸੋਂ) ਕੋਈ ਭੀ ਹੀਲਾ ਨਹੀਂ ਕੀਤਾ ਜਾ ਸਕਦਾ। ਹੇ ਨਾਨਕ! ਆਖ– ਹੇ ਹਰੀ! ਇਹੋ ਜਿਹੇ ਵੇਲੇ (ਹੁਣ) ਤੇਰਾ ਹੀ ਆਸਰਾ ਹੈ। ਜਿਵੇਂ ਤੂੰ (ਤੇਂਦੂਏ ਤੋਂ ਛੁਡਾਣ ਲਈ) ਹਾਥੀ ਦਾ ਸਹਾਈ ਬਣਿਆ, ਤਿਵੇਂ ਸਹਾਈ ਬਣ। (ਭਾਵ, ਮਾਇਆ ਦੇ ਮੋਹ ਦੇ ਬੰਧਨਾਂ ਤੋਂ ਖ਼ਲਾਸੀ ਹਾਸਲ ਕਰਨ ਲਈ ਪਰਮਾਤਮਾ ਦੇ ਦਰ ਤੇ ਅਰਦਾਸ ਹੀ ਇਕੋ ਇਕ ਵਸੀਲਾ ਹੈ) ।53। ਹੇ ਭਾਈ! (ਜਦੋਂ ਮਨੁੱਖ ਪ੍ਰਭੂ ਦੇ ਦਰ ਤੇ ਡਿੱਗਦਾ ਹੈ, ਤਾਂ ਮਾਇਆ ਦਾ ਟਾਕਰਾ ਕਰਨ ਲਈ ਉਸ ਦੇ ਅੰਦਰ ਆਤਮਕ) ਬਲ ਪੈਦਾ ਹੋ ਜਾਂਦਾ ਹੈ (ਮਾਇਆ ਦੇ ਮੋਹ ਦੇ) ਬੰਧਨ ਟੁੱਟ ਜਾਂਦੇ ਹਨ (ਮੋਹ ਦਾ ਟਾਕਰਾ ਕਰਨ ਲਈ) ਹਰੇਕ ਹੀਲਾ ਸਫਲ ਹੋ ਸਕਦਾ ਹੈ। ਸੋ, ਹੇ ਨਾਨਕ! (ਆਖ– ਹੇ ਪ੍ਰਭੂ!) ਸਭ ਕੁਝ ਤੇਰੇ ਹੱਥ ਵਿਚ ਹੈ (ਤੇਰੀ ਪੈਦਾ ਕੀਤੀ ਮਾਇਆ ਭੀ ਤੇਰੇ ਹੀ ਅਧੀਨ ਹੈ, ਇਸ ਤੋਂ ਬਚਣ ਲਈ) ਤੂੰ ਹੀ ਮਦਦਗਾਰ ਹੋ ਸਕਦਾ ਹੈਂ।54। ਹੇ ਨਾਨਕ! ਆਖ– (ਜਦੋਂ ਅੰਤ ਵੇਲੇ) ਸਾਰੇ ਸਾਥੀ ਸੰਗੀ ਛੱਡ ਜਾਂਦੇ ਹਨ, ਜਦੋਂ ਕੋਈ ਭੀ ਸਾਥ ਨਹੀਂ ਨਿਬਾਹ ਸਕਦਾ, ਉਸ (ਇਕੱਲੇ-ਪਨ ਦੀ) ਮੁਸੀਬਤ ਵੇਲੇ ਭੀ ਸਿਰਫ਼ ਪਰਮਾਤਮਾ ਦਾ ਹੀ ਸਹਾਰਾ ਹੁੰਦਾ ਹੈ (ਸੋ, ਹੇ ਭਾਈ! ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰੋ) ।55। ਹੇ ਨਾਨਕ! ਆਖ– ਹੇ ਭਾਈ! ਇਸ ਦੁਨੀਆ ਵਿਚ ਜਿਸ ਕਿਸੇ (ਮਨੁੱਖ) ਨੇ (ਹਰਿ ਨਾਮ ਸਿਮਰਨ ਵਾਲਾ) ਗੁਰੂ ਦਾ ਉਪਦੇਸ਼ ਆਪਣੇ ਅੰਦਰ ਸਦਾ ਵਸਾਇਆ ਹੈ (ਤੇ ਨਾਮ ਜਪਿਆ ਹੈ, ਅੰਤ ਵੇਲੇ ਭੀ ਪਰਮਾਤਮਾ ਦਾ) ਨਾਮ (ਉਸ ਦੇ ਨਾਲ (ਰਹਿੰਦਾ ਹੈ, (ਬਾਣੀ ਦੇ ਰੂਪ ਵਿਚ) ਗੁਰੂ ਉਸ ਦੇ ਨਾਲ ਰਹਿੰਦਾ ਹੈ, ਅਕਾਲ ਪੁਰਖ ਉਸ ਦੇ ਨਾਲ ਹੈ।56। ਹੇ ਪ੍ਰਭੂ! ਜਿਸ ਮਨੁੱਖ ਨੇ ਤੇਰਾ ਉਹ ਨਾਮ ਆਪਣੇ ਹਿਰਦੇ ਵਿਚ ਵਸਾਇਆ ਹੈ ਜਿਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਅਤੇ ਜਿਸ ਨੂੰ ਸਿਮਰਿਆਂ ਹਰੇਕ ਦੁੱਖ-ਕਲੇਸ਼ ਦੂਰ ਹੋ ਜਾਂਦਾ ਹੈ, ਉਸ ਮਨੁੱਖ ਨੂੰ ਤੇਰਾ ਦਰਸ਼ਨ ਭੀ ਹੋ ਜਾਂਦਾ ਹੈ।57।1। ਮੁੰਦਾਵਣੀ ਮਹਲਾ ੫ ॥ ਥਾਲ ਵਿਚਿ ਤਿੰਨਿ ਵਸਤੂ ਪਈਓ ਸਤੁ ਸੰਤੋਖੁ ਵੀਚਾਰੋ ॥ ਅੰਮ੍ਰਿਤ ਨਾਮੁ ਠਾਕੁਰ ਕਾ ਪਇਓ ਜਿਸ ਕਾ ਸਭਸੁ ਅਧਾਰੋ ॥ ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਇ ਉਧਾਰੋ ॥ ਏਹ ਵਸਤੁ ਤਜੀ ਨਹ ਜਾਈ ਨਿਤ ਨਿਤ ਰਖੁ ਉਰਿ ਧਾਰੋ ॥ ਤਮ ਸੰਸਾਰੁ ਚਰਨ ਲਗਿ ਤਰੀਐ ਸਭੁ ਨਾਨਕ ਬ੍ਰਹਮ ਪਸਾਰੋ ॥੧॥ {ਪੰਨਾ 1429} ਨੋਟ: ਸਿਰ ਲੇਖ 'ਮੁੰਦਾਵਣੀ' ਦਾ ਅਰਥ ਸਮਝਣ ਲਈ 'ਸੋਰਠਿ ਕੀ ਵਾਰ' ਦੀ ਅਠਵੀਂ ਪਉੜੀ ਦਾ ਪਹਿਲਾ ਸਲੋਕ ਸਾਹਮਣੇ ਰੱਖਣਾ ਜ਼ਰੂਰੀ ਹੈ: ਸਲੋਕੁ ਮ: 3॥ ਥਾਲੈ ਵਿਚਿ ਤੈ ਵਸਤੂ ਪਈਓ, ਹਰਿ ਭੋਜਨੁ ਅੰਮ੍ਰਿਤੁ ਸਾਰੁ ॥ ਜਿਤੁ ਖਾਧੈ ਮਨੁ ਤ੍ਰਿਪਤੀਐ, ਪਾਈਐ ਮੋਖ ਦੁਆਰੁ ॥ ਇਹੁ ਭੋਜਨ ਅਲਭੁ ਹੈ ਸੰਤਹੁ, ਲਭੈ ਗੁਰ ਵੀਚਾਰਿ ॥ ਏਹ ਮੁਦਾਵਣੀ ਕਿਉ ਵਿਚਹੁ ਕਢੀਐ, ਸਦਾ ਰਖੀਐ ਉਰਿਧਾਰਿ ॥ ਏਹ ਮੁਦਾਵਣੀ ਸਤਿਗੁਰੂ ਪਾਈ, ਗੁਰਸਿਖਾ ਲਧੀ ਭਾਲਿ ॥ ਨਾਨਕ ਜਿਸੁ ਬੁਝਾਏ ਸੁ ਬੁਝਸੀ, ਹਰਿ ਪਾਇਆ ਗੁਰਮੁਖਿ ਘਾਲਿ ॥1॥8॥ (ਸੋਰਠਿ ਕੀ ਵਾਰ ਮ: 4, ਪੰਨਾ 645 ਇਸ ਸਲੋਕ ਮ: 3 ਨੂੰ 'ਮੁੰਦਾਵਣੀ ਮ: 5' ਨਾਲ ਮਿਲਾ ਕੇ ਵੇਖੋ। ਦੋਹਾਂ ਦਾ ਮਜ਼ਮੂਨ ਇੱਕੋ ਹੀ ਹੈ। ਕਈ ਲਫ਼ਜ਼ ਸਾਂਝੇ ਹਨ। ਗੁਰੂ ਅਮਰਦਾਸ ਜੀ ਦੇ ਵਾਕ ਦਾ ਸਿਰਲੇਖ ਹੈ 'ਸਲੋਕੁ'। ਗੁਰੂ ਅਰਜਨ ਸਾਹਿਬ ਦੇ ਵਾਕ ਦਾ ਸਿਰਲੇਖ ਹੈ 'ਮੁੰਦਾਵਣੀ'। ਪਰ ਇਹ ਲਫ਼ਜ਼ ਗੁਰੂ ਅਮਰਦਾਸ ਜੀ ਨੇ 'ਸਲੋਕ' ਦੇ ਵਿਚ ਵਰਤ ਦਿੱਤਾ ਹੈ, ਭਾਵੇਂ ਰਤਾ ਕੁ ਫ਼ਰਕ ਹੈ; ਟਿੱਪੀ ਦਾ ਫ਼ਰਕ। ਖ਼ਿਆਲ, ਮਜ਼ਮੂਨ, ਲਫ਼ਜ਼ਾਂ ਦੀ ਸਾਂਝ ਦੇ ਆਧਾਰ ਤੇ ਨਿਰ-ਸੰਦੇਹ ਇਹ ਕਿਹਾ ਜਾ ਸਕਦਾ ਹੈ ਕਿ ਲਫ਼ਜ਼ 'ਮੁਦਾਵਣੀ' ਅਤੇ 'ਮੁੰਦਾਵਣੀ' ਇੱਕੋ ਹੀ ਹੈ। ਦੋਹਾਂ ਵਾਕਾਂ ਵਿਚ ਇਹ ਲਫ਼ਜ਼ 'ਇਸਤ੍ਰੀ ਲਿੰਗ' ਵਿਚ ਵਰਤਿਆ ਗਿਆ ਹੈ। ਗੁਰੂ ਅਰਜਨ ਸਾਹਿਬ ਇਸ 'ਮੁੰਦਾਵਣੀ' ਬਾਰੇ ਆਖਦੇ ਹਨ ਕਿ 'ਏਹ ਵਸਤੁ ਤਜੀ ਨਹ ਜਾਈ', ਇਸ ਨੂੰ 'ਨਿਤ ਨਿਤ ਰਖੁ ਉਰਿ ਧਾਰੋ'। ਇਹੀ ਗੱਲ ਗੁਰੂ ਅਮਰਦਾਸ ਜੀ ਨੇ ਇਉਂ ਆਖੀ ਹੈ ਕਿ 'ਏਹ ਮੁਦਾਵਣੀ ਕਿਉ ਵਿਚਹੁ ਕਢੀਐ? ਸਦਾ ਰਖੀਐ ਉਰਿਧਾਰਿ'। ਲਫ਼ਜ਼ 'ਮੁਦਾਵਣੀ' 'ਮੁੰਦਾਵਣੀ' ਦਾ ਅਰਥ: (मेद् = to please, ਪ੍ਰਸ਼ਨ ਕਰਨਾ मोदयति = pleases) । ਮੁਦਾਵਣੀ, ਜਾਂ, ਮੁੰਦਾਵਣੀ = ਆਤਮਕ ਪ੍ਰਸੰਨਤਾ ਦੇਣ ਵਾਲੀ ਵਸਤੂ। ਪਦ ਅਰਥ: ਥਾਲ ਵਿਚਿ = (ਉਸ ਹਿਰਦੇ-) ਥਾਲ ਵਿਚ। ਤਿੰਨਿ ਵਸਤੂ = ਤਿੰਨ ਚੀਜ਼ਾਂ (ਸਤੁ, ਸੰਤੋਖੁ ਅਤੇ ਵੀਚਾਰ) । ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਜਿਸ ਕਾ = (ਸੰਬੰਧਕ 'ਕਾ' ਦੇ ਕਾਰਨ ਲਫ਼ਜ਼ 'ਜਿਸੁ' ਦਾ ੁ ਉੱਡ ਗਿਆ ਹੈ) ਜਿਸ (ਨਾਮ) ਦਾ। ਸਭਸੁ = ਹਰੇਕ ਜੀਵ ਨੂੰ। ਅਧਾਰੋ = ਆਸਰਾ। ਕੋ = ਕੋਈ (ਮਨੁੱਖ) । ਭੁੰਚੈ = ਭੁੰਚਦਾ ਹੈ, ਖਾਂਦਾ ਹੈ, ਮਾਣਦਾ ਹੈ। ਤਿਸ ਕਾ = (ਸੰਬੰਧਕ 'ਕਾ' ਦੇ ਕਾਰਨ ਲਫ਼ਜ਼ 'ਤਿਸੁ ਦਾ ੁ ਉੱਡ ਗਿਆ ਹੈ) ਉਸ (ਮਨੁੱਖ) ਦਾ। ਉਧਾਰੋ = ਪਾਰ-ਉਤਾਰਾ, ਵਿਕਾਰਾਂ ਤੋਂ ਬਚਾਉ। ਏਹ ਵਸਤੁ = ਆਤਮਕ ਪ੍ਰਸੰਨਤਾ ਦੇਣ ਵਾਲੀ ਇਹ ਚੀਜ਼, ਇਹ ਮੁਦਾਵਣੀ। ਤਜੀ ਨਹ ਜਾਈ = ਤਿਆਗੀ ਨਹੀਂ ਜਾ ਸਕਦੀ। ਰਖੁ = ਸਾਂਭ ਕੇ ਰੱਖੋ। ਉਰਿ = ਹਿਰਦੇ ਵਿਚ। ਧਾਰੋ = ਟਿਕਾਓ। ਤਮ = (तमस्) ਹਨੇਰਾ। ਤਮ ਸੰਸਾਰੁ = (ਵਿਕਾਰਾਂ ਦੇ ਕਾਰਨ ਬਣਿਆ ਹੋਇਆ) ਘੁੱਪ ਹਨੇਰਾ ਜਗਤ। ਲਗਿ = ਲਗ ਕੇ। ਸਭੁ = ਹਰ ਥਾਂ। ਬ੍ਰਹਮ ਪਸਾਰੋ = ਪਰਮਾਤਮਾ ਦਾ ਖਿਲਾਰਾ, ਪਰਮਾਤਮਾ ਦੇ ਆਪੇ ਦਾ ਪਰਕਾਸ਼।1। ਅਰਥ: ਹੇ ਭਾਈ! (ਉਸ ਮਨੁੱਖ ਦੇ ਹਿਰਦੇ-) ਥਾਲ ਵਿਚ ਉੱਚਾ ਆਚਰਨ, ਸੰਤੋਖ ਅਤੇ ਆਤਮਕ ਜੀਵਨ ਦੀ ਸੂਝ = ਇਹ ਤਿੰਨ ਵਸਤੂਆਂ ਟਿਕੀਆਂ ਰਹਿੰਦੀਆਂ ਹਨ, (ਜਿਸ ਮਨੁੱਖ ਦੇ ਹਿਰਦੇ-ਥਾਲ ਵਿਚ) ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਆ ਵੱਸਦਾ ਹੈ (ਇਹ 'ਅੰਮ੍ਰਿਤ ਨਾਮੁ' ਐਸਾ ਹੈ) ਕਿ ਇਸ ਦਾ ਆਸਰਾ ਹਰੇਕ ਜੀਵ ਲਈ (ਜ਼ਰੂਰੀ) ਹੈ। (ਇਸ ਆਤਮਕ ਭੋਜਨ ਨੂੰ) ਜੇ ਕੋਈ ਮਨੁੱਖ ਸਦਾ ਖਾਂਦਾ ਰਹਿੰਦਾ ਹੈ, ਤਾਂ ਉਸ ਮਨੁੱਖ ਦਾ ਵਿਕਾਰਾਂ ਤੋਂ ਬਚਾਉ ਹੋ ਜਾਂਦਾ ਹੈ। ਹੇ ਭਾਈ! (ਜੇ ਆਤਮਕ 'ਉਧਾਰ' ਦੀ ਲੋੜ ਹੈ ਤਾਂ) ਆਤਮਕ ਪ੍ਰਸੰਨਤਾ ਦੇਣ ਵਾਲੀ ਇਹ ਨਾਮ-ਵਸਤੂ ਤਿਆਗੀ ਨਹੀਂ ਜਾ ਸਕਦੀ, ਇਸ ਨੂੰ ਸਦਾ ਹੀ ਆਪਣੇ ਹਿਰਦੇ ਵਿਚ ਸਾਂਭ ਰੱਖ। ਹੇ ਨਾਨਕ! (ਇਸ ਨਾਮ ਵਸਤੂ ਦੀ ਬਰਕਤਿ ਨਾਲ) ਪ੍ਰਭੂ ਦੀ ਚਰਨੀਂ ਲੱਗ ਕੇ ਘੁੱਪ ਹਨੇਰਾ ਸੰਸਾਰ-ਸਮੁੰਦਰ ਤਰਿਆ ਜਾ ਸਕਦਾ ਹੈ ਅਤੇ ਹਰ ਥਾਂ ਪਰਮਾਤਮਾ ਦੇ ਆਪੇ ਦਾ ਪਰਕਾਸ਼ ਹੀ (ਦਿੱਸਣ ਲੱਗ ਪੈਂਦਾ ਹੈ) ।1। ਸਲੋਕ ਮਹਲਾ ੫ ॥ ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗੁ ਕੀਤੋਈ ॥ ਮੈ ਨਿਰਗੁਣਿਆਰੇ ਕੋ ਗੁਣੁ ਨਾਹੀ ਆਪੇ ਤਰਸੁ ਪਇਓਈ ॥ ਤਰਸੁ ਪਇਆ ਮਿਹਰਾਮਤਿ ਹੋਈ ਸਤਿਗੁਰੁ ਸਜਣੁ ਮਿਲਿਆ ॥ ਨਾਨਕ ਨਾਮੁ ਮਿਲੈ ਤਾਂ ਜੀਵਾਂ ਤਨੁ ਮਨੁ ਥੀਵੈ ਹਰਿਆ ॥੧॥ {ਪੰਨਾ 1429} ਪਦ ਅਰਥ: ਕੀਤਾ = ਕੀਤਾ ਹੋਇਆ (ਉਪਕਾਰ) । ਜਾਤੋ ਨਾਹੀ = (ਤੇਰੇ ਕੀਤੇ ਉਪਕਾਰ ਦੀ) ਮੈਂ ਕਦਰ ਨਹੀਂ ਸਮਝੀ। ਮੈਨੋ = ਮੈਨੂੰ। ਕੀਤੋਈ = ਤੂੰ (ਮੈਨੂੰ) ਬਣਾਇਆ ਹੈ। ਜੋਗੁ = ਲਾਇਕ, (ਉਪਕਾਰ ਦੀ ਦਾਤਿ ਸਾਂਭਣ ਲਈ) ਫਬਵਾਂ (ਭਾਂਡਾ) । ਮੈ ਨਿਰਗੁਣਿਆਰੇ = ਮੈਂ ਗੁਣ-ਹੀਨ ਵਿਚ। ਕੋ ਗੁਣੁ = ਕੋਈ ਗੁਣ। ਆਪੇ = ਆਪ ਹੀ। ਮਿਹਰਾਮਤਿ = ਮਿਹਰ, ਦਇਆ। ਮਿਲੈ = ਮਿਲਦਾ ਹੈ। ਤਾਂ = ਤਦੋਂ। ਜੀਵਾਂ = ਮੈਂ ਜੀਊ ਪੈਂਦਾ ਹਾਂ, ਮੈਨੂੰ ਆਤਮਕ ਜੀਵਨ ਲੱਭ ਪੈਂਦਾ ਹੈ। ਥੀਵੈ = ਹੋ ਜਾਂਦਾ ਹੈ। ਹਰਿਆ = (ਆਤਮਕ ਜੀਵਨ ਨਾਲ) ਹਰਾ-ਭਰਾ।1। ਅਰਥ: ਹੇ ਨਾਨਕ! (ਆਖ– ਹੇ ਪ੍ਰਭੂ!) ਮੈਂ ਤੇਰੇ ਕੀਤੇ ਉਪਕਾਰ ਦੀ ਕਦਰ ਨਹੀਂ ਸਮਝ ਸਕਦਾ, (ਉਪਕਾਰ ਦੀ ਦਾਤਿ ਸਾਂਭਣ ਲਈ) ਤੂੰ (ਆਪ ਹੀ) ਮੈਨੂੰ ਫਬਵਾਂ ਭਾਂਡਾ ਬਣਾਇਆ ਹੈ। ਮੈਂ ਗੁਣ-ਹੀਨ ਵਿਚ ਕੋਈ ਗੁਣ ਨਹੀਂ ਹੈ। ਤੈਨੂੰ ਆਪ ਨੂੰ ਹੀ ਮੇਰੇ ਉਤੇ ਤਰਸ ਆ ਗਿਆ। ਹੇ ਪ੍ਰਭੂ! ਤੇਰੇ ਮਨ ਵਿਚ ਮੇਰੇ ਵਾਸਤੇ ਤਰਸ ਪੈਦਾ ਹੋਇਆ, ਮੇਰੇ ਉੱਤੇ ਤੇਰੀ ਮਿਹਰ ਹੋਈ, ਤਾਂ ਮੈਨੂੰ ਮਿੱਤਰ ਗੁਰੂ ਮਿਲ ਪਿਆ (ਤੇਰਾ ਇਹ ਉਪਕਾਰ ਭੁਲਾਇਆ ਨਹੀਂ ਜਾ ਸਕਦਾ) । (ਹੁਣ ਪਿਆਰੇ ਗੁਰੂ ਪਾਸੋਂ) ਜਦੋਂ ਮੈਨੂੰ (ਤੇਰਾ) ਨਾਮ ਮਿਲਦਾ ਹੈ, ਤਾਂ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੋ ਜਾਂਦਾ ਹੈ, ਮੇਰਾ ਤਨ ਮੇਰਾ ਮਨ (ਉਸ ਆਤਮਕ ਜੀਵਨ ਦੀ ਬਰਕਤਿ ਨਾਲ) ਖਿੜ ਆਉਂਦਾ ਹੈ।1। ੴ ਸਤਿਗੁਰ ਪ੍ਰਸਾਦਿ ॥ ੴ ਸਤਿਗੁਰ ਪ੍ਰਸਾਦਿ ॥ ਰਾਗ ਮਾਲਾ ॥ ਰਾਗ ਏਕ ਸੰਗਿ ਪੰਚ ਬਰੰਗਨ ॥ ਸੰਗਿ ਅਲਾਪਹਿ ਆਠਉ ਨੰਦਨ ॥ {ਪੰਨਾ 1429} ਪਦ ਅਰਥ: ਸੰਗਿ = ਨਾਲ। ਬਰੰਗਨ = (वरांगना) ਇਸਤ੍ਰੀਆਂ, ਰਾਗਣੀਆਂ। ਅਲਾਪਹਿ = (ਗਾਇਕ ਲੋਕ) ਅਲਾਪਦੇ ਹਨ, ਗਾਂਦੇ ਹਨ (ਬਹੁ-ਵਚਨ) । ਨੰਦਨ = ਪੁੱਤਰ। ਆਠਉ = ਅੱਠ ਅੱਠ ਹੀ। ਪ੍ਰਥਮ ਰਾਗ ਭੈਰਉ ਵੈ ਕਰਹੀ ॥ ਪੰਚ ਰਾਗਨੀ ਸੰਗਿ ਉਚਰਹੀ ॥ {ਪੰਨਾ 1429-1430} ਪਦ ਅਰਥ: ਵੈ = ਉਹ (ਗਾਇਕ ਲੋਕ) । ਕਰਹੀ = ਕਰਹਿ, ਕਰਦੇ ਹਨ। ਉਚਰਹੀ = ਉਚਰਹਿ, ਉਚਾਰਦੇ ਹਨ। |
Sri Guru Granth Darpan, by Professor Sahib Singh |