ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1430

ਸਿਖ ਸਿਧਾਂਤ, the salient principals of Sikhism

ਪ੍ਰਥਮ ਭੈਰਵੀ ਬਿਲਾਵਲੀ ॥ ਪੁੰਨਿਆਕੀ ਗਾਵਹਿ ਬੰਗਲੀ ॥ ਪੁਨਿ ਅਸਲੇਖੀ ਕੀ ਭਈ ਬਾਰੀ ॥ ਏ ਭੈਰਉ ਕੀ ਪਾਚਉ ਨਾਰੀ ॥ {ਪੰਨਾ 1430}

ਪਦ ਅਰਥ: ਗਾਵਹਿ = ਗਾਂਦੇ ਹਨ। ਪੁਨਿ = ਫਿਰ। (ਨੋਟ: ਸੰਸਕ੍ਰਿਤ ਲਫ਼ਜ਼ 'ਪੁਨਹ' (पुनः) ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਜਿੱਥੇ ਕਿਤੇ ਭੀ ਸੰਸਕ੍ਰਿਤ ਲਫ਼ਜ਼ 'ਪੁਨਹ' ਦਾ ਪੁਰਾਣਾ ਪੰਜਾਬੀ ਰੂਪ ਆਇਆ ਹੈ ਉਹ 'ਫੁਨਿ' ਹੈ, 'ਪੁਨਿ' ਕਿਤੇ ਭੀ ਨਹੀਂ। ਸਾਹਿੱਤਕ ਦ੍ਰਿਸ਼ਟੀਕੋਣ ਤੋਂ ਇਹ ਇਕ ਅਨੋਖੀ ਗੱਲ ਹੈ। ਕਿਸੇ ਭੀ ਗੁਰ-ਵਿਅਕਤੀ ਨੇ ਆਪਣੀ ਬਾਣੀ ਵਿਚ ਇਹ ਲਫ਼ਜ਼ ਨਹੀਂ ਵਰਤਿਆ) ।

ਫਿਰ ਵੇਖੋ ਸਿਰਲੇਖ। ਲਫ਼ਜ਼ 'ਰਾਗ ਮਾਲਾ' ਦੇ ਨਾਲ 'ਮਹਲਾ 1', 'ਮਹਲਾ 2', 'ਮਹਲਾ 3', 'ਮਹਲਾ 4', 'ਮਹਲਾ 5' ਆਦਿਕ ਕੋਈ ਭੀ ਲਫ਼ਜ਼ ਨਹੀਂ, ਜਿਥੋਂ ਪਾਠਕ ਇਹ ਨਿਰਨਾ ਕਰ ਸਕੇ ਕਿ ਇਹ ਕਿਸ ਗੁਰ-ਵਿਅਕਤੀ ਦੀ ਲਿਖੀ ਹੋਈ ਹੈ।

ਸਾਰੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕਿਤੇ ਭੀ ਕੋਈ ਸ਼ਬਦ ਸ਼ਲੋਕ ਆਦਿਕ ਦਰਜ ਨਹੀਂ ਹੈ, ਜਿਸ ਦੇ ਲਿਖਣ ਵਾਲੇ ਗੁਰ-ਵਿਅਕਤੀ ਦਾ ਨਿਰਨਾ ਕਰਨਾ ਸਿੱਖਾਂ ਉਤੇ ਛੱਡਿਆ ਗਿਆ ਹੈ।

ਇਥੇ ਇਹ ਅਨੋਖੀ ਗੱਲ ਕਿਉਂ?

ਭੈਰਉ ਰਾਗ ਦੀਆਂ ਪੰਜ ਰਾਗਣੀਆਂ = ਭੈਰਵੀ, ਬਿਲਾਵਲੀ, ਪੁੰਨਿਆ, ਬੰਗਲੀ, ਅਸਲੇਖੀ।

ਪੰਚਮ ਹਰਖ ਦਿਸਾਖ ਸੁਨਾਵਹਿ ॥ ਬੰਗਾਲਮ ਮਧੁ ਮਾਧਵ ਗਾਵਹਿ ॥੧॥ ਲਲਤ ਬਿਲਾਵਲ ਗਾਵਹੀ ਅਪੁਨੀ ਅਪੁਨੀ ਭਾਂਤਿ ॥ ਅਸਟ ਪੁਤ੍ਰ ਭੈਰਵ ਕੇ ਗਾਵਹਿ ਗਾਇਨ ਪਾਤ੍ਰ ॥੧॥ {ਪੰਨਾ 1430}

ਪਦ ਅਰਥ: ਸੁਨਾਵਹਿ = ਸੁਣਾਂਦੇ ਹਨ। ਗਾਵਹਿ = ਗਾਂਦੇ ਹਨ। ਗਾਵਹੀ = ਗਾਵਹਿ। ਭਾਂਤਿ = ਢੰਗ, ਕਿਸਮ। ਅਸਟ = ਅੱਠ। ਗਾਇਨ ਪਾਤ੍ਰ = ਗਵਈਏ।

ਭੈਰਉ ਰਾਗ ਦੇ ਅੱਠ ਪੁੱਤਰ = ਪੰਚਮ, ਹਰਖ, ਦਿਸਾਖ, ਬੰਗਾਲਮ, ਮਧੁ, ਮਾਧਵ, ਲਲਤ, ਬਿਲਾਵਲ।

(ਨੋਟ: ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ, ਅਸ਼ਟਪਦੀਆਂ, ਛੰਤਾਂ ਨੂੰ ਧਿਆਨ ਨਾਲ ਵੇਖੋ। ਜਦੋਂ ਕਿਤੇ ਕੋਈ 'ਬੰਦ' ਖ਼ਤਮ ਹੁੰਦਾ ਹੈ, ਤਾਂ ਉਸ ਦੇ ਅਖ਼ੀਰ ਤੇ 'ਅੰਕ' ਦਿੱਤਾ ਹੁੰਦਾ ਹੈ। ਉਸ 'ਬੰਦ' ਦਾ 'ਭਾਵ' ਆਪਣੇ ਆਪ ਵਿਚ ਮੁਕੰਮਲ ਹੁੰਦਾ ਹੈ। ਪਰ ਰਾਗ ਮਾਲਾ ਦੀ ਕਾਵਿ-ਬਣਤਰ ਵਿਚ ਇਕ ਅਨੋਖੀ ਗੱਲ ਵੇਖੀ ਜਾ ਰਹੀ ਹੈ। 'ਚੌਪਈ' ਦੀਆਂ ਅੱਠ ਤੁਕਾਂ ਦੇ ਅਖ਼ੀਰ ਤੇ 'ਅੰਕ 1' ਦਿੱਤਾ ਹੋਇਆ ਹੈ। ਪਰ ਅਖ਼ੀਰਲੀਆਂ ਦੋ ਤੁਕਾਂ ਵਿਚ ਭੈਰਉ ਰਾਗ ਦੇ ਸਾਰੇ ਪੁੱਤਰਾਂ ਦੇ ਨਾਮ ਨਹੀਂ ਆ ਸਕੇ। ਲਲਤ ਅਤੇ ਬਿਲਾਵਲ ਦੋ ਨਾਮ ਅਗਲੀ 'ਦੋਹਰੇ' ਦੀ ਤੁਕ ਵਿਚ ਹਨ। ਉਸ ਦੋਹਰੇ ਦੇ ਅਖ਼ੀਰ ਤੇ ਭੀ 'ਅੰਕ 1' ਹੈ।)

ਦੁਤੀਆ ਮਾਲਕਉਸਕ ਆਲਾਪਹਿ ॥ ਸੰਗਿ ਰਾਗਨੀ ਪਾਚਉ ਥਾਪਹਿ ॥ ਗੋਂਡਕਰੀ ਅਰੁ ਦੇਵਗੰਧਾਰੀ ॥ ਗੰਧਾਰੀ ਸੀਹੁਤੀ ਉਚਾਰੀ ॥ ਧਨਾਸਰੀ ਏ ਪਾਚਉ ਗਾਈ ॥ ਮਾਲ ਰਾਗ ਕਉਸਕ ਸੰਗਿ ਲਾਈ ॥ {ਪੰਨਾ 1430}

ਪਦ ਅਰਥ: ਆਲਾਪਹਿ = ਅਲਾਪਦੇ ਹਨ। ਪਾਚਉ = ਪੰਜ ਹੀ। ਥਾਪਹਿ = ਥਾਪਦੇ ਹਨ। ਏ ਪਾਚਉ = ਇਹ ਪੰਜੇ ਹੀ। ਮਾਲ ਰਾਗ ਕਉਸਕ = ਰਾਗ ਮਾਲਕਉਸਕ। ਸੰਗਿ = ਨਾਲ। ਲਾਈ = ਲਾਇ, ਲਾ ਕੇ।

ਰਾਗ ਮਾਲਕਉਸਕ ਦੀਆਂ ਪੰਜ ਰਾਗਣੀਆਂ = ਗੋਂਡਕਰੀ, ਦੇਵਗੰਧਾਰੀ, ਗੰਧਾਰੀ, ਸੀਹੁਤੀ, ਧਨਾਸਰੀ।

ਮਾਰੂ ਮਸਤਅੰਗ ਮੇਵਾਰਾ ॥ ਪ੍ਰਬਲਚੰਡ ਕਉਸਕ ਉਭਾਰਾ ॥ ਖਉਖਟ ਅਉ ਭਉਰਾਨਦ ਗਾਏ ॥ ਅਸਟ ਮਾਲਕਉਸਕ ਸੰਗਿ ਲਾਏ ॥੧॥ {ਪੰਨਾ 1430}

ਪਦ ਅਰਥ: ਅਉ = ਅਤੇ। ਅਸਟ = ਅੱਠ (ਪੁੱਤਰ) । ਸੰਗਿ = ਨਾਲ। ਮਾਲਕਉਸਕ ਦੇ ਅੱਠ ਪੁੱਤਰ = ਮਾਰੂ, ਮਸਤ ਅੰਗ, ਮੇਵਾਰਾ, ਪ੍ਰਬਲ ਚੰਡ, ਕਉਸਕ, ਉਭਾਰਾ, ਖਉਖਟ, ਭਉਰਾਨਦ।

ਪੁਨਿ ਆਇਅਉ ਹਿੰਡੋਲੁ ਪੰਚ ਨਾਰਿ ਸੰਗਿ ਅਸਟ ਸੁਤ ॥ ਉਠਹਿ ਤਾਨ ਕਲੋਲ ਗਾਇਨ ਤਾਰ ਮਿਲਾਵਹੀ ॥੧॥ {ਪੰਨਾ 1430}

ਪਦ ਅਰਥ: ਪੁਨਿ = ਫਿਰ। ਨਾਰਿ = ਇਸਤ੍ਰੀਆਂ, ਰਾਗਣੀਆਂ। ਸੁਤ = ਪੁੱਤਰ। ਉਠਹਿ = ਉੱਠਦੇ ਹਨ। ਗਾਇਨਿ = ਗਾਂਦੇ ਹਨ। ਮਿਲਾਵਹੀ = ਮਿਲਾਵਹਿ, ਮਿਲਾਂਦੇ ਹਨ।

(ਨੋਟ: ਹਰ ਥਾਂ 'ਅੰਕ 1' ਦੀ ਵਰਤੋਂ ਕੋਈ ਨਿਰਨਾ ਨਹੀਂ ਦੱਸ ਰਹੀ।)

ਤੇਲੰਗੀ ਦੇਵਕਰੀ ਆਈ ॥ ਬਸੰਤੀ ਸੰਦੂਰ ਸੁਹਾਈ ॥ ਸਰਸ ਅਹੀਰੀ ਲੈ ਭਾਰਜਾ ॥ ਸੰਗਿ ਲਾਈ ਪਾਂਚਉ ਆਰਜਾ ॥ {ਪੰਨਾ 1430}

ਪਦ ਅਰਥ: ਸੁਹਾਈ = ਸੋਭਨੀਕ। ਭਾਰਜਾ = ਇਸਤ੍ਰੀ, ਰਾਗਣੀ। ਆਰਜਾ = ਇਸਤ੍ਰੀ, ਰਾਗਣੀ।

ਹਿੰਡੋਲ ਦੀਆਂ ਰਾਗਣੀਆਂ = ਤੇਲੰਗੀ, ਦੇਵਕਰੀ, ਬਸੰਤੀ, ਸੰਦੂਰ, ਸਹਸ ਅਹੀਰੀ।

ਸੁਰਮਾਨੰਦ ਭਾਸਕਰ ਆਏ ॥ ਚੰਦ੍ਰਬਿੰਬ ਮੰਗਲਨ ਸੁਹਾਏ ॥ ਸਰਸਬਾਨ ਅਉ ਆਹਿ ਬਿਨੋਦਾ ॥ ਗਾਵਹਿ ਸਰਸ ਬਸੰਤ ਕਮੋਦਾ ॥ ਅਸਟ ਪੁਤ੍ਰ ਮੈ ਕਹੇ ਸਵਾਰੀ ॥ ਪੁਨਿ ਆਈ ਦੀਪਕ ਕੀ ਬਾਰੀ ॥੧॥ {ਪੰਨਾ 1430}

ਹਿੰਡੋਲ ਦੇ ਪੁੱਤਰ = ਸੁਰਮਾਨੰਦ, ਭਾਸਕਰ, ਚੰਦ੍ਰ ਬਿੰਬ, ਮੰਗਲਨ, ਸਰਸ ਬਾਨ, ਬਿਨੋਦਾ, ਬਸੰਤ, ਕਮੋਦਾ।

(ਨੋਟ: ਅਖ਼ੀਰਲੀ ਤੁਕ ਦੱਸਦੀ ਹੈ ਕਿ ਅਗਲੇ 'ਬੰਦ' ਤੋਂ ਰਾਗ 'ਦੀਪਕ' ਦਾ ਜ਼ਿਕਰ ਚੱਲੇਗਾ।)

ਕਛੇਲੀ ਪਟਮੰਜਰੀ ਟੋਡੀ ਕਹੀ ਅਲਾਪਿ ॥ ਕਾਮੋਦੀ ਅਉ ਗੂਜਰੀ ਸੰਗਿ ਦੀਪਕ ਕੇ ਥਾਪਿ ॥੧॥ {ਪੰਨਾ 1430}

ਪਦ ਅਰਥ: ਅਲਾਪਿ = ਅਲਾਪ ਕੇ। ਅਉ = ਅਤੇ। ਥਾਪਿ = ਥਾਪ ਕੇ।

ਦੀਪਕ ਰਾਗ ਦੀਆਂ ਰਾਗਣੀਆਂ = ਕਛੇਲੀ, ਪਟਮੰਜਰੀ, ਟੋਡੀ, ਕਾਮੋਦੀ, ਗੂਜਰੀ।

(ਨੋਟ: ਇਥੇ ਚੌਪਈ ਅਤੇ ਦੋਹਰੇ ਸਮੇਤ ਤੀਜਾ ਮੁਕੰਮਲ 'ਬੰਦ' ਖ਼ਤਮ ਹੋ ਗਿਆ ਹੈ। ਹੁਣ ਤਕ ਭੈਰਉ, ਮਾਲਕਉਸ, ਹਿੰਡੋਲ = ਇਹਨਾਂ ਤਿੰਨ ਰਾਗਾਂ ਦਾ ਜ਼ਿਕਰ ਮੁਕੰਮਲ ਹੋ ਚੁੱਕਾ ਹੈ। ਦੀਪਕ ਰਾਗ ਦੀਆਂ ਪੰਜ ਰਾਗਣੀਆਂ ਭੀ ਦਿੱਤੀਆਂ ਜਾ ਚੁੱਕੀਆਂ ਹਨ।

ਕਾਲੰਕਾ ਕੁੰਤਲ ਅਉ ਰਾਮਾ ॥ ਕਮਲਕੁਸਮ ਚੰਪਕ ਕੇ ਨਾਮਾ ॥ ਗਉਰਾ ਅਉ ਕਾਨਰਾ ਕਲ੍ਯ੍ਯਾਨਾ ॥ ਅਸਟ ਪੁਤ੍ਰ ਦੀਪਕ ਕੇ ਜਾਨਾ ॥੧॥ {ਪੰਨਾ 1430}

ਰਾਗ ਦੀਪਕ ਦੇ ਅੱਠ ਪੁੱਤਰ: ਕਾਲੰਕਾ, ਕੁੰਤਲ, ਰਾਮਾ, ਕਮਲ ਕੁਸਮ, ਚੰਪਕ, ਗਉਰਾ, ਕਾਨਰਾ, ਕਾਲ੍ਯ੍ਯਾਨਾ।

(ਨੋਟ: ਦੀਪਕ ਰਾਗ ਦੇ ਅੱਠ ਪੁੱਤਰ ਚੌਪਈ ਦੀਆਂ ਇਹਨਾਂ ਚਾਰ ਤੁਕਾਂ ਵਿਚ ਦੇ ਕੇ ਅਗਾਂਹ 'ਅੰਕ 1' ਲਿਖਿਆ ਗਿਆ ਹੈ।

ਇਸ ਤੋਂ ਅਗਾਂਹ ਪੰਜਵਾਂ ਰਾਗ 'ਸਿਰੀ ਰਾਗ' ਸ਼ੁਰੂ ਕੀਤਾ ਗਿਆ ਹੈ। ਇਹ ਭੀ ਚੌਪਈ ਨਾਲ ਹੀ ਸ਼ੁਰੂ ਹੁੰਦਾ ਹੈ) ।

ਸਭ ਮਿਲਿ ਸਿਰੀਰਾਗ ਵੈ ਗਾਵਹਿ ॥ ਪਾਂਚਉ ਸੰਗਿ ਬਰੰਗਨ ਲਾਵਹਿ ॥ ਬੈਰਾਰੀ ਕਰਨਾਟੀ ਧਰੀ ॥ ਗਵਰੀ ਗਾਵਹਿ ਆਸਾਵਰੀ ॥ ਤਿਹ ਪਾਛੈ ਸਿੰਧਵੀ ਅਲਾਪੀ ॥ ਸਿਰੀਰਾਗ ਸਿਉ ਪਾਂਚਉ ਥਾਪੀ ॥੧॥ {ਪੰਨਾ 1430}

ਪਦ ਅਰਥ: ਮਿਲਿ = ਮਿਲ ਕੇ। ਵੈ = ਉਹ (ਵਿਦਵਾਨ) ਲੋਕ। ਗਾਵਹਿ = ਗਾਂਦੇ ਹਨ। ਬਰੰਗਨ = (वरांगना) ਇਸਤ੍ਰੀਆਂ, ਰਾਗਣੀਆਂ। ਲਾਵਹਿ = ਲਾਂਦੇ ਹਨ, ਵਰਤਦੇ ਹਨ।

ਸਿਰੀਰਾਗ ਦੀਆਂ ਪੰਜ ਰਾਗਣੀਆਂ:

ਬੈਰਾਰੀ, ਕਰਨਾਟੀ; ਗਵਰੀ, ਆਸਾਵਰੀ, ਸਿੰਧਵੀ।

ਸਾਲੂ ਸਾਰਗ ਸਾਗਰਾ ਅਉਰ ਗੋਂਡ ਗੰਭੀਰ ॥ ਅਸਟ ਪੁਤ੍ਰ ਸ੍ਰੀਰਾਗ ਕੇ ਗੁੰਡ ਕੁੰਭ ਹਮੀਰ ॥੧॥ {ਪੰਨਾ 1430}

ਸ੍ਰੀ ਰਾਗ ਦੇ ਅੱਠ ਪੁੱਤਰ = ਸਾਲੂ, ਸਾਰਗ, ਸਾਗਰਾ, ਗੋਂਡ, ਗੰਭੀਰ, ਗੁੰਡ, ਕੁੰਭ, ਹਮੀਰ।

ਖਸਟਮ ਮੇਘ ਰਾਗ ਵੈ ਗਾਵਹਿ ॥ ਪਾਂਚਉ ਸੰਗਿ ਬਰੰਗਨ ਲਾਵਹਿ ॥ ਸੋਰਠਿ ਗੋਂਡ ਮਲਾਰੀ ਧੁਨੀ ॥ ਪੁਨਿ ਗਾਵਹਿ ਆਸਾ ਗੁਨ ਗੁਨੀ ॥ ਊਚੈ ਸੁਰਿ ਸੂਹਉ ਪੁਨਿ ਕੀਨੀ ॥ ਮੇਘ ਰਾਗ ਸਿਉ ਪਾਂਚਉ ਚੀਨੀ ॥੧॥ {ਪੰਨਾ 1430}

ਪਦ ਅਰਥ: ਖਸਟਮ = ਛੇਵਾਂ। ਵੈ = ਉਹ (ਵਿਦਵਾਨ) ਬੰਦੇ। ਗਾਵਹਿ = ਗਾਂਦੇ ਹਨ। ਬਰੰਗਨ = (वरांगना) ਇਸਤ੍ਰੀਆਂ, ਰਾਗਣੀਆਂ। ਪੁਨਿ = ਫਿਰ। ਊਚੈ ਸੁਰਿ = ਉੱਚੀ ਸੁਰ ਨਾਲ। ਸਿਉ = ਸਮੇਤ, ਨਾਲ। ਚੀਨੀ = ਪਛਾਣ ਲਈ।

ਮੇਘ ਰਾਗ ਦੀਆਂ ਰਾਗਣੀਆਂ: ਸੋਰਠਿ, ਗੋਂਡ, ਮਲਾਰੀ, ਆਸਾ, ਸੂਹਉ।

(ਨੋਟ: ਸਿਰੀ ਰਾਗ ਦੇ ਅੱਠ ਪੁੱਤਰਾਂ ਵਿਚ ਭੀ 'ਗੋਂਡ' ਦਾ ਜ਼ਿਕਰ ਆ ਚੁੱਕਾ ਹੈ) ।

ਬੈਰਾਧਰ ਗਜਧਰ ਕੇਦਾਰਾ ॥ ਜਬਲੀਧਰ ਨਟ ਅਉ ਜਲਧਾਰਾ ॥ ਪੁਨਿ ਗਾਵਹਿ ਸੰਕਰ ਅਉ ਸਿਆਮਾ ॥ ਮੇਘ ਰਾਗ ਪੁਤ੍ਰਨ ਕੇ ਨਾਮਾ ॥੧॥ {ਪੰਨਾ 1430}

ਪਦ ਅਰਥ: ਅਉ = ਅਉਰ, ਅਤੇ।

ਮੇਘ ਰਾਗ ਦੇ ਅੱਠ ਪੁੱਤਰਾਂ ਦੇ ਨਾਮ = ਬੈਰਾਧਰ, ਗਜਧਰ, ਕੇਦਾਰਾ, ਜਬਲੀਧਰ, ਨਟ, ਜਲਧਾਰਾ, ਸੰਕਰ, ਸਿਆਮਾ।

(ਨੋਟ: ਜਿੱਥੇ ਜਿੱਥੇ ਭੀ ਕੋਈ 'ਬੰਦ' ਮੁਕਾਇਆ ਹੈ, ਹਰ ਥਾਂ 'ਅੰਕ 1' ਹੀ ਵਰਤਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਅੰਕਾਂ ਦੀ ਕਿਤੇ ਭੀ ਇਹ ਵਿਓਂਤ ਨਹੀਂ ਹੈ। ਹਰ ਥਾਂ 'ਅੰਕ 1' ਦਾ ਲਿਖਿਆ ਜਾਣਾ ਅੰਕਾਂ ਬਾਰੇ ਪਾਠਕ ਦੀ ਕੋਈ ਸਹਾਇਤਾ ਨਹੀਂ ਕਰਦਾ) ।

ਖਸਟ ਰਾਗ ਉਨਿ ਗਾਏ ਸੰਗਿ ਰਾਗਨੀ ਤੀਸ ॥ ਸਭੈ ਪੁਤ੍ਰ ਰਾਗੰਨ ਕੇ ਅਠਾਰਹ ਦਸ ਬੀਸ ॥੧॥੧॥ {ਪੰਨਾ 1430}

ਪਟ ਅਰਥ: ਖਸਟ = ਛੇ। ਉਨਿ = ਉਹਨਾਂ ਨੇ । ਅਠਾਰਹ ਦਸ ਬੀਸ = 18+10+20=48.

ਨੋਟ: ਛੇ ਰਾਗ = ਭੈਰਉ, ਮਾਲਕਉਸ, ਹਿੰਡੋਲ, ਦੀਪਕ, ਸਿਰੀਰਾਗ, ਮੇਘ। ਹਰੇਕ ਰਾਗ ਦੀਆਂ ਪੰਜ ਰਾਗਨੀਆਂ।

ਕੁਲ ਰਾਗਣੀਆਂ = 30।

ਹਰੇਕ ਰਾਗ ਦੇ ਅੱਠ ਪੁੱਤਰ।

ਛੇ ਰਾਗਾਂ ਦੇ ਕੁੱਲ ਪੁੱਤਰ = 48

ਸਾਰਾ ਜੋੜ = 6+30+48=84।

(ਨੋਟ: ਇਹ ਸਮਝ ਨਹੀਂ ਪੈਂਦੀ ਕਿ ਅਖ਼ੀਰਲੇ ਅੰਕ '1॥1॥' ਦਾ ਕੀਹ ਭਾਵ ਹੈ।)

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਹੇਠ-ਲਿਖੇ 31 ਰਾਗ ਹਨ:

ਸਿਰੀਰਾਗ, ਮਾਝ, ਗਾਉੜੀ, ਆਸਾ, ਗੂਜਰੀ, ਦੇਵ ਗੰਧਾਰੀ, ਬਿਹਾਗੜਾ, ਵਡਹੰਸ, ਸੋਰਠਿ, ਧਨਾਸਰੀ, ਜੈਤਸਰੀ, ਟੋਡੀ, ਬੈਰਾੜੀ, ਤਿਲੰਗ, ਸੂਹੀ, ਬਿਲਾਵਲ, ਗੋਂਡ, ਰਾਮਕਲੀ, ਨਟ, ਮਾਲੀ ਗਉੜਾ, ਮਾਰੂ, ਤੁਖਾਰੀ, ਕੇਦਾਰਾ, ਭੈਰਉ, ਬਸੰਤ, ਸਾਰੰਗ, ਮਲਾਰ, ਕਾਨੜਾ, ਕਲਿਆਨ, ਪ੍ਰਭਾਤੀ, ਜੈਜਾਵੰਤੀ।

ਇਹਨਾਂ 31 ਤੋਂ ਇਲਾਵਾ ਹੇਠ-ਲਿਖੇ 6 ਰਾਗ ਦੂਜੇ ਰਾਗਾਂ ਨਾਲ ਰਲਾ ਕੇ ਗਾਵਣ ਦੀ ਭੀ ਹਿਦਾਇਤ ਹੈ:

ਲਲਿਤ, ਆਸਾਵਾਰੀ, ਹਿੰਡੋਲ, ਭੋਪਾਲੀ, ਬਿਭਾਸ, ਕਾਫ਼ੀ।

ਨੋਟ: 'ਆਸਾਵਰੀ', ਰਾਗ 'ਆਸਾ' ਦੇ ਵਿਚ ਹੀ ਦਰਜ ਹੈ।

ਨੋਟ: ਇਸ ਤਰ੍ਹਾਂ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਕੁੱਲ 37 ਰਾਗ ਆ ਗਏ।

ਨੋਟ: ਪਾਠਕਾਂ ਵਾਸਤੇ ਇਹ ਹੈਰਾਨੀ ਵਾਲੀ ਗੱਲ ਹੀ ਹੋਵੇਗੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਰਤੇ ਕੁਝ ਰਾਗ ਇਸ 'ਰਾਗ ਮਾਲਾ' ਵਿਚ ਨਹੀਂ ਹਨ। ਹੋਰ ਬਥੇਰੇ ਰਾਗਾਂ ਦਾ ਜ਼ਿਕਰ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਨਹੀਂ ਹਨ।

TOP OF PAGE

Sri Guru Granth Darpan, by Professor Sahib Singh