ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1430a,

The salient principals of Sikhism

ੴ ਸਤਿਗੁਰ ਪ੍ਰਸਾਦਿ ॥

ਗੁਰਮਤਿ ਸਿੱਧਾਂਤ:

"ਕਿਵ ਕੂੜੈ ਤੁਟੈ ਪਾਲਿ"

ਹਰ ਵੇਲੇ ਦੀ ਸਾਂਝ

ਹਰੇਕ ਪ੍ਰਾਣੀ ਦਾ ਇਹ ਜੀਵਨ-ਤਜਰਬਾ ਹੈ ਕਿ ਜਿਸ ਚੀਜ਼ ਨਾਲ ਦਿਨ ਰਾਤ ਹਰ ਵੇਲੇ ਵਾਹ ਪੈਂਦਾ ਰਹੇ, ਉਹ ਚੀਜ਼ ਪਿਆਰੀ ਲੱਗਣ ਲੱਗ ਪੈਂਦੀ ਹੈ। ਜਨਮ-ਸਮੇਂ ਤੋਂ ਹੀ, ਪਹਿਲਾਂ ਜੀਵ ਨੂੰ ਮਾਂ ਦੇ ਦੁੱਧ ਨਾਲ, ਫਿਰ ਮਾਂ ਪਿਉ ਨਾਲ, ਫਿਰ ਭੈਣਾਂ ਭਰਾਵਾਂ ਨਾਲ ਹਰ ਵੇਲੇ ਵਾਹ ਪੈਂਦਾ ਹੈ ਤੇ ਉਹਨਾਂ ਨਾਲ ਉਸ ਦਾ ਮੋਹ-ਪਿਆਰ ਬਣਦਾ ਜਾਂਦਾ ਹੈ। ਜਿਉਂ ਜਿਉਂ ਜੀਵ ਵਡੇਰੀ ਉਮਰ ਦਾ ਹੁੰਦਾ ਜਾਂਦਾ ਹੈ, ਤਿਉਂ ਤਿਉਂ ਦਿੱਸਦੇ ਸੰਸਾਰ ਦੇ ਹੋਰ ਪਦਾਰਥ ਵਰਤਣੇ ਸ਼ੁਰੂ ਕਰਦਾ ਹੈ। ਸਾਕਾਂ-ਅੰਗਾਂ ਨਾਲ, ਘਰ ਨਾਲ, ਧਨ-ਪਦਾਰਥ ਨਾਲ ਇਸ ਦੀ ਅਪਣੱਤ ਵਧਦੀ ਜਾਂਦੀ ਹੈ। ਇਹ ਮੇਰੇ ਮਾਪੇ ਹਨ, ਅਹੁ ਕੋਈ ਹੋਰ ਹਨ; ਇਹ ਮੇਰੇ ਭੈਣ ਹਨ, ਅਹੁ ਕੋਈ ਹੋਰ ਹਨ; ਇਹ ਸਾਡਾ ਘਰ ਹੈ, ਅਹੁ ਕਿਸੇ ਹੋਰ ਦਾ ਹੈ- ਇਸ ਤਰ੍ਹਾਂ ਸਹਜੇ ਸਹਜੇ ਜੀਵ ਦੇ ਮਨ ਵਿਚ ਮੇਰ-ਤੇਰ ਤੇ ਵਿਤਕਰਾ ਭੀ ਬਣਨ ਲੱਗ ਪੈਂਦਾ ਹੈ। ਇਸ ਦੇ ਨਾਲ ਨਾਲ ਹੀ ਹੋਰ ਸਭਨਾਂ ਦੇ ਮੋਹ-ਪਿਆਰ ਨਾਲੋਂ ਆਪਣੇ ਸਰੀਰ ਦਾ ਮੋਹ-ਪਿਆਰ ਜੀਵ ਦੇ ਅੰਦਰ ਵਧੀਕ ਪ੍ਰਬਲ ਹੁੰਦਾ ਜਾਂਦਾ ਹੈ।

ਇਸ ਅਪਣੱਤ ਦਾ ਨਤੀਜਾ

ਛੋਟੇ ਬਾਲਾਂ ਵੱਲ ਹੀ ਤੱਕੋ! ਸਰੀਰਕ ਅਪਣੱਤ ਦੇ ਕਾਰਨ ਹੀ ਬਾਲ ਆਪਣੇ ਛੋਟੇ ਤੇ ਕਮਜ਼ੋਰ ਭੈਣ ਭਰਾਵਾਂ ਤੋਂ ਭੀ ਕੋਈ ਖਾਣ ਵਾਲੀ ਚੀਜ਼ ਖੋਹ ਕੇ ਆਪ ਖਾ ਲੈਂਦਾ ਹੈ, ਕਈ ਵਾਰੀ ਉਹਨਾਂ ਨੂੰ ਧੌਲ ਧੱਪਾ ਕਰ ਕੇ ਭੀ ਖ਼ੁਸ਼ ਹੁੰਦਾ ਹੈ। ਸਹਜੇ ਸਹਜੇ ਇਹ ਵਾਦੀ ਪੱਕਦੀ ਜਾਂਦੀ ਹੈ ਤੇ ਵਧਦੀ ਜਾਂਦੀ ਹੈ। ਹੋਰ ਕਮਜ਼ੋਰ ਹਾਣੀਆਂ ਨਾਲ ਭੀ ਇਹ ਸਲੂਕ ਸ਼ੁਰੂ ਕਰ ਦੇਂਦਾ ਹੈ, ਤੇ, ਇਸ ਵਿਚ ਉਸ ਨੂੰ ਕੋਈ ਭੈੜ ਨਹੀਂ ਜਾਪਦਾ।

ਜਿਉਂ ਜਿਉਂ ਮਨੁੱਖ ਸਿਆਣੀ ਉਮਰ ਦਾ ਹੁੰਦਾ ਜਾਂਦਾ ਹੈ, ਇਹ ਸਰੀਰਕ ਅਪਣੱਤ; ਆਪਣਿਆਂ ਨਾਲ ਮੋਹ-ਪਿਆਰ, ਆਪਣੇ ਘਰ ਦਾ ਮੋਹ, ਆਪਣੀ ਜਾਇਦਾਦ ਦੀ ਖਿੱਚ- ਇਹ ਸਭ ਕੁਝ ਉਸ ਦੇ ਮਨ ਵਿਚ ਜ਼ੋਰ ਪਾਈ ਜਾਂਦਾ ਹੈ, ਤੇ ਇਸ ਦੀ ਖ਼ਾਤਰ ਹੀ ਦਿਨ ਰਾਤ ਦੌੜ-ਭੱਜ ਕਰਦੇ ਰਹਿਣਾ ਉਸ ਦੀ ਜ਼ਿੰਦਗੀ ਦਾ ਨਿਸ਼ਾਨਾ ਬਣਿਆ ਰਹਿੰਦਾ ਹੈ।

ਅਣਦਿੱਸਦੇ ਨਾਲ ਸਾਂਝ ਕਿਵੇਂ ਬਣੇ!

ਜਿਸ ਕਰਤਾਰ ਨੇ ਇਹ ਦੁਨੀਆ ਰਚੀ ਹੋਈ ਹੈ, ਉਹ ਇਹਨਾਂ ਅੱਖਾਂ ਨਾਲ ਮਨੁੱਖ ਨੂੰ ਦਿੱਸਦਾ ਨਹੀਂ। ਦਿੱਸਦਾ ਹੈ ਇਹ ਜਗਤ, ਦਿੱਸਦਾ ਹੈ ਇਹ ਘਰ-ਘਾਟ; ਇਹ ਧਨ ਪਦਾਰਥ। ਸੋ, ਕੁਦਰਤੀ ਤੌਰ ਤੇ ਇਸੇ ਨਾਲ ਹੀ ਮਨੁੱਖ ਦਾ ਪਿਆਰ ਬਣ ਸਕਦਾ ਹੈ ਤੇ ਬਣਦਾ ਰਹਿੰਦਾ ਹੈ। ਇਸ ਦਿੱਸਦੇ ਦੇ ਨਾਲ ਹੀ ਮਨੁੱਖ ਇਕ-ਮਿਕ ਹੋਈ ਜਾਂਦਾ ਹੈ। ਹੋਰ ਕਰ ਭੀ ਕੀਹ ਸਕਦਾ ਹੈ? ਜਦੋਂ ਕਦੇ ਆਪਣੇ ਕਿਸੇ ਅੱਤ ਪਿਆਰੇ ਨੂੰ ਮੌਤ ਖੋਹ ਲੈ ਜਾਂਦੀ ਹੈ, ਜਦੋਂ ਕਦੇ ਦਿਨ ਰਾਤ ਦੀ ਮਿਹਨਤ ਨਾਲ ਜੋੜਿਆ ਹੋਇਆ ਧਨ ਕਿਸੇ ਕਾਰਨ ਖੁੱਸ ਜਾਂਦਾ ਹੈ, ਤਦੋਂ ਠੇਡਾ ਤਾਂ ਤਕੜਾ ਵੱਜਦਾ ਹੈ, ਪਰ ਫਿਰ ਉਸੇ ਦੌੜ-ਭੱਜ ਵਿਚ ਰੁੱਝ ਜਾਂਦਾ ਹੈ। ਹੋਰ ਕਰੇ ਭੀ ਕੀਹ? ਦਿੱਸਦਾ ਜੁ ਇਹੋ ਕੁਝ ਹੋਇਆ। ਅਣ-ਦਿੱਸਦਾ ਇਸ ਦੇ ਮਨ ਤੋਂ ਕਿਤੇ ਦੂਰ ਹੀ ਟਿਕਿਆ ਰਹਿੰਦਾ ਹੈ। ਅਣਦਿੱਸਦੇ ਨਾਲੋਂ ਵਿਥ ਦਿਨੋ ਦਿਨ ਵਧਦੀ ਜਾਂਦੀ ਹੈ।

ਜੀਵਨ ਦਾ ਸਹਾਰਾ

ਵੇਖੋ ਪਸ਼ੂ ਪੰਛੀਆਂ ਵੱਲ! ਧਰਤੀ ਉਤੇ ਉੱਗਾ ਹੋਇਆ ਘਾਹ-ਬੂਟ ਬਥੇਰਾ ਹੈ, ਇਹਨਾਂ ਦੇ ਸਰੀਰ ਦੀ ਪਾਲਣਾ ਵਾਸਤੇ। ਇਹ ਮਨੁੱਖ ਹੀ ਹੈ ਜਿਸ ਨੂੰ ਆਪਣੇ ਸਰੀਰ ਦੀ ਪਰਵਰਿਸ਼ ਵਾਸਤੇ ਅੰਨ ਧਨ ਪੈਦਾ ਕਰਨ ਲਈ ਦਿਨ ਰਾਤ ਮਿਹਨਤ ਕਰਨੀ ਪੈਂਦੀ ਹੈ। ਹਰ ਵੇਲੇ ਸਿਰਫ਼ ਸਰੀਰ ਨਾਲ ਵਾਹ ਪੈਣ ਕਰ ਕੇ ਮਨੁੱਖ ਨੂੰ ਸਿਰਫ਼ ਸਰੀਰ ਹੀ ਆਪਣਾ ਆਪਾ ਜਾਪਦਾ ਹੈ, ਇਸੇ ਨੂੰ ਪਾਲਦੇ ਰਹਿਣਾ ਹੀ ਇਸ ਦੀ ਜ਼ਿੰਦਗੀ ਦਾ ਨਿਸ਼ਾਨਾ ਬਣਿਆ ਰਹਿੰਦਾ ਹੈ।

ਮਨੁੱਖ ਨਿੱਤ ਇਹ ਭੀ ਵੇਖਦਾ ਹੈ ਕਿ ਅੰਨ ਧਨ ਦੀ ਘਾਟ ਦੇ ਕਾਰਨ ਅਨੇਕਾਂ ਬੰਦੇ ਰੁਲ ਰੁਲ ਕੇ ਮਰ ਜਾਂਦੇ ਹਨ। ਸੋ, ਅੰਨ ਧਨ ਹੀ ਮਨੁੱਖ ਦੇ ਜੀਵਨ ਦਾ ਸਹਾਰਾ ਬਣ ਜਾਂਦਾ ਹੈ।

ਇਸ ਤੋਂ ਉਕਾਈਆਂ

ਮੇਰ ਤੇਰ, ਆਪਣੇ ਪਰਾਏ ਦੀ ਸੂਝ- ਇਹੋ ਜਿਹੇ ਸੰਸਕਾਰ ਤਾਂ ਛੋਟੀ ਉਮਰ ਤੋਂ ਹੀ ਜੀਵ ਦੇ ਮਨ ਵਿਚ ਵਧਣੇ ਸ਼ੁਰੂ ਹੋ ਜਾਂਦੇ ਹਨ। ਇਸ ਦਾ ਅਸਰ ਪੈਣ ਲੱਗ ਪੈਂਦਾ ਹੈ, ਅੰਨ ਧਨ ਦੀ ਕਮਾਈ ਉਤੇ। ਕਿਨ੍ਹਾਂ ਤਰੀਕਿਆਂ ਨਾਲ ਕਮਾਇਆ ਜਾਏ- ਇਹ ਗੱਲ ਸੋਚਣ ਦੀ ਲੋੜ ਹੀ ਨਹੀਂ ਜਾਪਦੀ। ਜਿਤਨਾ ਵਧੀਕ ਕਮਾਉ, ਉਤਨਾ ਹੀ ਵਧੀਕ ਕਾਮਯਾਬ ਮਨੁੱਖ ਦਾ ਜੀਵਨ। ਸੋ, ਕੀਹ ਹੁੰਦਾ ਹੈ? ਕੀਹ ਹੋ ਰਿਹਾ ਹੈ? ਪਰਾਇਆ ਹੱਕ ਖੋਹ ਸਕਣਾ- ਇਹ ਮਨੁੱਖ ਦੀ ਸਿਆਣਪ ਤੇ ਅਕਲਮੰਦੀ ਸਮਝੀ ਜਾਣ ਲੱਗ ਪਈ ਤੇ ਸਮਝੀ ਜਾ ਰਹੀ ਹੈ।

ਪਰਾਏ ਹੱਕ ਤੋਂ ਅਨੇਕਾਂ ਮਾਨਸਿਕ ਰੋਗ

ਜਦੋਂ ਧਨ ਕਮਾਣਾ ਹੀ ਜੀਵਨ ਦਾ ਨਿਸ਼ਾਨਾ ਬਣ ਜਾਏ; ਜਦੋਂ ਮਨੁੱਖ ਜਿਤਨਾ ਹੀ ਧਨਾਢ ਉਤਨਾ ਹੀ ਕਾਮਯਾਬ ਸਮਝਿਆ ਜਾਣ ਲੱਗ ਪਏ; ਤਦੋਂ ਕੁਦਰਤੀ ਤੌਰ ਤੇ ਇਹ ਨਤੀਜਾ ਨਿਕਲਦਾ ਹੈ ਕਿ ਧਨ ਕਮਾਣ ਦੇ ਕੋਝੇ ਢੰਗ ਮਨੁੱਖ ਦੇ ਮਨ ਉੱਤੇ ਆਪਣਾ ਜ਼ੋਰ ਪਾ ਲੈਂਦੇ ਹਨ। ਮਨੁੱਖ ਅਨਪੜ੍ਹ ਹੋਣ ਚਾਹੇ ਪੜ੍ਹੇ ਹੋਏ, ਮਾਇਆ ਜੋੜਨ ਦਾ ਗ਼ਲਤ ਰਸਤਾ ਕਿਸੇ ਦਾ ਲਿਹਾਜ਼ ਨਹੀਂ ਕਰਦਾ। ਜੇ ਅਨਪੜ੍ਹਾਂ ਵਿਚ ਡਾਕੇ ਠੱਗੀ ਖੋਹਾ-ਖੋਹੀ ਆਦਿਕ ਤਰੀਕੇ ਚੱਲ ਪੈਂਦੇ ਹਨ, ਤਾਂ ਪੜ੍ਹੇ ਹੋਏ ਬੰਦੇ ਰਿਸ਼ਵਤ ਆਦਿਕ ਦਾ ਸ਼ਿਕਾਰ ਹੋ ਜਾਂਦੇ ਹਨ।

ਜਗਤ ਵਿਚ ਕੀਹ ਵੇਖ ਰਹੇ ਹਾਂ? ਗੁਆਂਢੀ ਦੀ ਤਰੱਕੀ ਵੇਖ ਕੇ ਸਾੜਾ, ਗੁਆਂਢੀ ਨੂੰ ਨੁਕਸਾਨ ਅਪੜਾਣ ਲਈ ਉਸ ਦੀ ਨਿੰਦਾ-ਚੁਗ਼ਲੀ, ਲਾਲਚ ਦਾ ਹੜ੍ਹ, ਵੈਰ-ਵਿਰੋਧ, ਕ੍ਰੋਧ ਤੇ ਨਫ਼ਰਤ, ਪਰਾਇਆ ਰੂਪ ਤੱਕ ਕੇ ਉਸ ਵੱਲ ਭੈੜੀ ਨਿਗਾਹ, 'ਮੈਂ ਵੱਡਾ ਹਾਂ, ਮੈਂ ਸਿਆਣਾ ਹਾਂ, ਦੁਨੀਆ ਸਭ ਤੋਂ ਵਧੀਕ ਮੇਰਾ ਆਦਰ-ਮਾਣ ਕਰੇ'- ਇਹੋ ਜਿਹਾ ਅਫਰੇਵਾਂ ਤੇ ਅਹੰਕਾਰ। ਗੱਲ ਕੀਹ, ਚੁਫੇਰੇ ਵਿਕਾਰਾਂ ਦੇ ਭਾਂਬੜ ਬਲ ਰਹੇ ਹਨ। ਕੋਈ ਘਰ ਵੇਖੋ, ਕੋਈ ਪਿੰਡ ਵੇਖੋ, ਕੋਈ ਸ਼ਹਿਰ ਵੇਖੋ, ਘਰ ਘਰ ਇਹੀ ਅੱਗ ਹੈ, ਹਰੇਕ ਹਿਰਦਾ ਅਨੇਕਾਂ ਰੋਗਾਂ ਨਾਲ ਤਪਿਆ ਪਿਆ ਹੈ?

ਇਸ ਸੜਨ ਤੋਂ ਕੌਣ ਬਚਾਂਦਾ ਹੈ

ਇਸ ਸੜਨ ਤੋਂ ਉਹੀ ਬਚਾ ਸਕਦਾ ਹੈ ਜੋ ਆਪ ਇਸ ਸੜਨ ਤੋਂ ਬਚਿਆ ਹੋਇਆ ਹੈ; ਉਹੀ ਬਚਾ ਸਕਦਾ ਹੈ ਜੋ ਆਪ ਦੁਨੀਆ ਦੀ ਕਿਰਤਕਾਰ ਕਰਦਾ ਹੋਇਆ ਭੀ ਸੁਚੱਜਾ ਕਮਾਊ ਹੈ; ਉਹੀ ਬਚਾ ਸਕਦਾ ਹੈ ਜੋ ਆਪ ਗ੍ਰਿਹਸਤੀ ਹੁੰਦਾ ਹੋਇਆ ਭੀ ਸੁਚੱਜਾ ਗ੍ਰਿਹਸਤੀ ਹੈ। ਡੁੱਬ ਰਹੇ ਨੇ ਡੁੱਬਦਿਆਂ ਨੂੰ ਕੀਹ ਬਚਾਣਾ ਹੋਇਆ? ਤੇ, ਦੁਨੀਆਦਾਰਾਂ ਤੋਂ ਅਟੰਕ ਨਿਵੇਕਲਾ ਕਿਸੇ ਜੰਗਲ ਦੇ ਗੋਸ਼ੇ ਵਿਚ, ਕਿਸੇ ਪਹਾੜ ਦੀ ਗੁਫ਼ਾ ਵਿਚ, ਬੈਠਾ ਭੀ ਕੀਹ ਜਾਣੇ ਦੁਨੀਆਦਾਰਾਂ ਦੀਆਂ ਮਾਨਸਕ ਔਕੜਾਂ ਨੂੰ? ਜੇ ਦੁਨੀਆ ਦੇ ਸਾਰੇ ਹੀ ਲੋਕ ਕਿਰਤ-ਕਾਰ ਛੱਡ ਕੇ ਨਿਵੇਕਲੇ ਹੋ ਬੈਠਣ ਤਾਂ ਰੋਟੀਆਂ ਰੁੱਖਾਂ ਨੂੰ ਤਾਂ ਲੱਗ ਨਹੀਂ ਜਾਣੀਆਂ, ਤੇ ਰੋਟੀ ਤੋਂ ਬਿਨਾ ਢਿੱਡ ਦਾ ਝੁਲਕਾ ਸ਼ਾਂਤ ਨਹੀਂ ਹੋ ਸਕਦਾ।

ਸੋ, ਕੌਣ ਹੈ ਉਹ ਬਚਾਣ ਵਾਲਾ? ਗੁਰਸਿੱਖਾਂ ਵਾਲੀ ਬੋਲੀ ਵਿਚ ਅਸੀਂ ਉਸ ਨੂੰ 'ਗੁਰੂ' ਆਖਦੇ ਹਾਂ ਜੋ ਗ੍ਰਿਹਸਤੀ ਹੁੰਦਾ ਹੋਇਆ ਗ੍ਰਿਹਸਤੀਆਂ ਦੀਆਂ ਔਕੜਾਂ ਜਾਣਦਾ ਹੋਇਆ ਸੁਚੱਜਾ ਜੀਵਨ-ਰਾਹ ਦੱਸਦਾ ਹੈ।

ਸਿੱਧੀ-ਪੱਧਰੀ ਗੱਲ

ਵਗਦੇ ਦਰਿਆ ਦਾ ਕੁਝ ਪਾਣੀ ਹੜ੍ਹਾਂ ਦੇ ਦਿਨਾਂ ਵਿਚ ਉਛਲ ਕੇ ਕੰਢਿਆਂ ਤੋਂ ਲਾਂਭੇ ਕਿਸੇ ਛੱਪੜ ਟੋਏ ਵਿਚ ਜਾ ਪਏ, ਦਰਿਆ ਨਾਲੋਂ ਉਸ ਦਾ ਸੰਬੰਧ ਟੁੱਟ ਜਾਏ, ਤਾਂ ਦਿਨ ਪਾ ਕੇ ਉਸ ਵਿਚ ਕੀੜੇ ਪੈ ਜਾਂਦੇ ਹਨ, ਉਸ ਦਾ ਰੰਗ ਖ਼ਰਾਬ ਹੋ ਜਾਂਦਾ ਹੈ, ਉਸ ਵਿਚ ਬੋ ਪੈ ਜਾਂਦੀ ਹੈ।

ਸਿਰਜਣਹਾਰ ਕਰਤਾਰ ਜ਼ਿੰਦਗੀ ਦਾ ਦਰਿਆ ਹੈ, ਸਾਰੇ ਜੀਵ ਉਸ ਦਰਿਆ ਦੀਆਂ ਲਹਿਰਾਂ ਹਨ। ਜਿਤਨਾ ਚਿਰ ਇਹ ਲਹਿਰਾਂ ਦਰਿਆ ਦੇ ਅੰਦਰ ਹਨ, ਇਹਨਾਂ ਦੀ ਜ਼ਿੰਦਗੀ ਦਾ ਪਾਣੀ ਸੁਅੱਛ ਹੈ। ਜਦੋਂ ਨਿਰੀ ਮਾਇਆ ਕਮਾਣ ਦੇ ਟੋਏ ਵਿਚ ਪੈ ਕੇ ਇਹ ਜੀਵ-ਲਹਿਰਾਂ ਦਰਿਆ-ਪ੍ਰਭੂ ਨਾਲੋਂ ਵੱਖ ਹੋ ਜਾਂਦੀਆਂ ਹਨ, ਤਾਂ ਇਹਨਾਂ ਵਿਚ ਅਨੇਕਾਂ ਹੀ ਆਤਮਕ ਮਾਨਸਕ ਰੋਗਾਂ ਦੀ ਬੋ ਪੈਦਾ ਹੋ ਜਾਂਦੀ ਹੈ।

ਬੱਸ! ਇਹੀ ਹੈ ਭੇਤ ਜੋ 'ਗੁਰੂ' ਆ ਕੇ ਵਿਲਕ ਰਹੇ ਬੰਦਿਆਂ ਨੂੰ, ਤ੍ਰਿਸ਼ਨਾ-ਅੱਗ ਵਿਚ ਸੜ ਰਹੇ ਬੰਦਿਆਂ ਨੂੰ, ਸਮਝਾਂਦਾ ਹੈ।

ਇੱਕੋ ਹੀ ਮੁੱਢਲਾ ਰੋਗ, ਇੱਕੋ ਹੀ ਦਵਾਈ

ਆਪਣੇ ਅਤੇ ਆਪਣੇ ਪਰਵਾਰ ਦੇ ਸਰੀਰਕ ਨਿਰਬਾਹ ਦੀ ਖ਼ਾਤਰ ਧਨ-ਪਦਾਰਥ ਕਮਾਂਦਾ ਕਮਾਂਦਾ ਮਨੁੱਖ ਧਨ-ਪਦਾਰਥ ਨੂੰ ਹੀ ਆਪਣੀ ਜ਼ਿੰਦਗੀ ਦਾ ਸਹਾਰਾ ਸਮਝ ਲੈਂਦਾ ਹੈ। ਇਹ ਜਿੰਦ ਹੈ ਤਾਂ ਪਰਮਾਤਮਾ ਦੀ ਅੰਸ਼, ਪਰ ਜਿਵੇਂ ਜਗਤ ਦੀ ਮਾਇਆ ਪਰਤੱਖ ਦਿੱਸਦੀ ਹੈ ਉਹ ਪਰਮਾਤਮਾ ਇਹਨਾਂ ਅੱਖਾਂ ਨਾਲ ਨਹੀਂ ਦਿੱਸਦਾ। ਮਨੁੱਖ ਨੂੰ ਉਸ ਦੀ ਹਸਤੀ ਦਾ ਯਕੀਨ ਕਿਵੇਂ ਆਵੇ? ਉਸ ਵੱਲ ਪਰਤੇ ਕਿਵੇਂ? ਸੋ ਜੀਵ-ਆਤਮਾ ਤੇ ਪਰਮਾਤਮਾ ਦੇ ਵਿਚਕਾਰ ਮਾਇਆ ਦੇ ਮੋਹ ਦੀ ਵਿੱਥ ਪੈ ਜਾਂਦੀ ਹੈ, ਇਕ ਕੰਧ ਜਿਹੀ ਬਣ ਜਾਂਦੀ ਹੈ। ਇਹ ਵਿੱਥ, ਇਹ ਕੰਧ ਜਿਹੀ ਹੀ, ਅਸਲ ਮੁਢਲਾ ਰੋਗ ਹੈ। ਇਸ ਮੁੱਢਲੇ ਰੋਗ ਤੋਂ ਅਨੇਕਾਂ ਮਾਨਸਕ ਰੋਗ ਪੈਦਾ ਹੋ ਕੇ ਜਗਤ ਨੂੰ ਨਰਕ ਬਣਾ ਰਹੇ ਹਨ। ਇਸ ਦਾ ਇਲਾਜ? ਇਸ ਦਾ ਇਲਾਜ ਇਹ ਹੈ ਕਿ ਸਿਰਜਣਹਾਰ ਕਰਤਾਰ ਨਾਲ ਮੇਲ ਬਣਾਇਆ ਜਾਏ। ਜਿਸ ਨੂੰ ਮੁੜ ਮੁੜ ਯਾਦ ਕਰਦੇ ਰਹੀਏ, ਉਸ ਨਾਲ ਪਿਆਰ ਬਣ ਜਾਂਦਾ ਹੈ। ਜਿਸ ਨਾਲ ਡੂੰਘਾ ਪਿਆਰ ਪੈ ਜਾਂਦਾ ਹੈ ਉਸ ਨਾਲ ਸੁਭਾਉ ਮਿਲ ਜਾਂਦਾ ਹੈ, ਉਸ ਨਾਲ ਇੱਕ-ਰੂਪ ਹੋ ਜਾਈਦਾ ਹੈ, ਉਸ ਦਾ ਕੀਤਾ ਹਰੇਕ ਕੰਮ ਚੰਗਾ ਲੱਗਦਾ ਹੈ। ਜਿਉਂ ਜਿਉਂ ਜਿੰਦ ਦੇ ਸੋਮੇ ਸਿਰਜਣਹਾਰ ਨਾਲ ਮੇਲ-ਜੋਲ ਬਣਦਾ ਹੈ, ਉਹੀ ਜਿੰਦ ਦਾ ਸਹਾਰਾ ਬਣਦਾ ਜਾਂਦਾ ਹੈ। ਇਹ ਸਮਝ ਆਉਣ ਲੱਗ ਪੈਂਦੀ ਹੈ ਕਿ ਧਨ-ਪਦਾਰਥ ਸਿਰਫ਼ ਚੰਦ ਰੋਜ਼ਾ ਸਰੀਰਕ ਨਿਰਬਾਹ ਵਾਸਤੇ ਕਮਾਣਾ ਹੈ, ਇਹ ਸਾਡਾ ਸਦਾ ਦਾ ਸਾਥੀ ਨਹੀਂ ਹੈ। ਫਿਰ, ਜੋ ਸਦਾ ਦਾ ਸਾਥੀ ਨਹੀਂ ਉਸ ਦੀ ਖ਼ਾਤਰ ਠੱਗੀ-ਫ਼ਰੇਬ, ਨਿੰਦਾ-ਈਰਖਾ, ਵੈਰ-ਵਿਰੋਧ ਸਹੇੜ ਕੇ ਇਸ ਚੰਦ-ਰੋਜ਼ਾ ਜੀਵਨ ਨੂੰ ਨਰਕ ਕਿਉਂ ਬਣਾਇਆ ਜਾਏ?

ਕਰਮ ਅਤੇ ਉਹਨਾਂ ਦਾ ਪ੍ਰਭਾਵ

ਕੋਈ ਪੇਂਡੂ ਛੋਟਾ ਬਾਲ ਆਪਣੀ ਮਾਂ ਨਾਲ ਸ਼ਹਿਰ ਵਿਚ ਆਵੇ ਜਿੱਥੇ ਹਰ ਵੇਲੇ ਅੱਗੇ ਪਿੱਛੇ ਛਾਬੜੀਆਂ ਵਾਲੇ ਮਿਠਿਆਈ ਆਦਿਕ ਵੇਚਦੇ ਹੋਣ। ਉਸ ਛੋਟੇ ਬਾਲ ਨੂੰ ਕੋਈ ਖਿੱਚ ਨਹੀਂ ਪੈਂਦੀ ਕਿ ਆਪਣੀ ਮਾਂ ਦੇ ਖਹਿੜੇ ਪਏ ਉਹ ਮਿਠਿਆਈ ਆਦਿਕ ਲੈ ਦੇਣ ਵਾਸਤੇ। ਕਿਉਂ? ਉਸ ਨੇ ਨਾਹ ਕਦੇ ਮਿਠਿਆਈ ਵੇਖੀ ਨਾਹ ਖਾਧੀ। ਉਸ ਨੂੰ ਆਪਣੇ ਅੰਦਰੋਂ ਪ੍ਰੇਰਨਾ ਕਿਵੇਂ ਉੱਠੇ? ਪਰ ਜੇ ਮਾਂ ਕਿਸੇ ਇਕ ਛਾਬੜੀ ਵਾਲੇ ਪਾਸੋਂ ਕੁਝ ਲੈ ਕੇ ਬਾਲ ਨੂੰ ਖਵਾ ਦੇਵੇ, ਫਿਰ ਵੇਖੋ ਉਸ ਬੱਚੇ ਦਾ ਹਾਲ। ਜਿਉਂ ਜਿਉਂ ਕੋਈ ਛਾਬੜੀ ਵਾਲਾ ਆਵੇਗਾ, ਬੱਚਾ ਮਾਂ ਦੇ ਖਹਿੜੇ ਪਏਗਾ ਕਿ ਮੈਨੂੰ ਅਹਿ ਚੀਜ਼ ਲੈ ਦੇ ਅਹੁ ਸ਼ੈ ਲੈ ਦੇ। ਇਹ ਫ਼ਰਕ ਕਿਉਂ? ਬਾਲ ਦੀ ਜੀਭ ਨੇ ਮਿਠਿਆਈ ਦਾ ਸੁਆਦ ਚੱਖ ਲਿਆ ਹੈ, ਉਸ ਦੇ ਮਨ ਵਿਚ ਉਹ ਸੁਆਦ ਟਿਕ ਗਿਆ ਹੈ। ਛਾਬੜੀ ਵੇਖਦਿਆਂ ਹੀ ਮਨ ਵਿਚ ਟਿਕੇ ਉਹ ਸੰਸਕਾਰ ਜਾਗ ਪੈਂਦੇ ਹਨ, ਤੇ ਬੱਚੇ ਨੂੰ ਪ੍ਰੇਰਦੇ ਹਨ ਹੋਰ ਮਿਠਿਆਈ ਖਾਣ ਲਈ।

ਜਿਹੜਾ ਭੀ ਕਰਮ ਮਨੁੱਖ ਕਰਦਾ ਹੈ ਉਸ ਦੇ ਸੰਸਕਾਰ ਉਸ ਦੇ ਅੰਦਰ ਟਿਕ ਜਾਂਦੇ ਹਨ, ਉਸ ਦੇ ਮਨ ਦਾ ਹਿੱਸਾ ਬਣ ਜਾਂਦੇ ਹਨ। ਮਨ ਕੀਹ ਹੈ? ਮਨੁੱਖ ਦੇ ਚੰਗੇ ਮੰਦੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ, ਕੀਤੇ ਕਰਮਾਂ ਦੇ ਲੁਕਵੇਂ ਚਿੱਤਰ ਗੁਪਤ ਚਿੱਤਰ। ਇਹ ਗੁਪਤ ਚਿੱਤਰ, ਚਿੱਤਰ ਗੁਪਤ, ਇਕ ਤਾਂ ਮਨੁੱਖ ਦੇ ਹੁਣ ਤਕ ਦੇ ਕੀਤੇ ਹੋਏ ਕਰਮਾਂ ਦੇ ਗਵਾਹ ਹਨ, ਦੂਜੇ ਉਹੋ ਜਿਹੇ ਹੀ ਹੋਰ ਕਰਮ ਕਰਨ ਲਈ ਸਦਾ ਪ੍ਰੇਰਦੇ ਰਹਿੰਦੇ ਹਨ।

ਜਦ ਤੋਂ ਦੁਨੀਆ ਬਣੀ ਹੈ ਜਦ ਤਕ ਬਣੀ ਰਹੇਗੀ, ਮਨੁੱਖ ਦੀ ਮਾਨਸਕ ਬਣਤਰ ਬਾਰੇ ਕੁਦਰਤਿ ਦਾ ਇਹ ਨਿਯਮ ਅਟੱਲ ਤੁਰਿਆ ਆ ਰਿਹਾ ਹੈ, ਅਟੱਲ ਤੁਰਿਆ ਰਹੇਗਾ। ਪਰ ਹਾਂ, ਮਨੁੱਖ ਦੀ ਇਹ ਮਾਨਸਕ ਬਣਤਰ ਖ਼ਾਸ ਨਿਯਮਾਂ ਅਨੁਸਾਰ ਬਦਲ ਭੀ ਸਕਦੀ ਹੈ ਤੇ ਬਦਲਦੀ ਰਹਿੰਦੀ ਹੈ। ਚੰਗੇ ਤੇ ਮੰਦੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਮਨੁੱਖ ਦੇ ਮਨ ਵਿਚ ਸਦਾ ਘੋਲ ਹੁੰਦਾ ਰਹਿੰਦਾ ਹੈ। ਤਕੜਾ ਧੜਾ ਮਾੜੇ ਧੜੇ ਨੂੰ ਹੋਰ ਮਾੜਾ ਕਰਨ ਦਾ ਜਤਨ ਸਦਾ ਕਰਦਾ ਰਹਿੰਦਾ ਹੈ। ਦੁਨੀਆ ਦੇ ਕਿਰਤ ਕਾਰ ਵਿਚ ਮਨੁੱਖ ਨੂੰ ਜਿਹੋ ਜਿਹੇ ਕਰਮਾਂ ਨਾਲ ਵਾਹ ਪੈਂਦਾ ਹੈ ਉਸ ਦੇ ਅੰਦਰਲੇ ਉਹੋ ਜਿਹੇ ਸੰਸਕਾਰ ਜਾਗ ਕੇ ਬਾਹਰਲੀ ਪ੍ਰੇਰਨਾ ਨਾਲ ਤਕੜੇ ਹੋ ਕੇ ਦੂਜੇ ਧੜੇ ਦੇ ਸੰਸਕਾਰਾਂ ਨੂੰ ਨੱਪ ਲੈਂਦੇ ਹਨ।

ਗੁਰੂ ਆਪਣੀ ਬਾਣੀ ਦੀ ਰਾਹੀਂ ਮਨੁੱਖ ਨੂੰ ਪਰਮਾਤਮਾ ਦੇ ਗੁਣ ਗਾਣ ਵਿਚ ਜੋੜਦਾ ਹੈ, ਸਿਫ਼ਤਿ-ਸਾਲਾਹ ਵਿਚ ਟਿਕਾਂਦਾ ਹੈ। ਇਸ ਸਿਫ਼ਤਿ-ਸਾਲਾਹ ਨੂੰ ਧਿਆਨ ਨਾਲ ਸੁਣਨਾ ਹੀ ਪਰਮਾਤਮਾ ਵਿਚ ਸਮਾਧੀ ਲਾਣੀ ਹੈ। ਜਿਉਂ ਜਿਉਂ ਮਨੁੱਖ ਗੁਰੂ ਦੀ ਬਾਣੀ ਦੀ ਰਾਹੀਂ ਸਿਰਜਣਹਾਰ ਕਰਤਾਰ ਵਿਚ ਜੁੜਦਾ ਹੈ, ਤਿਉਂ ਤਿਉਂ ਮਨੁੱਖ ਦੇ ਅੰਦਰ ਭਲੇ ਸੰਸਕਾਰ ਜਾਗ ਕੇ ਤਕੜੇ ਹੁੰਦੇ ਹਨ ਤੇ ਮੰਦੇ ਸੰਸਕਾਰ ਕਮਜ਼ੋਰ ਹੋ ਕੇ ਮਿਟਣੇ ਸ਼ੁਰੂ ਹੋ ਜਾਂਦੇ ਹਨ। ਇਸੇ ਦਾ ਨਾਮ ਹੈ 'ਮਨ ਨੂੰ ਮਾਰਨਾ,' 'ਆਪਾ-ਭਾਵ ਮਿਟਾਣਾ', 'ਗੁਰੂ ਦੀ ਸਰਨ ਪੈਣਾ'।

ਗੁਰੂ ਮਿਲਦਾ ਹੈ ਪ੍ਰਭੂ ਦੀ ਮਿਹਰ ਨਾਲ

ਮਨੁੱਖ ਦੇ ਆਪਣੇ ਵੱਸ ਦੀ ਗੱਲ ਨਹੀਂ ਕਿ ਆਪਣੇ ਆਪ ਨੂੰ ਸਹੀ ਜੀਵਨ-ਰਸਤੇ ਉਤੇ ਤੋਰ ਸਕੇ। ਆਪ ਤਾਂ ਇਹ ਆਪਣੇ ਸਰੀਰ ਨਾਲ, ਧਨ-ਪਦਾਰਥ ਨਾਲ, ਮਾਇਆ ਦੇ ਮੋਹ ਨਾਲ ਇਕ-ਮਿਕ ਹੋਇਆ ਰਹਿੰਦਾ ਹੈ, ਮਨ ਦੇ ਮਾਇਕ ਸੰਸਕਾਰਾਂ ਦੇ ਹੇਠ ਨੱਪਿਆ ਰਹਿੰਦਾ ਹੈ। ਤੇ ਉਹ ਸੰਸਕਾਰ ਇਸ ਨੂੰ ਸਦਾ ਮਿੱਠੇ ਲੱਗਣੇ ਹੋਏ। ਮਾਇਆ ਹੋਈ ਹੀ ਮਿੱਠੀ ਗੁੜ ਵਰਗੀ। ਆਪਣੇ ਇਸ ਮਿੱਠੇ ਆਪੇ ਨੂੰ ਇਹ ਕਿਵੇਂ ਮਾਰੇ? ਮਾਰਨ ਦਾ ਖ਼ਿਆਲ ਹੀ ਕਿਵੇਂ ਆਵੇ?

ਸੋ, ਪ੍ਰਭੂ ਮਿਹਰ ਕਰਦਾ ਹੈ, ਜੀਵ ਨੂੰ ਗੁਰੂ ਮਿਲਾਂਦਾ ਹੈ। ਜਿਸ ਦੇ ਭਾਗ ਜਾਗਦੇ ਹਨ, ਉਹ ਮਾਇਆ ਦੇ ਮੋਹ ਦੀ ਨੀਂਦ ਵਿਚੋਂ ਸੁਚੇਤ ਹੁੰਦਾ ਹੈ। ਉਸ ਨੂੰ ਸਮਝ ਆਉਂਦੀ ਹੈ ਕਿ ਇਸ ਚੰਦ-ਰੋਜ਼ਾ ਜੀਵਨ ਦੀ ਖ਼ਾਤਰ ਗ਼ਲਤ ਤਰੀਕਿਆਂ ਨਾਲ ਧਨ-ਪਦਾਰਥ ਨਹੀਂ ਕਮਾਣਾ, ਇਹ ਧਨ-ਪਦਾਰਥ ਸਦਾ-ਦਾ-ਸਾਥੀ ਨਹੀਂ ਹੈ। ਅਸਲ ਸਾਥੀ ਹੈ ਸਿਰਜਣਹਾਰ, ਜੋ ਮੇਰੇ ਅੰਦਰ ਵੱਸ ਰਿਹਾ ਹੈ, ਜੋ ਸਭਨਾਂ ਵਿਚ ਵੱਸ ਰਿਹਾ ਹੈ; ਜੋ ਜਗਤ ਦੇ ਜ਼ੱਰੇ ਜ਼ੱਰੇ ਵਿਚ ਵੱਸ ਰਿਹਾ ਹੈ। ਬੱਸ! ਜਿਉਂ ਜਿਉਂ ਪ੍ਰਭੂ ਦੀ ਯਾਦ ਵਿਚ ਚੁੱਭੀ ਲਾਂਦਾ ਹੈ, ਮਨੁੱਖ ਦਾ ਜੀਵਨ ਪਲਟਦਾ ਜਾਂਦਾ ਹੈ, ਮਨੁੱਖ ਦੀ ਕਿਰਤ-ਕਾਰ ਸੁਚੱਜੀ ਹੁੰਦੀ ਜਾਂਦੀ ਹੈ?

ਗੁਰੂ ਕੌਣ ਹੈ

ਸਰੀਰਕ ਤੌਰ ਤੇ ਸਦਾ ਇਥੇ ਕਿਸੇ ਨੇ ਟਿਕੇ ਨਹੀਂ ਰਹਿਣਾ। ਕੁਦਰਤ ਦੇ ਨਿਯਮਾਂ ਅਨੁਸਾਰ ਜਗਤ ਰਚਨਾ ਦੇ ਸਮੇਂ ਤੋਂ ਹੀ ਮਨੁੱਖ ਦੀ ਮਾਨਸਕ ਬਣਤਰ ਦੇ ਨਿਯਮ ਅਟੱਲ ਤੁਰੇ ਆ ਰਹੇ ਹਨ। ਇਹ ਨਿਯਮ ਸਦਾ ਲਈ ਅਟੱਲ ਤੁਰਿਆ ਆ ਰਿਹਾ ਹੈ ਕਿ ਜ਼ਿੰਦਗੀ ਦੇ ਦਰਿਆ ਪਰਮਾਤਮਾ ਵਿਚ ਜੁੜੇ ਰਿਹਾਂ ਹੀ ਸੁੱਚਾ ਜੀਵਨ ਹਾਸਲ ਹੋ ਸਕਦਾ ਹੈ। ਗੁਰੂ ਨੇ ਇਹ ਸਾਰੇ ਨਿਯਮ ਆਪਣੀ ਬਾਣੀ ਵਿਚ ਸਮਝਾ ਦਿੱਤੇ ਹਨ। ਸੋ, ਇਹ ਬਾਣੀ ਸਦਾ ਲਈ ਮਨੁੱਖ ਦੇ ਸਹੀ ਜੀਵਨ ਦੀ ਅਗਵਾਈ ਕਰਦੀ ਰਹੀ ਹੈ, ਕਰਦੀ ਰਹੇਗੀ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਨੂੰ ਧਿਆਨ ਨਾਲ ਪੜ੍ਹ ਕੇ ਵੇਖੋ। ਸ਼ੁਰੂ ਤੋਂ ਲੈ ਕੇ ਅਖ਼ੀਰ ਤਕ ਇਸੇ ਖ਼ਿਆਲ ਦੀ ਹੀ ਵਿਆਖਿਆ ਹੈ ਕਿ 'ਕਿਵ ਕੂੜੈ ਤੁਟੈ ਪਾਲਿ'। ਗੁਰੂ ਬਾਣੀ ਹੈ, ਤੇ ਬਾਣੀ ਹੀ ਗੁਰੂ ਹੈ, ਸਦਾ-ਥਿਰ ਗੁਰੂ ਹੈ। ਗੁਰੂ ਦਾ ਸਰੀਰਕ ਇਤਿਹਾਸ ਮਨੁੱਖ ਦੀ ਅਗਵਾਈ ਲਈ ਪੂਰਨੇ ਹਨ। ਇਹ ਇਤਿਹਾਸ ਗੁਰਬਾਣੀ ਦੇ ਅਨੁਕੂਲ ਹੀ ਹੋ ਸਕਦਾ ਹੈ। ਸਰੀਰਕ ਜਾਮੇ ਵੇਲੇ ਗੁਰੂ ਦੀ ਕਥਨੀ ਤੇ ਕਰਣੀ ਮੁਕੰਮਲ ਤੌਰ ਤੇ ਇੱਕ-ਰੂਪ ਰਹੇ ਹਨ।

ਅਨੁਪਾਨ = ਅੰਮ੍ਰਿਤ ਵੇਲਾ ਤੇ ਸਾਧ ਸੰਗਤਿ

ਕਿਸੇ ਸਰੀਰਕ ਰੋਗ ਦਾ ਇਲਾਜ ਕਰਨ ਵਾਸਤੇ ਨਿਰੀ ਦਵਾਈ ਹੀ ਕਾਫ਼ੀ ਨਹੀਂ ਹੋਇਆ ਕਰਦੀ। ਇਹ ਧਿਆਨ ਰੱਖਣਾ ਭੀ ਜ਼ਰੂਰੀ ਹੁੰਦਾ ਹੈ ਕਿ ਦਵਾਈ ਦੁੱਧ, ਪਾਣੀ, ਚਾਹ, ਸ਼ਰਬਤ ਆਦਿਕ ਕਿਸ ਚੀਜ਼ ਨਾਲ ਖਾਣੀ ਹੈ। ਕੋਈ ਦਵਾਈ ਖ਼ਾਲੀ ਪੇਟ ਸਵੇਰੇ ਹੀ ਖਾਣੀ ਹੁੰਦੀ ਹੈ, ਕੋਈ ਰੋਟੀ ਤੋਂ ਪਿਛੋਂ, ਕੋਈ ਪਹਿਲਾਂ। ਇਸੇ ਤਰ੍ਹਾਂ ਖ਼ੁਰਾਕ ਦਾ ਭੀ ਪੂਰਾ ਧਿਆਨ ਰੱਖਣਾ ਹੁੰਦਾ ਹੈ। ਕੋਈ ਚੀਜ਼ ਖਾਣੀ ਹੁੰਦੀ ਹੈ, ਕੋਈ ਨਹੀਂ ਖਾਣੀ ਹੁੰਦੀ।

ਆਤਮਕ ਤੇ ਮਾਨਸਕ ਰੋਗਾਂ ਵਾਸਤੇ ਭੀ ਇਹੋ ਜਿਹੇ ਹੀ ਨਿਯਮ ਹਨ। ਰੋਗ ਹੈ 'ਜਗਤ ਦਾ ਮੋਹ' ਇਸ ਦੀ ਦਵਾਈ ਹੈ 'ਪ੍ਰਭੂ-ਚਰਨਾਂ ਵਿਚ ਜੁੜਨਾ'। ਸੂਰਜ ਚੜ੍ਹਦੇ ਸਾਰ ਮਨੁੱਖ ਦੀ ਸੁਰਤਿ ਜਗਤ ਦੇ ਧੰਧਿਆਂ ਵਿਚ ਖਿੰਡ ਜਾਂਦੀ ਹੈ। ਦੁਨੀਆ ਵਾਲੇ ਕੰਮ ਭੀ ਮਨ ਲਾ ਕੇ ਕੀਤਿਆਂ ਹੀ ਸਿਰੇ ਚੜ੍ਹਦੇ ਹਨ। ਤੇ, ਮਨ ਇਕੋ ਪਾਸੇ ਹੀ ਲੱਗ ਸਕਦਾ ਹੈ- ਚਾਹੇ ਪ੍ਰਭੂ ਦੀ ਯਾਦ ਵਿਚ ਜੁੜੇ, ਚਾਹੇ ਰੋਜ਼ੀ ਕਮਾਣ ਵਾਸਤੇ ਲੋੜੀਂਦੀ ਦੌੜ-ਭੱਜ ਵੱਲ ਪਰਤੇ। ਸੋ, ਸਭ ਤੋਂ ਵਧੀਆ ਗੱਲ ਇਹੀ ਹੈ ਕਿ ਦੁਨੀਆ ਦੀ ਦੌੜ-ਭੱਜ ਤੋਂ ਪਹਿਲਾਂ ਪਹਿਲਾਂ ਹੀ ਮਨੁੱਖ ਆਤਮਕ ਰੋਗਾਂ ਨੂੰ ਦੂਰ ਕਰਨ ਵਾਲੀ ਦਵਾਈ ਵਰਤ ਲਿਆ ਕਰੇ। ਗੁਰਮਤਿ ਦੀ ਬੋਲੀ ਵਿਚ ਇਉਂ ਕਹਿ ਲਵੋ ਕਿ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਆਦਿਕ ਨਾਲ ਸਰੀਰਕ ਆਲਸ ਦੂਰ ਕਰ ਕੇ ਗੁਰਬਾਣੀ ਵਿਚ ਮਨ ਜੋੜੇ, ਪ੍ਰਭੂ ਦੀ ਸਿਫ਼ਤਿ-ਸਾਲਾਹ ਵਿਚ ਟਿਕੇ।

'ਇੱਕ ਇੱਕ ਤੇ ਦੋ ਯਾਰਾਂ' ਦਾ ਅਖਾਣ ਸਾਡੀ ਬੋਲੀ ਵਿਚ ਪ੍ਰਸਿੱਧ ਹੈ। ਜਿਵੇਂ ਦੁਨਿਆਵੀ ਦੌੜ-ਭੱਜ ਵਿਚ ਇਹ 'ਗੁਰ' ਬੜਾ ਹੀ ਜ਼ਰੂਰੀ ਹੈ ਤਿਵੇਂ ਆਤਮਕ ਜੀਵਨ ਉੱਚਾ ਕਰਨ ਵਿਚ ਭੀ ਇਹ ਬੜੀ ਸਹਾਇਤਾ ਕਰਦਾ ਹੈ। ਗੁਰਸਿੱਖੀ ਦੀ ਬੋਲੀ ਵਿਚ ਇਸ ਨੂੰ ਆਖੀਦਾ ਹੈ 'ਸਾਧ ਸੰਗਤਿ'। ਸੋ, ਅੰਮ੍ਰਿਤ ਵੇਲੇ ਉੱਠ ਕੇ ਸਿੱਖ ਗੁਰਦੁਆਰੇ ਸਾਧ ਸੰਗਤਿ ਵਿਚ ਜਾਵੇ। ਉਂਞ ਤਾਂ ਜਿਤਨੇ ਹੀ ਵਧੀਕ ਸਤਸੰਗੀ ਹੋਣ, ਉਤਨਾ ਹੀ ਵਧੀਕ ਆਤਮਕ ਆਨੰਦ ਮਿਲਦਾ ਹੈ; ਪਰ ਮਿਲੇ ਮਨ ਵਾਲੇ ਜੇ ਦੋ ਜਣੇ ਭੀ ਰਲ ਕੇ ਗੁਰੂ ਦੀ ਬਾਣੀ ਗਾ ਰਹੇ ਹਨ, ਪੜ੍ਹ ਰਹੇ ਹਨ, ਤਾਂ ਉਹ 'ਸਾਧ ਸੰਗਤਿ' ਕਰ ਰਹੇ ਹਨ। ਇਹ ਸਾਧ ਸੰਗਤਿ ਇਕ ਸਕੂਲ ਹੈ ਜਿਥੋਂ ਮਨੁੱਖ ਨੇ ਉੱਚਾ ਆਤਮਕ ਜੀਵਨ ਸਿੱਖਣਾ ਹੈ।

ਅਨੁਪਾਨ = ਸਕੂਲ ਦੀ ਪੜ੍ਹਾਈ ਦਾ ਅੱਭਿਆਸ

ਸਾਧ ਸੰਗਤਿ ਵਿਚ ਅੰਮ੍ਰਿਤ ਵੇਲੇ ਜਾ ਕੇ ਮਨੁੱਖ ਨੇ ਪਰਮਾਤਮਾ ਦੇ ਚਰਨਾਂ ਵਿਚ ਜੁੜਨਾ ਹੈ; ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨੀ ਹੈ- ਇਹ ਤਾਂ ਹੈ ਦਵਾਈ ਆਤਮਕ ਰੋਗ ਨੂੰ ਦੂਰ ਕਰਨ ਲਈ। ਉਹ ਰੋਗ ਹੈ 'ਜਗਤ ਦਾ ਮੋਹ' 'ਮਾਇਆ ਦੀ ਪਕੜ'। ਇਸ ਦਵਾਈ ਦੇ ਨਾਲ ਨਾਲ ਗੁਰੂ ਦੀ ਬਾਣੀ ਦੀ ਰਾਹੀਂ ਉਸ ਅਨੁਪਾਨ ਦਾ ਭੀ ਹਰ ਰੋਜ਼ ਚੇਤਾ ਕਰਦੇ ਰਹਿਣਾ ਹੈ, ਜੋ ਇਸ ਦਵਾਈ ਦਾ ਪੂਰਾ ਅਸਰ ਹੋਣ ਵਿਚ ਮਦਦ ਕਰਨ। ਉਹ ਹਨ 'ਹੱਕ ਦੀ ਕਮਾਈ', 'ਖ਼ਲਕਤ ਦੀ ਸੇਵਾ' ਆਦਿਕ।

ਜਿਵੇਂ ਸਕੂਲ ਵਿਚੋਂ ਵਿੱਦਿਆਰਥੀ ਜਿਹੜਾ ਸਬਕ ਪੜ੍ਹ ਕੇ ਆਉਂਦਾ ਹੈ ਘਰ ਆ ਕੇ ਉਸ ਨੇ ਉਸ ਸਬਕ ਨੂੰ ਧਿਆਨ ਨਾਲ ਯਾਦ ਕਰਨਾ ਹੁੰਦਾ ਹੈ, ਤਿਵੇਂ ਸਤਸੰਗ ਵਿਚੋਂ ਸਿੱਖੇ ਸ਼ਬਦ ਦਾ ਅੱਭਿਆਸ ਮਨੁੱਖ ਨੇ ਸਾਰੇ ਦਿਨ ਦੀ ਕਿਰਤ-ਕਾਰ ਵੇਲੇ ਕਰਦੇ ਰਹਿਣਾ ਹੈ। ਜੇ ਇਹ ਅਨੁਪਾਨ ਕਿਰਤ-ਕਾਰ ਵੇਲੇ ਭੁੱਲ ਗਏ, ਤਾਂ ਸਵੇਰ ਵੇਲੇ ਵਰਤੀ ਦਵਾਈ ਕਾਟ ਨਹੀਂ ਕਰੇਗੀ, ਆਤਮਕ ਰੋਗ ਟਿਕਿਆ ਹੀ ਰਹੇਗਾ।

ਪਰਹੇਜ਼, ਸੰਜਮ

ਇਹ ਇਕ ਖੋਤੇ-ਚੜ੍ਹੀ ਗੱਲ ਹੈ ਕਿ ਜਿਹੜਾ ਮਨੁੱਖ ਮੂੰਹ ਨਹੀਂ ਰੱਖਦਾ, ਉਸ ਨੂੰ ਦਵਾਈ ਕੋਈ ਕਾਟ ਨਹੀਂ ਕਰ ਸਕਦੀ। ਪਰਹੇਜ਼ ਬਹੁਤ ਹੀ ਜ਼ਰੂਰੀ ਹੈ।

ਇਹੀ ਹਾਲ ਹੈ ਆਤਮਕ ਰੋਗਾਂ ਦਾ। ਮਨੁੱਖ ਅੰਮ੍ਰਿਤ ਵੇਲੇ ਉੱਠ ਕੇ ਸਾਧ ਸੰਗਤਿ ਵਿਚ ਜਾ ਕੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਦਵਾਈ ਵਰਤ ਆਵੇ, ਗੁਰੂ ਦੀ ਬਾਣੀ ਦਾ ਪਾਠ ਕਰ ਲਏ, ਪਰ ਜੇ ਉਹ ਸਾਰਾ ਦਿਨ ਕਿਰਤ-ਕਾਰ ਵਿਚ, ਕਾਰ-ਵਿਹਾਰ ਵਿਚ ਸੰਜਮ ਨਹੀਂ ਵਰਤਦਾ ਤਾਂ ਆਤਮਕ ਰੋਗ ਉਵੇਂ ਹੀ ਟਿਕੇ ਰਹੇ।

ਰੋਜ਼ੀ ਕਮਾਣ ਦੇ ਆਮ ਤੌਰ ਤੇ ਚਾਰ ਪੰਜ ਵਸੀਲੇ ਹੀ ਹਨ- ਵਾਹੀ, ਹੱਟੀ, ਵਪਾਰ, ਨੌਕਰੀ ਤੇ ਮਜ਼ਦੂਰੀ। ਹਰੇਕ ਮਨੁੱਖ ਚੰਗੀ ਤਰ੍ਹਾਂ ਆਪ ਹੀ ਜਾਣਦਾ ਹੈ ਕਿ ਉਹ ਆਪਣਾ ਕੰਮ ਪੂਰੀ ਈਮਾਨਦਾਰੀ ਨਾਲ ਕਰ ਰਿਹਾ ਹੈ ਜਾਂ ਨਹੀਂ। ਜੇ ਨਹੀਂ ਕਰਦਾ ਤਾਂ ਉਹ ਪਰਾਇਆ ਹੱਕ ਖਾ ਰਿਹਾ ਹੈ।

ਕਾਮ-ਵੱਸ ਹੋ ਕੇ ਪਰਾਏ ਰੂਪ ਨੂੰ ਭੈੜੀ ਨਿਯਤ ਨਾਲ ਤੱਕਣਾ, ਪਰ ਇਸਤ੍ਰੀ-ਗਾਮੀ ਹੋਣਾ- ਜੀਵਨ ਸਫ਼ਰ ਵਿਚ ਇਕ ਬੜੀ ਭਾਰੀ ਉਖੇੜ ਹੈ। ਈਰਖਾ, ਨਿੰਦਾ, ਅਹੰਕਾਰ, ਲਾਲਚ ਆਦਿਕ ਅਨੇਕਾਂ ਹੀ ਜੀਵਨ-ਠੇਡੇ ਹਨ ਜਿਨ੍ਹਾਂ ਤੋਂ ਸਦਾ ਬਚ ਕੇ ਰਹਿਣਾ ਹੈ; ਨਹੀਂ ਤਾਂ ਅੰਮ੍ਰਿਤ ਵੇਲੇ ਦੀ ਵਰਤੀ ਦਵਾਈ ਰੋਗ ਨੂੰ ਕੱਟ ਨਹੀਂ ਸਕੇਗੀ।

ਹੁਣ ਤਕ ਦੀ ਵਿਚਾਰ ਦਾ ਨਿਚੋੜ

ਮਾਇਆ ਦਾ ਮੋਹ ਕਈ ਰੂਪਾਂ ਵਿਚ ਜੀਵ ਨੂੰ ਪ੍ਰਭੂ-ਚਰਨਾਂ ਨਾਲੋਂ ਵਿਛੋੜੀ ਰੱਖਦਾ ਹੈ, ਜੀਵ ਅਨੇਕਾਂ ਵਿਕਾਰਾਂ ਦੇ ਢਹੇ ਚੜ੍ਹਿਆ ਰਹਿੰਦਾ ਹੈ। ਜਿਸ ਮਨੁੱਖ ਉਤੇ ਪਰਮਾਤਮਾ ਮਿਹਰ ਕਰਦਾ ਹੈ ਉਸ ਨੂੰ ਗੁਰੂ ਮਿਲਾਂਦਾ ਹੈ। ਗੁਰੂ ਆਪਣੀ ਬਾਣੀ ਰਾਹੀਂ ਮਨੁੱਖ ਨੂੰ ਪ੍ਰਭੂ-ਚਰਨਾਂ ਵਿਚ ਜੋੜਦਾ ਹੈ, ਅੰਮ੍ਰਿਤ ਵੇਲੇ ਉੱਠਣ ਦਾ, ਸਾਧ ਸੰਗਤਿ ਵਿਚ ਜੁੜ ਕੇ ਨਾਮ ਸਿਮਰਨ ਦਾ ਅੱਭਿਆਸੀ ਬਣਨ ਦੀ ਤਾਕੀਦ ਕਰਦਾ ਹੈ। ਤੇ, ਨਾਲ ਨਾਲ ਉਹ ਸਿਖਾਂਦਾ ਹੈ ਕਿ ਹੱਕ ਦੀ ਕਮਾਈ ਕਰਨੀ ਹੈ ਉਸ ਕਮਾਈ ਵਿਚੋਂ ਵਿਤ ਅਨੁਸਾਰ ਖ਼ਲਕਤ ਦੀ ਸੇਵਾ ਕਰਨੀ ਹੈ, ਪਰਾਏ ਧਨ, ਪਰਾਏ ਤਨ, ਪਰਾਈ ਨਿੰਦਾ ਆਦਿਕ ਵਲੋਂ ਪਰਹੇਜ਼ ਕਰਦੇ ਰਹਿਣਾ ਹੈ। ਗੁਰੂ ਆਪਣੇ ਉਪਦੇਸ਼ ਨਾਲ, ਆਪਣੀ ਕਰਣੀ ਨਾਲ, ਮਨੁੱਖ ਨੂੰ ਉੱਚੇ ਆਚਰਨ ਵਾਲਾ ਮਨੁੱਖ ਬਣਾਂਦਾ ਹੈ, ਮਨੁੱਖ ਨੂੰ ਦੇਵਤਾ ਬਣਾ ਦੇਂਦਾ ਹੈ। ਜੀਵਾਤਮਾ ਨੂੰ ਪਰਮਾਤਮਾ ਨਾਲ ਇਕ-ਮਿਕ ਕਰਦਾ ਹੈ।

ਪਰ ਕਈ ਭੁਲੇਖੇ

ਭੈੜੀਆਂ ਵਾਦੀਆਂ ਆਪਣੇ ਅੰਦਰੋਂ ਦੂਰ ਕਰ ਕੇ ਉੱਚਾ ਸੁੱਚਾ ਆਚਰਨ ਬਣਾਨਾ ਬਹੁਤ ਹੀ ਔਖਾ ਕੰਮ ਹੈ, ਪਹਾੜ ਉਤੇ ਚੜ੍ਹਨ ਵਾਂਗ ਹੈ। ਕਿਸੇ ਭੀ ਇਕ ਭੈੜੀ ਵਾਦੀ ਦਾ ਜ਼ੋਰ ਵਿਚਾਰ ਵੇਖੋ। ਕੀ ਦੂਜਿਆਂ ਦੀ ਨਿੰਦਾ ਕਰਨ ਦੀ ਪੈ ਚੁੱਕੀ ਵਾਦੀ ਛੱਡਣਾ ਕੋਈ ਸੌਖਾ ਕੰਮ ਹੈ? ਇਹ ਇਕ ਐਸਾ ਚਸਕਾ ਹੈ ਕਿ ਘੰਟਿਆਂ-ਬੱਧੀ ਇਸ ਨਿਕੰਮੀ ਵਾਦੀ ਵਿਚ ਲੰਘ ਜਾਂਦੇ ਹਨ, ਆਪਣੇ ਕਈ ਕੰਮ ਉਤਨੇ ਵਿਚ ਵਿਗੜ ਜਾਂਦੇ ਹਨ, ਪਰ ਨਿੰਦਕ ਨਿੰਦਾ ਨਹੀਂ ਛੱਡ ਸਕਦਾ।

ਸੋ, ਇਸ ਸੌਖੇ ਜੀਵਨ-ਰਾਹ ਵਲੋਂ ਹਟ ਕੇ ਮਨੁੱਖ ਨਿਰੀਆਂ ਧਾਰਮਿਕ ਰਸਮਾਂ ਕਰਨ ਨੂੰ ਹੀ ਧਰਮ ਸਮਝ ਲੈਂਦਾ ਹੈ। ਇਹ ਰਸਮਾਂ ਪੂਰੀਆਂ ਕਰ ਕੇ ਆਪਣੇ ਥਾਂ ਇਹ ਮਨੌਤ ਬਣਾ ਲੈਂਦਾ ਹੈ ਕਿ ਮੈਂ ਧਰਮੀ ਬਣ ਰਿਹਾ ਹਾਂ। ਵੇਖਣਾ ਇਹ ਹੁੰਦਾ ਹੈ ਕਿ ਅਜਿਹੀ ਕਿਸੇ ਮਿਥੀ ਹੋਈ ਧਾਰਮਿਕ ਰਸਮ ਦੇ ਕਰਨ ਨਾਲ ਜੀਵਨ ਵਿਚ ਕੋਈ ਫ਼ਰਕ ਪਿਆ ਹੈ ਜਾਂ ਨਹੀਂ, ਕੋਈ ਭੈੜੀ ਵਾਦੀ ਅੱਗੇ ਨਾਲੋਂ ਕਮਜ਼ੋਰ ਹੋਈ ਹੈ ਜਾਂ ਨਹੀਂ।

(ੳ) ਤੀਰਥ-ਇਸ਼ਨਾਨ

ਉਂਞ ਤਾਂ ਦਿਨ ਸਾਰੇ ਇਕੋ ਜਿਹੇ ਹੀ ਹਨ। ਪਰ ਮਨੁੱਖ ਕਿਸੇ ਖ਼ਾਸ ਇੱਕ ਦਿਨ ਨੂੰ ਪਵਿੱਤਰ ਮੰਨ ਕੇ ਉਸ ਦਿਨ ਕਿਸੇ ਤੀਰਥ ਉਤੇ ਇਸ਼ਨਾਨ ਕਰ ਕੇ ਸਮਝ ਲੈਂਦਾ ਹੈ ਕਿ ਮੈਂ ਪੁੰਨ ਕਰਮ ਕਰ ਆਇਆ ਹਾਂ। ਨਿਰਾ ਫ਼ਰਜ਼ ਕਰ ਲੈਣਾ ਕਾਫ਼ੀ ਨਹੀਂ ਹੈ। ਲੋੜ ਇਸ ਗੱਲ ਦੀ ਹੈ, ਕਿ ਕੀ ਤੀਰਥ-ਇਸ਼ਨਾਨ ਦੀ ਬਰਕਤਿ ਨਾਲ ਹੱਕ ਦੀ ਕਮਾਈ ਕਰਨ ਦੀ ਆਦਤ ਬਣ ਗਈ ਹੈ, ਪਰ-ਇਸਤ੍ਰੀ ਵੱਲ ਵਿਕਾਰ ਵਾਲੀ ਨਿਗਾਹ ਪੈਣੋਂ ਹੱਟ ਗਈ ਹੈ, ਕਿਸੇ ਨਾਲ ਈਰਖਾ ਤਾਂ ਨਹੀਂ ਰਹੀ, ਕਿਸੇ ਦਾ ਨੁਕਸਾਨ ਹੁੰਦਾ ਵੇਖ ਕੇ ਮਨ ਖ਼ੁਸ਼ ਤਾਂ ਨਹੀਂ ਹੁੰਦਾ। ਜੇ ਤੀਰਥ-ਇਸ਼ਨਾਨ ਨਾਲ ਮਨ ਵਿਚ ਭਲੇ ਪਾਸੇ ਦੀ ਇਹੋ ਜਹੀ ਕੋਈ ਤਬਦੀਲੀ ਨਹੀਂ ਆਈ, ਤਾਂ ਤੀਰਥ-ਇਸ਼ਨਾਨ ਤੋਂ ਆਤਮਕ ਜੀਵਨ ਵਾਲੇ ਪਾਸੇ ਦਾ ਖੱਟਿਆ ਕੀਹ?

(ਅ) ਤਿਆਗ

ਗ੍ਰਿਹਸਤੀ ਮਨੁੱਖ ਸਮਝਦਾ ਹੈ ਕਿ ਜਿਹੜਾ ਮਨੁੱਖ ਘਰ ਛੱਡ ਕੇ ਜੰਗਲ ਦੇ ਗੋਸ਼ੇ ਵਿਚ ਜਾ ਬੈਠਾ ਹੈ ਉਸ ਉਤੇ ਮਾਇਆ ਦੇ ਮੋਹ ਦਾ ਪ੍ਰਭਾਵ ਨਹੀਂ ਪੈਂਦਾ। ਪਰ ਇਹ ਭਾਰੀ ਭੁਲੇਖਾ ਹੈ। ਸਰਬ-ਵਿਆਪਕ ਪਰਮਾਤਮਾ ਸਾਰੀ ਖ਼ਲਕਤ ਵਿਚ ਵੱਸਦਾ ਹੈ। ਜੇ ਉਸ ਨੂੰ ਖ਼ਲਕਤ ਵਿਚ ਨਾਹ ਵੇਖਿਆ, ਜੇ ਖ਼ਲਕਤ ਦੀ ਸੇਵਾ ਨਾਹ ਕੀਤੀ, ਜੇ ਖ਼ਲਕਤ ਤੋਂ ਰੁੱਸ ਕੇ ਲਾਂਭੇ ਜਾ ਬੈਠੇ ਤਾਂ ਮਨੁੱਖ ਦੇ ਅੰਦਰ ਪ੍ਰੇਮ-ਪਿਆਰ ਕਿਵੇਂ ਪੈਦਾ ਹੋ ਸਕਦਾ ਹੈ? ਪਰਮਾਤਮਾ ਹੈ ਪਿਆਰ-ਸਰੂਪ। ਰੁੱਖੇ ਸੁਭਾਉ ਵਾਲੇ ਤਿਆਗੀ ਦਾ ਪਿਆਰ-ਸਰੂਪ ਪ੍ਰਭੂ ਨਾਲ ਮੇਲ ਹੋਣਾ ਅਸੰਭਵ ਹੈ। ਸਰੀਰ ਨੂੰ ਭੋਜਨ ਚਾਹੀਦਾ ਹੈ, ਕੱਪੜਾ ਚਾਹੀਦਾ ਹੈ, ਇਸ ਦਾ ਭਾਰ ਗ੍ਰਿਹਸਤੀ ਦੇ ਮੋਢਿਆਂ ਉਤੇ ਕਿਉਂ ਪਏ? ਸਮਾਧੀਆਂ ਦੇ ਆਸਰੇ ਰਿੱਧੀਆਂ ਸਿੱਧੀਆਂ ਆਦਿਕ ਕਰਾਮਾਤੀ ਤਾਕਤਾਂ ਹਾਸਲ ਕੀਤਿਆਂ 'ਤਿਆਗੀ' ਮਨੁੱਖ ਸਗੋਂ ਵਧੀਕ ਔਝੜੇ ਜਾ ਪੈਂਦਾ ਹੈ। ਕਿਸੇ ਨੂੰ ਸਰਾਪ ਦਾ ਡਰ ਦੇਂਦਾ ਹੈ, ਕਿਸੇ ਨੂੰ ਵਰ ਦਾ ਲਾਲਚ ਦੇਂਦਾ ਹੈ। ਪਰਮਾਤਮਾ ਨਾਲੋਂ ਵਿੱਥ ਤਾਂ ਇਸ ਦੀ ਬਣੀ ਹੀ ਰਹੀ, ਤੇ, ਖ਼ਲਕਤ ਨਾਲੋਂ ਭੀ।

(ੲ) ਮੂਰਤੀ

ਜਿਸ ਨਾਲ ਪਿਆਰ ਹੋਵੇ, ਕੁਦਰਤੀ ਤੌਰ ਤੇ ਜੀ ਕਰਦਾ ਹੈ ਕਿ ਉਸ ਦੀ ਸੂਰਤ ਸਾਡੀਆਂ ਅੱਖਾਂ ਦੇ ਸਾਹਮਣੇ ਟਿਕੀ ਰਹੇ। ਪਰ ਇਹ ਪਿਆਰ ਹੈ ਦੁਨੀਆਵੀ ਪਿਆਰ, ਦੁਨੀਆਵੀ ਰਿਸ਼ਤੇਦਾਰਾਂ ਵਾਲਾ ਪਿਆਰ। ਸਰੀਰ ਸਦਾ ਨਾਲ ਨਹੀਂ ਨਿਭ ਸਕਦੇ। ਮਨੁੱਖ ਦਾ ਜੀ ਲੋਚਦਾ ਹੈ ਕਿ ਮੇਰੇ ਅੱਤਿ ਪਿਆਰੇ ਸੰਬੰਧੀ ਦੀ ਸਰੀਰਕ ਸ਼ਕਲ ਸਦਾ ਲਈ ਮੇਰੇ ਪਾਸ ਟਿਕੀ ਰਹੇ; ਜੇ ਉਹ ਸਰੀਰਕ ਤੌਰ ਤੇ ਮੈਥੋਂ ਵਿੱਛੁੜ ਜਾਏ ਤਾਂ ਭੀ ਉਸ ਦੀ ਤਸਵੀਰ ਦੀ ਰਾਹੀਂ, ਉਸ ਦੀ ਮੂਰਤੀ ਦੀ ਰਾਹੀਂ, ਮੈਂ ਉਸ ਨੂੰ ਵੇਖ ਸਕਿਆ ਕਰਾਂ।

ਪਰ ਜਿਸ ਮਹਾਪੁਰਖ ਨੂੰ, ਜਿਸ ਅਵਤਾਰ ਨੂੰ, ਜਿਸ ਗੁਰੂ ਨੂੰ ਮਨੁੱਖ ਆਪਣਾ ਇਸ਼ਟ ਬਣਾਂਦਾ ਹੈ, ਉਸ ਨੂੰ ਬਣਾਂਦਾ ਹੈ ਆਪਣਾ ਆਤਮਕ ਜੀਵਨ ਉੱਚਾ ਕਰਨ ਲਈ। ਆਤਮਕ ਜੀਵਨ ਦੀ ਉੱਚਤਾ ਇਹ ਹੈ ਕਿ ਮਨੁੱਖ ਦੇ ਅੰਦਰੋਂ ਮੇਰ-ਤੇਰ ਮਿਟੇ, ਵੈਰ-ਵਿਰੋਧ ਦੂਰ ਹੋਵੇ, ਨਫ਼ਰਤ-ਈਰਖਾ ਮੁੱਕੇ; ਆਪਣੇ ਅੰਦਰ ਵੱਸਦਾ ਪਰਮਾਤਮਾ ਸਾਰੀ ਖ਼ਲਕਤਿ ਵਿਚ ਵੱਸਦਾ ਦਿੱਸੇ ਤਾ ਕਿ ਮਨੁੱਖ ਸਭ ਦਾ ਭਲਾ ਮੰਗੇ, ਵਧੀਕੀ ਕਰਨ ਵਾਲੇ ਦਾ ਭੀ ਭਲਾ ਮੰਗੇ। ਇਹ ਆਤਮਕ ਉੱਚਤਾ ਤਦੋਂ ਹੀ ਮਨੁੱਖ ਦੇ ਅੰਦਰ ਪੱਲ੍ਹਰ ਸਕਦੀ ਹੈ ਜੇ ਇਹ ਉੱਚੇ ਸੁੱਚੇ ਜੀਵਨ ਵਾਲੇ ਆਪਣੇ ਇਸ਼ਟ ਦੇ ਆਤਮਾ ਨਾਲ ਜੁੜਿਆ ਰਹੇ। ਉੱਚੇ ਮਹਾਂ ਪੁਰਖ ਦਾ ਆਤਮਾ ਹੈ ਉਸ ਦੀ ਬਾਣੀ। ਜਿਉਂ ਜਿਉਂ ਮਨੁੱਖ ਆਪਣੇ ਇਸ਼ਟ ਮਹਾ-ਪੁਰਖ ਦੀ ਬਾਣੀ ਨਾਲ ਜੁੜਦਾ ਹੈ, ਉਸ ਦੇ ਅੰਦਰ ਆਤਮਕ ਜੀਵਨ ਉੱਚਾ ਬਣਾਣ ਵਾਲੇ ਗੁਣ ਵਧਦੇ ਫੁਲਦੇ ਹਨ।

ਜੋ ਮਨੁੱਖ ਆਪਣੇ ਇਸ਼ਟ ਦੇ ਆਤਮਕ ਜੀਵਨ ਨਾਲ, ਆਤਮਾ ਨਾਲ, ਬਾਣੀ ਨਾਲ ਇਕ-ਮਿਕ ਹੋਣ ਦੇ ਥਾਂ ਉਸ ਦੀ ਤਸਵੀਰ ਬਣਾ ਕੇ ਉਸ ਦੀ ਮੂਰਤੀ ਬਣਾ ਕੇ ਆਪਣੀਆਂ ਅੱਖਾਂ ਦੀ ਰਾਹੀਂ, ਉਸ ਤਸਵੀਰ ਨੂੰ, ਉਸ ਦੀ ਮੂਰਤੀ ਨੂੰ ਆਪਣੇ ਦਿਮਾਗ਼ ਵਿਚ ਵਸਾਣ ਦਾ ਜਤਨ ਕਰਨ ਲੱਗ ਪੈਂਦਾ ਹੈ, ਤਾਂ ਉਹ ਸਦੀਵੀ ਆਤਮਾ ਦੇ ਥਾਂ ਨਾਸਵੰਤ ਸਰੀਰ ਨਾਲ ਹੀ ਪਿਆਰ ਬਣਾਂਦਾ ਹੈ। ਆਤਮਕ ਉੱਚਤਾ ਲਾਂਭੇ ਹੀ ਰਹਿ ਜਾਂਦੀ ਹੈ। ਨਿੱਤ ਮੂਰਤੀ ਅੱਗੇ ਧੂਪ ਧੁਖਾ ਕੇ ਪੂਜਾ ਆਦਿਕ ਕਰਨ ਵਾਲਾ ਮਨੁੱਖ ਕਦੇ ਇਹ ਸੋਚਣ ਦੀ ਖੇਚਲ ਹੀ ਨਹੀਂ ਕਰ ਸਕਦਾ, ਨਹੀਂ ਕਰਦਾ, ਕਿ ਇਸ ਉੱਦਮ ਨਾਲ ਮਨ ਵਿਚੋਂ ਭੈੜੀਆਂ ਵਾਦੀਆਂ ਕਿਤਨੀਆਂ ਕੁ ਕਮਜ਼ੋਰ ਹੋਈਆਂ ਹਨ, ਕਿਤਨੀਆਂ ਕੁ ਘਟੀਆਂ ਹਨ। ਇਹ ਇਕ ਰਸਮੀ ਉੱਦਮ ਹੀ ਬਣਿਆ ਰਹਿ ਜਾਂਦਾ ਹੈ।

ਭਗਵਾਨ ਦੀ ਮੂਰਤੀ ਬਣਾਣੀ ਤਾਂ ਹੈ ਹੀ ਇਕ ਅਲੋਕਾਰ ਗੱਲ। ਉਸ ਦੀ ਤਸਵੀਰ ਉਸ ਦੀ ਮੂਰਤੀ ਤਾਂ ਬਣ ਹੀ ਨਹੀਂ ਸਕਦੀ। ਹਾਂ, ਦੁਨੀਆ ਸਾਰੀ ਦੇ ਜੀਅ ਜੰਤ ਉਸ ਦੀਆਂ ਮੂਰਤੀਆਂ ਹਨ। ਇਹਨਾਂ ਨੂੰ ਪੈਦਾ ਕਰ ਕੇ ਇਹਨਾਂ ਵਿਚ ਉਹ ਵੱਸਦਾ ਭੀ ਹੈ ਤੇ ਇਹਨਾਂ ਤੋਂ ਨਿਰਲੇਪ ਵੱਖਰਾ ਭੀ ਹੈ। ਭਗਵਾਨ ਦੀ ਮੂਰਤੀ ਬਣਾ ਕੇ ਉਸ ਦੀ ਪੂਜਾ ਕਰਨ ਵਾਲਾ ਮਨੁੱਖ ਉਸ ਦੀ ਸਰਬ-ਵਿਆਪਕਤਾ ਭੁਲਾ ਕੇ ਉਸ ਨੂੰ ਸਿਰਫ਼ ਉਸ ਦੀ ਮੂਰਤੀ ਵਿਚ ਹੀ ਵੇਖਣ ਦਾ ਜਤਨ ਕਰਦਾ ਰਹਿੰਦਾ ਹੈ ਤੇ ਵੇਖਣ ਦਾ ਆਦੀ ਹੋ ਜਾਂਦਾ ਹੈ। ਸਰਬ-ਵਿਆਪਕ ਨੂੰ ਸਾਰੀ ਖ਼ਲਕਤ ਵਿਚ ਵੇਖਣ ਦੀ ਆਦਤ ਬਣਾ ਕੇ ਜਿਹੜਾ ਹਿਰਦਾ ਵਿਸ਼ਾਲ ਬਣਨਾ ਸੀ, ਉਹ ਸੁੰਗੜ ਕੇ ਖ਼ਲਕਤ ਨਾਲੋਂ ਕੱਟਿਆ ਰਹਿੰਦਾ ਹੈ। ਉਸ ਵਿਚ ਸਰਬ-ਵਿਆਪਕ ਦੇ ਉੱਚੇ ਗੁਣ ਪੱਲ੍ਹਰਨ ਦੇ ਥਾਂ ਮੇਰ-ਤੇਰ, ਵੈਰ-ਵਿਰੋਧ, ਨਫ਼ਰਤ-ਈਰਖਾ ਪੈਦਾ ਕਰਨ ਵਾਲੇ ਭੈੜ ਹੀ ਵਧਦੇ ਰਹਿੰਦੇ ਹਨ।

ਗੁਰਮਤਿ ਦੀ ਪਟੜੀ:

ਗ੍ਰਿਹਸਤ ਵਿਚ ਰਹਿੰਦਿਆਂ, ਕਿਰਤ-ਕਾਰ ਕਰਦਿਆਂ ਮਨੁੱਖ ਨੇ ਅੰਮ੍ਰਿਤ ਵੇਲੇ ਉੱਠ ਕੇ ਸਤਸੰਗ ਵਿਚ ਜਾ ਕੇ ਪਰਮਾਤਮਾ ਦੀ ਯਾਦ ਵਿਚ ਨਿੱਤ ਜੁੜਨਾ ਹੈ। ਕਿਰਤ-ਕਾਰ ਵਿਚ ਕਮਾਈ ਸਦਾ ਹੱਕ ਦੀ ਕਰਨੀ ਹੈ, ਤੇ, ਉਸ ਵਿਚੋਂ ਲੋੜਵੰਦਿਆਂ ਦੀ ਸੇਵਾ ਭੀ ਕਰਦੇ ਰਹਿਣਾ ਹੈ, ਸੇਵਾ ਭੀ ਕਰਨੀ ਹੈ ਨਿਰਮਾਣ ਰਹਿ ਕੇ। ਦਿਨ ਵੇਲੇ ਭੀ ਜਦੋਂ ਸਬੱਬ ਬਣੇ, ਭਲੇ ਮਨੁੱਖਾਂ ਦੀ ਸੁਹਬਤ ਕਰਨੀ ਹੈ। ਕੁਸੰਗ ਤੋਂ ਬਚਣਾ ਹੈ। ਕਿਸੇ ਨੂੰ ਕੋਈ ਤਕਲਫ਼ਿ ਦੇਣੀ ਜਾਂ ਕਿਸੇ ਦਾ ਕੋਈ ਨੁਕਸਾਨ ਕਰਨਾ ਤਾਂ ਕਿਤੇ ਰਿਹਾ, ਕਿਸੇ ਦਾ ਦਿਲ ਭੀ ਕਦੇ ਕੋਈ ਖਰ੍ਹਵਾ ਬੋਲ ਵਰਤ ਕੇ ਨਹੀਂ ਦੁਖਾਣਾ। ਦੂਜੇ ਵਲੋਂ ਹੋਈ ਵਧੀਕੀ ਨੂੰ ਜਰਨਾ ਹੈ, ਬੁਰਾਈ ਕਰਨ ਵਾਲੇ ਨਾਲ ਭੀ ਭਲਾਈ ਹੀ ਕਰਨੀ ਹੈ। ਪਰਮਾਤਮਾ ਦੀ ਯਾਦ ਦੀ ਇਤਨੀ ਆਦਤ ਪਕਾਣੀ ਹੈ ਕਿ ਤੁਰਦਿਆਂ ਫਿਰਦਿਆਂ ਸੁੱਤਿਆਂ ਜਾਗਦਿਆਂ ਹਰ ਵੇਲੇ ਇਹ ਯਾਦ ਮਨ ਵਿਚ ਟਿਕੀ ਰਹੇ। ਇਸ ਯਾਦ ਦੀ ਬਰਕਤਿ ਨਾਲ ਮਨ ਨੂੰ ਸਦਾ ਵਿਕਾਰਾਂ ਵਲੋਂ ਰੋਕਦੇ ਰਹਿਣਾ ਹੈ। ਇਸ ਤਰ੍ਹਾਂ ਅੰਦਰ ਪੁਰਾਣੇ ਟਿਕੇ ਹੋਏ ਭੈੜੇ ਸੰਸਕਾਰ ਸਹਜੇ ਸਹਜੇ ਮਿਟਦੇ ਮਿਟਦੇ ਉੱਕਾ ਹੀ ਮਿਟ ਜਾਣਗੇ, ਆਚਰਨ ਇਤਨਾ ਉੱਚਾ ਹੋ ਜਾਏਗਾ ਕਿ ਜੀਵਾਤਮਾ ਤੇ ਪਰਮਾਤਮਾ ਇਕ-ਰੂਪ ਹੋ ਜਾਏਗਾ। ਬੱਸ! ਇਹ ਹੈ ਮੁਕਤੀ। ਮੁਕਤੀ ਤੋਂ ਭਾਵ ਹੈ ਵਿਕਾਰਾਂ ਵਲੋਂ ਮੁਕੰਮਲ ਆਜ਼ਾਦੀ। ਜਿਹੜਾ ਮਨੁੱਖ ਇਸ ਅਵਸਥਾ ਤੇ ਅੱਪੜ ਗਿਆ, ਉਸ ਦੀ ਪਰਮਾਤਮਾ ਨਾਲੋਂ ਵਿੱਥ ਮੁੱਕ ਗਈ। ਉਸ ਨੂੰ ਆਪਣੇ ਅੰਦਰ ਤੇ ਬਾਹਰ ਹਰ ਥਾਂ ਹਰੇਕ ਜੀਵ ਵਿਚ ਉਹ ਸਿਰਜਣਹਾਰ ਪ੍ਰਭੂ ਹੀ ਦਿੱਸ ਪਿਆ। ਉਹ ਕਦੇ ਲੁਕ ਕੇ ਭੀ ਕੋਈ ਵਿਕਾਰ ਨਹੀਂ ਕਰ ਸਕਦਾ। ਲੁਕੇ ਕਿਸ ਤੋਂ? ਵੇਖਣ ਵਾਲਾ ਤਾਂ ਉਸ ਨੂੰ ਆਪਣੇ ਹੀ ਅੰਦਰ ਬੈਠਾ ਪ੍ਰਤੱਖ ਸਦਾ ਦਿੱਸਦਾ ਹੈ। ਸੁਖ ਆਵੇ ਚਾਹੇ ਦੁੱਖ ਆਵੇ, ਉਸ ਨੂੰ ਸਭ ਕੁਝ ਪਰਮਾਤਮਾ ਦੀ ਰਜ਼ਾ ਵਿਚ ਆਇਆ ਦਿੱਸਦਾ ਹੈ, ਤੇ, ਰਜ਼ਾ ਉਸ ਨੂੰ ਮਿੱਠੀ ਲੱਗਣ ਲੱਗ ਪੈਂਦੀ ਹੈ।

ਜੀਵਨ-ਸਫ਼ਰ ਦੀ ਇਸ ਪਟੜੀ ਉਤੇ ਮਨੁੱਖ ਨੂੰ ਗੁਰੂ ਤੋਰਦਾ ਹੈ, ਆਪਣੇ ਉਪਦੇਸ਼ ਦੀ ਰਾਹੀਂ, ਆਪਣੀ ਬਾਣੀ ਦੀ ਰਾਹੀਂ, ਆਪਣੇ ਜੀਵਨ-ਪੂਰਨਿਆਂ ਦੀ ਰਾਹੀਂ। ਤੇ, ਗੁਰੂ ਮਿਲਦਾ ਹੈ ਪਰਮਾਤਮਾ ਦੀ ਮਿਹਰ ਨਾਲ।

ੴ ਸਤਿਗੁਰ ਪ੍ਰਸਾਦਿ ॥

ਮੂਲਮੰਤ੍ਰ ਅਤੇ ਸਿਰਲੇਖ

ਦੀ

ਠੀਕ ਥਾਂ ਦਾ ਨਿਰਨਾ

ਛਾਪੇ ਦੀਆਂ ਛਪੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ 'ਬੀੜਾਂ' ਵਿਚ ਇਹ ਦੇਖਣ ਵਿਚ ਆਉਂਦਾ ਹੈ ਕਿ ਜਦੋਂ ਕੋਈ ਨਵਾਂ ਰਾਗ ਸ਼ੁਰੂ ਹੋਵੇ ਜਾਂ ਨਵਾਂ ਸ਼ਬਦ-ਸੰਗ੍ਰਹਿ ਸ਼ੁਰੂ ਹੋਵੇ ਤਾਂ ਆਰੰਭ ਵਿਚ ਕਈ ਥਾਈਂ ਪਹਿਲਾਂ ਮੂਲਮੰਤ੍ਰ ਲਿਖਿਆ ਹੋਇਆ ਹੈ ਅਤੇ ਕਈ ਥਾਈਂ 'ਰਾਗ' ਅਤੇ 'ਮਹਲੇ' ਵਾਲਾ ਸਿਰਲੇਖ ਲਿਖਿਆ ਹੋਇਆ ਹੈ। ਕਈ ਸਾਲਾਂ ਤੋਂ ਪ੍ਰੇਮੀ ਸੱਜਣ ਇਹਨਾਂ 'ਬੀੜਾਂ' ਤੋਂ ਪਾਠ ਕਰਦੇ ਆ ਰਹੇ ਹਨ, ਸ਼ਾਇਦ ਕਦੇ ਕਿਸੇ ਦਾ ਧਿਆਨ ਇਸ ਪਾਸੇ ਨਹੀਂ ਪਿਆ ਹੋਵੇਗਾ ਕਿ ਇਹ ਵਖੇਪਤਾ ਕਿਉਂ ਹੈ।

ਜਦੋਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ 'ਬੀੜ' ਦੀ ਛਪਾਈ ਦਾ ਕੰਮ ਆਪਣੇ ਹੱਥਾਂ ਵਿਚ ਲਿਆ, ਤਾਂ ਪ੍ਰਬੰਧਕਾਂ ਨੇ ਛਪਾਈ ਸ਼ੁਰੂ ਕਰਨ ਤੋਂ ਪਹਿਲਾਂ ਸ੍ਰੀ ਕਰਤਾਰਪੁਰ ਸਾਹਿਬ ਵਾਲੀ ਉਸ 'ਬੀੜ' ਨਾਲ ਸੁਧਾਈ ਕੀਤੀ ਜੋ ਭਾਈ ਗੁਰਦਾਸ ਜੀ ਨੇ ਲਿਖੀ ਹੋਈ ਹੈ।

ਜਿਹੜੇ ਸੱਜਣ ਸੁਧਾਈ ਦੇ ਕੰਮ ਉਤੇ ਲਾਏ ਗਏ, ਉਹਨਾਂ ਨੂੰ ਉਸ 'ਬੀੜ' ਦਾ ਲਿਖਣ-ਢੰਗ ਵੇਖ ਕੇ ਇਹ ਨਵਾਂ ਖ਼ਿਆਲ ਸੁੱਝਿਆ ਕਿ ਉਸ 'ਬੀੜ' ਵਿਚ ਮੂਲਮੰਤ੍ਰ ਹਰ ਥਾਂ 'ਬੀੜ' ਦੇ ਪੱਤਰੇ ਉਤੇ ਸੱਜੇ ਪਾਸੇ ਦੇ ਅਖ਼ੀਰ ਤੇ ਹੀ ਲਿਖਿਆ ਹੋਇਆ ਹੈ। ਛੋਟਾ ਮੂਲਮੰਤ੍ਰ ੴ ਸਤਿਗੁਰੂ ਪ੍ਰਸਾਦਿ' ਤਾਂ ਸੱਜੇ ਪਾਸੇ ਇਕੋ ਹੀ ਪਾਲ ਵਿਚ ਮੁੱਕ ਜਾਂਦਾ ਹੈ; ਪਰ ਜਿੱਥੇ ਕਿਤੇ ਸਾਰਾ ਮੂਲਮੰਤ੍ਰ ਲਿਖਿਆ ਹੋਇਆ ਹੈ, ਉਹ ਉਸੇ ਸਤਰ ਵਿਚ ਖ਼ਤਮ ਨਹੀਂ ਹੋ ਸਕਿਆ ਕਿਉਂਕਿ ਇਹ ਹਰ ਥਾਂ ਲਿਖਣਾ ਸ਼ੁਰੂ ਹੀ ਹੁੰਦਾ ਹੈ ਪੱਤਰੇ ਦੇ ਅੱਧ ਤੋਂ ਪਿੱਛੋਂ ਸੱਜੇ ਪਾਸੇ ਵੱਲ। ਮੂਲਮੰਤ੍ਰ ਦੇ ਬਾਕੀ ਬਚੇ ਹਿੱਸੇ ਨੂੰ ਦੂਜੀ ਜਾਂ ਤੀਜੀ ਸਤਰ ਵਿਚ ਲਿਖਿਆ ਗਿਆ ਹੈ; ਪਰ ਉਹ ਭੀ ਸੱਜੇ ਪਾਸੇ ਹੀ ਉਪਰਲੀ ਸਤਰ ਦੇ ਹੇਠਵਾਰ। ਮੂਲਮੰਤ੍ਰ ਨੂੰ ਕਿਤੇ ਭੀ ਖੱਬੇ ਪਾਸੇ ਵੱਲ ਨਹੀਂ ਆਉਣ ਦਿੱਤਾ ਗਿਆ।

ਉਹਨਾਂ ਸੱਜਣਾਂ ਨੇ ਕਮੇਟੀ ਦੇ ਪ੍ਰਬੰਧਕਾਂ ਦਾ ਧਿਆਨ ਇਸ ਪਾਸੇ ਦਿਵਾਇਆ। ਪ੍ਰਬੰਧਕਾਂ ਨੇ ਪੰਥ ਦੇ ਕੁਝ ਮੁਖੀ ਵਿਦਵਾਨ ਸੱਜਣਾਂ ਦਾ ਇਕੱਠ ਕਰ ਕੇ ਨਿਰਨਾ ਕਰਾਇਆ।

ਚਾਰ ਜ਼ਰੂਰੀ ਗੱਲਾਂ:

ਮੂਲਮੰਤ੍ਰ ਦੀ ਲਿਖਾਈ ਬਾਰੇ ਚਾਰ ਗੱਲਾਂ ਸਾਹਮਣੇ ਆ ਗਈਆਂ।

(1) ਹਰੇਕ ਥਾਂ ਮੂਲਮੰਤ੍ਰ ਪੱਤਰੇ ਦੇ ਸੱਜੇ ਪਾਸੇ ਹੀ ਹੈ। ਸਾਬਤ ਮੂਲਮੰਤ੍ਰ ਦਾ ਪਹਿਲੀ ਸਤਰ ਤੋਂ ਬਚਿਆ ਹਿੱਸਾ ਲਿਖਣ ਵੇਲੇ ਭੀ ਪੱਤਰੇ ਦਾ ਸੱਜਾ ਪਾਸਾ ਹੀ ਵਰਤਿਆ ਹੈ। ਕਿਤੇ ਭੀ ਮੂਲਮੰਤ੍ਰ ਨੂੰ ਖੱਬੇ ਪਾਸੇ ਨਹੀਂ ਆਉਣ ਦਿੱਤਾ ਗਿਆ।

(2) ਕਈ ਥਾਈਂ ਇਹ ਮੂਲਮੰਤ੍ਰ ਸ਼ਬਦ-ਸੰਗ੍ਰਹਿ ਨਾਲੋਂ ਉਚੇਰਾ ਹੈ।

(3) 'ਰਾਗ' ਅਤੇ 'ਮਹਲੇ' ਵਾਲਾ ਸਿਰਲੇਖ ਸਦਾ ਹੀ ਪੱਤਰੇ ਦੇ ਪੱਬੇ ਪਾਸੇ ਲਿਖਿਆ ਗਿਆ ਹੈ। ਜੇ ਕਿਤੇ ਸਿਰਲੇਖ ਲੰਮਾ ਹੋ ਗਿਆ ਹੈ, ਤਾਂ ਇਸ ਨੂੰ ਪੱਤਰੇ ਦੇ ਅੱਧ ਤੋਂ ਸੱਜੇ ਪਾਸੇ ਵੱਲ ਨਹੀਂ ਜਾਣ ਦਿੱਤਾ ਗਿਆ। ਸਿਰਲੇਖ ਦਾ ਬਾਕੀ ਬਚਿਆ ਹਿੱਸਾ ਮੁੜ ਖੱਬੇ ਪਾਸੇ ਹੀ ਪਹਿਲੇ ਹਿੱਸੇ ਦੇ ਹੇਠ ਲਿਖ ਦਿੱਤਾ ਹੈ।

(4) ਸਿਰਲੇਖ ਅਤੇ ਮੂਲਮੰਤ੍ਰ- ਇਹਨਾਂ ਦੋਹਾਂ ਦੇ ਵਿਚਕਾਰ ਪੱਤਰੇ ਉੱਤੇ ਕਾਫ਼ੀ ਥਾਂ ਖ਼ਾਲੀ ਕੋਰਾ ਰੱਖਿਆ ਗਿਆ ਹੈ।

ਵਿਦਵਾਨਾਂ ਦਾ ਫ਼ੈਸਲਾ

ਇਕੱਠੇ ਹੋਏ ਵਿਦਵਾਨ ਸੱਜਣ ਇਸ ਨਤੀਜੇ ਉਤੇ ਅੱਪੜੇ ਕਿ ਪੱਤਰੇ ਉਤੇ ਹਰ ਥਾਂ ਮੂਲਮੰਤ੍ਰ ਨੂੰ ਸੱਜੇ ਪਾਸੇ ਰੱਖ ਕੇ ਮੂਲਮੰਤ੍ਰ ਨੂੰ ਆਦਰ-ਸਤਕਾਰ ਦਿੱਤਾ ਗਿਆ ਹੈ। ਸ੍ਰੀ ਹਰਿਮੰਦਰ ਸਾਹਿਬ ਦੀਆਂ ਪਰਿਕਰਮਾਂ ਕਰਨ ਵੇਲੇ ਸਿੱਖ ਸ੍ਰੀ ਹਰਿਮੰਦਰ ਸਾਹਿਬ ਨੂੰ ਸੱਜੇ ਹੱਥ ਹੀ ਰੱਖਦਾ ਹੈ। ਸੋ, ਸ੍ਰੀ ਕਰਤਾਰਪੁਰ ਸਾਹਿਬ ਵਾਲੀ 'ਬੀੜ' ਵਿਚ ਮੂਲਮੰਤ੍ਰ ਨੂੰ ਸਦਾ 'ਪਹਿਲ' ਦਿੱਤੀ ਹੋਈ ਹੈ। ਪੜ੍ਹਨ ਵੇਲੇ ਪਹਿਲਾਂ ਮੂਲਮੰਤ੍ਰ ਹੀ ਪੜ੍ਹਨਾ ਹੈ। ਪੁਰਾਣੇ ਸਮੇ ਲਿਖਣ-ਢੰਗ ਇਹੀ ਸੀ ਕਿ ਆਰੰਭਕ ਮੰਗਲਾਚਰਨ ਨੂੰ ਸੱਜੇ ਪਾਸੇ 'ਪਹਿਲ' ਦਿੱਤੀ ਜਾਏ।

ਅਗਾਂਹ ਸਦਾ ਲਈ ਪਾਠਕਾਂ ਨੂੰ ਟਪਲੇ ਤੋਂ ਬਚਾਣ ਲਈ ਤੇ ਸਿੱਧਾ ਗਾਡੀ ਰਾਹ ਵਿਖਾਣ ਲਈ ਉਹਨਾਂ ਵਿਦਵਾਨਾਂ ਨੇ ਇਹ ਫ਼ੈਸਲਾ ਕੀਤਾ ਕਿ 'ਬੀੜਾਂ' ਛਾਪਣ ਵੇਲੇ ਮੂਲਮੰਤ੍ਰ ਨੂੰ 'ਪਹਿਲਾਂ' ਛਾਪਿਆ ਜਾਏ। ਪੰਜਾਬੀ ਦੀ ਲਿਖਾਈ ਖੱਬੇ ਪਾਸੇ ਤੋਂ ਸੱਜੇ ਪਾਸੇ ਵੱਲ ਜਾਂਦੀ ਹੈ। ਸੋ, ਇਸ ਫ਼ੈਸਲੇ ਅਨੁਸਾਰ ਮੂਲਮੰਤ੍ਰ ਪੱਤਰੇ ਦੇ ਸੱਜੇ ਪਾਸੇ ਛਾਪੇ ਜਾਣ ਦੇ ਥਾਂ ਖੱਬੇ ਪਾਸੇ ਤੋਂ ਸ਼ੁਰੂ ਕੀਤਾ ਗਿਆ। ਸਿਰਫ਼ ਇਸੇ ਤਰੀਕੇ ਨਾਲ ਹੀ ਮੂਲਮੰਤ੍ਰ ਨੂੰ 'ਪਹਿਲ' ਮਿਲ ਸਕਦੀ ਸੀ।

ਮਤ-ਭੇਦ

ਜਿਵੇਂ ਸਾਰੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਖ-ਵਖ ਗੁਰ ਵਿਅਕਤੀਆਂ ਅਤੇ ਭਗਤਾਂ ਦੀ ਬਾਣੀ ਲਿਖਣ ਦੀ ਤਰਤੀਬ ਇਕ-ਸਾਰ ਹੈ ਇਕੋ ਜਿਹੀ ਹੈ, ਤਿਵੇਂ ਵਿਦਵਾਨਾਂ ਦੇ ਉਸ ਫ਼ੈਸਲੇ ਅਨੁਸਾਰ ਮੂਲਮੰਤ੍ਰ ਨੂੰ ਭੀ ਉਹ ਥਾਂ ਮਿਲ ਗਈ ਜੋ ਕਿਤੇ ਭੀ ਨਾਹ ਬਦਲੇ। ਮੂਲਮੰਤ੍ਰ ਨੂੰ ਹਰ ਥਾਂ 'ਪਹਿਲ' ਮਿਲ ਗਈ। ਇਹ 'ਪਹਿਲ' ਤਾਂ ਪਹਿਲਾਂ ਭੀ ਮਿਲੀ ਹੋਈ ਸੀ, ਪਰ ਪਾਠ ਕਰਨ ਵੇਲੇ ਟਪਲਾ ਲੱਗਣ ਦੀ ਸੰਭਾਵਨਾ ਬਣ ਰਹੀ ਸੀ।

ਸਿੱਖ ਕੌਮ ਦੇ ਸਾਹਮਣੇ ਇਹ ਇਕ ਨਵਾਂ ਸੁਝਾਉ ਆਇਆ। ਕਈ ਸੱਜਣਾਂ ਨੇ ਇਸ ਨੂੰ ਪਸੰਦ ਕੀਤਾ, ਕਈਆਂ ਨੂੰ ਇਹ ਮਾੜਾ ਲੱਗਾ। ਸਹਜੇ ਸਹਜੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਕੰਮ ਦੀ ਵਿਰੋਧਤਾ ਸ਼ੁਰੂ ਹੋ ਗਈ। ਵਿਰੋਧਤਾ ਇਸ ਹੱਦ ਤੇ ਜਾ ਅੱਪੜੀ ਕਿ ਆਖ਼ਰ ਸ਼ਰੋਮਣੀ ਕਮੇਟੀ ਨੇ ਆਪਣੇ ਪ੍ਰਬੰਧ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਦਾ ਕੰਮ ਹਾਲਾਂ ਬੰਦ ਕਰ ਦਿੱਤਾ ਹੈ।

ਜਦੋਂ ਮਤ-ਭੇਦ ਵਾਲੀ ਚਰਚਾ ਪੰਥ ਵਿਚ ਜ਼ੋਰਾਂ ਤੇ ਸੀ, ਤਦੋਂ ਇਹ ਖਿੱਚੋਤਾਣ ਭੀ ਸ਼ੁਰੂ ਹੋ ਗਈ ਸੀ ਕਿ ਮੂਲਮੰਤ੍ਰ ਦੀ ਸਹੀ ਥਾਂ ਦਾ ਨਿਰਨਾ ਕਰਨ ਵਾਸਤੇ ਕਿਹੜੀ 'ਬੀੜ' ਨੂੰ 'ਧੁਰਾ' ਮੰਨਿਆ ਜਾਏ। ਸ੍ਰੀ ਕਰਤਾਰਪੁਰ ਸਾਹਿਬ ਵਾਲੀ 'ਬੀੜ' ਵਿਚ ਤਾਂ ਮੂਲਮੰਤ੍ਰ ਸਦਾ ਪੱਤਰੇ ਦੇ ਸੱਜੇ ਪਾਸੇ ਹੀ ਹੈ; ਪਰ ਹੋਰ ਕਈ ਹੱਥ-ਲਿਖੀਆਂ 'ਬੀੜਾਂ' ਵਿਚ ਮੂਲਮੰਤ੍ਰ ਨੂੰ ਖੱਬੇ ਪਾਸੇ ਲਿਆ ਕੇ ਕਿਤੇ ਮੂਲਮੰਤ੍ਰ ਨੂੰ ਪਹਿਲਾਂ ਲਿਖਿਆ ਹੋਇਆ ਹੈ ਅਤੇ ਕਿਤੇ 'ਰਾਗ' ਵਾਲਾ ਸਿਰਲੇਖ ਪਹਿਲਾਂ ਹੈ। ਆਪੋ ਆਪਣੇ ਥਾਂ ਹਰੇਕ 'ਬੀੜ' ਹੀ ਪੰਥ ਵਿਚ ਪਰਵਾਨੀਕ ਹੈ।

ਪੰਥ ਦੇ ਵਿਦਵਾਨ ਰਲ ਕੇ ਅਜੇ ਤਕ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਮੂਲਮੰਤ੍ਰ ਦੀ ਸਹੀ ਥਾਂ ਦਾ ਅਜਿਹਾ ਨਿਰਨਾ ਨਹੀਂ ਕਰ ਸਕੇ ਜੋ ਸਾਰੇ ਪੱਖਾਂ ਨੂੰ ਪਰਵਾਨ ਹੋਵੇ।

ਟੀਕਾਕਾਰ ਦੀ ਜ਼ਿੰਮੇਵਾਰੀ

ਜਿਵੇਂ ਗੁਰੂ ਪਾਤਿਸ਼ਾਹ ਨੇ ਮਿਹਰ ਕੀਤੀ, ਮੈਨੂੰ ਦਸੰਬਰ 1920 ਵਿਚ ਪਹਿਲਾਂ ਇਹ ਸੂਝ ਮਿਲੀ ਕਿ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੋਲੀ ਉਸ ਸਮੇਂ ਦੇ 'ਵਿਆਕਰਣ' ਅਨੁਸਾਰ ਹੈ। ਧਰਤੀ ਉਤੇ ਕਦੇ ਭੀ ਕਿਤੇ ਭੀ ਇਹ ਨਹੀਂ ਹੋ ਸਕਦਾ ਕਿ ਕਿਸੇ 'ਬੋਲੀ' ਦਾ ਕੋਈ 'ਵਿਆਕਰਣ' ਨਾਹ ਹੋਵੇ। ਆਮ ਜਨਤਾ ਦੀ ਅਨਪੜ੍ਹਤਾ ਦੇ ਕਾਰਨ ਜਾਂ ਕਿਸੇ ਹੋਰ ਕਾਰਨ ਇਹ ਤਾਂ ਹੋ ਸਕਦਾ ਹੈ ਕਿ ਉਹ 'ਵਿਆਕਰਣ' ਲਿਖਤੀ ਸ਼ਕਲ ਵਿਚ ਨਾਹ ਲਿਆਂਦਾ ਗਿਆ ਹੋਵੇ।13 ਸਾਲ ਇਸ ਮਿਹਨਤ ਵਿਚ ਜੋੜੀ ਰੱਖ ਕੇ ਪਾਤਿਸ਼ਾਹ ਨੇ ਮੈਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 'ਵਿਆਕਰਣ' ਲਿਖ ਕੇ ਸਿੱਖ ਪੰਥ ਦੇ ਸਾਹਮਣੇ ਰੱਖਣ ਵਿਚ ਸਫਲਤਾ ਬਖ਼ਸ਼ੀ।

ਉਸ 'ਵਿਆਕਰਣ' ਦੇ ਆਧਾਰ ਤੇ ਮੈਂ ਕਈ ਬਾਣੀਆਂ ਦੇ ਟੀਕੇ ਭੀ ਪੰਥ ਦੇ ਸਾਹਮਣੇ ਰੱਖਦਾ ਗਿਆ। ਨਵਾਂ ਰਸਤਾ ਸੀ। ਪਹਿਲਾਂ ਪਹਿਲ ਥੋੜੀ-ਬਹੁਤ ਵਿਰੋਧਤਾ ਹੋਣੀ ਕੁਦਰਤੀ ਗੱਲ ਸੀ। ਪਰ ਅੱਜ ਦਾ ਪੜ੍ਹਿਆ-ਲਿਖਿਆ ਗਭਰੂ ਸਹਿਜੇ ਸਹਿਜੇ ਮੇਰੇ ਨਾਲ ਹੋ ਤੁਰਿਆ। ਆਖ਼ਰ ਗੁਰੂ-ਪਾਤਿਸ਼ਾਹ ਦੀ ਕਿਰਪਾ ਨਾਲ ਸਾਰੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਤਿਆਰ ਹੋ ਕੇ ਤੇ ਛਾਪ ਕੇ ਬਾਣੀ ਦੇ ਪ੍ਰੇਮੀਆਂ ਦੇ ਹੱਥਾਂ ਵਿਚ ਪਹੁੰਚ ਗਿਆ ਹੈ। ਮੈਂ ਕਈ ਥਾਈਂ ਉਕਾਈਆਂ ਕਰ ਗਿਆ ਹੋਵਾਂਗਾ। ਪਰ ਪਾਠਕ ਇਹ ਜ਼ਰੂਰ ਵੇਖਣਗੇ ਕਿ ਜਿਹੜਾ 'ਗੁਰਬਾਣੀ ਵਿਆਕਰਣ' ਮੈਂ ਸੰਨ 1939 ਵਿਚ ਛਾਪ ਕੇ ਪੰਥ ਦੇ ਸਾਹਮਣੇ ਪੇਸ਼ ਕੀਤਾ ਸੀ, ਮੈਂ ਇਹ ਟੀਕਾ ਲਿਖਣ ਵੇਲੇ ਉਹਨਾਂ ਲੀਹਾਂ ਦੇ ਅਨੁਸਾਰ ਰਹਿਣ ਦਾ ਹੀ ਜਤਨ ਕਰਦਾ ਰਿਹਾ ਹਾਂ।

ਮੇਰੀ ਕੋਈ ਪਾਂਇਆਂ ਨਹੀਂ ਕਿ ਮੂਲਮੰਤ੍ਰ ਵਾਲੇ ਜਿਸ ਮਤ-ਭੇਦ ਨੂੰ ਪੰਥ ਦੇ ਵਿਦਵਾਨ ਹੁਣ ਤਕ ਹੱਲ ਨਹੀਂ ਕਰ ਸਕੇ, ਉਸ ਬਾਰੇ ਮੈਂ ਨਾ-ਚੀਜ਼ ਕੋਈ ਰਾਇ ਦੇਣ ਦਾ ਹੀਆ ਕਰਾਂ। ਪਰ ਜਿਸ 'ਵਿਆਕਰਣ' ਅਨੁਸਾਰ ਗੁਰੂ-ਪਾਤਿਸ਼ਾਹ ਦੀ ਮਿਹਰ ਨਾਲ ਇਹ ਟੀਕਾ ਸਿਰੇ ਚੜ੍ਹਿਆ ਹੈ, ਜੇ ਮੈਂ ਮੂਲਮੰਤ੍ਰ ਦੀ ਸਹੀ ਥਾਂ ਬਾਰੇ ਉਸ 'ਵਿਆਕਰਣ' ਨੂੰ ਨਾਹ ਵਰਤਿਆ, ਤਾਂ ਮੈਂ ਟੀਕਾਕਾਰ ਵਾਲੀ ਜ਼ਿੰਮੇਵਾਰੀ ਨਿਬਾਹੁਣ ਤੋਂ ਉਕਾਈ ਖਾ ਜਾਵਾਂਗਾ। ਟੀਕੇ ਵਿਚ ਭੀ ਕਈ ਉਕਾਈਆਂ ਹੋ ਗਈਆਂ ਹੋਣਗੀਆਂ। ਮੂਲਮੰਤ੍ਰ ਬਾਰੇ ਵਿਚਾਰ ਵਿਚ ਭੀ ਮੈਨੂੰ ਠੇਡੇ ਲੱਗ ਸਕਦੇ ਹਨ। ਗੁਰੂ-ਪਾਤਿਸ਼ਾਹ ਅਤੇ ਪਾਤਿਸ਼ਾਹ ਦਾ ਪੰਥ ਬਖ਼ਸ਼ਣ ਵਾਲਾ ਹੈ।

ਛਾਪੇ ਦੀ 'ਬੀੜ' ਤੋਂ ਪੜਚੋਲ

(1) ਵੇਖੋ 1430 ਸਫ਼ਿਆਂ ਵਾਲੀ 'ਬੀੜ' ਦਾ ਪੰਨਾ 901, ਸ਼ਬਦ ਮਹਲਾ 9 ਦੇ।

ਇਹ ਤਿੰਨ ਸ਼ਬਦਾਂ ਦਾ ਸੰਗ੍ਰਹਿ ਹੈ। ਇਸ ਨੂੰ ਪਿਛਲੇ ਪਾਸੇ ਵਲੋਂ ਪੜ੍ਹਨਾ ਸ਼ੁਰੂ ਕਰੋ। ਅਖ਼ੀਰਲੇ ਸ਼ਬਦ ਦੀ ਪਹਿਲੀ ਤੁਕ ਹੈ 'ਪ੍ਰਾਨੀ ਨਾਰਾਇਨ ਸੁਧਿ ਲੇਹਿ'। ਇਸ ਸ਼ਬਦ ਦਾ ਸਿਰਲੇਖ ਪੜ੍ਹੋ। ਕੀਹ ਹੈ? ਸਿਰਲੇਖ ਹੈ 'ਰਾਮਕਲੀ ਮਹਲਾ 9'।

ਹੁਣ ਇਸ ਤੋਂ ਉਪਰਲੇ ਦੂਜੇ ਸ਼ਬਦ ਦੀ ਪਹਿਲੀ ਤੁਕ ਵੇਖੋ। ਉਹ ਹੈ 'ਸਾਧੋ ਕਉਨ ਜੁਗਤਿ ਅਬ ਕੀਜੈ' ਇਸ ਦਾ ਭੀ ਸਿਰਲੇਖ ਪੜ੍ਹੋ। ਕੀਹ ਹੈ? ਸਿਰਲੇਖ ਹੈ 'ਰਾਮਕਲੀ ਮਹਲਾ 9'।

ਹੁਣ ਇਸ ਤੋਂ ਉਪਰਲੇ ਪਹਿਲੇ ਸ਼ਬਦ ਦੀ ਪਹਿਲੀ ਤੁਕ ਪੜ੍ਹੋ ਉਹ ਹੈ 'ਰੇ ਮਨ ਓਟਿ ਲੇਹੁ ਹਰਿ ਨਾਮ'। ਹੁਣ ਇਸ ਦਾ ਸਿਰਲੇਖ ਪੜ੍ਹੋ। ਕੀਹ ਹੈ? ਸਿਰਲੇਖ ਹੈ 'ਰਾਗੁ ਰਾਮਕਲੀ ਮਹਲਾ 9'।

(2) ਹੁਣ ਵੇਖੋ ਛਾਪੇ ਦੀ 'ਬੀੜ' ਦਾ ਪੰਨਾ 1008, ਸ਼ਬਦ ਮਹਲਾ 9 ਦੇ।

ਇਹ ਸੰਗ੍ਰਹਿ ਭੀ ਤਿੰਨ ਸ਼ਬਦਾਂ ਦਾ ਹੈ। ਇਸ ਸੰਗ੍ਰਹਿ ਨੂੰ ਭੀ ਅਖ਼ੀਰਲੇ ਪਾਸੇ ਵਲੋਂ ਵੇਖਣਾ ਸ਼ੁਰੂ ਕਰੋ।

ਅਖ਼ੀਰਲੇ ਸ਼ਬਦ ਦੀ ਪਹਿਲੀ ਤੁਕ ਹੈ 'ਮਾਈ ਮੈ ਮਨ ਕੋ ਮਾਨੁ ਨ ਤਿਆਗਿਓ'। ਇਸ ਦਾ ਸਿਰਲੇਖ ਵੇਖੋ। ਕੀਹ ਹੈ? ਸਿਰਲੇਖ ਹੈ 'ਮਾਰੂ ਮਹਲਾ 9'।

ਹੁਣ ਇਸ ਤੋਂ ਉਪਰਲਾ ਸ਼ਬਦ ਪੜ੍ਹੋ। ਉਸ ਦੀ ਪਹਿਲੀ ਤੁਕ ਹੈ 'ਅਬ ਮੈ ਕਹਾ ਕਰਉ ਰੀ ਮਾਈ'। ਇਸ ਦਾ ਸਿਰਲੇਖ ਭੀ ਵੇਖੋ। ਕੀਹ ਹੈ? ਸਿਰਲੇਖ ਹੈ 'ਮਾਰੂ ਮਹਲਾ 9'।

ਹੁਣ ਇਸ ਸੰਗ੍ਰਹਿ ਦਾ ਸਭ ਤੋਂ ਉਪਰਲਾ ਪਹਿਲਾ ਸ਼ਬਦ ਵੇਖੋ। ਉਸ ਦੀ ਪਹਿਲੀ ਤੁਕ ਹੈ 'ਹਰਿ ਕੋ ਨਾਮੁ ਸਦਾ ਸੁਖਦਾਈ'। ਇਸ ਦਾ ਸਿਰਲੇਖ ਕੀਹ ਹੈ? ਸਿਰਲੇਖ ਹੈ 'ਮਾਰੂ ਮਹਲਾ 9'।

(3) ਹੁਣ ਵੇਖੋ ਛਾਪੇ ਦੀ 'ਬੀੜ' ਪੰਨਾ 1186, ਸ਼ਬਦ ਮਹਲਾ 9 ਦੇ।

ਇਹ ਸੰਗ੍ਰਹਿ ਪੰਜ ਸ਼ਬਦਾਂ ਦਾ ਹੈ। ਇਸ ਸੰਗ੍ਰਹਿ ਨੂੰ ਭੀ ਅਖ਼ੀਰਲੇ ਪਾਸੇ ਵਲੋਂ ਵੇਖਣਾ ਸ਼ੁਰੂ ਕਰੋ।

ਅਖ਼ੀਰਲੇ ਸ਼ਬਦ ਦੀ ਪਹਿਲੀ ਤੁਕ ਹੈ 'ਕਹਾ ਭੂਲਿਓ ਰੇ ਝੂਠੇ ਲੋਭ ਲਾਗ'। ਇਸ ਸ਼ਬਦ ਦਾ ਸਿਰਲੇਖ ਵੇਖੋ। ਕੀਹ ਹੈ? ਸਿਰਲੇਖ ਹੈ 'ਬਸੰਤੁ ਮਹਲਾ 9'।

ਇਸ ਤੋਂ ਉਪਰਲੇ ਸ਼ਬਦ ਦੀ ਪਹਿਲੀ ਤੁਕ ਹੈ 'ਮਨ ਕਹਾ ਬਿਸਾਰਿਓ ਰਾਮ ਨਾਮੁ'। ਇਸ ਸ਼ਬਦ ਦਾ ਭੀ ਸਿਰਲੇਖ ਹੈ 'ਬਸੰਤੁ ਮਹਲਾ 9'।

ਹੁਣ ਇਸ ਤੋਂ ਪਹਿਲੇ ਸ਼ਬਦ ਦੀ ਪਹਿਲੀ ਤੁਕ ਪੜ੍ਹੋ। ਉਹ ਹੈ 'ਮਾਈ ਮੈ ਧਨੁ ਪਾਇਓ ਹਰਿ ਨਾਮੁ'। ਇਸ ਦਾ ਸਿਰਲੇਖ ਕੀਹ ਹੈ? ਸਿਰਲੇਖ ਹੈ 'ਬਸੰਤੁ ਮਹਲਾ 9'।

ਹੁਣ ਵੇਖੋ ਇਸ ਤੋਂ ਪਹਿਲਾ ਸ਼ਬਦ। ਪਹਿਲੀ ਤੁਕ ਹੈ 'ਪਾਪੀ ਹੀਐ ਮੈ ਕਾਮੁ ਬਸਾਇ'। ਇਸ ਸ਼ਬਦ ਦਾ ਸਿਰਲੇਖ ਹੈ 'ਬਸੰਤੁ ਮਹਲਾ 9'।

ਹੁਣ ਆਓ ਸਭ ਤੋਂ ਪਹਿਲੇ ਸ਼ਬਦ ਵੱਲ। ਇਸ ਦੀ ਪਹਿਲੀ ਤੁਕ ਪੜ੍ਹੋ। ਉਹ ਹੈ 'ਸਾਧੋ ਇਹੁ ਤਨੁ ਮਿਥਿਆ ਜਾਨੋ'। ਇਸ ਦਾ ਸਿਰਲੇਖ ਕੀਹ ਹੈ? ਸਿਰਲੇਖ ਹੈ 'ਰਾਗੁ ਬਸੰਤੁ ਹਿੰਡੋਲ ਮਹਲਾ 9'।

ਨਿਰਨਾ

ਪਾਠਕਾਂ ਦੇ ਸਾਹਮਣੇ ਸਿਰਫ਼ ਤਿੰਨ ਸੰਗ੍ਰਹਿ ਪੇਸ਼ ਕੀਤੇ ਗਏ ਹਨ। ਇਹਨਾਂ ਵਿਚੋਂ ਹਰੇਕ ਸੰਗ੍ਰਹਿ ਦੇ ਸ਼ੁਰੂ ਵਿਚ ਹੈ ਮੂਲਮੰਤ੍ਰ 'ੴ ਸਤਿਗੁਰ ਪ੍ਰਸਾਦਿ'।

ਪਾਠਕ ਇਸ ਗੱਲ ਵੱਲ ਧਿਆਨ ਦੇਣ ਕਿ ਹਰੇਕ ਸੰਗ੍ਰਹਿ ਦੇ ਹਰੇਕ ਸ਼ਬਦ ਦਾ ਸਿਰਲੇਖ ਇਕੋ ਜਿਹਾ ਹੀ ਹੈ। ਪਹਿਲਾ ਸੰਗ੍ਰਹਿ ਸੀ ਰਾਗ ਰਾਮਕਲੀ ਦਾ, ਤੇ, ਹਰੇਕ ਸ਼ਬਦ ਦਾ ਸਿਰਲੇਖ ਭੀ ਸੀ 'ਰਾਮਕਲੀ ਮਹਲਾ 9'। ਦੂਜਾ ਸੰਗ੍ਰਹਿ ਸੀ ਰਾਗ ਮਾਰੂ ਦਾ; ਤੇ; ਹਰੇਕ ਸ਼ਬਦ ਦਾ ਸਿਰਲੇਖ ਭੀ ਸੀ 'ਮਾਰੂ ਮਹਲਾ 9'। ਤੀਜਾ ਸੰਗ੍ਰਹਿ ਸੀ ਰਾਗੁ ਬਸੰਤੁ ਦਾ; ਤੇ ਇਥੇ ਭੀ ਇਹੀ ਗੱਲ ਸੀ ਕਿ ਹਰੇਕ ਸ਼ਬਦ ਦਾ ਸਿਰਲੇਖ ਸੀ 'ਬਸੰਤੁ ਮਹਲਾ 9'।

ਹੋਰ ਕਿਸਮ ਦਾ ਸੰਗ੍ਰਹਿ

ਹੁਣ ਛਾਪੇ ਦੀ 'ਬੀੜ' ਵਿਚੋਂ ਪਾਠਕਾਂ ਦੇ ਸਾਹਮਣੇ ਇਕ ਹੋਰ ਕਿਸਮ ਦੇ ਸੰਗ੍ਰਹਿ ਪੇਸ਼ ਕੀਤੇ ਜਾਂਦੇ ਹਨ।

(1) ਵੇਖੋ ਛਾਪੇ ਦੀ 'ਬੀੜ' ਦਾ ਪੰਨਾ 1171, 'ਮਹਲਾ 1 ਬਸੰਤੁ ਹਿੰਡੋਲ ਘਰੁ 2'।

ਇਸ ਸੰਗ੍ਰਹਿ ਦੇ ਚਾਰ ਸ਼ਬਦ ਹਨ। ਇਸ ਦਾ ਸਭ ਤੋਂ ਅਖ਼ੀਰਲਾ ਸ਼ਬਦ ਵੇਖੋ।

ਇਸ ਦੀ ਪਹਿਲੀ ਤੁਕ ਹੈ 'ਸਾਚਾ ਸਾਹੁ ਗੁਰੂ ਸੁਖਦਾਤਾ, ਹਰਿ ਮੇਲੇ ਭੁਖ ਗਵਾਏ'।

ਇਸ ਸ਼ਬਦ ਦਾ ਸਿਰਲੇਖ ਕੀ ਹੈ? ਸਿਰਲੇਖ ਹੈ 'ਬਸੰਤੁ ਹਿੰਡੋਲ ਮਹਲਾ 1'।

ਹੁਣ ਵੇਖੋ ਇਸ ਤੋਂ ਉਪਰਲਾ ਸ਼ਬਦ ਜਿਸ ਦੀ ਪਹਿਲੀ ਤੁਕ ਹੈ 'ਰਾਜਾ ਬਾਲਕੁ ਨਗਰੀ ਕਾਚੀ, ਦੁਸਟਾ ਨਾਲਿ ਪਿਆਰੋ'।

ਇਸ ਦਾ ਸਿਰਲੇਖ ਕੀ ਹੈ? ਸਿਰਲੇਖ ਹੈ 'ਬਸੰਤੁ ਹਿੰਡੋਲ ਮਹਲਾ 1'।

ਹੁਣ ਪੜ੍ਹੋ ਇਸ ਤੋਂ ਉਪਰਲਾ ਸ਼ਬਦ। ਉਸ ਦੀ ਪਹਿਲੀ ਤੁਕ ਹੈ 'ਸਾਹੁਰੜੀ ਵਥੁ ਸਭੁ ਕਿਛੁ ਸਾਝੀ, ਪੇਵਕੜੈ ਧਨ ਵਖੇ। ' ਇਸ ਦਾ ਭੀ ਸਿਰਲੇਖ ਹੈ 'ਬਸੰਤੁ ਮਹਲਾ 1 ਹਿੰਡੋਲ'।

ਇਸ ਸੰਗ੍ਰਹਿ ਦਾ ਸਭ ਤੋਂ ਪਹਿਲਾ ਸ਼ਬਦ ਹੁਣ ਵੇਖੋ। ਇਸ ਦੀ ਪਹਿਲੀ ਤੁਕ ਹੈ 'ਸਾਲਗ੍ਰਾਮ ਬਿਪ ਪੂਜਿ ਮਨਾਵਹੁ, ਸੁਕ੍ਰਿਤੁ ਤੁਲਸੀ ਮਾਲਾ'।

ਇਸ ਸ਼ਬਦ ਦਾ ਸਿਰਲੇਖ ਕੀ ਹੈ? ਰਤਾ ਧਿਆਨ ਨਾਲ ਵੇਖਣਾ ਜੀ। ਸਿਰਲੇਖ ਹੈ 'ੴ ਸਤਿਗੁਰ ਪ੍ਰਸਾਦਿ'। ਇਹ ਕੀਹ?

(2) ਹੁਣ ਛਾਪੇ ਦੀ 'ਬੀੜ' ਦਾ ਪੰਨਾ 1178 ਵੇਖੋ। 'ਬਸੰਤੁ ਹਿੰਡੋਲ ਮਹਲਾ 4 ਘਰੁ 2'।

ਇਸ ਸੰਗ੍ਰਹਿ ਵਿਚ ਪੰਜ ਸ਼ਬਦ ਹਨ। ਇਸ ਨੂੰ ਭੀ ਪਿਛਲੇ ਪਾਸੇ ਵਲੋਂ ਵੇਖਣਾ ਸ਼ੁਰੂ ਕਰੋ। ਅਖ਼ੀਰਲੇ ਸ਼ਬਦ ਦੀ ਪਹਿਲੀ ਤੁਕ ਹੈ।

'ਆਵਣ ਜਾਣੁ ਭਇਆ ਦੁਖੁ ਬਿਖਿਆ, ਦੇਹ ਮਨਮੁਖ ਸੁੰਞੀ ਸੁੰਞੁ'।

ਇਸ ਸ਼ਬਦ ਦਾ ਸਿਰਲੇਖ ਕੀਹ ਹੈ? ਸਿਰਲੇਖ ਹੈ 'ਬਸੰਤੁ ਹਿੰਡੋਲ ਮਹਲਾ 4'।

ਹੁਣ ਲਵੋ ਇਸ ਤੋਂ ਪਹਿਲਾ ਸ਼ਬਦ। ਇਸ ਦੀ ਪਹਿਲੀ ਤੁਕ ਹੈ:

'ਮਨੁ ਖਿਨੁ ਖਿਨੁ ਭਰਮਿ ਭਰਮਿ ਬਹੁ ਧਾਵੈ, ਤਿਲੁ ਘਰਿ ਨਹੀ ਵਾਸਾ ਪਾਈਐ'।

ਇਸ ਸ਼ਬਦ ਦਾ ਸਿਰਲੇਖ ਵੇਖੋ। ਕੀਹ ਹੈ? ਸਿਰਲੇਖ ਹੈ 'ਬਸੰਤੁ ਹਿੰਡੋਲ ਮਹਲਾ 4'।

ਚੱਲੋ ਹੁਣ ਇਸ ਤੋਂ ਉਪਰਲੇ ਸ਼ਬਦ ਵੱਲ। ਪਹਿਲੀ ਤੁਕ ਹੈ:

'ਮੇਰਾ ਇਕੁ ਖਿਨੁ ਮਨੂਆ ਰਹਿ ਨ ਸਕੈ, ਨਿਤ ਹਰਿ ਨਾਮ ਰਸਿ ਗੀਧੇ। ' ਇਸ ਦਾ ਭੀ ਸਿਰਲੇਖ ਵੇਖਣਾ ਜੀ। ਕੀਹ ਹੈ? ਸਿਰਲੇਖ ਹੈ 'ਬਸੰਤੁ ਹਿੰਡੋਲ ਮਹਲਾ 4'।

ਆਓ, ਹੁਣ ਇਸ ਤੋਂ ਪਹਿਲੇ ਸ਼ਬਦ ਨੂੰ ਵੇਖੋ। ਇਸ ਦੀ ਪਹਿਲੀ ਤੁਕ ਹੈ 'ਤੁਮ੍ਹ੍ਹ ਵਡ ਪੁਰਖ ਵਡ ਅਗਮ ਗੁਸਾਈ, ਹਮ ਕੀਰੇ ਕਿਰਮ ਤੁਮਨਛੇ'। ਪੜ੍ਹੋ ਹੁਣ ਇਸ ਸ਼ਬਦ ਦਾ ਸਿਰਲੇਖ। ਸਿਰਲੇਖ ਹੈ 'ਬਸੰਤੁ ਮਹਲਾ 4 ਹਿੰਡੋਲ'।

ਹੁਣ ਵੇਖੋ ਇਸ ਸੰਗ੍ਰਹਿ ਦਾ ਸਭ ਤੋਂ ਪਹਿਲਾ ਸ਼ਬਦ। ਉਸ ਦੀ ਪਹਿਲੀ ਤੁਕ ਹੈ 'ਰਾਮ ਨਾਮੁ ਰਤਨ ਕੋਠੜੀ, ਗੜ ਮੰਦਰਿ ਏਕ ਲੁਕਾਨੀ। '

ਇਸ ਸ਼ਬਦ ਦਾ ਭੀ ਸਿਰਲੇਖ ਪੜ੍ਹੋ ਜੀ। ਧਿਆਨ ਨਾਲ ਪੜ੍ਹੋ ਜੀ। ਸਿਰਲੇਖ ਹੈ 'ੴ ਸਤਿਗੁਰ ਪ੍ਰਸਾਦਿ'। ਹੈਂ! ਇਹ ਕੀਹ? ਫਿਰ ਧਿਆਨ ਦੇ ਕੇ ਪੜ੍ਹ ਲੈਣਾ ਜੀ। ਇਹੀ ਹੈ ਨ?

ਪਾਠਕਾਂ ਦਾ ਇਤਰਾਜ਼

ਪਾਠਕ ਸ਼ਾਇਦ ਆਖਣ ਕਿ ਇਹ ਦੋ ਸੰਗ੍ਰਹਿ ਜੇ ਮੈਂ ਉਹਨਾਂ ਦੇ ਸਾਹਮਣੇ ਪੇਸ਼ ਕੀਤੇ ਹਨ, ਇਹਨਾਂ ਦੇ ਸਭ ਤੋਂ ਪਹਿਲੇ ਸ਼ਬਦ ਦਾ ਸਿਰਲੇਖ ਮੈਂ ਗ਼ਲਤ ਪੇਸ਼ ਕੀਤਾ ਹੈ। ਉਹ ਸਿਰਲੇਖ ਤਾਂ ਹੈ 'ੴ ਸਤਿਗੁਰ ਪ੍ਰਸਾਦਿ' ਤੋਂ ਪਹਿਲਾਂ ਲਿਖਿਆ ਹੋਇਆ।

ਪਾਠਕ ਸੱਜਣ ਜੀ! ਜੋ ਕੁਝ ਲਿਖਿਆ ਪਿਆ ਹੈ ਉਸ ਨੂੰ ਪੜ੍ਹੋ। ਜਿਸ ਤਰਤੀਬ ਨਾਲ ਲਿਖਿਆ ਪਿਆ ਹੈ ਉਸੇ ਤਰਤੀਬ ਨਾਲ ਪੜ੍ਹੋ। ਅਸੀਂ ਆਪਣੇ ਪਾਸੋਂ ਗ਼ਲਤ ਦਲੀਲਾਂ ਨਾਹ ਘੜੀਏ। ਸ਼ਬਦ ਦੇ ਸ਼ੁਰੂ ਵਿਚ ਨਾਲ ਹੀ ਲਿਖੇ ਹੋਏ ਲਫ਼ਜ਼ਾਂ 'ੴ ਸਤਿਗੁਰ ਪ੍ਰਸਾਦਿ' ਨੂੰ ਅਸੀਂ ਅਣ-ਲਿਖੇ ਮਿਥ ਕੇ ਅੱਖਾਂ ਤੋਂ ਉਹਲੇ ਨਹੀਂ ਕਰ ਸਕਦੇ। ਜਿਸ ਤਰੀਕੇ ਨਾਲ ਹੋਰ ਸ਼ਬਦਾਂ ਦੇ ਸਿਰਲੇਖ ਪੜ੍ਹਦੇ ਆਏ ਹੋ, ਉਹੀ ਤਰੀਕਾ ਇਥੇ ਭੀ ਵਰਤੋ।

ਦੋ ਕਿਸਮ ਦੇ ਸੰਗ੍ਰਹਿ

ਪਾਠਕਾਂ ਦੇ ਸਾਹਮਣੇ ਛਾਪੇ ਦੀ 'ਬੀੜ' ਵਿਚੋਂ ਦੋ ਕਿਸਮ ਦੇ ਸੰਗ੍ਰਹਿ ਪੇਸ਼ ਕੀਤੇ ਗਏ ਹਨ। ਇਕ ਸੰਗ੍ਰਹਿ ਉਹ ਹਨ ਜਿਨ੍ਹਾਂ ਦੇ ਸ਼ੁਰੂ ਵਿਚ 'ੴ ਸਤਿਗੁਰ ਪ੍ਰਸਾਦਿ' ਹੈ। ਅਜਿਹੇ ਹਰੇਕ ਸੰਗ੍ਰਹਿ ਦੇ ਹਰੇਕ ਸ਼ਬਦ ਦਾ ਸਿਰਲੇਖ ਇਕੋ ਜਿਹਾ ਹੈ। ਦੂਜੀ ਕਿਸਮ ਦੇ ਸੰਗ੍ਰਹਿ ਉਹ ਹਨ, ਜਿਨ੍ਹਾਂ ਦੇ ਸ਼ੁਰੂ ਵਿਚ ਕੋਈ 'ਰਾਗ' ਅਤੇ 'ਮਹਲਾ' ਲਿਖਿਆ ਹੋਇਆ ਹੈ। ਅਜਿਹੇ ਹਰੇਕ ਸੰਗ੍ਰਹਿ ਦੇ ਪਹਿਲੇ ਸ਼ਬਦ ਦਾ ਸਿਰਲੇਖ ਇਕੋ ਜਿਹਾ ਹੈ।

ਦੋ ਗੁੰਝਲਾਂ

(1) ਜਿਸ ਜਿਸ ਸ਼ਬਦ ਦਾ ਸਿਰਲੇਖ ਹੈ 'ੴ ਸਤਿਗੁਰ ਪ੍ਰਸਾਦਿ', ਉਹ ਕਿਸ ਕਿਸ 'ਰਾਗ' ਦਾ ਸ਼ਬਦ ਹੈ ਅਤੇ ਕਿਸ ਗੁਰ-ਵਿਅਕਤੀ ਦੀ ਰਚਨਾ ਹੈ? ਜੇ ਕੋਈ ਪਾਠਕ ਸੱਜਣ ਇਸ ਪ੍ਰਸ਼ਨ ਦਾ ਉੱਤਰ ਲੱਭਣ ਵਾਸਤੇ 'ੴ ਸਤਿਗੁਰ ਪ੍ਰਸਾਦਿ' ਤੋਂ ਟੱਪ ਕੇ ਸ਼ਬਦ ਦਾ 'ਰਾਗ' ਅਤੇ 'ਮਹਲਾ' ਦੱਸਦਾ ਹੈ, ਤਾਂ ਗੱਲ ਸਿੱਧੀ ਸਾਫ਼ ਹੈ ਕਿ ਇਹ ਉਸ ਦੀ ਆਪਣੀ ਹੀ ਮਨੌਤ ਹੈ।

(2) ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦੂਜੀ ਕਿਸਮ ਦੇ ਕਈ ਐਸੇ ਸੰਗ੍ਰਹਿ ਹਨ, ਜਿਨ੍ਹਾਂ ਵਿਚ ਇਕ ਇਕ ਸੌ ਸ਼ਬਦ ਤੋਂ ਭੀ ਵਧੀਕ ਹਨ। ਅਜਿਹੇ ਸੰਗ੍ਰਹਿਆਂ ਵਿਚ ਪਹਿਲੇ ਸ਼ਬਦ ਨੂੰ ਛੱਡ ਕੇ ਬਾਕੀ ਹਰੇਕ ਸ਼ਬਦ ਦਾ ਸਿਰਲੇਖ ਇਕੋ ਜਿਹਾ ਹੈ। ਸਿਰਫ਼ ਪਹਿਲੇ ਸ਼ਬਦ ਦਾ ਸਿਰਲੇਖ ਹੈ 'ੴ ਸਤਿਗੁਰ ਪ੍ਰਸਾਦਿ'। ਇਹ ਫ਼ਰਕ ਕਿਉਂ?

ਨਿਯਮ-ਬੱਧ ਤੇ ਸੁਖਾਲੀ

ਜਿਹੜੇ ਪਾਠਕ ਮੇਰੇ ਲਿਖੇ ਟੀਕੇ ਦੀ ਪਹਿਲੀ ਪੋਥੀ ਦੇ ਦੂਜੇ ਲੇਖ 'ਅੰਦਰਲੀ ਬਣਤਰ' ਨੂੰ ਗਹੁ ਨਾਲ ਪੜ੍ਹ ਚੁਕੇ ਹਨ, ਉਹ ਜਾਣਦੇ ਹਨ ਕਿ ਗੁਰੂ ਅਰਜਨ ਸਾਹਿਬ ਨੇ ਸਾਰੀ ਬਾਣੀ ਦੀ ਤਰਤੀਬ ਆਦਿਕ ਦੀ ਬਣਤਰ ਅਜਿਹੀ ਨਿਯਮ-ਬੱਧ ਕੀਤੀ ਹੋਈ ਹੈ ਤੇ ਅਜਿਹੀ ਸੁਖਾਲੀ ਕਿ ਕਿਸੇ ਭੀ ਪਾਠਕ ਨੂੰ ਕਦੇ ਕੋਈ ਟਪਲਾ ਨਹੀਂ ਲੱਗ ਸਕਦਾ। ਸਾਰੀ ਹੀ ਬਣਤਰ ਅਜਿਹੀ ਹੈ ਕਿ ਹਰੇਕ ਪਾਠਕ ਇਸ ਨੂੰ ਅਸਾਨੀ ਨਾਲ ਸਮਝ ਸਕਦਾ ਹੈ। ਪਰ ਇਸ ਦੂਜੀ ਗੁੰਝਲ ਵਾਲੇ ਫ਼ਰਕ ਨੂੰ ਕੋਈ ਭੀ ਪਾਠਕ ਜ਼ਬਾਨੀ ਯਾਦ ਕਰ ਕੇ ਚੇਤੇ ਨਹੀਂ ਰੱਖ ਸਕਦਾ। ਭਲਾ, ਜੇ ਕੋਈ ਵਿਰਲਾ ਪਾਠਕ ਯਾਦ ਕਰ ਭੀ ਸਕਦਾ ਹੈ ਤਾਂ ਪ੍ਰਸ਼ਨ ਇਹ ਉੱਠਦਾ ਹੈ ਕਿ ਉਸ ਦੀ ਚੇਤਾ-ਸ਼ਕਤੀ ਉਤੇ ਇਹ ਵਾਧੂ ਭਾਰ ਕਿਉਂ?

ਜਿਨ੍ਹਾਂ ਸੰਗ੍ਰਹਿਆਂ ਦੇ ਸ਼ੁਰੂ ਵਿਚ ਮੂਲਮੰਤ੍ਰ 'ੴ ਸਤਿਗੁਰ ਪ੍ਰਸਾਦਿ' ਦਰਜ ਹੈ, ਉਹਨਾਂ ਵਿਚ ਕੈਸੀ ਸਿੱਧੀ-ਪੱਧਰੀ ਤੇ ਆਸਾਨੀ ਨਾਲ ਚੇਤੇ ਰਹਿਣ ਵਾਲੀ ਇਹ ਮਰਯਾਦਾ ਹੈ ਕਿ ਉਹਨਾਂ ਦੇ ਹਰੇਕ ਸ਼ਬਦ ਦਾ ਸਿਰਲੇਖ ਇਕੋ ਜਿਹਾ ਹੈ।

ਟਪਲੇ ਦੀ ਸੰਭਾਵਨਾ:

ਸ੍ਰੀ ਕਰਤਾਰਪੁਰ ਸਾਹਿਬ ਵਾਲੀ 'ਬੀੜ' ਵਿਚ ਮੂਲਮੰਤ੍ਰ ਸੱਜੇ ਪਾਸੇ ਲਿਖਿਆ ਪਿਆ ਹੈ। ਹੋਰ ਭੀ ਕਈ ਪੁਰਾਣੀਆਂ ਹੱਥ-ਲਿਖੀਆਂ 'ਬੀੜਾਂ' ਵਿਚ ਇਹੀ ਗੱਲ ਮਿਲਦੀ ਹੈ।

ਜੇ ਮੂਲਮੰਤ੍ਰ ਨੂੰ ਹਰ ਥਾਂ ਪਹਿਲਾਂ ਹੀ ਪੜ੍ਹਨਾ ਜ਼ਰੂਰੀ ਹੈ, ਤਾਂ ਹੱਥ-ਲਿਖੀਆਂ 'ਬੀੜਾਂ' ਤੋਂ ਪਾਠ ਕਰਨ ਵਾਲੇ ਪਾਠਕ ਨੂੰ ਹਰ ਵੇਲੇ ਸੁਚੇਤ ਰਹਿਣ ਦੀ ਲੋੜ ਰਹਿੰਦੀ ਹੈ। ਪਹਿਲਾਂ ਉਹ ਸੱਜੇ ਪਾਸੇ ਵਲੋਂ ਮੂਲਮੰਤ੍ਰ ਨੂੰ ਪੜ੍ਹ ਲਏ, ਤੇ, ਫਿਰ ਖੱਬੇ ਪਾਸੇ ਵਲੋਂ ਸਿਰਲੇਖ ਪੜ੍ਹ ਕੇ ਬਾਣੀ ਦਾ ਪਾਠ ਸ਼ੁਰੂ ਕਰੇ। ਇਹ ਸਾਵਧਾਨਤਾ ਕਾਇਮ ਰੱਖਣੀ ਕੋਈ ਸੌਖੀ ਗੱਲ ਨਹੀਂ ਹੈ। ਪਾਠਕ ਅਨੇਕਾਂ ਵਾਰੀ ਟਪਲਾ ਖਾ ਸਕਦਾ ਹੈ ਤੇ ਖਾਂਦਾ ਹੈ।

ਉਂਞ ਇਸ ਟਪਲੇ ਤੋਂ ਬਚਣ ਲਈ ਹੱਥ-ਲਿਖੀਆਂ 'ਬੀੜਾਂ' ਵਿਚ ਪ੍ਰਬੰਧ ਸਾਫ਼ ਮੌਜੂਦ ਹੈ। ਪ੍ਰਬੰਧ ਇਹ ਹੈ ਕਿ ਮੂਲਮੰਤ੍ਰ ਪੱਤਰੇ ਦੇ ਸੱਜੇ ਪਾਸੇ ਅਖ਼ੀਰ ਤੇ ਹੈ, ਅਤੇ ਸਿਰਲੇਖ ਤੇ ਮੂਲਮੰਤ੍ਰ ਦੇ ਵਿਚਕਾਰ ਆਮ ਤੌਰ ਤੇ ਕਾਫ਼ੀ ਥਾਂ ਖ਼ਾਲੀ ਰੱਖ ਕੇ ਵਿੱਥ ਬਣਾਈ ਹੋਈ ਹੈ।

ਹਿਦਾਇਤ ਦੀ ਲਿਖਤੀ ਅਣਹੋਂਦ

ਪਰ ਹਰੇਕ ਪਾਠਕ ਨੂੰ ਇਹ ਕਿਵੇਂ ਪਤਾ ਹੋਵੇ ਕਿ ਹੱਥ-ਲਿਖੀ 'ਬੀੜ' ਤੋਂ ਪਾਠ ਕਰਨ ਵੇਲੇ ਪਹਿਲਾਂ ਸੱਜੇ ਪਾਸੇ ਲਿਖੇ ਮੂਲ-ਮੰਤ੍ਰ ਨੂੰ ਪੜ੍ਹਨਾ ਹੈ, ਤੇ, ਫਿਰ ਖੱਬੇ ਪਾਸੇ ਵੱਲ ਆ ਕੇ 'ਸਿਰਲੇਖ' ਪੜ੍ਹ ਕੇ ਬਾਣੀ ਦਾ ਪਾਠ ਸ਼ੁਰੂ ਕਰਨਾ ਹੈ?

ਜੇ ਉਸ ਸਮੇ ਜਦੋਂ ਸਿਰਫ਼ ਹੱਥ-ਲਿਖੀਆਂ 'ਬੀੜਾਂ' ਹੀ ਸਨ, ਪਾਠ ਕਰਨ ਬਾਰੇ ਕੋਈ ਅਜਿਹੀ ਹਿਦਾਇਤ ਸੀ ਭੀ, ਤਾਂ ਉਹ ਹਿਦਾਇਤ ਸਿਰਫ਼ ਸੀਨਾ-ਬ-ਸੀਨਾ ਹੀ ਸੀ। ਤੇ ਜ਼ਬਾਨੀ ਤੁਰੀ ਆ ਰਹੀ ਹਿਦਾਇਤ ਆਖ਼ਰ ਬਦਲ ਭੀ ਸਕਦੀ ਹੈ।

ਜਿਉਂ ਜਿਉਂ ਗੁਰਸਿੱਖਾਂ ਦੀ ਗਿਣਤੀ ਵਧਦੀ ਗਈ, ਤੇ, ਜਿਉਂ ਜਿਉਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਵਧੀਕ 'ਬੀੜਾਂ' ਦੀ ਲੋੜ ਪੈਂਦੀ ਗਈ, 'ਬੀੜਾਂ' ਦੇ ਲਿਖਾਰੀ ਕਾਤਬਾਂ ਦੀ ਗਿਣਤੀ ਭੀ ਜ਼ਿਆਦਾ ਹੁੰਦੀ ਗਈ। ਹੱਥ-ਲਿਖੀਆਂ ਬੀੜਾਂ ਉੱਤੇ ਪਾਠ ਕਰਨ ਬਾਰੇ ਜੇ ਕੋਈ ਸੀਨਾ-ਬੇ-ਸੀਨਾ ਹਿਦਾਇਤ ਸੀ, ਤਾਂ ਉਹ ਸਹਜੇ ਸਹਜੇ ਵਿਸਰਦੀ ਗਈ। 'ਬੀੜਾਂ' ਦੇ ਲਿਖਾਰੀਆਂ ਨੇ ਲਿਖਣ ਵੇਲੇ ਆਪੋ ਆਪਣੀ ਸੂਝ ਵਰਤਣੀ ਸ਼ੁਰੂ ਕਰ ਦਿੱਤੀ। ਇਹ ਗੱਲ ਹੈ ਸੀ ਭੀ ਕੁਦਰਤੀ। ਇਉਂ ਜਾਪਦਾ ਹੈ ਕਿ ਜਿਨ੍ਹਾ ਨੂੰ ਸੀਨਾ-ਬ-ਸੀਨਾ ਤੁਰੀ ਆ ਰਹੀ ਹਿਦਾਇਤ ਦਾ ਅਜੇ ਪਤਾ ਸੀ ਉਹਨਾਂ ਨੇ ਜਾਂ ਤਾਂ ਸਿਰਲੇਖ ਅਤੇ ਮੂਲਮੰਤ੍ਰ ਦੀ ਵਿਚਕਾਰਲੀ ਵਿੱਥ ਨੂੰ ਆਪਣਾ ਉਤਾਰਾ ਲਿਖਣ ਵੇਲੇ ਕਾਇਮ ਰੱਖਿਆ, ਤੇ, ਜਾਂ ਖੁੱਲ੍ਹਮ-ਖੁੱਲ੍ਹਾ ਮੂਲਮੰਤ੍ਰ ਨੂੰ ਲਿਖਣ ਵੇਲੇ 'ਪਹਿਲ' ਦੇ ਦਿੱਤੀ। ਉਹਨਾਂ ਨੇ ਮੂਲਮੰਤ੍ਰ ਨੂੰ ਹਰੇਕ ਸ਼ਬਦ-ਸੰਗ੍ਰਹਿ ਵਿਚ ਸੱਜੇ ਪਾਸੇ ਉਚੇਚੀ ਥਾਂ ਦਿੱਤੀ ਰੱਖੀ, ਜਾਂ, ਮੂਲਮੰਤ੍ਰ ਨੂੰ ਪੱਤਰੇ ਦੇ ਖੱਬੇ ਪਾਸੇ ਵਲੋਂ ਹੀ ਸ਼ੁਰੂ ਕਰ ਦਿੱਤਾ। ਜਿਨ੍ਹਾਂ ਨੂੰ ਉਸ ਹਿਦਾਇਤ ਦਾ ਪਤਾ ਨਹੀਂ ਸੀ, ਉਹਨਾਂ ਨੇ ਸਿਰਲੇਖ ਅਤੇ ਮੂਲਮੰਤ੍ਰ ਦੀ ਵਿਚਕਾਰਲੀ ਵਿੱਥ ਨੂੰ ਮੁਕਾ ਹੀ ਦਿੱਤਾ। ਇਸ ਤਰ੍ਹਾਂ ਮੂਲਮੰਤ੍ਰ ਦੀ 'ਪਹਿਲ' ਬਾਰੇ ਬੀੜਾਂ ਦੋ ਕਿਸਮ ਦੀਆਂ ਹੋ ਗਈਆਂ।

ਮੇਰੀ ਨਾ-ਵਾਕਫ਼ੀਅਤ:

ਦਸੰਬਰ 1920 ਵਿਚ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਦਿਨ ਤੇ ਖਾਲਸਾ ਹਾਈ ਸਕੂਲ ਗੁਜਰਾਂਵਾਲੇ ਦੇ ਹੋਸਟਲ ਦੇ ਗੁਰਦੁਆਰੇ ਵਿਚ ਰੱਖੇ ਹੋਏ ਅਖੰਡ ਪਾਠ ਵਿਚ ਪਾਠ ਕਰਦਿਆਂ ਮੈਨੂੰ ਪਹਿਲੀ ਵਾਰੀ ਇਹ ਸਮਝ ਪਈ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਬੋਲੀ ਕਿਸੇ ਖਾਸ ਵਿਆਕਰਣ ਅਨੁਸਾਰ ਹੈ।

ਇਹ ਵਿਆਕਰਣ ਲਿਖਣ ਵਿਚ ਮੇਰੇ 13 ਸਾਲ ਲਗ ਗਏ। ਛਪ ਕੇ ਇਹ ਪਾਠਕਾਂ ਦੇ ਹੱਥਾਂ ਵਿਚ ਸੰਨ 1939 ਵਿਚ ਪਹੁੰਚ ਭੀ ਗਿਆ।

ਪਰ ਸੰਨ 1951 ਤਕ ਮੇਰਾ ਧਿਆਨ ਕਦੇ ਇਸ ਪਾਸੇ ਨਾਹ ਪਿਆ ਕਿ ਛਪੀਆਂ 'ਬੀੜਾਂ' ਵਿਚ 'ਮੂਲ-ਮੰਤ੍ਰ' ਕਿਸੇ ਇਕ ਪੱਕੇ ਟਿਕਾਣੇ ਤੇ ਨਹੀਂ ਹੈ।

ਪਹਿਲੀ ਸੂਝ:

ਸੰਨ 1951 ਦਾ ਜ਼ਿਕਰ ਹੈ। ਮੈਂ ਅਜੇ ਖਾਲਸਾ ਕਾਲਜ ਅੰਮ੍ਰਿਤਸਰ ਵਿਚ ਹੀ ਸਾਂ। ਅੰਮ੍ਰਿਤਸਰ ਸ਼ਹਿਰ ਦੇ ਕਿਤਾਬਾਂ ਵੇਚਣ ਵਾਲੇ ਇਕ ਦੋ ਦੁਕਾਨਦਾਰ ਸੱਜਣਾਂ ਵਲੋਂ ਛਪੇ ਹੋਏ ਇਸ਼ਤਿਹਾਰ ਅਤੇ ਟ੍ਰੈਕਟ ਮਿਲਣੇ ਸ਼ੁਰੂ ਹੋ ਗਏ। ਇਹ ਇਸ਼ਤਿਹਾਰ ਆਦਿਕ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਰੁਧ ਸਨ।

ਕਮੇਟੀ ਨੇ ਪੰਥ ਦੀ ਚਿਰਾਂ ਦੀ ਤਾਂਘ ਪੂਰੀ ਕਰਨ ਵਾਸਤੇ ਆਪਣਾ ਪ੍ਰੈੱਸ ਚਲਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ 'ਬੀੜ' ਦੀ ਛਪਾਈ ਦਾ ਕੰਮ ਆਪਣੇ ਹੱਥਾਂ ਵਿਚ ਲੈ ਲਿਆ ਸੀ। ਦੁਕਾਨਦਾਰ ਸੱਜਣਾਂ ਵਲੋਂ ਇਹ ਅੰਦੋਲਨ ਸੀ ਕਿ ਕਮੇਟੀ ਵਲੋਂ ਛਪੀ 'ਬੀੜ' ਵਿਚ ਕਈ ਅਸ਼ੁੱਧੀਆਂ ਹਨ, ਅਤੇ ਕਮੇਟੀ ਨੇ 'ਮੂਲ-ਮੰਤ੍ਰ' ਨੂੰ ਹਰ ਥਾਂ ਬਾਣੀ ਦੇ ਸ਼ੁਰੂ ਵਿਚ ਦਰਜ ਕਰ ਦਿੱਤਾ ਹੈ।

ਦੁਕਾਨਦਾਰਾਂ ਦੇ ਟ੍ਰੈਕਟ ਆਦਿਕ ਪੜ੍ਹ ਕੇ ਮੈਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਿੱਠੀ ਲਿਖੀ ਕਿ ਕੁਝ ਸੱਜਣਾਂ ਵਲੋਂ ਕੀਤੇ ਜਾ ਰਹੇ ਇਸ ਅੰਦੋਲਨ ਬਾਰੇ ਕਮੇਟੀ ਦਾ ਕੀਹ ਪੈਂਤੜਾ ਹੈ। ਦਫ਼ਤਰ ਵਲੋਂ ਮੈਨੂੰ ਇਕ ਛਪਿਆ ਹੋਇਆ ਟ੍ਰੈਕਟ ਮਿਲਿਆ। ਮੈਂ ਉਹ ਸਾਰਾ ਟ੍ਰੈਕਟ ਗਹੁ ਨਾਲ ਪੜ੍ਹਿਆ। ਮੇਰੀਆਂ ਅੱਖਾਂ ਉੱਘੜ ਆਈਆਂ ਕਿ ਸਾਰੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹਰ ਥਾਂ 'ਮੂਲ-ਮੰਤ੍ਰ' ਦੀ ਸਹੀ ਥਾਂ ਬਾਣੀ ਦੇ ਸ਼ੁਰੂ ਵਿਚ ਹੀ ਹੋਣੀ ਚਾਹੀਦੀ ਹੈ।

ਰਿੱਝਦੀ ਦਾਲ ਵਿਚੋਂ ਇਕੋ ਦਾਣਾ:

ਸਾਡੇ ਦੇਸ ਦਾ ਅਖਾਣ ਹੈ ਕਿ ਰਿੱਝਦੀ ਦਾਲ ਵਿਚੋਂ ਇੱਕੋ ਦਾਣਾ ਹੀ ਟੋਹੀਦਾ ਹੈ। ਜਦੋਂ ਅਸੀਂ ਇਹ ਵੇਖਦੇ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹਰ ਥਾਂ ਹਰੇਕ 'ਰਾਗ' ਦੇ ਸ਼ੁਰੂ ਵਿਚ ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਦੀ ਬਾਣੀ ਦਰਜ ਹੈ। ਭਗਤਾਂ ਦੀ ਬਾਣੀ ਦਰਜ ਕਰਨ ਵੇਲੇ ਸਭ ਤੋਂ ਪਹਿਲਾਂ ਥਾਂ ਮਿਲੀ ਹੋਈ ਹੈ ਭਗਤ ਕਬੀਰ ਜੀ ਨੂੰ। ਇਸੇ ਤਰ੍ਹਾਂ ਮੂਲ-ਮੰਤ੍ਰ ਬਾਰੇ ਭੀ ਕੋਈ ਇੱਕੋ ਹੀ ਬੱਝਵਾਂ ਨਿਯਮ ਹੋਵੇਗਾ।

ਰਾਗਾਂ ਦਾ ਤਤਕਰਾ:

ਸ਼ਰੋਮਣੀ ਕਮੇਟੀ ਦੇ ਛਪੇ ਹੋਏ ਟ੍ਰੈਕਟ ਵਿਚ ਸਭ ਤੋਂ ਪਹਿਲਾਂ ਰਾਗਾਂ ਦੇ ਤਤਕਰੇ ਦਾ ਜ਼ਿਕਰ ਸੀ। ਸ੍ਰੀ ਕਰਤਾਰਪੁਰ ਸਾਹਿਬ ਵਾਲੀ 'ਬੀੜ' ਵਿਚ, ਜੋ ਭਾਈ ਗੁਰਦਾਸ ਜੀ ਦੇ ਹੱਥਾਂ ਦੀ ਲਿਖੀ ਹੋਈ ਹੈ, 'ਬੀੜ' ਦੇ ਸ਼ੁਰੂ ਵਿਚ ਹੀ ਰਾਗਾਂ ਦਾ ਤਤਕਰਾ ਜਿਵੇਂ ਲਿਖਿਆ ਪਿਆ ਹੈ, ਉਹ ਸ਼ਰੋਮਣੀ ਕਮੇਟੀ ਦੇ ਟ੍ਰੈਕਟ ਵਿਚ ਇਉਂ ਦਿੱਤਾ ਹੋਇਆ ਸੀ:

ਸੂਚੀ ਪਤ੍ਰ ਪੋਥੀ ਕਾ ਤਤਕਰਾ ਰਾਗਾਂ ਕਾ:

41 ਜੋਤੀਜੋਤਿ ਸਮਾਵਣੇ ਕਾ ਚਰਿਤ੍ਰ- . . . . . . . ੴ ਸਤਿਨਾਮ ਕਰਤਾਪੁਰਖ ਨਿਰਭਉ

ਸੰਬਤ 1661 ਮਿਤੀ ਭਾਦਉ ਵਦੀ ਏਕਮ 1- . . . . ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ

ਪੋਥੀ ਲਿਖਿ ਪਹੁੰਚੇ- . . . . . . . . . . . . . . . . . ਗੁਰਪ੍ਰਸਾਦਿ

40 ਨੀਸਾਣੁ ਗੁਰੂ ਜੀਉ ਕੇ ਦਸਖਤਾ ਮ: 5 . . . . . 811 ਤੁਖਾਰੀ

745 ਮਾਰੂ . . . . . . . . . . . . . . . . . . . . . . . 974 ਰਾਗ ਮਾਲਾ ਤਥਾ ਸਿੰਘਲਾਦੀਪ

. . . . . . . . . . . . . . . . . . . . . . . . . . . . . ਰਾਜੇ ਸ਼ਿਵਨਾਭ ਕੀ ਬਿਧਿ

ਇਥੇ 'ਮੂਲ-ਮੰਤ੍ਰ' ਸੱਜੇ ਪਾਸੇ ਲਿਖਿਆ ਪਿਆ ਹੈ। ਰਾਗਾਂ ਦੇ ਸਫ਼ਿਆਂ ਦਾ ਤਤਕਰਾ ਪੜ੍ਹਨ ਵਾਸਤੇ ਪਹਿਲਾਂ 'ਮੂਲਮੰਤ੍ਰ' ਨੂੰ ਹੀ ਪੜ੍ਹਨਾ ਪਏਗਾ। ਨਹੀਂ ਤਾਂ ਇਸਨੂੰ '745 ਮਾਰੂ' ਤੋਂ ਪਿੱਛੋਂ ਪੜ੍ਹਨਾ ਪਏਗਾ। ਇਹ ਭਾਰੀ ਭੁਲ ਹੋਵੇਗੀ। ਸੋ ਇਥੋਂ ਹੀ 'ਮੂਲਮੰਤ੍ਰ' ਦੀ ਕੁੰਜੀ ਮਿਲ ਜਾਂਦੀ ਹੈ। ਸ੍ਰੀ ਕਰਤਾਰਪੁਰ ਸਾਹਿਬ ਵਾਲੀ 'ਬੀੜ' ਵਿਚ 'ਮੂਲ-ਮੰਤ੍ਰ' ਹਰ ਥਾਂ ਸੱਜੇ ਪਾਸੇ ਹੈ। ਪਾਠ ਕਰਨ ਵੇਲੇ ਇਸ ਨੂੰ ਪਹਿਲ ਦੇਣੀ ਹੈ।

ਇਕ ਉਚੇਚਾ ਇਕੱਠ ਸ੍ਰੀ ਕਰਤਾਰਪੁਰੇ:

ਬੜੀ ਸਾਦਾ ਤੇ ਸਿੱਧੀ ਜਿਹੀ ਗੱਲ ਸੀ। ਪਰ ਰੱਬ ਜਾਣੇ, ਕਿਉਂ? ਸ਼ਰੋਮਣੀ ਕਮੇਟੀ ਦੇ ਇਸ ਉੱਦਮ ਦੀ ਸਹਿਜੇ ਸਹਿਜੇ ਵਿਰੋਧਤਾ ਵਧਦੀ ਗਈ। ਆਖ਼ਰ 9 ਮਈ ਸੰਨ 1954 ਨੂੰ ਕਰਤਾਰਪੁਰ ਸਾਹਿਬ ਸਿੱਖ ਸੰਗਤਾਂ ਦਾ ਇਕੱਠ ਹੋਇਆ, ਜਿਸ ਵਿਚ 'ਮੂਲ-ਮੰਤ੍ਰ' ਬਾਰੇ ਨਿਰਨਾ ਕਰਨ ਲਈ ਇਕ ਸਬ-ਕਮੇਟੀ ਬਣਾਈ ਗਈ।

ਮੈਂ ਉਸ ਦਿਨ ਸ੍ਰੀ ਕਰਤਾਰਪੁਰ ਗਿਆ ਹੋਇਆ ਸਾਂ, ਤੇ ਉਸ ਦਿਨ ਦੇ ਇਕੱਠ ਵਿਚ ਪੇਸ਼ ਹੁੰਦੀਆਂ ਵਿਚਾਰਾਂ ਸੁਣਦਾ ਰਿਹਾ ਸਾਂ।

ਉਸ ਸਬ-ਕਮੇਟੀ ਨੇ 30 ਮਈ ਸੰਨ 1954 ਨੂੰ ਸ੍ਰੀ ਕਰਤਾਰਪੁਰ ਜਾ ਕੇ ਹੀ ਆਪਣਾ ਫ਼ੈਸਲਾ ਇਉਂ ਦਿੱਤਾ:

"ਅਸੀ, ਜਿਨ੍ਹਾਂ ਦੇ ਦਸਖਤ ਹੇਠਾਂ ਹਨ, ਜਿਨ੍ਹਾਂ ਨੂੰ 9 ਮਈ 1954 ਨੂੰ ਇਥੇ ਹੀ ਸੰਗਤਿ ਨੇ ਇਸ ਕੰਮ ਲਈ ਚੁਣਿਆ ਸੀ, ਅੱਜ ਸਾਰੇ ਧਿਰਾਂ ਦੀ ਵੀਚਾਰ ਸੁਣ ਕੇ ਇਸ ਫ਼ੈਸਲੇ ਤੇ ਪੁੱਜੇ ਹਾਂ ਕਿ ਜੋ ਬੀੜ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅੱਗੋਂ ਛਪੇ ਉਸ ਵਿਚ ਮੰਗਲਾਂ ਦੀ ਤਰਤੀਬ ਇਸ ਤਰ੍ਹਾਂ ਰੱਖੀ ਜਾਏ ਜਿਵੇਂ ਕਿ ਸ੍ਰੀ ਕਰਤਾਰਪੁਰ ਵਾਲੀ ਬੀੜ ਵਿਚ ਹੈ। ਜਿਥੇ ਮੰਗਲ ਉੱਚਾ ਹੈ ਉਹ ਰਾਗ ਤੋਂ ਪਹਿਲੇ ਆਵੇ। ਜਿਥੇ ਉਸੇ ਸਤਰ ਵਿਚ ਬਾਅਦ ਵਿਚ ਆਇਆ ਹੈ ਜਾਂ ਨੀਵਾਂ ਹੈ ਜਾਂ ਦੂਸਰੀ ਸਤਰ ਵਿਚ ਹੈ, ਉਹ ਰਾਗ ਤੋਂ ਮਗਰੋਂ।

ਨੌਵੇਂ ਪਾਤਿਸ਼ਾਹ ਦੇ ਸ਼ਬਦਾਂ ਵਿਚ ਮੰਗਲਾਂ ਦੀ ਤਰਤੀਬ ਅਕਾਲ ਤਖ਼ਤ ਵਾਲੀ ਬੀੜ ਤੋਂ ਜਿਸ ਦੀ ਜਿਲਦ ਸੁਨਹਿਰੀ ਹੈ, ਅਤੇ ਜੋ ਬੀੜ ਦਮਦਮੇ ਸਾਹਿਬ ਗੁਰਦੁਆਰਾ ਮੰਜੀ ਸਾਹਿਬ ਵਿਚ ਹੈ, ਉਹਨਾਂ ਅਨੁਸਾਰ ਕਰ ਦਿੱਤੀ ਜਾਏ। "

(ਦਸਖਤ ਮੈਂਬਰਾਂ ਦੇ)

ਨੋਟ: 30 ਮਈ ਸੰਨ 1954 ਨੂੰ ਮੂਲ-ਮੰਤ੍ਰ ਬਾਰੇ ਸਭ ਕਮੇਟੀ ਦਾ ਫ਼ੈਸਲਾ ਸੁਣਨ ਲਈ ਮੈਂ ਸ੍ਰੀ ਕਰਤਾਰਪੁਰ ਸਾਹਿਬ ਨਹੀਂ ਸਾਂ ਗਿਆ।

ਤਸੱਲੀ ਨਾਹ ਕਰਾ ਸਕਿਆ:

ਇਹ 'ਫ਼ੈਸਲਾ' ਸਾਰੀ ਸਿੱਖ ਕੌਮ ਦੀ ਤਸੱਲੀ ਨਾਹ ਕਰਾ ਸਕਿਆ। ਗੁੰਝਲ ਪਈ ਹੀ ਰਹੀ। ਰਾਗਾਂ ਦੇ ਤਤਕਰੇ ਵਿਚ ਲਿਖੇ 'ਮੂਲ-ਮੰਤ੍ਰ' ਦਾ ਹੱਲ ਹੀ ਇਹ 'ਫ਼ੈਸਲਾ' ਨਹੀਂ ਦੱਸ ਰਿਹਾ। ਜੇ ਇਹ ਮੰਨ ਲਈਏ ਕਿ ਤਤਕਰੇ ਵਾਲਾ ਮੂਲ-ਮੰਤ੍ਰ ਖੱਬੇ ਹੱਥ ਵਾਲੀ ਲਿਖਤ ਦੇ ਐਨ ਸਾਹਮਣੇ ਹੈ, ਤਾਂ 'ਫ਼ੈਸਲੇ' ਅਨੁਸਾਰ ਇਸ ਨੂੰ ਕਿਥੇ ਪੜ੍ਹਾਂਗੇ? 'ਪਹਿਲਾਂ' ਤਾਂ ਪੜ੍ਹ ਨਹੀਂ ਸਕਦੇ।

ਨਵੀਂ ਸਬ-ਕਮੇਟੀ:

ਸ਼ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਮਾਸਟਰ ਤਾਰਾ ਸਿੰਘ ਜੀ ਨੇ ਇਸ 'ਫ਼ੈਸਲੇ' ਦੇ ਲਫ਼ਜ਼ਾਂ ਨੂੰ ਸਪਸ਼ਟ ਕਰਨ ਵਾਸਤੇ ਹੇਠ-ਲਿਖੇ ਤਿੰਨਾਂ ਦੀ ਫਿਰ ਇਕ ਸਬ-ਕਮੇਟੀ ਬਣਾਈ:

(1) ਜਸਟਿਸ ਹਰਨਾਮ ਸਿੰਘ ਜੀ ਜੱਜ ਹਾਈ ਕੋਰਟ ਪੰਜਾਬ।

(2) ਬਾਵਾ ਹਰਿਕਿਸ਼ਨ ਸਿੰਘ ਜੀ ਪ੍ਰਿੰਸੀਪਲ ਸਿੱਖ ਨੈਸ਼ਨਲ ਕਾਲਜ ਕਾਦੀਆਂ।

(3) ਸਾਹਿਬ ਸਿੰਘ।

(ਨੋਟ: ਮੈਂ ਤਦੋਂ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਦਾ ਪ੍ਰਿੰਸੀਪਲ ਸਾਂ)।

ਇਸ ਸਭ-ਕਮੇਟੀ ਨੇ ਇਉਂ ਫ਼ੈਸਲਾ ਕੀਤਾ:

"ਸ਼ਰੋਮਣੀ ਗੁ: ਪ੍ਰ: ਕਮੇਟੀ ਦੀ ਅੰਤ੍ਰਿੰਗ ਕਮੇਟੀ ਦੇ ਮਤਾ ਨੰ: 728 ਮਿਤੀ 9-5-55 ਅਨੁਸਾਰ ਪ੍ਰਧਾਨ ਸਾਹਿਬ ਸ਼ਰੋਮਣੀ ਗੁ: ਪ੍ਰ: ਕਮੇਟੀ ਸ੍ਰੀ ਮਾਨ ਮਾਸਟਰ ਤਾਰਾ ਸਿੰਘ ਜੀ ਨੇ 20-10-55 ਨੂੰ ਦਾਸਾਂ ਨੂੰ ਨਿਯਤ ਕੀਤਾ ਕਿ ਕਰਤਾਰਪੁਰ ਸਾਹਿਬ ਵਾਲੀ ਪਾਵਨ ਬੀੜ ਦੇ ਦਰਸ਼ਨ ਕਰ ਕੇ ਮੰਗਲਾਚਰਨਾਂ ਸੰਬੰਧੀ ਆਪਣੇ ਵਿਚਾਰ ਬਤੌਰ ਸਫ਼ਾਰਸ਼ ਪੇਸ਼ ਕਰੀਏ। ਸੋ, ਦਾਸਾਂ ਨੇ ਸ੍ਰੀ ਕਰਤਾਰਪੁਰ ਸਾਹਿਬ ਦੀ ਪਾਵਨ ਬੀੜ ਦੇ ਦਰਸਨ ਕੀਤੇ ਅਤੇ ਚੋਖਾ ਚਿਰ ਪੜਚੋਲ ਕੀਤੀ, ਜਿਸ ਦੁਆਰਾ ਦਾਸ ਇਸ ਨਤੀਜੇ ਤੇ ਪੁੱਜੇ ਕਿ ਸ੍ਰੀ ਕਰਤਾਰਪੁਰ ਸਾਹਿਬ ਵਾਲੀ ਪਾਵਨ ਬੀੜ ਵਿਚ ਮੰਗਲਾਚਰਨ ਨੂੰ ਰਾਗ ਦੇ ਸਿਰਲੇਖ ਨਾਲੋਂ ਹਰ ਥਾਂ ਪਹਿਲ ਦਿੱਤੀ ਗਈ ਹੈ, ਅਤੇ ਇਸ ਬੀੜ ਦੇ ਅਨਕੂਲ ਇਹੀ ਗੱਲ ਹੈ ਕਿ ਮੰਗਲਾਚਰਨ ਪਹਿਲਾਂ ਹੀ ਛਪਣ। "

(ਸਹੀ) ਬਾਵਾ ਹਰਿਕਿਸ਼ਨ ਸਿੰਘ
ਪ੍ਰਿੰਸੀਪਲ ਸਿੱਖ ਨੈਸ਼ਨਲ ਕਾਲਜ, ਕਾਦੀਆਂ
October 29, 1956

(ਸਹੀ) ਸਾਹਿਬ ਸਿੰਘ
ਪ੍ਰਿੰਸੀਪਲ ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਅੰਮ੍ਰਿਤਸਰ
October 29, 1956

(ਸਹੀ) ਹਰਨਾਮ ਸਿੰਘ, November 8, 1956

ਹੱਥ-ਲਿਖੀ 'ਬੀੜ' ਤੋਂ ਪਾਠ ਕਰਨ ਬਾਰੇ ਮੇਰਾ ਤਜਰਬਾ

ਅਨਜਲ ਦਾ ਗੇੜ ਮੈਨੂੰ 16 ਮਈ ਸੰਨ 1962 ਤੋਂ ਪਿੰਡ ਸਿਧਵਾ ਬੇਟ (ਜ਼ਿਲਾ ਲੁਧਿਆਣਾ) ਵਿਚ ਲੈ ਗਿਆ। ਉਹ ਪਿੰਡ ਜਗਰਾਉਂ ਤੋਂ ਜਲੰਧਰ ਨੂੰ ਜਾਣ ਵਾਲੀ ਸੜਕ ਉਤੇ ਹੈ। ਸੜਕ ਪਿੰਡ ਦੇ ਵਿਚਕਾਰੋਂ ਦੀ ਲੰਘਦੀ ਹੈ। ਸੜਕ ਤੋਂ ਚੜ੍ਹਦੇ ਪਾਸੇ ਦੁਕਾਨਦਾਰ ਤੇ ਵਪਾਰੀ ਸੱਜਣ ਵੱਸਦੇ ਹਨ, ਲਹਿੰਦੇ ਪਾਸੇ ਜ਼ਿਮੀਂਦਾਰ। ਅੱਜ ਤੋਂ ਬਹੁਤ ਸਮਾ ਪਹਿਲਾਂ ਜ਼ਿਮੀਂਦਾਰ ਸੱਜਣ ਤਾਂ ਸਰਵਰੀਏ ਸਨ, ਤੇ, ਚੜ੍ਹਦੇ ਪਾਸੇ ਵੱਲ ਦੇ ਕਈ ਵਸਨੀਕ ਬਾਬਾ ਰਾਮ ਰਾਇ ਜੀ ਦੀ ਗੱਦੀ ਦੇ ਸ਼ਰਧਾਲੂ ਸਨ। ਪਰ ਹੁਣ ਇਹ ਗੱਲ ਨਹੀਂ ਰਹੀ।

ਬਾਬਾ ਰਾਮ ਰਾਇ ਜੀ ਦੀ ਗੱਦੀ ਦੇ ਸ਼ਰਧਾਲੂ ਇਕ ਘਰ ਵਿਚ ਹੱਥ-ਲਿਖੀ 'ਬੀੜ' ਚਲੀ ਆ ਰਹੀ ਹੈ। ਪੁਰਾਣੀ ਸ਼ਰਧਾ ਉਹਨਾਂ ਦੀ ਭੀ ਮੁੱਕ ਚੁੱਕੀ ਹੋਈ ਹੈ, ਪਰ ਘਰ ਵਿਚ 'ਬੀੜ' ਅਜੇ ਮੌਜੂਦ ਹੈ। ਇਸ 'ਬੀੜ' ਵਿਚ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਨਹੀਂ ਹੈ।

ਮੂਲਮੰਤ੍ਰ ਦੀ ਥਾਂ (ਉਸ 'ਬੀੜ' ਵਿਚ)

ਉਸ 'ਬੀੜ' ਵਿਚ ਮੂਲਮੰਤ੍ਰ ਹਰ ਥਾਂ ਸੱਜੇ ਪਾਸੇ ਹੀ ਹੈ। ਜੇ ਸਾਰਾ ਮੂਲਮੰਤ੍ਰ ਲਿਖਿਆ ਹੈ, ਤਾਂ ਉਸ ਨੂੰ ਆਮ ਤੌਰ ਤੇ ਦੋ ਸਤਰਾਂ ਵਿਚ ਲਿਖਿਆ ਹੈ ਸਿਰਫ਼ ਸੱਜੇ ਪਾਸੇ ਹੀ। ਖੱਬੇ ਪਾਸੇ ਮੂਲਮੰਤ੍ਰ ਬਿਲਕੁਲ ਨਹੀਂ ਲਿਆਂਦਾ ਗਿਆ। 'ਰਾਗ' ਅਤੇ 'ਮਹਲੇ' ਵਾਲਾ ਸਿਰਲੇਖ ਖੱਬੇ ਪਾਸੇ ਲਿਖਿਆ ਪਿਆ ਹੈ। ਦੋਹਾਂ ਦੇ ਵਿਚਕਾਰ ਕਾਫ਼ੀ ਥਾਂ ਖ਼ਾਲੀ ਪਈ ਹੈ। ਹਰ ਥਾਂ ਆਮ ਤੌਰ ਤੇ ਇਹੀ ਤਰੀਕਾ ਵਰਤਿਆ ਹੋਇਆ ਹੈ।

ਹੱਥ-ਲਿਖੀ ਬੀੜ ਦਾ ਪ੍ਰਕਾਸ਼:

ਕਈ ਗੁਰਦੁਆਰਿਆਂ ਵਿਚ ਤੇ ਕਈ ਸਿੱਖ-ਘਰਾਂ ਵਿਚ ਅਜੇ ਤਕ ਹੱਥ-ਲਿਖੀ 'ਬੀੜ' ਦਾ ਪਰਕਾਸ਼ ਕੀਤਾ ਜਾਂਦਾ ਹੈ। ਉਸ ਪਿੰਡ ਸਿਧਵਾਂ ਬੇਟ ਦੇ ਇਕ ਸਿੱਖ-ਘਰ ਵਿਚ ਭੀ ਉਸ ਹੱਥ-ਲਿਖੀ 'ਬੀੜ' ਦਾ ਪਰਕਾਸ਼ ਹੁੰਦਾ ਹੈ ਜਿਸ ਦਾ ਜ਼ਿਕਰ ਮੈਂ ਉੱਪਰ ਕੀਤਾ ਹੈ। ਗਲੀ ਮਹੱਲੇ ਦੇ ਕੁਝ ਕੁ ਵਸਨੀਕ ਸਿੱਖ ਉਸ 'ਬੀੜ' ਤੋਂ ਹਰ ਰੋਜ਼ ਪਾਠ ਕਰਦੇ ਹਨ।

ਮੈਂ ਭੀ ਦੋ ਦਿਨ ਜਾ ਕੇ ਉਸ ਦਾ ਦਰਸ਼ਨ ਕੀਤਾ, ਤੇ, ਹਰ ਵਾਰੀ ਦੋ ਦੋ ਘੰਟੇ ਖ਼ਰਚ ਕੀਤੇ। ਮੈਨੂੰ ਲੋੜ ਮੂਲਮੰਤ੍ਰ ਬਾਰੇ ਹੀ ਸੀ।

ਛੋਟਾ ਮੂਲ-ਮੰਤ੍ਰ:

(ੳ) ਮੂਲਮੰਤ੍ਰ 'ੴ ਸਤਿਗੁਰ ਪ੍ਰਸਾਦਿ'

ਛੋਟੇ ਅਕਾਰ ਦਾ ਇਹ ਮੂਲਮੰਤ੍ਰ ਪੱਤਰੇ ਦੇ ਸੱਜੇ ਪਾਸੇ ਥੋੜੇ ਜਿਤਨੇ ਥਾਂ ਵਿਚ ਹੀ ਲਿਖਿਆ ਹੋਇਆ ਹੈ। ਕਈ ਥਾਈਂ ਇਹ ਉਚੇਰਾ ਕਰ ਕੇ ਲਿਖਿਆ ਹੋਇਆ ਹੈ। ਕਈ ਥਾਈਂ ਇਸ ਦੇ ਐਨ ਸਾਹਮਣੇ ਖ਼ੱਬੇ ਪਾਸੇ 'ਰਾਗ' ਅਤੇ 'ਮਹਲੇ' ਵਾਲਾ ਸਿਰਲੇਖ ਹੈ। ਦੋਹਾਂ ਦੇ ਵਿਚਕਾਰ ਦੋ ਦੋ ਤਿੰਨ ਤਿੰਨ ਇੰਚ ਪੱਤਰਾ ਖ਼ਾਲੀ ਰੱਖਿਆ ਹੋਇਆ ਹੈ।

ਮੈਂ ਪਾਠਕਾਂ ਦੇ ਸਾਹਮਣੇ ਵੰਨਗੀ ਵਜੋਂ ਹੀ ਕੁਝ ਕੁ ਪੱਤਰੇ ਪੇਸ਼ ਕਰਾਂਗਾ:

(1) ਪੱਤਰਾ ਨੰ: 71

ਰਾਗੁ ਗਉੜੀ ਗੁਆਰੇਰੀ ਮਹਲਾ 4 . . . . . ੴ ਸਤਿਗੁਰ ਪ੍ਰਸਾਦਿ ॥

ਚਉਪਦੇ ॥ ਪੰਡਿਤੁ ਸਾਸਤ ਸਿਮਿਤਿ ਪੜਿਆ ॥... ...

ਇਥੇ ਜੇ ਅਸੀਂ ਲਫ਼ਜ਼ 'ਰਾਗੁ' ਤੋਂ ਪਾਠ ਸ਼ੁਰੂ ਕਰੀਏ, ਤਾਂ ਲਫ਼ਜ਼ 'ਚਉਪਦੇ' ਮੂਲਮੰਤ੍ਰ ਤੋਂ ਪਿੱਛੋਂ ਪੜ੍ਹਨਾ ਪਏਗਾ। ਪਾਠ ਇਉਂ ਬਣੇਗਾ: ਰਾਗ ਗਉੜੀ ਗੁਆਰੇਰੀ ਮਹਲਾ 4 ੴ ਸਤਿਗੁਰ ਪ੍ਰਸਾਦਿ ॥ ਪੰਡਿਤੁ ਸਾਸਤ ਸਿਮ੍ਰਿਤਿ ਪੜਿਆ ॥ (ਨੋਟ: ਇਹ ਭੀ ਵੇਖਣਾ ਕਿ ਬ੍ਰਿਸਾਮ-ਚਿੰਨ੍ਹ ਭੀ ਅਢੁਕਵੇਂ ਜਿਹੇ ਬਣ ਗਏ ਹਨ)।

ਪਰ ਇਹ ਬਿਸ੍ਰਾਮ-ਚਿੰਨ੍ਹ (॥) ਤਾਂ ਸਾਨੂੰ ਇਹ ਇਜਾਜ਼ਤ ਹੀ ਨਹੀਂ ਦੇਂਦਾ ਕਿ ਅਸੀਂ ਇਸ ਤਰ੍ਹਾਂ ਪਾਠ ਕਰੀਏ। ਧਿਆਨ ਨਾਲ ਵੇਖਣਾ ਜੀ। ਸਿਰਲੇਖ ਦੇ ਲਫ਼ਜ਼ 'ਮਹਲਾ 4' ਦੇ ਅਗਾਂਹ ਕੋਈ ਬਿਸ੍ਰਾਮ-ਚਿੰਨ੍ਹ ਨਹੀਂ ਹੈ। ਬਿਸ੍ਰਾਮ-ਚਿੰਨ੍ਹ ਲਫ਼ਜ਼ 'ਚਉਪਦੇ' ਦੇ ਨਾਲ ਹੈ। ਇਸ ਦਾ ਪਰਤੱਖ ਭਾਵ ਇਹ ਹੈ ਕਿ ਸਿਰਲੇਖ ਲਫ਼ਜ਼ 'ਰਾਗ' ਤੋਂ ਸ਼ੁਰੂ ਕਰ ਕੇ 'ਚਉਪਦੇ' ਤੇ ਜਾ ਮੁੱਕਦਾ ਹੈ। ਇਹ ਸਾਰਾ ਇਕੱਠਾ ਹੀ ਪੜ੍ਹਨਾ ਪਏਗਾ।

ਹੱਛਾ! ਸਾਧਾਰਨ ਮਰਯਾਦਾ ਅਨੁਸਾਰ ਅਸਾਂ ਲਫ਼ਜ਼ 'ਰਾਗ' ਤੋਂ ਪਾਠ ਸ਼ੁਰੂ ਕੀਤਾ ਤੇ ਸਾਰਾ ਸਿਰਲੇਖ, ਸਿਰਫ਼ ਸਿਰਲੇਖ, ਪੜ੍ਹ ਕੇ ਮੁਕਾ ਕੇ ਅਸੀਂ ਦੂਜੀ ਸਤਰ ਉਤੇ ਜਾ ਅੱਪੜੇ। ਹੁਣ ਕੀ 'ਮੂਲਮੰਤ੍ਰ' ਪੜ੍ਹਨ ਵਾਸਤੇ ਅਸਾਂ ਮੁੜ ਵਾਪਸ ਪਹਿਲੀ ਸਤਰ ਵੱਲ ਜਾਣਾ ਹੈ? ਜਾਂ ਅਸਾਂ ਲਫ਼ਜ਼ 'ਚਉਪਦੇ' ਤੋਂ ਅਗਾਂਹ ਪਾਠ ਸ਼ੂਰੂ ਕਰਨਾ ਹੈ? ਮੂਲਮੰਤ੍ਰ ਪੜ੍ਹਨ ਵਾਸਤੇ ਮੁੜ ਪਹਿਲੀ ਸਤਰ ਵੱਲ ਪਰਤਣਾ ਤਾਂ ਬੜਾ ਹੀ ਅਜੀਬ ਤੇ ਬੇ-ਢਬਾ ਤਰੀਕਾ ਜਾਪਦਾ ਹੈ। ਕੀ ਹਰੇਕ ਪਾਠਕ ਨੂੰ ਪਹਿਲਾਂ ਇਹ ਤਰੀਕਾ ਸਮਝਾਇਆ ਜਾਇਆ ਕਰੇਗਾ? ਫਿਰ ਭੀ ਇਹ ਚੇਤੇ ਨਹੀਂ ਰਹਿ ਸਕਦਾ। ਜਾਂ, ਫਿਰ ਮੂਲਮੰਤ੍ਰ ਲਾਂਭੇ ਹੀ ਪਿਆ ਰਹੇ, ਇਸ ਨੂੰ ਪੜ੍ਹਨਾ ਛੱਡ ਦੇਵੀਏ। ਇਸ ਤਰ੍ਹਾਂ ਤਾਂ ਇਹ ਬੇ-ਲੋੜਵਾਂ ਹੀ ਬਣ ਗਿਆ।

ਪਾਠਕ ਫਿਰ ਇਸ ਔਕੜ ਨੂੰ ਸਮਝ ਲੈਣ।

(ੳ) ਅਸੀਂ 'ਸਿਰਲੇਖ' ਨੂੰ ਦੋ ਹਿੱਸਿਆਂ ਵਿਚ ਨਹੀਂ ਵੰਡ ਸਕਦੇ, ਕਿਉਂਕਿ ਬਿਸ੍ਰਾਮ-ਚਿੰਨ੍ਹ (॥) ਰੋਕ ਪਾਂਦਾ ਹੈ। ਸਾਨੂੰ ਜ਼ਰੂਰ ਲਫ਼ਜ਼ 'ਚਉਪਦੇ' ਤਕ ਅੱਪੜਨਾ ਪਏਗਾ।

(ਅ) 'ਸਿਰਲੇਖ' ਮੁਕਾਣ ਵਾਸਤੇ ਅਸੀਂ ਦੂਜੀ ਸਤਰ ਤੇ ਅੱਪੜ ਗਏ। ਹੁਣ 'ਮੂਲਮੰਤ੍ਰ' ਪੜ੍ਹਨ ਲਈ ਸਾਨੂੰ ਮੁੜ ਪਹਿਲੀ ਸਤਰ ਵੱਲ ਜਾਣਾ ਪੈ ਰਿਹਾ ਹੈ।

(ੲ) ਜੇ ਇਹ ਤਰੀਕਾ ਨਾਹ ਵਰਤਿਆ, ਤਾਂ 'ਮੂਲਮੰਤ੍ਰ' ਲਾਂਭੇ ਹੀ ਪਿਆ ਰਹਿ ਜਾਇਗਾ, ਇਸ ਦਾ ਪਾਠ ਨਹੀਂ ਹੋ ਸਕੇਗਾ।

ਹੁਣ ਵੇਖੋ ਛਾਪੇ ਦੀ 'ਬੀੜ' ਪੰਨਾ 163:

ਉਥੇ ਇਹੀ ਸਿਰਲੇਖ ਆਦਿਕ ਇਉਂ ਛਪਿਆ ਹੋਇਆ ਹੈ:

ਗਉੜੀ ਗੁਆਰੇਰੀ ਮਹਲਾ 4 ਚਉਥਾ ਚਉਪਦੇ

ੴ ਸਤਿਗੁਰ ਪ੍ਰਸਾਦਿ ॥ ਪੰਡਿਤੁ ਸਾਸਤ ਸਿਮ੍ਰਿਤ ਪੜਿਆ ॥....

ਹੱਥ-ਲਿਖੀ 'ਬੀੜ' ਨਾਲੋਂ ਇਸ ਵਿਚ ਫ਼ਰਕ ਰਤਾ ਧਿਆਨ ਨਾਲ ਵੇਖਣ ਵਾਲੇ ਹਨ:

ਲਫ਼ਜ਼ 'ਚਉਪਦੇ' ਤੋਂ ਅਗਲਾ ਬਿਸ੍ਰਾਮ-ਚਿੰਨ੍ਹ (॥) ਉਡਾ ਦਿੱਤਾ ਗਿਆ ਹੈ।

ਇਸ ਲਫ਼ਜ਼ 'ਚਉਪਦੇ' ਤੋਂ ਅਗਾਂਹ ਹੱਥ-ਲਿਖੀ 'ਬੀੜ' ਵਿਚ 'ਸ਼ਬਦ' ਸ਼ੁਰੂ ਹੋ ਜਾਂਦਾ ਹੈ ਜਿਸ ਦੀ ਪਹਿਲੀ ਤੁਕ ਹੈ 'ਪੰਡਿਤੁ ਸਾਸਤ ਸਿਮ੍ਰਿਤਿ ਪੜਿਆ'। ਪਰ ਛਾਪੇ ਦੀ 'ਬੀੜ' ਵਿਚ 'ਚਉਪਦੇ' ਤੋਂ ਅਗਾਂਹ ਮੂਲਮੰਤ੍ਰ 'ੴ ਸਤਿਗੁਰ ਪ੍ਰਸਾਦਿ ॥' ਛਪਿਆ ਹੋਇਆ ਹੈ। ਹੱਥ-ਲਿਖੀ 'ਬੀੜ' ਵਾਲੀ ਤਰਤੀਬ ਉਲਟ ਪੁਲਟ ਕਰ ਦਿੱਤੀ ਗਈ ਹੈ।

ਨੋਟ: ਹੱਥ-ਲਿਖੀ 'ਬੀੜ' ਵਿਚ 'ਰਾਗ' ਅਤੇ 'ਮਹਲੇ' ਵਾਲਾ ਸਿਰਲੇਖ ਮੁੱਕਣ ਤੇ ਹਮੇਸ਼ਾ ਬ੍ਰਿਸਾਮ-ਚਿੰਨ੍ਹ (॥) ਲਿਖਿਆ ਮਿਲਦਾ ਹੈ। ਪਰ ਛਾਪੇ ਦੀਆਂ 'ਬੀੜਾਂ' ਵਿਚ ਜਿਥੇ ਜਿਥੇ ਇਸ ਸਿਰਲੇਖ ਨੂੰ ਮੂਲਮੰਤ੍ਰ ਨਾਲੋਂ ਪਹਿਲਾਂ ਛਾਪਿਆ ਗਿਆ ਹੈ, ਉਥੇ ਉਥੇ ਇਸ ਦਾ ਬਿਸ੍ਰਾਮ-ਚਿੰਨ੍ਹ (॥) ਉਡਾ ਦਿੱਤਾ ਗਿਆ ਹੈ ਅਤੇ ਸਿਰਲੇਖ, ਮੂਲਮੰਤ੍ਰ ਤੇ ਬਾਣੀ ਦੀ ਤਰਤੀਬ ਅਗਾਂਹ ਪਿਛਾਂਹ ਕਰ ਦਿੱਤੀ ਹੈ।

ਨੋਟ: ਅਗਾਂਹ ਹੋਰ ਜਿਤਨੇ ਭੀ ਪ੍ਰਮਾਣ ਮੈਂ ਹੱਥ-ਲਿਖੀ 'ਬੀੜ' ਵਿਚੋਂ ਪੇਸ਼ ਕਰਾਂਗਾ, ਉਹਨਾਂ ਦੇ ਨਾਲ ਛਾਪੇ ਵਾਲੀ 'ਬੀੜ' ਦੇ ਸਿਰਫ਼ 'ਪੰਨੇ' ਹੀ ਦੇ ਦਿਆਂਗਾ। ਨਹੀਂ ਤਾਂ ਇਹ ਲੇਖ ਬਹੁਤ ਵਧਦਾ ਜਾ ਕੇ ਪਾਠਕਾਂ ਵਾਸਤੇ ਅਕੇਵੇਂ ਦਾ ਕਾਰਨ ਬਣ ਜਾਇਗਾ। ਪਾਠਕ ਆਪ ਵੇਖ ਲੈਣ ਕਿ ਹਰ ਥਾਂ ਉਪਰ-ਲਿਖੇ ਇਤਰਾਜ਼ ਬਣਦੇ ਗਏ ਹਨ।

(2) ਪੱਤਰਾ 98

ਰਾਗ ਗਉੜੀ ਗੁਆਰੇਰੀ ਮਹਲਾ 3 . . . . . ੴ ਸਤਿਗੁਰ ਪ੍ਰਸਾਦਿ ॥

ਅਸਟਪਦੀਆ ॥ ਮਨ ਕਾ ਸੂਤਕੁ....

(ਵੇਖੋ ਛਾਪੇ ਵਾਲੀ 'ਬੀੜ' ਦਾ ਪੰਨਾ 229)

(3) ਪੱਤਰਾ 101

ਰਾਗ ਗਉੜੀ ਗੁਆਰੇਰੀ ਮਹਲਾ 5 . . . . . ੴ ਸਤਿਗੁਰ ਪ੍ਰਸਾਦਿ ॥

ਅਸਟਪਦੀਆ ॥ ਜਬ ਇਹੁ ਮਨ ਮਹਿ ਕਰਤ ਗੁਮਾਨਾ ॥....

(ਵੇਖੋ ਛਾਪੇ ਵਾਲੀ 'ਬੀੜ' ਪੰਨਾ 235)

(4) ਪੱਤਰਾ 158 (ਦੂਜਾ ਪਾਸਾ)

ਰਾਗ ਆਸਾ ਮਹਲਾ 5 ਚਉਪਦੇ . . . . . ੴ ਸਤਿਗੁਰ ਪ੍ਰਸਾਦਿ ॥

ਘਰੁ 2 ॥ ਜਿਨਿ ਲਾਈ ਪ੍ਰੀਤਿ ਸੋਈ ਫਿਰਿ ਖਾਇਆ ॥.....

(ਵੇਖੋ ਛਾਪੇ ਵਾਲੀ 'ਬੀੜ' ਪੰਨਾ 370)

ਇਹਨਾਂ ਉੱਪਰ ਦਿੱਤੇ ਤਿੰਨ ਪ੍ਰਮਾਣਾਂ ਦਾ ਪਾਠ ਕਰਨ ਵਿਚ ਭੀ ਉਹੀ ਔਕੜਾਂ ਹਨ ਜੋ ਪਹਿਲੇ ਪ੍ਰਮਾਣ ਵਿਚ ਦਿੱਤੀਆਂ ਗਈਆਂ ਹਨ। ਅਜਿਹੇ ਹੋਰ ਕਿਤਨੇ ਹੀ ਪ੍ਰਮਾਣ ਉਸ ਹੱਥ-ਲਿਖੀ 'ਬੀੜ' ਵਿਚੋਂ ਦਿੱਤੇ ਜਾ ਸਕਦੇ ਹਨ।

(ਅ) ਸਾਰਾ ਮੂਲਮੰਤ੍ਰ

ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ

ਅਕਾਲਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥

ਇਹ ਸਾਰਾ ਮੂਲਮੰਤ੍ਰ ਉਸ ਹੱਥ-ਲਿਖੀ 'ਬੀੜ' ਵਿਚੋਂ ਪੜ੍ਹਨ ਵਾਸਤੇ ਰੁਕਾਵਟਾਂ ਪੈ ਰਹੀਆਂ ਹਨ।

ਪਾਠਕਾਂ ਦੇ ਸਾਹਮਣੇ ਮੈਂ ਥੋੜ੍ਹੇ ਹੀ ਪ੍ਰਮਾਣ ਰੱਖਾਂਗਾ:

(1) ਪੱਤਰਾ 42

ਰਾਗ ਮਾਝ ਮਹਲਾ 4 ਚਉਪਦੇ . . . .ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰ

ਘਰੁ 1 ॥ ਹਰਿ ਹਰਿ ਨਾਮੁ . . . . . .ਵੈਰੁ ਅਕਾਲਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥

(ਵੇਖੋ ਛਾਪੇ ਦੀ 'ਬੀੜ' ਪੰਨਾ 94)

ਇਥੇ ਸਾਰਾ ਹੀ ਮੂਲਮੰਤ੍ਰ ਦਿੱਤਾ ਗਿਆ ਹੈ। ਪਰ ਹੈ ਇਹ ਭੀ 'ਬੀੜ' ਦੇ ਪੱਤਰੇ ਦੇ ਸੱਜੇ ਪਾਸੇ ਹੀ, ਨਿਰੋਲ ਸੱਜੇ ਪਾਸੇ। ਭਾਵੇਂ ਇਹ ਦੋ ਸਤਰਾਂ ਵਿਚ ਲਿਖਿਆ ਹੋਇਆ ਹੈ, ਪਰ ਦੂਜੀ ਸਤਰ ਭੀ ਸੱਜੇ ਪਾਸੇ ਹੀ ਹੈ। ਖੱਬੇ ਪਾਸੇ ਇਸ ਨੂੰ ਨਹੀਂ ਆਉਣ ਦਿੱਤਾ ਗਿਆ।

ਇਸ ਮੂਲਮੰਤ੍ਰ ਨੂੰ ਪੜ੍ਹਨ ਵਾਸਤੇ ਛੋਟੇ ਮੂਲਮੰਤ੍ਰ ਨਾਲੋਂ ਭੀ ਵਧੀਕ ਔਖਿਆਈ ਆ ਬਣੀ ਹੈ। ਧਿਆਨ ਨਾਲ ਵੇਖਣਾ ਜੀ। ਮੂਲਮੰਤ੍ਰ ਦਾ ਕੁਝ ਹਿੱਸਾ ਸੱਜੇ ਪਾਸੇ ਹੈ, ਉਸ ਦੇ ਐਨ ਸਾਹਮਣੇ ਹੈ ਸਿਰਲੇਖ ਦਾ ਕੁਝ ਹਿੱਸਾ। ਅਗਲੀ ਸਤਰ ਵਿਚ ਮੂਲਮੰਤ੍ਰ ਦਾ ਬਾਕੀ ਹਿੱਸਾ ਪਹਿਲੇ ਹਿੱਸੇ ਦੇ ਬਿਲਕੁਲ ਹੇਠ-ਵਾਰ ਹੈ, ਤੇ ਉਸ ਦੇ ਐਨ ਸਾਹਮਣੇ ਸਿਰਲੇਖ ਦਾ ਬਾਕੀ ਦਾ ਹਿੱਸਾ ਲਿਖ ਕੇ ਬਿਸ੍ਰਾਮ-ਚਿੰਨ੍ਹ ਦੇ ਕੇ ਸ਼ਬਦ ਸ਼ੁਰੂ ਕੀਤਾ ਗਿਆ ਹੈ।

ਹੁਣ ਇਸ ਨੂੰ ਪੜ੍ਹੋ। ਪਾਠ ਹੇਠ-ਲਿਖੇ ਅਨੁਸਾਰ ਬਣ ਜਾਇਗਾ:

ਰਾਗੁ ਮਾਝ ਮਹਲਾ 4 ਚਉਪਦੇ . . . . ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿ

ਘਰੁ 1 ॥ ਹਰਿ ਹਰਿ ਨਾਮੁ . . . . . . . . ਰਵੈਰੁ ਅਕਾਲਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥

ਇਸ ਨੂੰ ਧਿਆਨ ਨਾਲ ਪੜ੍ਹਨਾ ਜੀ। ਪਹਿਲੀ ਸਤਰ ਦੇ ਅਖ਼ੀਰ ਤੇ 'ਨਿ' ਆ ਕੇ ਦੂਜੀ ਸਤਰ 'ਘਰੁ 1 ॥' ਨਾਲ ਸ਼ੁਰੂ ਹੋ ਗਈ ਹੈ। ਲਫ਼ਜ਼ 'ਨਿਰਵੈਰੁ' ਦਾ 'ਨਿ' ਪਹਿਲੀ ਸਤਰ ਵਿਚ ਰਹਿ ਗਿਆ। ਉਸ ਤੋਂ ਅਗਾਂਹ ਸਿਰਲੇਖ ਦਾ ਲਫ਼ਜ਼ 'ਘਰੁ 1 ॥ ਆ ਗਿਆ। ਇਹ ਇਕ ਨਵੀਂ ਔਖਿਆਈ ਆ ਬਣੀ ਹੈ। ਛੋਟੇ ਮੂਲਮੰਤ੍ਰ ਵਾਲੀਆਂ ਔਖਿਆਈਆਂ ਪਹਿਲਾਂ ਵਾਂਗ ਹੀ ਕਾਇਮ ਹਨ।

ਪੱਤਰਾ 250 (ਦੂਜਾ ਪਾਸਾ)

ਰਾਗ ਸੋਰਠਿ ਮਹਲਾ 1 . . . . . . . ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈ

ਚਉਪਦੇ ਘਰੁ 1 ॥ . . . . . . . . . ਰੁ ਅਕਾਲਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

(ਹੁਣ ਵੇਖੋ ਛਾਪੇ ਦੀ 'ਬੀੜ' ਪੰਨਾ 595)

(3.) ਪੱਤਰਾ 295

ਰਾਗੁ ਜੈਤਸਰੀ ਮਹਲਾ 4 . . . . . ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ

ਚਉਪਦੇ ਘਰੁ 1 ॥ . . . . . . . . . ਅਕਾਲਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥

ਮੇਰੈ ਹੀਅਰੈ ਰਤਨੁ ਨਾਮੁ ਹਰਿ ਬਸਿਆ...

(ਛਾਪੇ ਦੀ 'ਬੀੜ' ਵੇਖੋ ਪੰਨਾ 696)

ਪੱਤਰਾ 305 (ਦੂਜਾ ਪਾਸਾ)

ਰਾਗ ਤਿਲੰਗ ਮਹਲਾ 1 ਘਰੁ 1 . . . . . ੴ ਸਤਿਨਾਮ ਕਰਤਾ ਪੁਰਖੁ ਨਿਰਭਉ ਨਿਰਵੈਰੁ

ਚਉਪਦੇ ॥ . . . . . . . . . . . . . . . . ਅਕਾਲਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥

ਯਕ ਅਰਜ ਗੁਫਤਮ ਪੇਸਿ ਤੋ

(ਵੇਖੋ ਛਾਪੇ ਦੀ 'ਬੀੜ' ਪੰਨਾ 721)।

(ੲ) ਹੁਣ ਪਾਠਕਾਂ ਦੇ ਸਾਹਮਣੇ ਤੀਜੀ ਕਿਸਮ ਪੇਸ਼ ਕੀਤੀ ਜਾਂਦੀ ਹੈ। ਇਸ ਵਿਚ ਭੀ ਮੂਲਮੰਤ੍ਰ ਸਾਰਾ ਹੀ ਹੈ। ਦੋ ਸਤਰਾਂ ਵਿਚ ਲਿਖਿਆ ਹੋਇਆ ਹੈ। ਇਹ ਭੀ ਸਿਰਫ਼ ਸੱਜੇ ਪਾਸੇ। ਦੂਜੀ ਸਤਰ ਵਾਲਾ ਹਿੱਸਾ ਭੀ ਪਹਿਲੇ ਹਿੱਸੇ ਦੇ ਹੇਠ ਸੱਜੇ ਪਾਸੇ ਹੀ। ਫ਼ਰਕ ਇਹ ਹੈ ਕਿ ਮੂਲਮੰਤ੍ਰ ਵਾਲੀ ਪਹਿਲੀ ਅੱਧੀ ਸਤਰ ਸੰਗ੍ਰਹਿ ਦੀ ਹੋਰ ਲਿਖਤ ਨਾਲੋਂ ਉਚੇਰੀ ਲਿਖੀ ਹੋਈ ਹੈ।

(1) ਪੱਤਰਾ 729

ਰਾਗ ਧਨਾਸਰੀ ਮਹਲਾ 1 . . . . . . . . . . . . ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ

ਚਉਪਦੇ ਘਰੁ 1 ॥ . . . . . . . . . . . . . . ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥

ਜੀਉ ਡਰਤ ਹੈ ਆਪਣਾ ਕੈ ਸਿਉ ਕਰੀ ਪੁਕਾਰ ॥....

(ਵੇਖੋ ਛਾਪੇ ਦੀ 'ਬੀੜ' ਪੰਨਾ 660)

(2) ਪੰਨਾ 374

ਰਾਗ ਰਾਮਕਲੀ ਮਹਲਾ 1 . . . . . ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰ

ਚਉਪਦੇ ਘਰੁ 1 ॥ . . . . . . . . ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥

ਕੋਈ ਪੜਤਾ ਸਹਸਾਕਿਰਤਾ ਕੋਈ ਪੜੈ ਪੁਰਾਨਾ ॥......

(ਵੇਖੋ ਛਾਪੇ ਦੀ 'ਬੀੜ' ਪੰਨਾ 876)

ਕਿਸ ਸਿੱਟੇ ਤੇ ਅੱਪੜੇ ਹਾਂ?

(1) ਜਿਥੋਂ ਤਕ ਉਸ ਪਿੰਡ ਸਿਧਵਾਂ-ਬੇਟ ਵਾਲੀ ਹੱਥ-ਲਿਖੀ 'ਬੀੜ' ਦੇ ਪਾਠ ਦਾ ਸੰਬੰਧ ਹੈ, ਜੇ ਹਰ ਥਾਂ ਪਹਿਲਾਂ 'ਰਾਗ' ਅਤੇ ਮਹਲੇ ਵਾਲੇ ਸਿਰਲੇਖ ਨੂੰ ਪੜ੍ਹਨ ਦਾ ਜਤਨ ਕੀਤਾ ਜਾਏ, ਤਾਂ ਦੂਜੀ ਸਤਰ ਵਿਚ ਅੱਪੜ ਕੇ ਸਿਰਲੇਖ ਦਾ ਪਾਠ ਮੁਕਾ ਕੇ ਫਿਰ ਨਵੇਂ ਸਿਰੇ ਪਹਿਲੀ ਸਤਰ ਦੇ ਸੱਜੇ ਪਾਸੇ ਜਾ ਕੇ ਮੂਲਮੰਤ੍ਰ ਦਾ ਪਾਠ ਕਰਨਾ ਪੈਂਦਾ ਹੈ। ਇਹ ਗੱਲ ਹਰੇਕ ਪਾਠਕ ਨੂੰ ਹਰ ਵੇਲੇ ਚੇਤੇ ਨਹੀਂ ਰਹਿ ਸਕਦੀ। ਤੇ, ਅਨੇਕਾਂ ਵਾਰੀ ਉਹ ਮੂਲਮੰਤ੍ਰ ਦਾ ਪਾਠ ਕਰਨੋਂ ਖੁੰਝ ਹੀ ਜਾਇਗਾ।

(2) ਉਸ ਹੱਥ-ਲਿਖੀ 'ਬੀੜ' ਦੇ ਸਹੀ ਪਾਠ ਦਾ ਮੈਨੂੰ ਤਾਂ ਇੱਕੋ ਹੀ ਹੱਲ ਲੱਭਾ ਸੀ ਉਹ ਇਹ ਸੀ ਕਿ ਜਦੋਂ ਭੀ ਕੋਈ ਨਵਾਂ ਰਾਗ ਜਾਂ ਨਵਾਂ ਸੰਗ੍ਰਹਿ ਸ਼ੁਰੂ ਹੋਵੇ ਜਿਥੇ ਮੂਲਮੰਤ੍ਰ ਭੀ ਦਿੱਤਾ ਹੋਇਆ ਹੈ, ਉਥੇ ਸਦਾ ਪਹਿਲਾਂ ਮੂਲਮੰਤ੍ਰ ਦਾ ਪਾਠ ਕਰ ਲਿਆ ਜਾਏ। ਤੇ, ਮੂਲਮੰਤ੍ਰ ਹਰ ਥਾਂ ਸੱਜੇ ਪਾਸੇ ਹੀ ਹੈ।

(3) ਧਾਰਮਿਕ ਪੁਸਤਕਾਂ ਦਾ ਮੰਗਲਾਚਰਨ ਲਿਖਣ ਦਾ ਇਹ ਪੁਰਾਤਨ ਢੰਗ ਸੀ। ਸਦਾ ਪੱਤਰੇ ਦੇ ਸੱਜੇ ਪਾਸੇ ਦੇ ਅੱਧ ਵੱਲ ਲਿਖਣਾ। ਪਰ ਪਾਠ ਕਰਨ ਵੇਲੇ, ਖਾਸ ਤੌਰ ਤੇ ਅਖੰਡ ਪਾਠ ਕਰਨ ਵੇਲੇ, ਮੂਲਮੰਤ੍ਰ ਨੂੰ ਸੱਜੇ ਹੱਥ ਵਲੋਂ ਪਹਿਲਾਂ ਪੜ੍ਹ ਲੈਣ ਦੀ ਮਰਯਾਦਾ ਪਾਠਕ ਨੂੰ ਹਰ ਵੇਲੇ ਚੇਤੇ ਨਹੀਂ ਰਹਿ ਸਕਦੀ।

ਸੋ, ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੇ ਇਹ ਚੰਗਾ ਹੀ ਕੀਤਾ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਵਿਚ ਮੂਲਮੰਤ੍ਰ ਨੂੰ 'ਪਹਿਲ' ਦੇ ਦਿੱਤੀ ਸੀ। ਇਸ ਤਰ੍ਹਾਂ ਪਾਠ ਕਰਨ ਵਿਚ ਉਕਾਈ ਖਾਣ ਦੀ ਸੰਭਾਵਨਾ ਖ਼ਤਮ ਹੋ ਗਈ ਸੀ।

(4) ਛਾਪੇ ਦੀਆਂ 'ਬੀੜਾਂ' ਵਿਚ ਮੂਲਮੰਤ੍ਰ ਦਾ ਸਿਰਲੇਖ ਨਾਲੋਂ ਕਦੇ ਪਹਿਲਾਂ ਤੇ ਕਦੇ ਪਿਛੋਂ ਛਪਣ ਦਾ ਢੰਗ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਅੰਦਰਲੀ ਇਕ-ਸਾਰ ਸੁਚੱਜੀ ਬਣਤਰ ਨਾਲ ਮੇਲ ਨਹੀ ਖਾਂਦਾ।

(ਨੋਟ: ਇਹ ਮੇਰੀ ਨਿਜੀ ਰਾਇ ਹੈ। ਪਰ ਮੈਂ 'ਦਰਪਣ' ਦੇ ਛਾਪਣ ਵੇਲੇ ਮੂਲਮੰਤ੍ਰ ਨੂੰ ਛਾਪੇ ਦੀਆਂ 'ਬੀੜਾਂ' ਵਾਂਗ ਹੀ ਰੱਖਿਆ ਹੈ। ਇਹ ਜ਼ਿੰਮੇਵਾਰੀ ਸਮੁੱਚੇ ਸਿੱਖ-ਪੰਥ ਦੀ ਹੀ ਹੈ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਵਿਚਾਰ ਕੇ ਵਰਤੋਂ ਵਿਚ ਲਿਆਵੇ। ਇਕੱਲੇ ਦੁਕੱਲੇ ਦੀ ਆਪ-ਹੁਦਰੀ ਕਾਰਵਾਈ ਪੰਥ ਵਿਚ ਵਿਗਾੜ ਪੈਦਾ ਕਰ ਸਕਦੀ ਹੈ।)

(ਮੈਂ ਉਸ ਪਿੰਡ ਸਿਧਵਾਂਬੇਟ ਦੇ ਵਸਨੀਕ ਸਰਦਾਰ ਸੱਜਣ ਸਿੰਘ ਜੀ ਰੀਟਾਇਰਡ ਪਟਵਾਰੀ ਦਾ ਧੰਨਵਾਦ ਕਰਦਾ ਹਾਂ। ਉਹ ਆਪਣੇ ਰੁਝੇਵਿਆਂ ਵਿਚੋਂ ਸਮਾ ਕੱਢ ਕੇ ਦੋ ਵਾਰੀ ਹੱਥੀਂ-ਲਿਖੀ 'ਬੀੜ' ਦੇ ਦਰਸਨ ਕਰਨ ਮੇਰੇ ਨਾਲ ਜਾ ਕੇ ਸਾਰਾ ਵਕਤ ਮੇਰੀ ਮਦਦ ਵਾਸਤੇ ਉਥੇ ਟਿਕੇ ਰਹਿੰਦੇ ਰਹੇ।)

(ਨੋਟ: ਉਹ ਹੱਥ-ਲਿਖੀ 'ਬੀੜ' ਜਿਸ ਦਾ ਮੈਂ ਇਥੇ ਜ਼ਿਕਰ ਕੀਤਾ ਹੈ, ਹੁਣ ਉਸ ਪਿੰਡ ਦੇ ਵੱਡੇ ਗੁਰਦੁਆਰੇ ਵਿਚ ਲਿਆਂਦੀ ਗਈ ਹੈ। ਮੈਂ ਸ਼ਰੋਮਣੀ ਗੁ: ਪ੍ਰ: ਕਮੇਟੀ ਦੇ ਜ਼ਿੰਮੇਵਾਰ ਸੱਜਣਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਇਸ ਕੀਮਤੀ ਚੀਜ਼ ਨੂੰ ਉਥੋਂ ਮੰਗਾ ਕੇ ਆਪਣੀ ਉਸ ਲਾਇਬ੍ਰੇਰੀ ਵਿਚ ਰੱਖਣ ਜਿਥੇ ਇਸੇ ਤਰ੍ਹਾਂ ਦੀਆਂ ਹੋਰ ਹੱਥ-ਲਿਖੀਆਂ ਬੀੜਾਂ ਰੱਖੀਆਂ ਹੋਈਆਂ ਹਨ।)

ੴ ਸਤਿਗੁਰ ਪ੍ਰਸਾਦਿ ॥

ਸੰਸਕ੍ਰਿਤ ਲਫ਼ਜ਼ 'ਭਯ' ਤੋਂ

ਪੰਜਾਬੀ ਲਫ਼ਜ਼ 'ਭਉ'

ਭੁਲੇਖਾ:

ਸੱਤਿਆਰਥ ਪ੍ਰਕਾਸ਼ (ਉਰਦੂ ਛਾਪ) ਦੀ ਚੌਥੀ ਐਡੀਸ਼ਨ ਦੇ ਸਫ਼ਾ 399 ਉਤੇ 'ਨਾਨਕ ਪੰਥ' ਬਾਰੇ ਲਿਖਦਿਆਂ ਸਤਿਗੁਰੂ ਨਾਨਕ ਦੇਵ ਜੀ ਦੇ ਸੰਬੰਧ ਵਿਚ ਇਉਂ ਲਿਖਿਆ ਮਿਲਦਾ ਹੈ: 'ਵੇਦ ਆਦਿ ਸ਼ਾਸਤ੍ਰ ਔਰ ਸੰਸਕ੍ਰਿਤ ਕੁਝ ਭੀ ਨਹੀਂ ਜਾਨਤੇ ਥੇ। ਅਗਰ ਜਾਨਤੇ ਹੋਤੇ, ਤੋ 'ਨਿਰਭਯ' ਲਫ਼ਜ਼ ਕੋ 'ਨਿਰਭੌ' ਕਿਉਂ ਲਿਖਤੇ...ਉਨ ਗੰਵਾਰੋਂ ਕੇ ਸਾਹਮਨੇ ਜਿਨਹੋਂ ਨੇ ਸੰਸਕ੍ਰਿਤ ਕਭੀ ਸੁਨੀ ਭੀ ਨਹੀਂ ਥੀ 'ਸੰਸਕ੍ਰਿਤੀ ਸਤੋਤ੍ਰ' (ਸਹਸਕਿਰਤੀ ਸਲੋਕ) ਬਨਾ ਕਰ ਸੰਸਕ੍ਰਿਤ ਕੇ ਭੀ ਪੰਡਿਤ ਬਨ ਗਏ ਹੋਂਗੇ...ਉਨ ਕੋ ਆਪਣੀ ਸ਼ੋਹਰਤ ਕੀ ਖ਼ਾਹਸ਼ ਜ਼ਰੂਰ ਥੀ...ਜਬ ਕੁਛ ਖ਼ੁਦ-ਪਸੰਦੀ ਥੀ, ਤੋ ਇੱਜ਼ਤ-ਸ਼ੋਹਰਤ ਕੇ ਲੀਏ ਕੁਛ ਦੰਭ ਭੀ ਕੀਆ ਹੋਗਾ.....। '

ਸਤਿਗੁਰੂ ਜੀ ਦਾ ਆਦਰਸ਼:

ਖਰ੍ਹਵੀਆਂ ਗੱਲਾਂ ਦਾ ਉੱਤਰ ਖਰ੍ਹਵੇ ਲਫ਼ਜ਼ਾਂ ਵਿਚ ਦੇਣਾ ਬੜਾ ਕੋਝਾ ਤੇ ਅਸੱਭਯ ਉੱਦਮ ਹੈ। ਪਰ ਅਸਲੀਅਤ ਨੂੰ ਆਪ ਸਮਝਣਾ ਤੇ ਹੋਰਨਾਂ ਦੀ ਸਮਝ-ਗੋਚਰਾ ਬਣਾਣਾ ਹਰੇਕ ਮਨੁੱਖ ਦਾ ਫ਼ਰਜ਼ ਹੈ। ਅਸੀਂ ਦਾਹਵਾ ਨਹੀਂ ਕਰਦੇ ਕਿ ਸਤਿਗੁਰੂ ਨਾਨਕ ਦੇਵ ਜੀ ਸੰਸਕ੍ਰਿਤ ਦੇ ਵਿਦਵਾਨ ਸਨ, ਜਾਂ, ਉਹ ਅਸਾਨੂੰ ਸੰਸਕ੍ਰਿਤ ਵਿਚ ਲਿਖੀਆਂ ਵੇਦ ਆਦਿਕ ਧਰਮ-ਪੁਸਤਕਾਂ ਪੜ੍ਹਾਣ ਆਏ ਸਨ। ਉਹ ਤਾਂ ਧਰਤੀ ਦੇ ਵਿਲਕਦੇ ਤੇ ਸੜਦੇ ਜੀਵਾਂ ਨੂੰ ਜੀਵਨ ਦਾ ਸਹੀ ਰਾਹ ਦੱਸ ਕੇ 'ਖੁਨਕ ਨਾਮੁ ਖੁਦਾਇਆ' ਦੇ ਕੇ ਠੰਢ ਵਰਤਾਣ ਆਏ ਸਨ। ਲੋਕਾਂ ਨੂੰ ਉਹਨਾਂ ਦੀਆਂ ਉਕਾਈਆਂ ਅਤੇ ਜੀਵਨ ਦਾ ਸਹੀ ਰਸਤਾ ਤਾਂ ਹੀ ਦੱਸਿਆ ਜਾ ਸਕਦਾ ਸੀ, ਜੇ ਉਹ ਲੋਕਾਂ ਦੀ ਸਮਝ-ਗੋਚਰੀ ਬੋਲੀ ਵਿਚ ਗੱਲਾਂ ਕਰਨ। ਜਗਤ ਵਿਚ ਆਇਆ ਹਰੇਕ ਗੁਰੂ ਪੈਗ਼ੰਬਰ ਅਵਤਾਰ ਇਹੀ ਕੁਦਰਤੀ ਤਰੀਕਾ ਵਰਤਦਾ ਆਇਆ ਹੈ, ਤੇ ਇਹੀ ਵਰਤਿਆ ਜਾ ਸਕਦਾ ਸੀ।

ਬੋਲੀ ਬਦਲਦੀ ਰਹਿੰਦੀ ਹੈ:

ਭੂਗੋਲਿਕ ਹਾਲਾਤ ਅਤੇ ਜਲ-ਵਾਯੂ ਦੇ ਅਨੁਸਾਰ ਹਰੇਕ ਦੇਸ ਦੀ ਆਪੋ ਆਪਣੀ ਬੋਲੀ ਹੈ। ਫਿਰ, ਹਰੇਕ ਬੋਲੀ ਸਮੇ ਅਨੁਸਾਰ ਸਦਾ ਬਦਲਦੀ ਭੀ ਆਈ ਹੈ। ਅਸਾਡੇ ਦੇਸ ਵਿਚ ਕਈ ਸਦੀਆਂ ਪਹਿਲਾਂ ਇਕ ਸਮਾ ਸੀ ਜਦੋਂ ਪ੍ਰਚਲਤ ਬੋਲੀ ਅਨੁਸਾਰ ਵਿਦਵਾਨ ਰਿਸ਼ੀਆਂ ਨੇ ਵੇਦ-ਮੰਤ੍ਰ ਉਚਾਰੇ। ਉਸ ਬੋਲੀ ਨੂੰ ਅਸੀਂ ਪੁਰਾਣੀ ਸੰਸਕ੍ਰਿਤ ਆਖਦੇ ਹਾਂ। ਉਹ ਪੁਰਾਣੀ ਸੰਸਕ੍ਰਿਤ ਬਦਲਦੀ ਗਈ। ਸਿੰਮ੍ਰਿਤੀਆਂ ਤੇ ਪੁਰਾਣ ਆਦਿਕ ਪੁਸਤਕ ਜਾਂ ਉਹਨਾਂ ਤੋਂ ਭੀ ਪਿਛਲੇਰੇ ਸਮੇ ਦੇ ਨਵੀਨ ਸੰਸਕ੍ਰਿਤ ਪੁਸਤਕਾਂ ਦੀ ਬੋਲੀ ਹੋਰ ਹੋ ਗਈ। ਇਸ ਨਵੀਨ ਸੰਸਕ੍ਰਿਤ ਨੂੰ ਚੰਗੀ ਤਰ੍ਹਾਂ ਸਮਝ ਸਕਣ ਵਾਲਾ ਜੇ 'ਰਿਗਦੇਵ' ਦਾ ਪਾਠ ਕਰੇ ਤਾਂ ਉਸ ਨੂੰ ਹੈਰਾਨੀ ਆਉਂਦੀ ਹੈ ਕਿ ਰਿਗਦੇਵ ਦੀ ਬੋਲੀ ਉਸ ਦੀ ਸਮਝ ਤੋਂ ਪਰੇ ਹੈ।

ਪਹਿਲੀ ਪ੍ਰਾਕ੍ਰਿਤ:

ਵੇਦਾਂ ਵਿਚ ਜੋ 'ਗਾਥਾ' ਨਾਮ ਦੇ ਛੰਦ ਮਿਲਦੇ ਹਨ ਉਹਨਾਂ ਦੀ ਬੋਲੀ ਪੁਰਾਣੀ ਸੰਸਕ੍ਰਿਤ ਨਾਲੋਂ ਵੱਖਰੀ ਹੈ। ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਵੇਦਾਂ ਦੇ ਸਮੇ ਭੀ ਲੋਕਾਂ ਦੇ ਆਮ ਬੋਲ-ਚਾਲ ਦੀ ਇਕ ਵੱਖਰੀ ਭਾਸ਼ਾ ਸੀ। ਵਿਦਵਾਨਾਂ ਨੇ ਵੇਦਿਕ ਸਮੇ ਦੀ ਇਸ ਬੋਲੀ ਦਾ ਨਾਮ 'ਪਹਿਲੀ ਪ੍ਰਾਕ੍ਰਿਤ' ਰੱਖਿਆ ਹੈ। ਅਸ਼ੋਕ ਦੇ ਲੇਖ ਆਦਿਕਾਂ ਵਿਚ ਜੋ ਬੋਲੀ ਮਿਲਦੀ ਹੈ, ਉਸ ਨੂੰ 'ਦੂਜੀ ਪ੍ਰਾਕ੍ਰਿਤ' ਜਾਂ 'ਪਾਲੀ' ਆਖਦੇ ਹਨ। ਪਹਿਲੀ ਪ੍ਰਾਕ੍ਰਿਤ ਦੇ ਪਰਚਾਰ ਤੋਂ ਕਈ ਸੌ ਸਾਲ ਪਿੱਛੋਂ ਦੂਜੀ ਪ੍ਰਾਕ੍ਰਿਤ ਦਾ ਜਨਮ ਹੋਇਆ। ਵੇਦਿਕ ਸਮੇ ਦੇ ਵਿਦਵਾਨਾਂ ਨੇ 'ਵੇਦਿਕ ਭਾਸ਼ਾ' ਨੂੰ ਆਮ ਬੋਲ-ਚਾਲ ਦੀ ਬੋਲੀ ਤੋਂ ਬਚਾ ਕੇ ਰੱਖਣ ਲਈ ਇਸ ਦੇ ਵਿਆਕਰਣ ਬਣਾਏ, ਤੇ ਇਸ ਸਾਂਭ ਕੇ ਰੱਖੀ ਹੋਈ ਬੋਲੀ ਦਾ ਨਾਮ 'ਸੰਸਕ੍ਰਿਤ' ਰੱਖ ਲਿਆ। ਸੋ, ਇਹ 'ਸੰਸਕ੍ਰਿਤ' ਭੀ 'ਪਹਿਲੀ ਪ੍ਰਾਕ੍ਰਿਤ' ਦੀ ਕਿਸੇ ਸ਼ਾਖ ਤੋਂ 'ਸੁੱਧ ਹੋ ਕੇ' ਬਣੀ ਸੀ।

ਪਾਲੀ:

ਦੂਜੀ ਪ੍ਰਾਕ੍ਰਿਤ ਵਿਚ ਪਹਿਲੀ ਪ੍ਰਾਕ੍ਰਿਤ ਦੇ ਉਹ ਵਿਅੰਜਨ ਘਟ ਗਏ ਜੋ ਕੰਨਾਂ ਨੂੰ ਖਰ੍ਹਵੇ ਲੱਗਦੇ ਸਨ। ਉਹਨਾਂ ਦੇ ਥਾਂ 'ਸ੍ਵਰ' ਵਰਤੇ ਜਾ ਕੇ ਬੋਲੀ ਅੱਗੇ ਨਾਲੋਂ ਮਿੱਠੀ ਤੇ ਬੋਲਣ ਨੂੰ ਸੌਖੀ ਹੋ ਗਈ। ਇਸ ਦੂਜੀ ਪ੍ਰਾਕ੍ਰਿਤ ਜਾਂ 'ਪਾਲੀ' ਦੀਆਂ ਭੀ ਸਹਿਜੇ ਸਹਿਜੇ ਕਈ ਸ਼ਾਖ਼ਾਂ ਬਣ ਗਈਆਂ, ਜਿਨ੍ਹਾਂ ਵਿਚੋਂ ਮਾਗਧੀ, ਸ਼ਊਰਸੇਨੀ ਤੇ ਮਹਾਰਾਸ਼ਟਰੀ ਮੁੱਖ ਹਨ। ਸਹਿਜੇ ਸਹਿਜੇ ਇਹਨਾਂ ਪ੍ਰਾਕ੍ਰਿਤਾਂ ਨੇ ਭੀ ਸੰਸਕ੍ਰਿਤ ਵਾਂਗ ਸਾਹਿੱਤਕ ਰੂਪ ਧਾਰ ਲਿਆ, ਬੋਲ-ਚਾਲ ਦੀ ਭਾਸ਼ਾ ਇਹਨਾਂ ਤੋਂ ਵੱਖਰੀ ਹੋ ਗਈ। ਇਸ ਬੋਲ-ਚਾਲ ਦੀ ਭਾਸ਼ਾ ਦਾ ਨਾਮ 'ਅਪਭ੍ਰੰਸ਼' ਪੈ ਗਿਆ। ਵਿਦਵਾਨਾਂ ਦਾ ਖ਼ਿਆਲ ਹੈ ਕਿ ਵੱਖੋ ਵੱਖ ਸੂਬਿਆਂ ਵਿਚ ਵੱਖੋ-ਵੱਖਰੀ 'ਅਪਭ੍ਰੰਸ਼' ਬੋਲੀ ਜਾਂਦੀ ਸੀ। ਜਦੋਂ ਇਹਨਾਂ 'ਅਪਭ੍ਰੰਸ਼ਾਂ' ਵਿਚ ਭੀ ਕਾਵਿ ਦੀ ਰਚਨਾ ਹੋਣ ਲੱਗ ਪਈ, ਤਾਂ ਹੁਣ ਦੀਆਂ ਬੋਲੀਆਂ ਦਾ ਜਨਮ ਅਰੰਭ ਹੋਇਆ।

ਅਪਭ੍ਰੰਸ਼:

ਅਪਭ੍ਰੰਸ਼ਾਂ ਦੇ ਪਰਚਾਰ ਦਾ ਠੀਕ ਠੀਕ ਸਮਾ ਅਜੇ ਤਾਈਂ ਨਹੀਂ ਮਿਥਿਆ ਜਾ ਸਕਿਆ; ਪਰ ਜੋ ਪ੍ਰਮਾਣ ਮਿਲਦੇ ਹਨ ਉਹਨਾਂ ਤੋਂ ਇਹ ਸਿੱਧ ਹੁੰਦਾ ਹੈ ਕਿ ਈਸਵੀ ਯਾਰ੍ਹਵੀਂ ਸਦੀ ਤਾਈਂ ਅਪਭ੍ਰੰਸ਼ ਭਾਸ਼ਾ ਵਿਚ ਕਵਿਤਾ ਹੁੰਦੀ ਰਹੀ। ਪ੍ਰਾਕ੍ਰਿਤ ਬੋਲੀ ਦੇ ਅਖ਼ੀਰਲੇ ਵਿਆਕਰਣ-ਕਰਤਾ ਹੇਮ ਚੰਦ੍ਰ ਨੇ, ਜੋ ਯਾਰ੍ਹਵੀਂ ਸਦੀ ਵਿਚ ਹੋਇਆ ਹੈ, ਆਪਣੇ ਵਿਆਕਰਣ ਵਿਚ 'ਅਪਭ੍ਰੰਸ਼ਾਂ' ਦੇ ਨਮੂਨੇ ਦਿੱਤੇ ਹਨ। ਸੋ, ਅਸਾਡੇ ਦੇਸ ਦੀ ਬੋਲੀ ਇਸ ਤਰ੍ਹਾਂ ਬਦਲਦੀ ਚਲੀ ਆ ਰਹੀ ਹੈ, ਤੇ ਹਰੇਕ ਦੇਸ ਦੀ ਹਰੇਕ ਬੋਲੀ ਦਾ ਭੀ ਇਹੀ ਹਾਲ ਸਮਝੋ।

ਜਗਤ ਨਿਯਮ-ਬੱਧ:

ਕਾਦਰ ਦੀ ਕੁਦਰਤਿ ਵਿਚ ਕਿਤੇ ਭੀ ਕੋਈ ਕੰਮ ਬੇ-ਨਿਯਮਾ ਨਹੀਂ ਹੋ ਰਿਹਾ। ਜਿਵੇਂ ਕਰਤਾਰ ਨੇ ਜੋ ਜਗਤ-ਰਚਨਾ ਕੀਤੀ ਹੈ ਖ਼ਾਸ ਨਿਯਮਾਂ ਅਨੁਸਾਰ ਹੈ, ਤਿਵੇਂ ਸਮੇ ਸਮੇ ਜੋ ਜੋ 'ਬੋਲੀ' ਬੋਲੀ ਜਾਂਦੀ ਰਹੀ ਹੈ ਉਹ ਭੀ ਨਿਯਮਾਂ ਵਿਚ ਹੀ ਰਹੀ ਹੈ। ਜਦੋਂ ਜਦੋਂ ਇਹ ਬਦਲਦੀ ਜਾਂਦੀ ਹੈ, ਇਹ ਤਬਦੀਲੀ ਭੀ ਖ਼ਾਸ ਨਿਯਮਾਂ ਅਨੁਸਾਰ ਹੀ ਹੋਇਆ ਕਰਦੀ ਹੈ। ਕਦੇ ਇਹ ਨਹੀਂ ਹੋ ਸਕਿਆ ਕਿ ਕਿਸੇ ਦੇਸ ਦੇ ਦਸ ਬੰਦੇ ਰਲ ਕੇ ਆਪਣੀ ਬੋਲੀ ਦੇ ਲਫ਼ਜ਼ਾਂ ਨੂੰ ਜਾਣ-ਬੁੱਝ ਕੇ ਮੋੜ-ਤੋੜ ਕੇ ਕੋਈ ਹੋਰ ਨਵੀਂ ਬੋਲੀ ਘੜ ਲੈਣ ਤੇ ਇਹ ਨਵੀਂ ਬੋਲੀ ਦੇਸ ਵਿਚ ਚੱਲ ਪਈ ਹੋਵੇ।

ਬੋਲੀ ਦੇ ਦੋ ਅੰਗ:

'ਬੋਲੀ' ਦੇ ਦੋ ਅੰਗ ਹੁੰਦੇ ਹਨ- 'ਵਰਣਾਤਮਕ' ਤੇ 'ਭਾਵਾਤਮਕ'। ਇਕ ਅੰਗ ਉਹ ਹੈ ਜੋ 'ਵਰਣਾਂ' ਅੱਖਰਾਂ ਤੋਂ ਬਣਿਆ ਹੈ ਤੇ ਉਚਾਰਨ ਵਿਚ ਵਰਤੀਦਾ ਹੈ। ਦੂਜਾ ਅੰਗ ਹੈ ਉਹਨਾਂ ਅੱਖਰਾਂ ਤੋਂ ਬਣੇ ਲਫ਼ਜ਼ਾਂ ਦਾ 'ਭਾਵ'।

ਬੋਲੀ ਦਾ ਜਨਮ, ਵਿਕਾਸ ਤੇ ਮੌਤ:

ਸੰਸਾਰ ਦੇ ਅਨੇਕਾਂ ਪਦਾਰਥਾਂ ਵਾਂਗ 'ਬੋਲੀ' ਦਾ 'ਜਨਮ', 'ਵਿਕਾਸ' ਅਤੇ 'ਨਾਸ' ਹੁੰਦਾ ਹੈ। ਕੁਝ ਕਾਰਨਾਂ ਕਰਕੇ 'ਬੋਲੀ' ਦਾ ਜਨਮ ਹੁੰਦਾ ਹੈ, ਕੁਝ ਖ਼ਾਸ ਹਾਲਤਾਂ ਵਿਚ ਉਹ ਵਧਦੀ-ਫੁਲਦੀ ਹੈ ਅਤੇ ਫਿਰ ਸਮਾ ਪਾ ਕੇ ਉਸ ਦਾ ਨਾਸ ਹੋ ਜਾਂਦਾ ਹੈ।

ਬੋਲੀ ਅਤੇ ਨਦੀ ਵਿਚ ਕਈ ਗੱਲਾਂ ਮਿਲਦੀਆਂ ਹਨ। ਜਿਵੇਂ ਸੋਮੇ ਦੇ ਕੋਲ ਨਦੀ ਦਾ ਰਸਤਾ ਬਹੁਤ ਵਿੰਗਾ, ਤੰਗ ਅਤੇ ਛੋਟਾ ਜਿਹਾ ਹੁੰਦਾ ਹੈ; ਤਿਵੇਂ ਅਰੰਭਕ ਅਵਸਥਾ ਵਿਚ ਬੋਲੀ ਦੀ ਚਾਲ ਭੀ ਬੇ-ਢੰਗੀ ਜਿਹੀ ਹੁੰਦੀ ਹੈ। ਖੁਲ੍ਹੇ ਮੈਦਾਨ ਵਿਚ ਅੱਪੜ ਕੇ ਨਦੀ ਦਾ ਪ੍ਰਵਾਹ ਕੁਝ ਹੋਰ ਤਰ੍ਹਾਂ ਦਾ ਹੋ ਜਾਂਦਾ ਹੈ, ਨਦੀ ਵਿਚ ਜਲ ਭੀ ਵਧੀਕ ਹੋ ਜਾਂਦਾ ਹੈ ਅਤੇ ਡੂੰਘਾਈ ਭੀ ਵਧੀਕ। ਮੈਦਾਨ ਵਿਚ ਨਦੀ ਸਹਿਜੇ ਸਹਿਜੇ ਤੇ ਸਿੱਧੀ ਵਗਦੀ ਹੈ। ਇਹੀ ਹਾਲਤ ਬੋਲੀ ਦੀ ਹੁੰਦੀ ਹੈ। ਜਿਵੇਂ ਨਦੀਆਂ ਵਿਚ ਲਾਂਭ ਦਾ ਪਾਣੀ ਆ ਰਲਦਾ ਹੈ, ਤਿਵੇਂ ਬੋਲੀ ਵਿਚ ਭੀ ਉਧਰੋਂ-ਇਧਰੋਂ ਨਵੇਂ ਸ਼ਬਦ ਆ ਰਲਦੇ ਹਨ। ਨਦੀ ਦੇ ਪਾਣੀ ਵਾਂਗ ਖ਼ਾਸ ਖ਼ਾਸ ਨਿਯਮਾਂ ਅਨੁਸਾਰ ਹੀ ਨਵੇਂ ਲਫ਼ਜ਼ ਬੋਲੀ ਵਿਚ ਆ ਕੇ ਮਿਲ ਸਕਦੇ ਹਨ। ਜਿਵੇਂ ਅਨੁਕੂਲ ਧਰਤੀ ਦੇ ਮੁੱਕ ਜਾਣ ਤੇ ਨਦੀ ਕਿਸੇ ਦੂਜੀ ਨਦੀ ਵਿਚ ਜਾਂ ਸਮੁੰਦਰ ਵਿਚ ਜਾ ਪੈਂਦੀ ਹੈ, ਤਿਵੇਂ ਬੋਲੀ ਭੀ ਆਪਣੇ ਬੋਲਣ ਵਾਲਿਆਂ ਦੇ ਨਸ਼ਟ ਹੋ ਜਾਣ ਤੇ ਜਾਂ ਕੋਈ ਹੋਰ ਵਿਘਨ ਪੈ ਜਾਣ ਤੇ ਮੁੱਕ ਜਾਂਦੀ ਹੈ।

ਭੂਗੋਲਿਕ ਹਾਲਤ ਅਤੇ ਹਵਾ-ਪਾਣੀ ਦਾ ਅਸਰ:

ਬੋਲੀ ਅਸਲ ਵਿਚ ਪਰਮਾਤਮਾ ਦੀ ਦਿੱਤੀ ਹੋਈ ਇਕ ਸ਼ਕਤੀ ਹੈ। ਇਸ ਦਾ ਆਰੰਭ ਤੇ ਪ੍ਰਫੁਲਤਾ ਆਦਿਕ ਭੀ ਕੁਦਰਤੀ ਤੌਰ ਤੇ ਹੁੰਦੇ ਹਨ। ਮਨੁੱਖ ਆਪਣੇ ਆਪ ਜਾਣ ਬੁੱਝ ਕੇ ਉਸ ਵਿਚ ਕੋਈ ਵਧਾਅ-ਘਟਾਅ ਨਹੀਂ ਕਰ ਸਕਦੇ।

ਦੇਸ ਦੀ ਭੂਗੋਲਿਕ ਹਾਲਤ ਨਾਲ ਭੀ ਬੋਲੀ ਦਾ ਸੰਬੰਧ ਹੈ, ਇਥੋਂ ਤਾਈਂ ਕਿ ਜਲ-ਵਾਯੂ ਦਾ ਭੀ ਬੋਲੀ ਉਤੇ ਬੜਾ ਅਸਰ ਪੈਂਦਾ ਹੈ। ਕਿਸੇ ਦੇਸ ਦੇ ਲੋਕ 'ਟ' ਦਾ ਉਚਾਰਨ ਨਹੀਂ ਕਰ ਸਕਦੇ, ਅਤੇ ਕਈ ਦੇਸਾਂ ਦੇ ਬੰਦਿਆਂ ਦੇ ਮੂੰਹੋਂ 'ਤ' ਨਹੀਂ ਨਿਕਲਦਾ। ਸਮਾਂ ਪਾ ਕੇ ਲੋਕ ਅਨੇਕਾਂ ਪੁਰਾਣੇ ਉਚਾਰਨ ਭੁੱਲ ਜਾਂਦੇ ਹਨ ਨਵੇਂ ਉਚਾਰਨ ਕਰਨ ਲੱਗ ਪੈਂਦੇ ਹਨ।

ਮਨੁੱਖ ਫੇਫੜਿਆਂ ਦੀ ਰਾਹੀਂ ਸਾਹ ਲੈ ਕੇ 'ਆਵਾਜ਼' (ਨਾਦ) ਪੈਦਾ ਕਰਦਾ ਹੈ। ਫੇਫੜਿਆਂ ਦੀ ਹਵਾ ਨੂੰ ਵੱਖੋ-ਵੱਖ ਤਰੀਕਿਆਂ ਨਾਲ ਨਾਦ-ਯੰਤ੍ਰਾਂ ਦੀ ਰਾਹੀਂ ਦਬਾਅ ਕੇ ਬਾਹਰ ਕੱਢਿਆਂ 'ਵਿਅਕਤ-ਨਾਦ' (ਪਰਤਖ ਆਵਾਜ਼) ਪੈਦਾ ਹੁੰਦੀ ਹੈ। ਜਦੋਂ ਸਾਹ ਫੇਫੜਿਆਂ ਤੋਂ ਕੰਠ-ਨਾਲੀ ਵਿਚ ਆਉਂਦਾ ਹੈ ਤਦੋਂ ਉਸ ਨਾਲੀ ਦੀਆਂ 'ਸੁਰ-ਤੰਤੀਆਂ' ਵਿਚ ਕਾਂਬਾ ਪੈਦਾ ਹੁੰਦਾ ਹੈ। ਇਹ ਕਾਂਬਾ ਨਿਕਲਦੇ ਸਾਹ ਦੇ ਨਾਲ ਮਿਲ ਜਾਂਦਾ ਹੈ। ਕੰਠ ਦੇ ਉਪਰਲੇ ਹਿੱਸੇ ਵਿਚ ਅੱਪੜ ਕੇ ਸਾਹ ਨੱਕ ਰਾਹੀਂ ਜਾਂ ਮੂੰਹ ਰਾਹੀਂ ਬਾਹਰ ਨਿਕਲਦਾ ਹੈ। ਜੇ ਮੂੰਹ ਬੰਦ ਰਹੇ, ਤਾਂ ਸਾਹ ਦੇ ਬਾਹਰ ਨਿਕਲਣ ਦਾ ਰਸਤਾ ਸਿਰਫ਼ ਨੱਕ ਹੀ ਹੈ।

ਨੱਕ ਦੇ ਰਸਤੇ ਸਾਹ ਨੂੰ ਬਾਹਰ ਕੱਢਣ ਲਈ ਇਹ ਜ਼ਰੂਰੀ ਹੈ ਕਿ ਤਾਲੂ ਦਾ ਮੁਲਾਇਮ ਹਿੱਸਾ ਅਤੇ ਸੰਘ ਦੀ ਘੰਡੀ ਸਿੱਧੀ ਪਲਮਦੀ ਰਹੇ। ਜੇ ਇਹ ਦੋਵੇਂ ਪਿਛੇ ਹਟਾ ਲਏ ਜਾਣ ਤਾਂ ਸਾਹ ਮੂੰਹ ਵਿਚ ਆ ਜਾਂਦਾ ਹੈ, ਪਰ ਅਜੇ ਤਾਈਂ ਇਹ 'ਵਿਅਕਤ ਨਾਦ' ਨਹੀਂ ਬਣਿਆ। ਅੱਗੇ ਇਸ ਦੇ ਰਾਹ ਵਿਚ ਜੀਭ ਕਈ ਰੁਕਾਵਟਾਂ ਪਾਂਦੀ ਹੈ, ਪਹਿਲਾਂ ਮੁਲਾਇਮ ਤਾਲੂ ਉਤੇ, ਫਿਰ ਖਰਵੇ ਤਾਲੂ ਉਤੇ ਅਤੇ ਅਖ਼ੀਰ ਵਿਚ ਉਪਰਲੇ ਦੰਦਾਂ ਦੇ ਮਸੂੜਿਆਂ ਉਤੇ। ਜਦੋਂ ਅਸੀਂ 'ਕ', 'ਚ', 'ਤ' ਆਦਿਕ ਅੱਖਰਾਂ ਦਾ ਸਹਿਜੇ ਸਹਿਜੇ ਉਚਾਰਨ ਕਰਦੇ ਹਾਂ, ਤਾਂ ਜੀਭ ਦੀਆਂ ਰੁਕਾਵਟਾਂ ਦੀ ਪਰਤੱਖ ਸਮਝ ਆ ਜਾਂਦੀ ਹੈ।

ਜੀਭ ਦੀਆਂ ਇਹਨਾਂ ਰੁਕਾਵਟਾਂ ਦੇ ਕਾਰਨ ਵਿਦਵਾਨਾਂ ਨੇ ਸਾਰੇ ਅੱਖਰਾਂ ਦੇ ਹੇਠ ਲਿਖੇ ਹਿੱਸੇ ਕੀਤੇ ਹਨ:

(1) ਉਹ ਅੱਖਰ ਜਿਨ੍ਹਾਂ ਦਾ ਉਚਾਰਨ 'ਕੰਠ' (ਸੰਘ) ਵਿਚ ਹੁੰਦਾ ਹੈ:

. . . ਅ, ਹ, ਕ, ਖ, ਗ, ਘ

(2) ਮੁਲਾਇਮ ਤਾਲੂ ਨਾਲ ਜੀਭ ਦੇ ਲੱਗਿਆਂ ਉਚਾਰੇ ਜਾਣ ਵਾਲੇ ਅੱਖਰ:

. . . ੲ, ਯ, ਸ਼, ਚ, ਛ, ਜ, ਝ

(3) ਖਰ੍ਹਵੇ ਤਾਲੂ ਤੋਂ:

. . . . ਰ, ਟ, ਠ, ਡ, ਢ, ਖ਼

(4) ਦੰਦਾਂ ਤੋਂ:

. . . . ਲ, ਸ, ਤ, ਥ, ਦ, ਧ

(5) ਹੋਠਾਂ ਤੋਂ:

. . . . ੳ, ਵ, ਪ, ਫ, ਬ, ਭ

ਨੋਟ: ਙ, ਞ, ਣ, ਨ ਅਤੇ ਮ ਦਾ ਉੱਚਾਰਨ ਉਪਰ-ਲਿਖੇ ਅਸਥਾਨਾਂ ਨਾਲ ਨੱਕ ਵਿਚੋਂ ਦੀ ਸਾਹ ਕੱਢਿਆਂ ਹੁੰਦਾ ਹੈ।

ਅੱਖਰਾਂ ਦਾ ਆਪੋ ਵਿਚ ਵਟਾਂਦਰਾ:

ਬੋਲਣ ਵੇਲੇ 'ਕੰਨ-ਨਲੀ' ਦੀਆਂ 'ਸੁਰ-ਤੰਤੀਆਂ' ਮੁਲਾਇਮ ਅਤੇ ਖਰ੍ਹਵੇ ਤਾਲੂ ਦੰਦਾਂ ਅਤੇ ਜੀਭ ਦਾ ਆਪੋ ਵਿਚ ਮਿਲਵਾਂ ਅਤੇ ਡੂੰਘਾ ਸੰਬੰਧ ਪੈਣ ਕਰਕੇ ਇਹਨਾਂ ਪੰਜਾਂ ਹੀ ਵਰਗਾਂ ਦੇ ਅੱਖਰ ਆਪਣੇ ਆਪਣੇ ਵਰਗ ਵਿਚ ਅਤੇ ਦੂਜੇ ਵਰਗਾਂ ਦੇ ਅੱਖਰਾਂ ਨਾਲ ਭੀ ਬਦਲਦੇ ਰਹਿੰਦੇ ਹਨ। ਮੇਰੇ ਛੋਟੇ ਕਾਕੇ ਦੀ ਜੀਭ ਦਾ ਹੇਠਲਾ ਤੰਦੂਆ ਬਹੁਤ ਵਧਿਆ ਹੋਇਆ ਸੀ, ਜਿਸ ਕਰ ਕੇ ਉਹ ਜੀਭ ਬਾਹਰ ਨਹੀਂ ਕੱਢ ਸਕਦਾ ਸੀ। ਡਾਕਟਰ ਪਾਸੋਂ ਕਟਾਇਆ, ਪਰ ਕੁਝ ਵਧੀਕ ਕੱਟਿਆ ਗਿਆ। ਤੰਦੂਆ ਜੀਭ ਦੀ ਥੰਮ੍ਹੀ ਹੁੰਦੀ ਹੈ। ਇਸ ਥੰਮ੍ਹੀ ਦੇ ਕਮਜ਼ੋਰ ਹੋ ਜਾਣ ਨਾਲ ਉਹ ਬੱਚਾ ਆਪਣੀ ਜੀਭ ਤਾਲੂ ਨਾਲ ਨਹੀਂ ਲਾ ਸਕਦਾ ਸੀ। ਨਤੀਜਾ ਇਹ ਨਿਕਲਿਆ ਕਿ ਤਾਲੂ ਨਾਲ ਜੀਭ ਨੂੰ ਜੋੜਿਆਂ ਜੋ ਅੱਖਰ ਉਚਾਰੀਦੇ ਹਨ, ਉਹਨਾਂ ਨੂੰ ਉਹ ਬੋਲ ਨਾ ਸਕੇ। ਅਸੀਂ ਆਖੀਏ- ਕਾਕਾ! ਆਖ 'ਭਾਪਾ ਜੀ'। ਉਹ ਆਖੇ- 'ਭਾਪਾ ਗਾ'। ਅੱਖਰ 'ਜ' ਦੇ ਥਾਂ 'ਗ' ਅਤੇ 'ੲ' ਦੇ ਥਾਂ 'ਅ' ਹੀ ਬੋਲ ਸਕਦਾ ਸੀ। ਰਤਾ ਸਿਆਣਾ ਹੋ ਕੇ ਜਦੋਂ ਉਸ ਥੰਮ੍ਹੀ ਵਿਚ ਤਾਕਤ ਆਈ ਤਦੋਂ ਇਹ ਨੁਕਸ ਦੂਰ ਹੋ ਗਿਆ।

ਸਮੇਂ ਦੀ ਤਬਦੀਲੀ ਅਤੇ ਦੇਸ ਦੀ ਭੂਗੋਲਕ ਹਾਲਤ ਦਾ ਭੀ ਅਸਰ ਪੈਂਦਾ ਰਹਿੰਦਾ ਹੈ। ਦੂਜੇ ਦੇਸਾਂ ਤੋਂ ਆ ਕੇ ਵੱਸਣ ਵਾਲੇ ਲੋਕਾਂ ਦੀ ਬੋਲੀ ਭੀ ਸਹਿਜੇ ਸਹਿਜੇ ਆਪਣਾ ਪ੍ਰਭਾਵ ਪਾ ਲੈਂਦੀ ਹੈ। ਇਹੋ ਜਿਹੇ ਕਈ ਕਾਰਨ ਮਿਲਣ ਕਰਕੇ ਸ਼ਬਦਾਂ ਦਾ ਵਰਣਾਤਮਕ ਰੂਪ ਬਦਲਦਾ ਰਹਿੰਦਾ ਹੈ।

ਲਫ਼ਜ਼ਾਂ ਦੇ ਉਚਾਰਣ ਬਦਲਣ ਬਾਰੇ ਨਿਯਮ ਤੇ ਉਦਾਹਰਣ:

ਪੁਰਾਣੀ ਪ੍ਰਾਕ੍ਰਿਤ, ਨਵੀਨ ਪ੍ਰਾਕ੍ਰਿਤ ਅਤੇ ਅਪਭ੍ਰੰਸ਼ ਵਿਚੋਂ ਦੀ ਹੋ ਕੇ ਪੁਰਾਤਨ ਪੰਜਾਬੀ ਵਿਚ ਕਿਵੇਂ ਸ਼ਬਦਾਂ ਦਾ ਉਚਾਰਨ-ਆਤਮਕ ਰੂਪ ਬਦਲਦਾ ਗਿਆ- ਇਸ ਗੱਲ ਨੂੰ ਸਮਝਣ ਵਾਸਤੇ ਕੁਝ ਨਿਯਮ ਅਤੇ ਉਦਾਹਰਣ ਦਿੱਤੇ ਜਾਂਦੇ ਹਨ।

(1) ਸੰਸਕ੍ਰਿਤ ਸ਼ਬਦਾਂ ਦੇ ਅੰਦਰਲੇ ਹਿੱਸੇ ਵਿਚ ਆਏ ਹੋਏ ਕਿਸੇ ਕਿਸੇ ਵਰਗ ਦੇ ਦੂਜੇ ਜਾਂ ਚੌਥੇ ਅੱਖਰ (ਖ, ਘ, ਫ, ਥ, ਧ ਆਦਿਕ) ਅਤੇ 'ਖ਼' ਦੇ ਥਾਂ ਪ੍ਰਾਕ੍ਰਿਤ ਅਤੇ ਪੰਜਾਬੀ ਵਿਚ 'ਹ' ਹੋ ਜਾਂਦਾ ਹੈ, ਜਿਵੇਂ:

ਸੰਸਕ੍ਰਿਤ . . . . . . . . . . ਪ੍ਰਾਕ੍ਰਿਤ . . ਪੰਜਾਬੀ
ਅਧੁਨਾ (अधुना) . . . . . . ਹੁਣਿ (ਧ ਦਾ ਹ)
ਸੁਰਭਿ (सुरभि) . . . . . ਸੁਰਹੀ (ਭ ਦਾ ਹ)
ਪੁਸ਼ਪ (पुष्प) . . . . . . . ਪੁਹਪ (ਖ਼ ਤੋਂ ਹ)
ਨਖ (नख) . . . . . . . . . ਨਂਹੁ (ਖ ਤੋਂ ਹ)
ਖਯੋਭ (क्षोभ) . . . . . . . ਖੋਹ (ਭ ਤੋਂ ਹ)
ਸੁਖਾਵਹ (सुखावह) . . . . ਸੁਹਾਵਾ (ਖ ਤੋਂ ਹ)
ਸੌਭਾਗਯ (सोभागय) . . . ਸੁਹਾਗ (ਭ ਤੋਂ ਹ)
ਕੁਠਾਰ (कुठार) . . . . . . ਕੁਹਾੜਾ (ਠ ਤੋਂ ਹ)
ਬਧਿਰ (बधिर) . . . . . . ਬਹਿਰਾ (=ਬੋਲਾ) (ਧ ਤੋਂ ਹ)
ਵੀਥੀ (वीथी) . . . . . . . ਵੀਹੀ (=ਗਲੀ) (ਥ ਤੋਂ ਹ)

(2) ਜੇ ਸ਼ਬਦਾਂ ਦੇ ਮੁਢ ਵਿਚ ਦੁੱਤ ਅੱਖਰ ਹੋਵੇ ਜਿਸ ਦੁੱਤ ਦਾ ਪਹਿਲਾ ਅੱਖਰ 'ਸ' ਹੋਵੇ, ਤਾਂ ਪੰਜਾਬੀ ਵਿਚ ਉਸ ਦੇ ਪਹਿਲਾਂ 'ਅ' ਹੋਰ ਵਧਾਇਆ ਜਾਂਦਾ ਹੈ, ਜਾਂ, 'ਸ' ਉੱਡ ਜਾਂਦਾ ਹੈ; ਜਿਵੇਂ:

ਸੰਸਕ੍ਰਿਤ . . . . . . . . . . . . ਪੰਜਾਬੀ
ਸਾਨ੍ਨ (स्नान) . . . . . . . . . ਅਸਨਾਨ, ਨ੍ਹ੍ਹਾਨ
ਸ੍ਤੰਭ (स्तम्भ) . . . . . . . . . ਅਸਥੰਭ, ਥੰਭ
ਸਾਨ (स्थान) . . . . . . . . . ਅਸਥਾਨ, ਥਾਂ
ਸੇ੍ਨਹ (स्नेह) . . . . . . . . . .ਅਸਨੇਹ, ਨੇਹ
ਸ੍ਵਰੂਪ (स्वरूप) . . . . . . . . ਅਸਰੂਪ, ਰੂਪ
ਸ੍ਨਾ (स्ना, ਅਰਬੀ ਲਫ਼ਜ਼) . .ਅਸਨਾਈ, ਨਾਈ
ਸਿਰ (स्थिर) . . . . . . . . . ਅਸਥਿਰ, ਥਿਰ
ਸਲ (स्थल) . . . . . . . . . .ਅਸਥਲ, ਥਲ

ਪਰ ਜੇ ਦੁੱਤ ਅੱਖਰ ਦਾ ਪਹਿਲਾ ਅੱਖਰ 'ਸ' ਅਤੇ ਦੂਜਾ 'ਤ' ਹੋਵੇ, ਤਾਂ 'ਅ' ਪਹਿਲਾਂ ਵਧਾਣ ਦੇ ਥਾਂ ਦੁੱਤ ਦੇ ਵੱਟੇ 'ਥ' ਹੋ ਜਾਂਦਾ ਹੈ। ਜੇ ਇਹ 'ਦੁੱਤ' ਸ਼ਬਦ ਦੇ ਵਿਚਕਾਰ ਆਵੇ ਤਾਂ ਭੀ ਇਹ ਤਬਦੀਲੀ ਹੋ ਜਾਂਦੀ ਹੈ; ਜਿਵੇਂ:

ਸੰਸਕ੍ਰਿਤ . . . . . . . ਪੰਜਾਬੀ
ਸ੍ਤੋਕ (स्तोक) . . . . . ਥੋੜਾ
ਵਸ੍ਤੁ (वस्तु) . . . . . ਵੱਥੁ
ਹਸ੍ਤ (हस्त) . . . . . ਹੱਥ
ਹਸ੍ਤਿ (हस्तिन्) . . . ਹਾਥੀ
ਸ੍ਤਨ (स्तन) . . . . ਥਣ
ਅਸ੍ਤਿ (अस्ति) . . . ਆਥਿ
ਸ੍ਤੰਭ (स्तम्भ) . . . . ਥੰਭ
ਪ੍ਰਸ੍ਤਰ (प्रस्तर) . . . ਪੱਥਰ
ਸ੍ਤਬਕ (स्तबक) . . ਥੱਬਾ

(3) ਸੰਸਕ੍ਰਿਤ ਲਫ਼ਜ਼ ਦੇ 'ਵਿਅੰਜਨ' (ਜੋ ਲਫ਼ਜ਼ਾਂ ਦੇ ਅਰੰਭ ਵਿਚ ਨਾਹ ਹੋਣ) ਦੇ ਥਾਂ ਪ੍ਰਾਕ੍ਰਿਤ ਤੇ ਪੰਜਾਬੀ ਵਿਚ 'ਸ੍ਵਰ' ਅੱਖਰ ਦੇ ਵਟਾਂਦਰੇ ਦਾ ਬਹੁਤ ਵਧੀਕ ਰਿਵਾਜ ਵੱਧ ਗਿਆ। ਕਈ ਲਫ਼ਜ਼ਾਂ ਵਿਚ ਇਤਨੇ 'ਵਿਅੰਜਨ' ਹਟ ਕੇ 'ਸ੍ਵਰ' ਹੋ ਜਾਂਦੇ ਹਨ ਕਿ ਲਫ਼ਜ਼ ਦਾ ਨਵਾਂ ਰੂਪ ਹੋਰ ਦਾ ਹੋਰ ਹੋ ਜਾਂਦਾ ਹੈ।

ਸੰਸਕ੍ਰਿਤ . . . . . . . . ਪ੍ਰਾਕ੍ਰਿਤ . . ਪੰਜਾਬੀ

ਦਯੂਤ ਕਰ (द्तकर) . . ਜੁਅਅਰੋ . . ਜੁਆਰੀ
ਡਾਕਿਨੀ (डाकिनी) . . . (ਡਾਇਨੀ) . . ਡੈਣ
ਸੁਕੁਮਾਰ (सुकुमार) . . . ਸੋਅੱਲ . . . ਸੋਹਲ
ਪ੍ਰਾਕਾਰ (प्राकार) . . . . (ਪਾਆਰ) . . .ਵਾੜ
ਮਦਕਲ (मदकल) . . . ਮਅਗਲ . . . ਮੈਗਲ
ਕਚੱਗ੍ਰਹ (कचग्रह) . . . ਕਅੱਗਹ . . . ਕੰਘਾ (ਕੱਘਾ)
ਰਜਨਿ (रजनि) . . . . . ਰਅਣਿ . . . . ਰੈਣਿ
ਭਗਿਨੀ (भगिनी) . . . . ਭਅਣਿ . . . . ਭੈਣ
ਨਦੀ (नदि) . . . . . . . ਨਾਇ . . . . . ਨੈਂ
ਯਦਿ (यदि) . . . . . . . ਜਾਇ . . . . . ਜੇ

(4) ਜੀਭ ਦੀ ਸਹਾਇਤਾ ਨਾਲ ਮੁਲਾਇਮ ਤਾਲੂ ਅਤੇ ਖਰ੍ਹਵੇ ਤਾਲੂ ਤੋਂ ਉਚਾਰੇ ਹੋਏ ਅੱਖਰ ਆਪੋ ਵਿਚ ਵਟੀਜ ਜਾਂਦੇ ਹਨ, ਭਾਵ, 'ਤ'- ਵਰਗ ਦੇ ਥਾਂ 'ਟ'- ਵਰਗ ਹੋ ਜਾਂਦਾ ਹੈ; ਜਿਵੇਂ:

ਸੰਸਕ੍ਰਿਤ . . . . . . ਪ੍ਰਾਕ੍ਰਿਤ . . . ਪੰਜਾਬੀ
ਸੁਖਦ (सुखद) . . . ਸੁਹਦ . . . . ਸੁਹੰਢਣਾ
ਸਾਨ (स्थान) . . . . ਠਾਣ . . . . . ਠਾਂ, ਠਾਂਉ, ਥਾਂ, ਥਾਂਉ
ਵਰਤੁਲ (वर्तुल) . . . ਬਟੂਆ . . .
ਪਨ-ਘਟ . . . . . . . ਪਨ-ਕਤ . . .
ਧ੍ਰਿਸ਼ਟ (धृष्ट) . . . . ਢੀਠ . . . . .
ਦੰਡ (दण्ड) . . . . . .ਡੰਡਾ . . . . . .

(5) ਇੱਕੋ ਹੀ ਵਰਗ ਦੇ ਅੱਖਰ ਸੰਸਕ੍ਰਿਤ ਤੋਂ ਪ੍ਰਾਕ੍ਰਿਤ ਵਿਚ ਆਉਂਦੇ ਆਉਂਦੇ ਆਪੋ ਵਿਚ ਵੱਟੇ ਜਾਂਦੇ ਹਨ; ਜਿਵੇਂ:

'ਪ' ਦੇ ਥਾਂ 'ਵ' ਜਾਂ 'ਉ';

'ਮ' ਦੇ ਥਾਂ 'ਵ';

'ਵ' ਦੇ ਥਾਂ 'ਮ';

'ਕ' ਦੇ ਥਾਂ 'ਗ';

'ਘ' ਦੇ ਥਾਂ 'ਕ';

'ਪ' ਦੇ ਥਾਂ 'ਬ';

ਸੰਸਕ੍ਰਿਤ . . . . . . . . ਪੰਜਾਬੀ
ਯਾਦਵ (यादव) . . . . . ਜਾਦਵ (-ਰਾਇਆ)
ਨਾਮ (नाम) . . . . . . . ਨਾਂਵ
ਅਪੁਤ੍ਰ (अपुत्र) . . . . . ਅਉਤੁ (ਅਵੁੱਤ)
ਮੰਡਪ (मण्डप) . . . . . ਮੰਡਵੋ . . . . . ਮੰਡੂਆ
ਕਪਾਲ (कपाल) . . . . . ਕਉਲ
ਮਦਕਲ (मदकल) . . . .ਮੈਗਲ

(6) ਸੰਸਕ੍ਰਿਤ ਦਾ 'ਟ' (ਜੋ ਸ਼ਬਦ ਦੇ ਅਰੰਭ ਵਿਚ ਨਾਹ ਹੋਵੇ) ਪੰਜਾਬੀ ਵਿਚ 'ਤ' ਹੋ ਜਾਂਦਾ ਹੈ।

ਕਟਕ (कटक) . . . . . . ਕੜਾ
ਕਟੁਕ (कटुक) . . . . . . ਕੌੜਾ
ਤ੍ਰਿਕੁਟੀ (त्रिकुटी) . . . . .ਤ੍ਰਿਊੜੀ
ਨਿਕਟਿ (निकटि) . . . . . ਨੇੜੇ

(7) ਯ, ਵ। ਸੰਸਕ੍ਰਿਤ ਦਾ 'ਯ' ਦੋ 'ਸ੍ਵਰਾਂ' ('ੲ' ਅਤੇ 'ਅ') ਦੇ ਜੋੜ ਤੋਂ ਬਣਿਆ ਹੈ। 'ਵ' ਦੋ 'ਸ੍ਵਰਾਂ' ('ੳ' ਅਤੇ 'ਅ') ਦੇ ਜੋੜ ਤੋਂ। ਪ੍ਰਾਕ੍ਰਿਤ ਅਤੇ ਪੰਜਾਬੀ ਵਿਚ ਜਿੱਥੇ ਅੱਖਰ ਨਿਖੇੜ ਕੇ ਵਰਤਣ ਦਾ ਰਿਵਾਜ ਸੀ, ਉਥੇ ਇਸ 'ਵ' ਅਤੇ 'ਯ' ਦੇ ਅੰਗ ਭੀ ਵੱਖੋ-ਵੱਖ ਕੀਤੇ ਜਾਣ ਲੱਗ ਪਏ। ਦੁੱਤ ਅੱਖਰ ਵਿਚ ਵਰਤਿਆ ਹੋਇਆ 'ਵ' ਅਤੇ 'ਯ' ਆਮ ਤੌਰ ਤੇ 'ਸ੍ਵਰ' ਵਿਚ ਬਦਲਿਆ ਜਾਂਦਾ ਸੀ।

. . . . . (ਵ)
ਸੰਸਕ੍ਰਿਤ . . . . . . . . . . . ਪੰਜਾਬੀ
ਅਵਗੁਣ (उवगुण) . . . . .ਅਉਗੁਣ
ਅਵਘਟ (उवघट) . . . . . ਅਉਹਠ
ਸਰਵਸ੍ਵ (सर्वस्व) . . . . . .ਸਰਬਸੁ
ਵ੍ਰਿਖ (वृक्ष) . . . . . . . . . ਰੁੱਖ
ਲਵਣ (लवण) . . . . . . . ਲੂਣ
ਦ੍ਵਿਗੁਣ (द्विगुण) . . . . . . ਦੂਣਾ

. . . . . . . . (ਯ)
ਦਯਾਲੁ (दयालु) . . . . . . ਦਇਆਲ (ਦੈਆਲ)
ਭਯਾਨ (भयान) . . . . . . .ਭਇਆਨ (ਭੈਆਨ)
ਭੁਯੰਗਮ (भुयंग) . . . . . . .ਭੁਇਅੰਗਮ
ਹਯ (हय) . . . . . . . . . ਹੈ

(8) 'ਰ' ਅਤੇ 'ਲ' ਆਪੋ ਵਿਚ ਬਦਲ ਜਾਂਦੇ ਹਨ:
ਦਯਾਲ (दयालु) . . . . . . . ਦੈਆਰ
ਹਰਿਦ੍ਰਾ (हरिद्रा) . . . . . . . ਹਲਦੀ
ਵਲਮੀਕ (वलमीक) . . . . . ਵਰਮੀ

(9) ਦੁੱਤ ਅੱਖਰ ਵਿਚ ਵਰਤੇ ਹੋਏ 'ਰ' ਦਾ ਪ੍ਰਾਕ੍ਰਿਤ ਅਤੇ ਪੰਜਾਬੀ ਵਿਚ ਲੋਪ ਹੋ ਜਾਂਦਾ ਹੈ:

ਸਮਰਥ (समर्थ) . . . . . . . ਸਮੱਥ
ਕੀਰਤਿ (कीर्ति) . . . . . . . .ਕਿੱਤਿ
ਪੂਰਬ (पुर्व) . . . . . . . . . .ਪੁੱਬ
ਪ੍ਰਾਕ੍ਰਮ (पराक्रम) . . . . . . . ਪਰਾਕਉ
ਗਰਬ (गर्व) . . . . . . . . . .ਗੱਬ
ਆਰਯ (आर्य) . . . . . . . . ਅਈਆ
ਮਰਯਾ (मर्या) . . . . . . . . .ਮਈਆ
ਭਾਰਯਾ (भार्या) . . . . . . . ਡੰਡੁ (ਭੱਜਾ)
ਵਰਗ (वर्ग) . . . . . . . . . . ਵੱਗ

ਇਥੋਂ ਤਕ ਅਸੀਂ ਇਹ ਵਿਚਾਰ ਕਰ ਚੁਕੇ ਹਾਂ ਕਿ ਕਿਵੇਂ ਕੁਦਰਤੀ ਤੌਰ ਤੇ ਸੋਮੇ, ਜਲ-ਵਾਯੂ ਅਤੇ ਹੋਰ ਦੇਸਾਂ ਦੇ ਵਸਨੀਕਾਂ ਨਾਲ ਸੰਬੰਧ ਪੈਣ ਕਰ ਕੇ ਪੰਜਾਬੀ ਦੀ ਸਦੀਆਂ ਪਹਿਲਾਂ ਦੀ ਬੋਲੀ ਬਦਲ ਬਦਲ ਕੇ ਪੁਰਾਤਨ ਪੰਜਾਬੀ ਦੇ ਰੂਪ ਵਿਚ ਆਈ।

'ਭਯ' ਅਤੇ 'ਭਉ'

(10) ਉੱਪਰ-ਦਿੱਤੇ ਨਿਯਮਾਂ ਤੋਂ ਇਲਾਵਾ, ਜਦੋਂ ਸੰਸਕ੍ਰਿਤ ਅਤੇ ਪੰਜਾਬੀ ਦੇ ਹੋਰ ਸ਼ਬਦਾਂ ਦਾ ਟਾਕਰਾ ਕੀਤਾ ਜਾਏ, ਤਾਂ ਹੇਠ-ਲਿਖਿਆ ਹੋਰ ਨਿਯਮ ਸਪਸ਼ਟ ਤੌਰ ਤੇ ਵਰਤੋਂ ਵਿਚ ਆਇਆ ਦਿੱਸਦਾ ਹੈ:

ਸੰਸਕ੍ਰਿਤ ਸ਼ਬਦ ਦਾ ਅੰਤਲਾ 'ਯ' ਪ੍ਰਾਕ੍ਰਿਤ ਅਤੇ ਪੰਜਾਬੀ ਵਿਚ 'ਉ' ਹੋ ਜਾਂਦਾ ਹੈ:

ਸੰਸਕ੍ਰਿਤ . . . . . . . . . . ਪੰਜਾਬੀ, . .ਪ੍ਰਾਕ੍ਰਿਤ
ਨਿਰਣਯ (निर्णय) . . . . . .ਨਿਰਣਉ
ਪਰਿਚਯ (परिचय) . . . . . ਪਰਚਉ
ਪ੍ਰਿਯ (प्रिय) . . . . . . . . . ਪ੍ਰਿਉ
ਵਾਯੁ (वायु) . . . . . . . . .ਵਾਉ
ਵਿਨਯ (विनय) . . . . . . . ਬਿਨਉ
ਨਿਸਚਯ (निश्चय) . . . . . ਨਿਸਚਉ
ਨ੍ਯਾਯ (न्याय) . . . . . . . ਨਿਆਉ
ਉਦਯ (उदय) . . . . . . . .ਉਦਉ
ਹ੍ਰਿਦਯ (हृदय) . . . . . . . ਹਿਆਉ
ਅਖ੍ਯਯ (अक्षय) . . . . . . ਅਖ੍ਯ੍ਯਉ
ਪ੍ਰਲਯ (प्रलय) . . . . . . . ਪਰਲਉ
ਉਪਾਯ (उपाय) . . . . . . . ਉਪਾਉ
'ਤ੍ਰਯ'-ਦਸ਼ (त्रयदशी) . . . . 'ਤ੍ਰਉ'-ਦਸੀ
ਖਯਯ (क्षय) . . . . . . . . . . ਖਉ
ਭਯ (भय) . . . . . . . . . . . ਭਉ

ਸੱਤਿਆਰਥ ਪ੍ਰਕਾਸ਼ ਨੇ ਗੁਰੂ ਨਾਨਕ ਸਾਹਿਬ ਬਾਰੇ ਇਹ ਲਿਖਿਆ ਹੈ ਕਿ ਉਹ ਸੰਸਕ੍ਰਿਤ ਨਹੀਂ ਜਾਣਦੇ ਸਨ ਪਰ ਆਪਣੇ ਆਪ ਨੂੰ ਸੰਸਕ੍ਰਿਤ ਦਾ ਵਿਦਵਾਨ ਪਰਗਟ ਕਰਨ ਦਾ ਜਤਨ ਕਰਦੇ ਸਨ ਕਿਉਂਕਿ ਉਹਨਾਂ ਨੇ ਸੰਸਕ੍ਰਿਤ 'ਭਯ' ਦੇ ਥਾਂ 'ਭਉ' ਵਰਤਿਆ ਹੈ।

ਉੱਪਰਲੀ ਵਿਚਾਰ ਨੂੰ ਸਾਹਮਣੇ ਰੱਖਿਆਂ ਇਹ ਗੱਲ ਉੱਕਾ ਹੀ ਨਿਰਮੂਲ ਸਾਬਤ ਹੋ ਜਾਂਦੀ ਹੈ।

'ਭਉ' ਤੋਂ 'ਭੈ' ਅਤੇ 'ਭਇ':

ਪੁਰਾਣੀ ਪੰਜਾਬੀ ਵਿਚ ਇਹ ਸਾਰੇ ਸ਼ਬਦ 'ਉਕਾਰਾਂਤ' (ਉ-ਅੰਤ ਵਾਲੇ) ਗਿਣੇ ਗਏ ਹਨ। ਪੁਲਿੰਗ 'ਉਕਾਰਾਂਤ ਨਾਵਾਂ ਦੀ ਕਾਰਕ-ਰੂਪ ਸਾਧਨਾ' ਨੂੰ ਗਹੁ ਨਾਲ ਵੇਖਿਆਂ ਸਮਝ ਪੈ ਜਾਂਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਵਿਚ ਸ਼ਬਦ 'ਭਉ' ਦੇ ਦੂਸਰੇ ਰੂਪ 'ਭੈ' ਅਤੇ 'ਭਇ' ਕਿਵੇਂ ਵਰਤੇ ਗਏ ਹਨ।

ਕਰਤਾ ਕਾਰਕ ਇਕ-ਵਚਨ:

'ਭਉ' ਭਾਗਾ ਨਿਰਭਉ ਮਨਿ ਬਸੈ ॥ ਅੰਮ੍ਰਿਤੁ ਨਾਮੁ ਰਸਨਾ ਨਿਤ ਜਪੈ ॥3॥34॥ . . . . (ਰਾਮਕਲੀ ਮ:5

ਬਹੁ-ਵਚਨ

'ਭੈ' ਬਿਨਸੇ ਨਿਰਭਉ ਹਰਿ ਧਿਆਇਆ ॥ ਸਾਧਸੰਗਿ ਹਰਿ ਕੇ ਗੁਣ ਗਾਇਆ ॥1॥ ਰਹਾਉ ॥56॥

(ਗਉੜੀ ਮ: 5

ਕਰਣ ਕਾਰਕ ਇਕ-ਵਚਨ:

ਸਤਿਗੁਰ ਕੈ 'ਭਇ' ਭ੍ਰਮੁ ਭਉ ਜਾਇ ॥ 'ਭੈ' ਰਾਚੈ ਸਚ ਰੰਗਿ ਸਮਾਇ ॥1॥ਰਹਾਉ॥1॥ . . . . (ਗਉੜੀ ਮ: 3

ਨੋਟ: ਇਥੇ ਦੂਜੀ ਤੁਕ ਵਿਚ ਲਫ਼ਜ਼ 'ਭੈ' ਅਧਿਕਰਣ ਕਾਰਕ, ਇਕ-ਵਚਨ ਹੈ। ਭਇ = ਭਉ ਦੀ ਰਾਹੀਂ। ਭੈ = ਭਉ ਵਿਚ।

ਅਪਾਦਾਨ ਕਾਰਕ, ਇਕ-ਵਚਨ:

ਗਿਰਿ ਤਰ ਜਲ ਗੁਆਲਾ 'ਭੈ' ਰਾਖਿਓ ਰਾਜਾ ਰਾਮਿ ਮਾਇਆ ਫੇਰੀ ॥3॥3॥9॥ . .(ਭੈਰਉ ਨਾਮਦੇਵ ਜੀ

'ਸੰਬੰਧਕਾਂ' ਦੇ ਨਾਲ:

'ਭੈ' ਮਹਿ ਰਚਿਓ ਸਭ ਸੰਸਾਰਾ ॥ ਤਿਸੁ ਭਉ ਨਾਹੀ ਜਿਸੁ ਨਾਮ ਅਧਾਰਾ ॥1॥63॥132॥ (ਭੈਰਉ ਨਾਮਦੇਵ ਜੀ

ਸਿਮਰਤ ਨਾਮ 'ਭੈ' ਪਾਰਿ ਉਤਰੀਆ ॥1॥ ਰਹਾਉ ॥120॥ . . . . (ਗਉੜੀ ਮ: 5

'ਭੈ' ਵਿਚਿ ਅਗਨਿ ਕਢੈ ਵੇਗਾਰ ॥ . . . . (ਆਸਾ ਦੀ ਵਾਰ ਮ: 1

ਲਫ਼ਜ਼ 'ਭਉ' ਭਗਤ-ਬਾਣੀ ਵਿਚ ਭੀ:

ਲਫ਼ਜ਼ 'ਭਉ' ਭਗਤਾਂ ਦੀ ਬਾਣੀ ਵਿਚ ਭੀ ਮਿਲਦਾ ਹੈ, ਜਿੱਥੋਂ ਇਹ ਸਾਫ਼ ਸਿੱਧ ਹੈ ਕਿ ਸੰਸਕ੍ਰਿਤ ਸ਼ਬਦ 'ਭਯ' (भय) ਦਾ ਪ੍ਰਾਕ੍ਰਿਤ ਰੂਪ 'ਭਉ' ਬਹੁਤ ਪ੍ਰਚਲਤ ਹੋ ਚੁਕਿਆ ਸੀ:

ਮਾਇਆ ਮੋਹੁ ਮਨਿ ਆਗਲੜਾ ਪ੍ਰਾਣੀ ਜਰਾ ਮਰਣ 'ਭਉ' ਵਿਸਰਿ ਗਇਆ ॥

ਕੁਟੰਬੁ ਦੇਖਿ ਬਿਗਸਹਿ ਕਮਲਾ ਜਿਉ, ਪਰ ਘਰਿ ਜੋਹਹਿ ਕਪਟ ਨਰਾ ॥1॥2॥ . . (ਸ੍ਰੀ ਰਾਗ ਤ੍ਰਿਲੋਚਨ ਜੀ

ਭਭਾ ਭੇਦਹਿ ਭੇਦ ਮਿਲਾਵਾ ॥ ਅਬ 'ਭਉ' ਭਾਨਿ ਭਰੋਸਉ ਆਵਾ ॥30॥

(ਗਉੜੀ ਕਬੀਰ ਜੀ, ਬਾਵਨ ਅਖਰੀ

ਗੁੜੁ ਕਰਿ ਗਿਆਨੁ, ਧਿਆਨੁ ਕਰਿ ਮਹੂਆ, 'ਭਉ' ਭਾਠੀ ਮਨ ਧਾਰਾ ॥

ਸੁਖਮਨ ਨਾਰੀ ਸਹਜਿ ਸਮਾਨੀ ਪੀਵੈ ਪੀਵਨਹਾਰਾ ॥1॥2॥ . . . . (ਰਾਮਕਲੀ ਕਬੀਰ ਜੀ

ਅੰਤਲੇ ਹਰੇਕ 'ਵਿਅੰਜਨ' ਦੀ 'ਉ' ਵਿਚ ਤਬਦੀਲੀ:

ਸੰਸਕ੍ਰਿਤ ਦੇ ਨਿਰੇ ਯ-ਅੰਤ ਲਫ਼ਜ਼ ਹੀ ਪ੍ਰਾਕ੍ਰਿਤ ਵਿਚ ਉ-ਅੰਤ ਨਹੀਂ ਬਣੇ, ਸਗੋਂ ਅੰਤਲੇ ਹਰੇਕ ਵਿਅੰਜਨ ਦੀ 'ਉ' ਸ੍ਵਰ ਵਿਚ ਤਬਦੀਲੀ ਹੋਣ ਲਗ ਪਈ।

ਵੰਨਗੀ ਦੇ ਤੌਰ ਤੇ ਕੁਝ ਉਦਾਹਰਣ ਦਿੱਤੇ ਜਾਂਦੇ ਹਨ:

. . ਸੰਸਕ੍ਰਿਤ . . . . . . . . . . . . . ਪੰਜਾਬੀ, ਪ੍ਰਾਕ੍ਰਿਤ
. . ਪਰਾਕ੍ਰਮ (प्राक्रम) . . . . . . . . ਪਰਾਕਉ
. . ਨਾਮ (नाम) . . . . . . . . . . . . ਨਾਉ
. . ਭਾਵ (भाव) . . . . . . . . . . . . ਭਾਉ
. . ਸੰਪਤਿ (संपति) . . . . . . . . . ਸੰਪਉ
. . ਸ਼ਤ (शत) . . . . . . . . . . . . ਸਉ
. . ਅੰਮ੍ਰਿਤ (अमृत) . . . . . . . . . ਅਮਿਉ
. . ਸੁਆਰਥ (स्वार्थL) . . . . . . . .ਸੁਆਉ
. . ਪਾਦ (पाद) . . . . . . . . . . . . ਪਾਂਉ
. . ਘ੍ਰਿਤ (घृत) . . . . . . . . . . . . ਘਿਉ
. . ਸੁਆਦ (स्वाद) . . . . . . . . . . ਸੁਆਉ
. . ਪ੍ਰਸਾਦ (प्रसाद) . . . . . . . . . . ਪਸਾਉ
. . ਕਾਗ (काग) . . . . . . . . . . . . ਕਾਂਉ
. . ਤਾਪ (ताव) . . . . . . . . . . . . ਤਾਉ
. . ਸਥਾਨ (स्मान) . . . . . . . . . . .ਥਾਂਉ
. . ਅਨੁਰਾਗ (अनुराग) . . . . . . . . ਅਨੁਰਾਉ
. . ਘ੍ਰਾਣ (घ्राण) . . . . . . . . . . . . ਘ੍ਰਾਉ
. . ਅਲਾਪ (अलाप) . . . . . . . . . . ਅਲਾਉ

ਭਗਤ ਜੈਦੇਵ ਜੀ

ਭਗਤ ਜੈਦੇਵ ਜੀ ਸੰਸਕ੍ਰਿਤ ਦੇ ਇਕ ਪ੍ਰਸਿੱਧ ਵਿਦਵਾਨ ਹੋਏ ਹਨ। ਉਹਨਾਂ ਉਤੇ ਇਹ ਦੂਸ਼ਣ ਨਹੀਂ ਆ ਸਕਦਾ ਕਿ ਉਹ ਸੰਸਕ੍ਰਿਤ ਵਿੱਦਿਆ ਵਿਚ ਪ੍ਰਬੀਨ ਨਹੀਂ ਸਨ। ਆਪ ਨੇ ਪ੍ਰੇਮਾ-ਭਗਤੀ ਦੇ ਰੰਗ ਵਿਚ 'ਗੀਤ ਗੋਵਿੰਦ' ਪੁਸਤਕ ਕਵਿਤਾ ਵਿਚ ਲਿਖੀ ਹੈ। ਇਹ ਪੁਸਤਕ ਸੰਸਕ੍ਰਿਤ ਦੇ ਵਿਦਵਾਨਾਂ ਵਿਚ ਬਹੁਤ ਮਾਣ-ਵਡਿਆਈ ਪਾ ਚੁਕੀ ਹੈ ਕਿਉਂਕਿ ਇਸ ਦੀ ਕਵਿਤਾ ਬਹੁਤ ਰਸੀਲੀ ਹੈ। ਪਾਠਕਾਂ ਦੀ ਸੇਵਾ ਵਿਚ ਉਸ ਪੁਸਤਕ ਵਿਚੋਂ ਇਕ ਛੰਦ ਭੇਟਾ ਕੀਤਾ ਜਾਂਦਾ ਹੈ:

सुरूपं ष्शरीरं, नवीनं कलत्रं,

धनं मेरु तुल्यं, वचश्चारू चित्रं।

हरेरंध्रि युग्मे, मनश्चेदलग्नं,

ततः किं, ततः किं, ततः किं, तवः किम।

ਸੁਰੂਪੰ ਸ਼ਰੀਰੰ, ਨਵੀਨੰ ਕਲੱਤ੍ਰੰ,

ਧਨੰ ਮੇਰੂ ਤੁਲਯੰ, ਵਚਸ਼-ਕਾਰੂ ਚਿਤ੍ਰੰ।

ਹਰੇ ਰੰਘ੍ਰਿ ਯੁਗਮੇ, ਮਨਸ਼-ਚੇਦ ਲਗਨੰ,

ਤਤਹ ਕਿੰ, ਤਤਹ ਕਿੰ, ਤਤਹ ਕਿੰ, ਤਤਹ ਕਿੰ ॥

ਭਗਤ ਜੈਦੇਵ ਜੀ ਦੇ ਦੋ ਸ਼ਬਦ ਗੁਰੂ ਗ੍ਰੰਥ ਸਾਹਿਬ ਵਿਚ ਮਿਲਦੇ ਹਨ। ਉਹਨਾਂ ਵਿਚੋਂ ਇਕ ਗੂਜਰੀ ਰਾਗ ਵਿਚ ਹੈ। ਇਸ ਸ਼ਬਦ ਵਿਚ ਲਫ਼ਜ਼ 'ਭਯ' ਦੋ ਰੂਪਾਂ ਵਿਚ ਮਿਲਦਾ ਹੈ- 'ਭਯ' ਅਤੇ 'ਭਇਅ'। ਇਸੇ ਤਰ੍ਹਾਂ ਸੰਸਕ੍ਰਿਤ ਲਫ਼ਜ਼ 'ਮਯ' ਦਾ ਰੂਪ, ਮਇਆ ਦਿੱਤਾ ਗਿਆ ਹੈ।

ਕੇਵਲ ਰਾਮ ਨਾਮ ਮਨੋਰਮੰ ॥ ਬਦਿ ਅੰਮ੍ਰਿਤ ਤਤ ਮਇਅੰ ॥

ਨ ਦਨੋਤਿ ਜਸਮਰਣੇਨ ਜਨਮ ਜਰਾਧਿ ਮਰਣ ਭਇਅੰ।1। ਰਹਾਉ। . . . . (ਗੁਜਰੀ ਜੈਦੇਵ ਜੀ)

ਕਵੀ ਦਮੋਦਰ:

ਇਹ ਉੱਪਰ ਦਿੱਤੇ ਪ੍ਰਮਾਣ ਤਾਂ ਭਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚੋਂ ਹਨ। ਆਉ ਉਸ ਸਮੇ ਦੇ ਕਿਸੇ ਹੋਰ ਪੰਜਾਬੀ ਕਵੀ ਦੀ ਰਚਨਾ ਵੇਖੀਏ।

ਗੁਰੂ ਨਾਨਕ ਸਾਹਿਬ ਮੁਗ਼ਲ ਪਾਤਸ਼ਾਹ ਬਾਬਰ ਦੇ ਸਮੇ ਹੋਏ ਹਨ, ਗੁਰੂ ਅੰਗਦ ਸਾਹਿਬ ਹਮਾਯੂ ਦੇ ਸਮੇ, ਅਤੇ ਗੁਰੂ ਅਮਰਦਾਸ ਜੀ ਅਕਬਰ ਦੇ ਸਮੇ। ਅਕਬਰ ਦੇ ਦਰਬਾਰ ਵਿਚ ਹੀ ਗੋਇੰਦਵਾਲ ਸਾਹਿਬ ਦੇ ਖੱਤ੍ਰੀਆਂ ਤੇ ਬ੍ਰਾਹਮਣਾਂ ਨੇ ਮਿਲ ਕੇ ਸ੍ਰੀ ਗੁਰੂ ਅਮਰਦਾਸ ਜੀ ਦੇ ਵਿਰੁੱਧ ਸ਼ਿਕਾਇਤ ਕੀਤੀ ਸੀ।

ਅਕਬਰ ਦੇ ਰਾਜ ਸਮੇ ਪੰਜਾਬੀ ਦਾ ਇਕ ਪ੍ਰਸਿੱਧ ਕਵੀ ਹੋਇਆ ਹੈ ਜਿਸ ਦਾ ਨਾਮ ਦਮੋਦਰ ਸੀ। ਇਹ ਦਮੋਦਰ ਜਾਤਿ ਦਾ ਗੁਲ੍ਹਾਟੀ ਅਰੋੜਾ, ਝੰਗ ਦਾ ਰਹਿਣ ਵਾਲਾ ਸੀ। ਇਸ ਦੀ ਜ਼ਿੰਦਗੀ ਵਿਚ ਹੀਰ ਰਾਂਝੇ ਦੇ ਇਸ਼ਕ ਦੇ ਖੇਲ ਵਰਤੇ, ਜੋ ਇਸ ਨੇ ਅੱਖੀਂ ਵੇਖੇ ਤੇ ਕਵਿਤਾ ਵਿਚ ਲਿਖੇ। ਆਪਣੇ ਕਿੱਸੇ 'ਹੀਰ' ਵਿਚ ਦਮੋਦਰ ਇਉਂ ਲਿਖਦਾ ਹੈ:

ਨਾਉ ਦਮੋਦਰ ਜਾਤਿ ਗੁਲ੍ਹ੍ਹਾਟੀ, ਆਇਆ ਸਿਕਿ ਸਿਆਲੀ।
ਆਪਣੇ ਮਨ ਵਿਚ ਮਸਲਤਿ ਕੀਤੀ, ਬਹਿ ਕੇ ਇਥਾਈਂ ਜਾਲੀਂ।1। ......
ਪਾਤਸ਼ਾਹੀ ਜੋ ਅਕਬਰ ਸੰਦੀ, ਹੀਲ ਨ ਹੁਜਤਿ ਕਾਈ।3। ......
ਅੱਖੀਂ ਡਿੱਠਾ ਕਿੱਸਾ ਕੀਤਾ, ਮੈਂ ਤਾਂ ਗੁਣੀ ਨ ਕੋਈ।
ਸ਼ਉਕ ਸ਼ਉਕਿ ਉਠੀ ਹੈ ਮੈਂਡੀ, ਤਾਂ ਦਿਲਿ ਉੱਮਕ ਹੋਈ।
ਅਸਾਂ ਮੂੰਹੋਂ ਅਲਾਇਆ ਉਹੋ, ਜੋ ਕੁਝ ਨਜ਼ਰ ਪਇਓਈ।
ਆਖ ਦਮੋਦਰ ਅੱਗੇ ਕਿੱਸਾ, ਜੋਈ ਸੁਣੇ ਸਭ ਕੋਈ।7।

ਦਮੋਦਰ ਦੀ ਕਵਿਤਾ ਵਿਚੋਂ ਭੀ ਇਹ ਗੱਲ ਸਾਫ਼ ਤੌਰ ਤੇ ਸਾਬਿਤ ਹੋ ਜਾਂਦੀ ਹੈ ਕਿ ਉਸ ਸਮੇ ਸੰਸਕ੍ਰਿਤ ਲਫ਼ਜ਼ 'ਭਯ' ਦਾ ਪੰਜਾਬੀ ਰੂਪ 'ਭਉ' ਆਮ ਵਰਤਿਆ ਜਾਂਦਾ ਸੀ। ਦਮੋਦਰ ਲਿਖਦਾ ਹੈ, ਜਦੋਂ ਰਾਂਝਾ ਜੀ-ਭਿਆਣਾ ਤਖ਼ਤ ਹਜ਼ਾਰਾ ਛੱਡ ਕੇ ਝੰਗ ਆਇਆ, ਤਾਂ ਹੀਰ ਦੇ ਪਿਉ ਚੂਚਕ ਨੂੰ ਇਉਂ ਕਹਿਣ ਲੱਗਾ:

ਆਇਆ ਤੱਕਿ ਤੁਸਾਦੀ ਸਾਮੈ, ਨਾ ਫਿਰਿ ਘਰਾਂ ਨੂੰ ਜਾਈਂ।

ਗਲੀਆਂ ਕੱਖ ਅਸਾਡੇ ਵੈਰੀ, ਚੰਗਾ ਜਾਵਣ ਨਾਹੀ।

ਕੇਤੀ ਤੈਂਡੈ ਪਿਛੈ ਖਾਂਦੀ, ਕਮੀ ਕਿਸੈ ਨੂੰ ਨਾਹੀ।

ਆਖ ਦਮੋਦਰ, ਮੂਲਿ ਨ 'ਭਉ' ਕਰਿ, ਦੇਹ ਖੂੰਡੀ ਮਹੀਂ ਚਰਾਈਂ।243।

ਇਥੇ ਲਫ਼ਜ਼ 'ਭਉ' ਕਰਮ ਕਾਰਕ, ਇਕ-ਵਚਨ ਹੈ।

ਜੀ ਦੇ 'ਭੈ' ਉਠਿਆ ਧੀਦੋ, ਵੈਂਦਾ ਹੈ ਚੁਪ-ਕੀਤੀ।

ਜੇਹੇ ਆਏ ਤੇਰੇ ਚੱਲੇ, ਇਹ ਗੱਲ ਅਸਾਂ ਜੋ ਕੀਤੀ। ...

ਦੇਹਿ ਦੁਆਇ ਮਿਤ੍ਰ ਮਿਲਨਿ ਅਸਾਨੂੰ, ਅਸੀਂ ਚੱਲੇ ਜਿਨ੍ਹਾਂ ਦੀ ਨੀਤੀ।171।

ਭੈ = ਭਉ ਦੇ ਕਾਰਨ।

ਇਥੇ ਲਫ਼ਜ਼ 'ਭੈ' ਕਰਣ ਕਾਰਕ, ਇਕ-ਵਚਨ ਹੈ।

ਸਾਰੀ ਵਿਚਾਰ ਦਾ ਸਿੱਟਾ:

ਇਸ ਸਾਰੀ ਵਿਚਾਰ ਤੋਂ ਪਰਤੱਖ ਨਤੀਜਾ ਇਹੀ ਨਿਕਲਦਾ ਹੈ ਕਿ ਸੰਸਕ੍ਰਿਤ ਲਫ਼ਜ਼ 'ਭਯ' ਦੇ ਪ੍ਰਾਕ੍ਰਿਤ ਅਤੇ ਪੰਜਾਬੀ ਰੂਪ 'ਭਅ, 'ਭੈ' 'ਭਉ' ਆਮ ਪ੍ਰਚਲਤ ਹੋ ਚੁਕੇ ਸਨ। ਇਸ ਵਾਸਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭੀ ਇਹੀ ਰੂਪ ਵਰਤੇ ਹਨ, ਨਾਹ ਕਿ ਆਪਣੇ ਆਪ ਨੂੰ ਸੰਸਕ੍ਰਿਤ ਦਾ ਪੰਡਿਤ ਜ਼ਾਹਰ ਕਰਨ ਲਈ।

ਸਹਸਕਿਰਤੀ ਸਲੋਕ:

ਬਾਕੀ ਰਹੇ ਸਤਿਗੁਰੂ ਜੀ ਦੇ "ਸੰਸਕ੍ਰਿਤ ਸਲੋਕ"। ਇਥੇ ਭੀ ਕੀਤਾ ਹੋਇਆ ਇਤਰਾਜ਼ ਠੀਕ ਨਹੀਂ ਹੈ। ਇਹ ਤਾਂ ਹਨ "ਸਹਸਕਿਰਤੀ ਸਲੋਕ"। ਸੰਸਕ੍ਰਿਤ, ਪ੍ਰਾਕ੍ਰਿਤ ਅਤੇ ਪੰਜਾਬੀ ਦੇ ਲਫ਼ਜ਼ਾਂ ਦਾ ਆਪੋ ਵਿਚ ਟਾਕਰਾ ਕੀਤਿਆਂ ਬੋਲੀ ਦੇ ਬਦਲਣ ਦਾ ਇਕ ਹੋਰ ਨਿਯਮ ਲੱਭ ਪੈਂਦਾ ਹੈ:

ਜੇ ਸੰਸਕ੍ਰਿਤ ਦੇ ਕਿਸੇ ਲਫ਼ਜ਼ ਦੇ ਸ਼ੁਰੂ ਵਿਚ ਅੱਖਰ 'ਸੰ' ਹੋਵੇ, ਅਤੇ ਇਸ 'ਸੰ' ਦਾ ਅਗਲਾ ਅੱਖਰ ਭੀ 'ਸ' ਜਾਂ 'ਸ਼' ਹੋਵੇ, ਤਾਂ ਪ੍ਰਾਕ੍ਰਿਤ ਅਤੇ ਪੰਜਾਬੀ ਵਿਚ ਅੱਖਰ 'ਸੰ' ਦੇ ਥਾਂ 'ਸਹ' ਹੋ ਜਾਂਦਾ ਹੈ ਅਤੇ ਕਦੇ ਕਦੇ ਇਹ 'ਸਹ' ਦੇ ਥਾਂ 'ਸੈ' ਹੋ ਜਾਂਦਾ ਹੈ:

ਜਿਵੇਂ:

ਸੰਸਕ੍ਰਿਤ . . . . . . . . . ਪੰਜਾਬੀ, ਪ੍ਰਾਕ੍ਰਿਤ

ਸੰਸ਼ਯ (संशय) . . . . . . . ਸਹਸਾ, ਸਂਹਸਾ

ਸੰਸਕ੍ਰਿਤ (संस्कृत) . . . . . ਸਹਸਾ ਕਿਰਤਾ

ਸੰਸਾਰ (संसार) . . . . . . . ਸੈਸਾਰ

ਜਿਵੇਂ ਲਫ਼ਜ਼ 'ਸੰਸਕ੍ਰਿਤ' ਤੋਂ ਪ੍ਰਾਕ੍ਰਿਤ ਦਾ ਰੂਪ 'ਸਹਸਾ ਕਿਰਤਾ' ਹੈ, ਤਿਵੇਂ ਉਹ ਸਾਰੀ ਹੀ ਬਾਣੀ ਜੋ 'ਸਹਸਕਿਰਤੀ ਸਲੋਕ' ਦੇ ਸਿਰ-ਲੇਖ ਹੇਠ ਹੈ 'ਸੰਸਕ੍ਰਿਤ' ਦੇ ਸਲੋਕ ਨਹੀਂ ਹਨ, ਪ੍ਰਾਕ੍ਰਿਤ ਬੋਲੀ ਦੇ ਸ਼ਲੋਕ ਹਨ।

(ਗੁਰਮਤਿ ਗੁਰਬਾਣੀ ਅਤੇ ਗੁਰ ਇਤਿਹਾਸ ਦੀ ਖੋਜ ਬਾਰੇ ਮੇਰੇ ਹੋਰ ਲੇਖ ਪੜ੍ਹਨ ਵਾਸਤੇ ਪੜ੍ਹੋ ਮੇਰੇ ਪੁਸਤਕ 'ਸਿਖੁ ਸਿਦਕੁ ਨ ਹਾਰੇ', 'ਗੁਰਬਾਣੀ ਤੇ ਇਤਿਹਾਸ ਬਾਰੇ', 'ਬੁਰਾਈ ਦਾ ਟਾਕਰਾ', 'ਸਰਬੱਤ ਦਾ ਭਲਾ', 'ਧਰਮ ਅਤੇ ਸਦਾਚਾਰ', 'ਗੁਰਮਤਿ ਪ੍ਰਕਾਸ਼'। ਮਿਲਣ ਦਾ ਪਤਾ: ਸਿੰਘ ਬ੍ਰਦਰਜ਼, ਬਜ਼ਾਰ ਮਾਈ ਸੇਵਾਂ, ਅੰਮ੍ਰਿਤਸਰ)।

ਭਗਤ ਬੇਣੀ ਜੀ

ਅਤੇ

ਗੁਰੂ ਨਾਨਕ ਸਾਹਿਬ

ਬੇਣੀ ਜੀ ਦੇ ਤਿੰਨ ਸ਼ਬਦ

ਬੇਣੀ ਜੀ ਦੇ ਜੀਵਨ ਦਾ ਹਾਲ ਕਿਸੇ ਸਿੱਖ-ਇਤਿਹਾਸ ਵਿਚੋਂ ਨਹੀਂ ਮਿਲਦਾ। ਪਰ ਇਕ ਗੱਲ ਪੱਕੀ ਦੱਸੀ ਜਾ ਰਹੀ ਹੈ ਕਿ ਬੇਣੀ ਜੀ ਗੁਰੂ ਨਾਨਕ ਦੇਵ ਜੀ ਦੇ ਸਮੇ ਤੋਂ ਪਹਿਲਾਂ ਹੋ ਚੁਕੇ ਹਨ। ਸਤਿਗੁਰੂ ਜੀ ਤੋਂ ਪਿੱਛੋਂ ਦੇ ਸਮੇ ਨਹੀਂ ਹੋਏ।

ਬੇਣੀ ਜੀ ਦੇ ਤਿੰਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹੇਠ-ਲਿਖੇ ਰਾਗਾਂ ਵਿਚ ਮਿਲਦੇ ਹਨ- ਸਿਰੀ ਰਾਗ, ਰਾਮਕਲੀ ਅਤੇ ਪ੍ਰਭਾਤੀ। ਕਿਸ ਗੁਰ-ਵਿਅਕਤੀ ਦੇ ਹੱਥ ਭਗਤ ਜੀ ਦੇ ਇਹ ਸ਼ਬਦ ਆਏ?- ਇਹ ਗੱਲ ਸਮਝਣ ਲਈ ਇਨ੍ਹਾਂ ਸ਼ਬਦਾਂ ਨੂੰ ਵਾਰੋ ਵਾਰੀ ਲੈ ਕੇ ਗਹੁ ਨਾਲ ਪੜ੍ਹੀਏ।

ਸਿਰੀ ਰਾਗ ਵਾਲੇ ਸ਼ਬਦ ਦਾ ਸਿਰਲੇਖ:

ਭਗਤ ਬੇਣੀ ਜੀ ਦਾ ਪਹਿਲਾ ਸ਼ਬਦ ਸਿਰੀ ਰਾਗ ਵਿਚ ਹੈ। ਇਸ ਦਾ ਸਿਰ-ਲੇਖ ਇਉਂ ਹੈ: 'ਸਿਰੀ ਰਾਗ ਬਾਣੀ ਭਗਤ ਬੇਣੀ ਜੀਉ ਕੀ ॥ ਪਹਰਿਆ ਕੈ ਘਰਿ ਗਾਵਣਾ ॥'

ਸਿਰ-ਲੇਖ ਦੇ ਅਖ਼ੀਰਲੇ ਹਿੱਸੇ ਦਾ ਭਾਵ ਹੈ- ਇਸ ਸ਼ਬਦ ਨੂੰ ਉਸ 'ਘਰ' ਵਿਚ ਗਾਵਣਾ ਹੈ ਜਿਸ 'ਘਰ' ਵਿਚ ਉਹ ਸ਼ਬਦ ਜਿਸ ਦਾ ਸਿਰ-ਲੇਖ ਹੈ 'ਪਹਰੇ'। ਇਹ ਬਾਣੀ 'ਪਹਰੇ' ਭੀ ਇਸੇ ਸਿਰੀ ਰਾਗ ਵਿਚ ਹੀ ਹੈ, ਅਤੇ ਇਸ ਦਾ ਘਰੁ '1' ਹੈ। ਸੋ, ਬੇਣੀ ਜੀ ਦੇ ਇਸ ਸ਼ਬਦ ਨੂੰ 'ਘਰ' ਪਹਿਲੇ ਵਿਚ ਗਾਵਣਾ ਹੈ।

ਸਿਰਲੇਖਾਂ ਵਿਚ ਲਫ਼ਜ਼ 'ਘਰ' ਦੀ ਵਰਤੋਂ:

ਸਾਧਾਰਨ ਤੌਰ ਤੇ ਸ਼ਬਦਾਂ ਦੇ ਸ਼ੁਰੂ ਵਿਚ ਸਿਰ-ਲੇਖ ਵਜੋਂ 'ਰਾਗ' ਅਤੇ 'ਮਹਲਾ' ਲਿਖ ਕੇ ਲਫ਼ਜ਼ 'ਘਰ' ਭੀ ਲਿਖਿਆ ਮਿਲਦਾ ਹੈ; ਜਿਵੇਂ:

ਸਿਰੀ ਰਾਗੁ ਮਹਲਾ 1 ਘਰੁ 1

ਸਿਰੀ ਰਾਗੁ ਮਹਲਾ 1 ਘਰੁ 4

ਸਿਰੀ ਰਾਗੁ ਮਹਲਾ 3 ਘਰੁ 1

ਸਿਰੀ ਰਾਗੁ ਮਹਲਾ 4 ਘਰੁ 1

ਸਿਰੀ ਰਾਗੁ ਮਹਲਾ 5 ਘਰੁ 1

'ਅਸਟਪਦੀਆਂ' ਦੇ ਸ਼ੁਰੂ ਵਿਚ, 'ਛੰਤਾਂ' ਦੇ ਸ਼ੁਰੂ ਵਿਚ ਭੀ ਇਸੇ ਤਰ੍ਹਾਂ 'ਘਰੁ 1', 'ਘਰੁ 2', 'ਘਰੁ 4' ਆਦਿਕ ਲਫ਼ਜ਼ ਲਿਖੇ ਮਿਲਦੇ ਹਨ।

ਲਫ਼ਜ਼ 'ਘਰੁ' ਵਰਤਣ ਸੰਬੰਧੀ ਭਗਤਾਂ ਦੇ ਸ਼ਬਦਾਂ ਵਿਚ ਭੀ ਇਹੀ ਨਿਯਮ ਵਰਤਿਆ ਮਿਲਦਾ ਹੈ; ਜਿਵੇਂ:

ਭੈਰਉ ਕਬੀਰ ਜੀਉ ਘਰੁ 1

ਭੈਰਉ ਕਬੀਰ ਜੀਉ ਅਸਟਪਦੀ ਘਰੁ 2

ਭੈਰਉ ਨਾਮਦੇਉ ਜੀਉ ਘਰੁ 1

ਭੈਰਉ ਨਾਮਦੇਉ ਜੀਉ ਘਰੁ 2

ਇਸ ਸਿਰਲੇਖ ਵਿਚ ਭੇਤ ਦੀ ਗੱਲ:

ਇਸੇ ਦ੍ਰਿਸ਼ਟੀ-ਕੋਣ ਤੋਂ ਸਿਰੀ ਰਾਗ ਵਿਚ ਦਰਜ ਕੀਤੇ ਹੋਏ ਬੇਣੀ ਜੀ ਦੇ ਸ਼ਬਦ ਦਾ ਸਿਰ-ਲੇਖ ਵੇਖੋ। ਇੱਥੇ ਲਿਖਿਆ ਹੈ 'ਪਹਰਿਆ ਕੈ ਘਰਿ ਗਾਵਣਾ'। ਹੁਣ ਵੇਖੋ ਇਸੇ ਰਾਗ ਵਿਚ ਬਾਣੀ 'ਪਹਰੇ' ਦੇ ਸਿਰ-ਲੇਖ ਨੂੰ, ਇਥੇ ਲਿਖਿਆ ਹੈ 'ਘਰੁ 1'। ਸੋ, ਬੇਣੀ ਜੀ ਦੇ ਸ਼ਬਦ ਦਾ ਭੀ 'ਘਰੁ 1' ਹੀ ਹੈ ਪਰ, ਸੋਚਣ ਵਾਲੀ ਗੱਲ ਇਹ ਹੈ ਕਿ ਦੋ ਅੱਖਰ 'ਘਰੁ 1' ਲਿਖਣ ਦੇ ਥਾਂ ਦਸ ਅੱਖਰਾਂ ਵਾਲੀ ਤੁਕ 'ਪਹਰਿਆ ਕੈ ਘਰਿ ਗਾਵਣਾ' ਕਿਉਂ ਲਿਖੀ ਗਈ ਹੈ। ਕੀ ਇਸ ਇਸ਼ਾਰੇ ਵਿਚ ਕੋਈ ਖ਼ਾਸ ਭੇਤ ਨਹੀਂ ਹੈ? ਬੇਣੀ ਜੀ ਦਾ ਇਹ ਸ਼ਬਦ ਅਤੇ ਗੁਰੂ ਨਾਨਕ ਸਾਹਿਬ ਦੇ 'ਪਹਿਰਿਆਂ' ਦੇ ਦੋਵੇਂ ਸ਼ਬਦ ਰਲਾ ਕੇ ਗਹੁ ਨਾਲ ਪੜ੍ਹੋ, ਫਿਰ ਇਹ ਭੇਤ ਖੁਲ੍ਹ ਜਾਇਗਾ।

ਛੰਦ ਦੀ ਚਾਲ:

(1) ਛੰਦ ਦੀ ਚਾਲ ਵੇਖਣ ਲਈ ਦੋਹਾਂ ਸ਼ਬਦਾਂ ਦੀਆਂ ਤੁਕਾਂ ਪੜ੍ਹੋ:

. . (ੳ) ਰੇ ਨਰ ਗਰਭ ਕੁੰਡਲ ਜਬ ਆਛਤ, ਉਰਧ ਧਿਆਨ ਲਿਵ ਲਾਗਾ ॥

. . ਮਿਰਤਕ ਪਿੰਡਿ ਪਦ ਮਦ ਨਾ ਅਹਿਨਿਸਿ, ਏਕੁ ਅਗਿਆਨ ਸੁ ਨਾਗਾ ॥

. . ਤੇ ਦਿਨ ਸੰਮਲੁ ਕਸਟ ਮਹਾ ਦੁਖ, ਅਬ ਚਿਤੁ ਅਧਿਕ ਪਸਾਰਿਆ ॥

. . ਗਰਭ ਛੋਡਿ ਮ੍ਰਿਤ ਮੰਡਲ ਆਇਆ, ਤਉ ਨਰਹਰਿ ਮਨਹੁ ਵਿਸਾਰਿਆ ॥1॥ ਬੇਣੀ ਜੀ

. . (ਅ) ਪਹਿਲੈ ਪਹਰੈ ਰੈਨਿ ਕੈ ਵਣਜਾਰਿਆ ਮਿਤ੍ਰਾ ਹੁਕਮਿ ਪਇਆ ਗਰਭਾਸਿ ॥

. . ਉਰਧ ਤਪੁ ਅੰਤਰਿ ਕਰੇ ਵਣਜਾਰਿਆ ਮਿਤ੍ਰਾ, ਖਸਮ ਸੇਤੀ ਅਰਦਾਸਿ ॥

. . ਖਸਮ ਸੇਤੀ ਅਰਦਾਸਿ ਵਖਾਣੈ, ਉਰਧ ਧਿਆਨਿ ਲਿਵ ਲਾਗਾ ॥

. . ਨਾਮਰਜਾਦੁ ਆਇਆ ਕਲਿ ਭੀਤਰਿ, ਬਾਹੁੜਿ ਜਾਸੀ ਨਾਗਾ ॥ ਮ: 1॥

ਪਾਠ ਕਰਨ ਵਿਚ ਛੰਦ ਦੀ ਚਾਲ ਤਕਰੀਬਨ ਇੱਕੋ ਜਿਹੀ ਹੈ।

ਮਜ਼ਮੂਨ ਦੀ ਸਾਂਝ:

(2) ਹੁਣ ਦੋਹਾਂ ਸ਼ਬਦਾਂ ਦੇ ਮਜ਼ਮੂਨ ਨੂੰ ਗਹੁ-ਨਾਲ ਵਿਚਾਰੋ ਜੋ ਦੋਹਾਂ ਵਿਚ ਹੀ ਇਉਂ ਹੈ:

(ੳ) ਜਿਤਨਾ ਚਿਰ ਜੀਵ ਮਾਂ ਦੇ ਪੇਟ ਵਿਚ ਰਹਿੰਦਾ ਹੈ, ਸਿਰਜਣਹਾਰ ਪ੍ਰਭੂ ਵਿਚ ਧਿਆਨ ਜੋੜੀ ਰੱਖਦਾ ਹੈ; ਪਰ ਜਨਮ ਲੈ ਕੇ ਇਥੇ ਮਾਇਆ ਵਿਚ ਰੁੱਝ ਜਾਂਦਾ ਹੈ।

ਜੇਹੜਾ ਖ਼ਿਆਲ ਬੇਣੀ ਜੀ ਨੇ ਆਪਣੇ ਸ਼ਬਦ ਦੇ ਪਹਿਲੇ 'ਬੰਦ' ਵਿਚ ਦਿੱਤਾ ਹੈ, ਉਹ ਸਤਿਗੁਰੂ ਜੀ ਨੇ 'ਪਹਰੇ' ਦੇ ਦੋ 'ਬੰਦਾਂ' ਵਿਚ ਵਿਸਥਾਰ ਨਾਲ ਦਿੱਤਾ ਹੈ। ਪਹਿਲੇ 'ਪਹਰੇ' ਵਿਚ ਤਾਂ ਸਿਰਫ਼ ਇਹ ਆਖਿਆ ਹੈ ਕਿ ਮਾਂ ਦੇ ਪੇਟ ਵਿਚ ਜੀਵ ਪਰਮਾਤਮਾ ਨੂੰ ਚੇਤੇ ਰੱਖਦਾ ਹੈ। 'ਦੂਜੇ ਬੰਦ' ਵਿਚ ਹਜ਼ੂਰ ਆਖਦੇ ਹਨ ਕਿ ਜਨਮ ਲੈ ਕੇ

ਦੂਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਵਿਸਰਿ ਗਇਆ ਧਿਆਨੁ ॥

ਹਥੋ ਹਥਿ ਨਚਾਈਐ ਵਣਜਾਰਿਆ ਮਿਤ੍ਰਾ ਜਿਉ ਜਸੁਧਾ ਘਰਿ ਕਾਨੁ ॥...

ਜਿਨਿ ਰਚਿ ਰਚਿਆ ਤਿਸਹਿ ਨ ਜਾਣੈ ਮਨ ਭੀਤਰਿ ਧਰਿ ਗਿਆਨੁ ॥

ਕਹੁ ਨਾਨਕ ਪ੍ਰਾਣੀ ਦੂਜੈ ਪਹਰੈ, ਵਿਸਰਿ ਗਇਆ ਧਿਆਨੁ ॥2॥

(ਅ) ਬੇਣੀ ਜੀ ਦੇ ਦੂਜੇ ਤੀਜੇ 'ਬੰਦ' ਵਿਚ ਮਾਇਆ ਦੇ ਪ੍ਰਭਾਵ ਦਾ ਜ਼ਿਕਰ ਹੈ, ਕਿ:

'ਖਿਨੁ ਖਿਨੁ ਮੋਹਿ ਬਿਆਪੈ',

ਪੰਚ ਪ੍ਰਗਟ ਸੰਤਾਪੈ',

'ਉਛਲਿਆ ਕਾਮੁ'

'ਸਰੁ ਅਪਸਰੁ ਨ ਪਛਾਣਿਆ',

'ਸੁਤ ਸੰਪਤਿ ਦੇਖਿ ਇਹੁ ਮਨੁ ਗਰਬਿਆ'

'ਭਗ ਮੁਖਿ ਜਨਮੁ ਵਿਗੋਇਆ',

'ਰਸੁ ਮਿਸੁ ਮੇਧੁ ਅੰਮ੍ਰਿਤ ਬਿਖੁ ਚਾਖੀ',

'ਜਪੁ ਤਪੁ ਸੰਜਮੁ ਛੋਡਿ ਸੁਕ੍ਰਿਤ ਮਤਿ'।

ਸਤਿਗੁਰੂ ਨਾਨਕ ਦੇਵ ਜੀ ਦੇ ਦੋਹਾਂ 'ਪਹਿਰਿਆਂ' ਦੇ ਤੀਜੇ ਤੇ ਦੂਜੇ ਬੰਦਾਂ ਵਿਚ ਇਹੀ ਜ਼ਿਕਰ ਹੈ:

'ਧਨੁ ਜੋਬਨ ਸਿਉ ਚਿਤੁ',

'ਬਿਕਲੁ ਭਇਆ ਸੰਗਿ ਮਾਇਆ',

'ਅਹਿਲਾ ਜਨਮੁ ਗਵਾਇਆ',

'ਭਰਿ ਜੋਬਨਿ ਮੈ ਮਤਿ',

'ਅਹਿਨਿਸਿ ਕਾਮਿ ਵਿਆਪਿਆ'

'ਹੋਰਿ ਜਾਣੈ ਰਸ ਕਸ ਮੀਠੇ',

'ਤੀਰਥ ਵਰਤ ਸੁਚਿ ਸੰਜਮ ਨਾਹੀ। '

(ੲ) ਬੇਣੀ ਜੀ ਬੰਦ ਨੰ: 4 ਦੇ 5 ਵਿਚ ਬਿਰਧ ਅਵਸਥਾ ਦਾ ਹਾਲ ਦੱਸਣ ਵੇਲੇ ਆਖਦੇ ਹਨ ਕਿ ਜਵਾਨੀ ਵਿਸ਼ੇ-ਵਿਕਾਰਾਂ ਵਿਚ ਗਵਾ ਕੇ ਜੀਵ ਅੰਤ ਨੂੰ ਪਛੁਤਾਂਦਾ ਹੈ:

'ਪੁੰਡਰ ਕੇਸ ਕੁਸਮ ਤੇ ਧਉਲੇ',

'ਕਾਇਆ ਕਮਲੁ ਕੁਮਲਾਣਾ',

'ਪਾਛੈ ਪਛੁਤਾਣਾ',

'ਥਾਕਾ ਤੇਜੁ'

'ਉਡਿਆ ਮਨੁ ਪੰਖੀ'

'ਲੋਚਨ ਕਛੂ ਨ ਸੂਝੈ'

ਇਹੀ ਗੱਲ ਗੁਰੂ ਨਾਨਕ ਦੇਵ ਜੀ ਆਖਦੇ ਹਨ:

'ਸਰਿ ਹੰਸ ਉਲਥੜੇ ਆਇ',

'ਜੋਬਨੁ ਘਟੈ ਜਰੂਆ ਜਿਣੈ'

'ਜਮਿ ਪਕੜਿ ਚਲਾਇਆ'

'ਅੰਤਿ ਕਾਲਿ ਪਛੁਤਾਸੀ'

'ਅਖੀ ਅੰਧੁ'।

ਸਾਂਝੇ ਲਫ਼ਜ਼:

(3) ਗੁਰੂ ਨਾਨਕ ਸਾਹਿਬ ਅਤੇ ਭਗਤ ਬੇਣੀ ਜੀ ਦੇ ਇਹਨਾਂ ਸਬਦਾਂ ਵਿਚ ਕਈ ਲਫ਼ਜ਼ ਸਾਂਝੇ ਹਨ:

ਬੇਣੀ ਜੀ- ਗਰਭ ਕੁੰਡਲ, ਅਹਿਨਿਸਿ, ਚੇਤਿ, ਬਿਸਾਰਿਆ, ਉਛਲਿਆ ਕਾਮੁ, ਰਸ ਮਿਸੁ ਅੰਮ੍ਰਿਤੁ, ਸੰਜਮ, ਬਿਆਪੈ, ਪਛੁਤਾਵਹਿਗਾ, ਪਛੁਤਾਣਾ, ਬੁਧਿ ਨਾਠੀ, ਮਾਨ।

ਗੁਰੂ ਨਾਨਕ ਸਾਹਿਬ: ਗਰਭਾਸਿ, ਅਹਿਨਿਸਿ, ਚੇਤਿ, ਵਿਸਰਿ ਗਇਆ, ਕਾਮਿ ਵਿਆਪਿਆ, ਰਸ ਕਸ ਮੀਠ, ਸੰਜਮ, ਵਿਆਪੈ, ਪਛੁਤਾਸੀ, ਪਛੁਤਾਇ, ਬੁਧਿ ਵਿਸਰਜੀ, ਮਾਣੁ।

ਹੂ-ਬ-ਹੂ ਉਹੀ ਤੁਕ:

(4) ਨਿਰੇ ਲਫ਼ਜ਼ ਹੀ ਸਾਂਝੇ ਨਹੀਂ ਹਨ; ਇਕ ਥਾਂ ਤਾਂ ਅੱਧੀ ਤੁਕ ਹੀ ਹੂ-ਬ-ਹੂ ਉਹੀ ਮਿਲਦੀ ਹੈ:

ਬੇਣੀ ਜੀ: 'ਉਰਧ ਧਿਆਨ ਲਿਵ ਲਾਗਾ। '

ਗੁਰੂ ਨਾਨਕ ਦੇਵ: 'ਉਰਧ ਧਿਆਨਿ ਲਿਵ ਲਾਗਾ। '

ਇਹਨਾਂ ਉੱਪਰ-ਲਿਖੇ ਪ੍ਰਮਾਣਾਂ ਤੋਂ ਇਹ ਸਾਫ਼ ਦਿੱਸਦਾ ਹੈ ਕਿ ਜਦੋਂ ਸਤਿਗੁਰੂ ਨਾਨਕ ਸਾਹਿਬ ਨੇ 'ਪਹਰੇ' ਦੀਆਂ ਦੋ ਅਸਟਪਦੀਆਂ ਉਚਾਰੀਆਂ ਸਨ, ਬੇਣੀ ਜੀ ਦਾ ਇਹ ਸ਼ਬਦ ਉਹਨਾਂ ਪਾਸ ਮੌਜੂਦ ਸੀ।

ਇੱਥੇ ਇਹ ਗੱਲ ਭੀ ਖ਼ਾਸ ਚੇਤੇ ਰੱਖਣ ਵਾਲੀ ਹੈ ਕਿ ਦੋਹਾਂ ਦੇ ਸ਼ਬਦ ਇਕੋ ਹੀ ਰਾਗ ਵਿਚ ਹਨ।

ਦੂਜਾ ਸ਼ਬਦ ਰਾਮਕਲੀ ਵਿਚ:

ਭਗਤ ਬੇਣੀ ਜੀ ਦਾ ਦੂਜਾ ਸ਼ਬਦ ਰਾਮਕਲੀ ਰਾਗ ਵਿਚ ਹੈ, ਇਸ ਦੇ ਨੌ 'ਬੰਦ' ਹਨ। ਸੋ ਇਸ ਨੂੰ ਅਸਟਪਦੀ ਭੀ ਕਿਹਾ ਜਾ ਸਕਦਾ ਹੈ।1430 ਸਫ਼ੇ ਵਾਲੀ ਬੀੜ ਦੇ ਸਫ਼ਾ 974 ਉਤੇ ਇਹ ਸ਼ਬਦ ਦਰਜ ਹੈ। ਇਸੇ ਹੀ ਰਾਗ ਵਿਚ ਸਫ਼ਾ 903 ਉਤੇ ਸਤਿਗੁਰੂ ਨਾਨਕ ਦੇਵ ਜੀ ਦੀ ਭੀ ਇਕ ਅਸਟਪਦੀ ਹੈ। ਦੋਹਾਂ ਨੂੰ ਰਲਾ ਕੇ ਪੜ੍ਹਿਆਂ ਇਹਨਾਂ ਵਿਚ ਖ਼ਿਆਲ ਦੀ ਸਾਂਝ ਮਿਲਦੀ ਹੈ। ਕਵਿਤਾ ਦੇ ਦ੍ਰਿਸ਼ਟੀਕੋਣ ਤੋਂ ਬੇਣੀ ਜੀ ਦਾ ਇਹ ਸ਼ਬਦ ਇਕ ਬਹੁਤ ਸੁੰਦਰ ਰਚਨਾ ਹੈ, ਪਰ ਅਲੰਕਾਰਾਂ ਦੇ ਕਾਰਨ ਔਖਾ ਜ਼ਰੂਰ ਹੋ ਗਿਆ ਹੈ। ਇਉਂ ਜਾਪਦਾ ਹੈ ਜਿਵੇਂ ਗੁਰੂ ਨਾਨਕ ਦੇਵ ਜੀ ਨੇ ਬੇਣੀ ਜੀ ਦੇ ਖ਼ਿਆਲਾਂ ਨੂੰ ਸਾਫ਼ ਲਫ਼ਜ਼ਾਂ ਵਿਚ ਬਿਆਨ ਕਰ ਦਿੱਤਾ ਹੈ।

ਸਾਂਝੇ ਲਫ਼ਜ਼:

ਦੋਹਾਂ ਵਿਚ ਕਈ ਲਫ਼ਜ਼ ਭੀ ਸਾਂਝੇ ਮਿਲਦੇ ਹਨ। 'ਰਹਾਉ':

ਬੇਣੀ ਜੀ: 'ਗੁਰ ਗਮਿ' ਚੀਨੈ ਬਿਰਲਾ ਕੋਇ ॥

ਗੁਰੂ ਨਾਨਕ: 'ਗੁਰਮੁਖਿ' ਹਰਿ ਹਰਿ ਮੀਠਾ ਲਾਗੈ ॥

ਬੇਣੀ: (ਬੰਦ ਨੰ: 2)

ਤਾ 'ਬਾਜੇ' ਸਬਦ 'ਅਨਾਹਦ' ਬਾਣੀ ॥

ਸਾਖੀ 'ਜਾਗੀ', 'ਗੁਰਮੁਖਿ' ਜਾਣੀ ॥

ਗੁਰੂ ਨਾਨਕ (ਬੰਦ ਨੰ: 2)

ਧੁਨਿ 'ਜਾਗੀ'

'ਵਾਜੈ ਅਨਹਦੁ'......'ਗੁਰਬਚਨੀ'

ਬੇਣੀ ਜੀ:

ਸਮਾਧਿ ਸੁੰਨ, ਦੁਰਮਤਿ, ਰਤਨ, ਜਾਗਤ ਰਹੈ, ਪਾਂਚਉ ਇੰਦ੍ਰੀ ॥

ਗੁਰੂ ਨਾਨਕ:

ਸੁੰਨ ਸਮਾਧਿ, ਦੁਰਮਤਿ, ਨਾਮ ਰਤਨੁ, ਜਾਗ ਰਹੇ, ਪੰਚ ਤਸਕਰ ॥

ਜਿਉਂ ਜਿਉਂ ਇਹਨਾਂ ਦੋਹਾਂ ਸ਼ਬਦਾਂ ਨੂੰ ਗਹੁ ਨਾਲ ਮੁੜ ਮੁੜ ਪੜ੍ਹੋਗੇ, ਇਹਨਾਂ ਵਿਚ ਵਧੀਕ ਵਧੀਕ ਸਾਂਝ ਦਿੱਸੇਗੀ। ਇਥੇ ਭੀ ਇਹੀ ਨਤੀਜਾ ਨਿਕਲਦਾ ਹੈ ਕਿ ਬੇਣੀ ਜੀ ਦਾ ਇਹ ਸ਼ਬਦ ਗੁਰੂ ਨਾਨਕ ਸਾਹਿਬ ਪਾਸ ਮੌਜੂਦ ਸੀ। ਰਾਗ ਰਾਮਕਲੀ ਵਾਲੇ ਸ਼ਬਦਾਂ ਨਾਲੋਂ ਸਿਰੀ ਰਾਗ ਵਾਲੇ ਦੋਹਾਂ ਸ਼ਬਦਾਂ ਵਿਚ ਸਾਂਝ ਬਹੁਤ ਵਧੀਕ ਡੂੰਘੀ ਹੈ; ਤੇ ਇਕੱਲੀ ਇਹੀ ਸਾਂਝ ਇਹ ਸਾਬਤ ਕਰਨ ਵਾਲੀ ਕਾਫ਼ੀ ਹੈ ਕਿ ਪਹਿਲੀ 'ਉਦਾਸੀ' ਸਮੇਂ ਜਦੋਂ ਸਤਿਗੁਰੂ ਨਾਨਕ ਦੇਵ ਜੀ ਨੇ ਹਿੰਦੂ ਤੀਰਥਾਂ ਤੇ ਜਾਣ ਦੇ ਮੌਕੇ ਤੇ ਲੰਕਾ ਤਕ ਸਾਰੇ ਹਿੰਦੁਸਤਾਨ ਦਾ ਚੱਕਰ ਲਾਇਆ ਸੀ, ਤਦੋਂ ਆਪ ਉਸ ਇਲਾਕੇ ਵਿਚ ਭੀ ਗਏ ਜਿਥੋਂ ਦੇ ਵਸਨੀਕ ਭਗਤ ਬੇਣੀ ਜੀ ਸਨ ਤੇ ਉਹਨਾਂ ਦੀ ਬਾਣੀ ਉਥੋਂ ਹਾਸਲ ਕੀਤੀ। ਗੁਰੂ ਸਾਹਿਬਾਨ ਦੀ ਆਪਣੀ ਸ੍ਰੀ ਮੁਖ ਬਾਣੀ ਤੇ ਵਿਚਾਰ ਕਰਨ ਵੇਲੇ ਅਸੀਂ ਇਹ ਵੇਖ ਚੁਕੇ ਹਾਂ ਕਿ ਸਤਿਗੁਰੂ ਨਾਨਕ ਜੀ ਆਪਣੀ ਬਾਣੀ ਆਪ ਹੀ ਸੰਭਾਲਦੇ ਰਹੇ। ਹੁਣ ਅਸਾਂ ਇਹ ਸਪਸ਼ਟ ਵੇਖਿਆ ਹੈ ਕਿ ਬੇਣੀ ਜੀ ਦੇ ਸਿਰੀ ਰਾਗ ਵਾਲੇ ਸ਼ਬਦ ਨਾਲ ਮਿਲਵੇਂ ਤੇ ਹਰ ਪਾਸਿਓਂ ਢੁਕਵੇਂ ਦੋ 'ਪਹਰੇ' ਗੁਰੂ ਸਾਹਿਬ ਨੇ ਉਸੇ ਹੀ ਰਾਗ ਵਿਚ ਲਿਖੇ। ਇਥੋਂ ਇਹ ਜ਼ਾਹਰ ਹੁੰਦਾ ਹੈ ਕਿ ਸਤਿਗੁਰੂ ਜੀ ਨੇ ਭਗਤ ਬੇਣੀ ਦਾ ਇਹ ਸ਼ਬਦ ਭੀ ਆਪਣੀ ਸਾਰੀ ਬਾਣੀ ਦੇ ਨਾਲ ਹੀ ਸਾਂਭ ਕੇ ਰੱਖਣਾ ਸੀ ਪਰ ਇਹ ਨਹੀਂ ਸੀ ਹੋ ਸਕਦਾ ਕਿ ਗੁਰੂ ਨਾਨਕ ਸਾਹਿਬ ਭਗਤ ਜੀ ਦਾ ਸਿਰਫ਼ ਇਹ ਇੱਕੋ ਸ਼ਬਦ ਲੈ ਆਉਂਦੇ ਤੇ ਮਿਲ ਸਕਣ ਤੇ ਭੀ ਬਾਕੀ ਦੇ ਦੋਵੇਂ ਸ਼ਬਦ ਛੱਡ ਆਉਂਦੇ। ਰਾਮਕਲੀ ਵਾਲੇ ਦੋਹਾਂ ਸ਼ਬਦਾਂ ਵਿਚ ਅਸੀਂ ਵੇਖ ਆਏ ਹਾਂ ਕਿ ਖ਼ਿਆਲਾਂ ਤੇ ਲਫ਼ਜ਼ਾਂ ਦੀ ਸਾਂਝ ਕਾਫੀ ਮਿਲਦੀ ਹੈ; ਹਾਂ, ਇਹ ਠੀਕ ਹੈ ਕਿ ਉਤਨੀ ਨਹੀਂ ਜਿਤਨੀ ਸਿਰੀ ਰਾਗ ਵਾਲੇ ਸ਼ਬਦਾਂ ਵਿਚ ਹੈ। ਪਰ ਇਹ ਜ਼ਰੂਰੀ ਨਹੀਂ ਸੀ ਕਿ ਸਤਿਗੁਰੂ ਜੀ ਹਰੇਕ ਭਗਤ ਤੇ ਹਰੇਕ ਸ਼ਬਦ ਦੇ ਸੰਬੰਧ ਵਿਚ ਆਪਣਾ ਭੀ ਕੋਈ ਨਾ ਕੋਈ ਸ਼ਬਦ ਉਚਾਰਦੇ।

ਤੀਜਾ ਸ਼ਬਦ ਪ੍ਰਭਾਤੀ ਵਿਚ (ਸੁਆਦਲੀ ਸਾਂਝ)

ਹੁਣ ਲਓ ਬੇਣੀ ਜੀ ਦਾ ਤੀਜਾ ਸ਼ਬਦ ਜੋ ਰਾਗ ਪ੍ਰਭਾਤੀ ਵਿਚ ਦਰਜ ਹੈ। ਗੁਰੂ ਗ੍ਰੰਥ ਸਾਹਿਬ ਦੇ ਸਫ਼ਾ 1351 ਉਤੇ। ਜੇ ਇਸੇ ਹੀ ਰਾਗ ਵਿਚ ਗੁਰੂ ਨਾਨਕ ਸਾਹਿਬ ਦੇ ਸ਼ਬਦ ਨੰ: 14 ਨੂੰ ਵੇਖੋ ਜੋ ਪੰਨਾ 1331 ਤੇ ਦਰਜ ਹੈ, ਤਾਂ ਇਹਨਾਂ ਦੋਹਾਂ ਸ਼ਬਦਾਂ ਵਿਚ ਭੀ ਅਜੀਬ ਸੁਆਦਲੀ ਸਾਂਝ ਦਿੱਸ ਆਵੇਗੀ।

(1) ਦੋਹਾਂ ਸ਼ਬਦਾਂ ਦੇ ਪੰਜ ਪੰਜ 'ਬੰਦ' ਹਨ।

(2) ਹਰੇਕ 'ਬੰਦ' ਵਿਚ ਚਾਰ ਚਾਰ ਤੁਕਾਂ ਹਨ।

(3) ਦੋਹਾਂ ਸ਼ਬਦਾਂ ਦੀਆਂ ਇਹਨਾਂ ਤੁਕਾਂ ਦੀ ਬਨਾਵਟ ਤਕਰੀਬਨ ਇੱਕੋ ਜਿਹੀ ਹੈ; ਜਿਵੇਂ:

ਬੇਣੀ:

ਤਨਿ ਚੰਦਨੁ ਮਸਤਕਿ ਪਾਤੀ ॥ ਰਿਦ ਅੰਤਰਿ ਕਰ ਤਲ ਕਾਤੀ ॥

ਠਗ ਦਿਸਟਿ ਬਗਾ ਲਿਵ ਲਾਗਾ ॥ ਦੇਖਿ ਬੈਸਨੋ ਪ੍ਰਾਨ ਮੁਖ ਭਾਗਾ ॥1॥

ਕਲਿ ਭਗਵਤ ਬੰਦ ਚਿਰਾਂਮੰ ॥ ਕ੍ਰੂਰ ਦਿਸਟਿ ਰਤਾ ਨਿਸ ਬਾਦੰ ॥1॥ਰਹਾਉ॥

ਗੁਰੂ ਨਾਨਕ:

ਗੀਤ ਨਾਦ ਹਰਖ ਚਤੁਰਾਈ ॥ ਰਹਸ ਰੰਗ ਫੁਰਮਾਇਸਿ ਕਾਈ ॥

ਪੈਨ੍ਹ੍ਹਣੁ ਖਾਣਾ ਚੀਤਿ ਨ ਪਾਈ ॥ ਸਾਚੁ ਸਹਜੁ ਸੁਖੁ ਨਾਮਿ ਵਸਾਈ ॥1॥

ਕਿਆ ਜਾਨਾਂ ਕਿਆ ਕਰੈ ਕਰਾਵੈ ॥ ਨਾਮ ਬਿਨਾ ਤਨਿ ਕਿਛੁ ਨ ਸੁਖਾਵੈ ॥1॥ਰਹਾਉ॥

(4) ਭਗਤ ਬੇਣੀ ਜੀ ਸਾਰੇ ਸ਼ਬਦ ਵਿਚ ਉਸ ਪਖੰਡੀ ਦਾ ਹਾਲ ਦੱਸ ਰਹੇ ਹਨ:

'ਜਿਨਿ ਆਤਮ ਤਤੁ ਨ ਚੀਨ੍ਹ੍ਹਿਆ ॥'

ਤੇ ਆਖਦੇ ਹਨ ਕਿ ਉਸ ਅੰਨ੍ਹੇ ਦੇ ਸਾਰੇ ਧਰਮ ਫੋਕੇ ਹਨ:

'ਸਭ ਫੋਕਟ ਧਰਮ ਅਬੀਨਿਆ ॥'

ਅਖ਼ੀਰ ਤੇ ਬੇਣੀ ਜੀ ਆਖਦੇ ਹਨ ਕਿ ਪਰਮਾਤਮਾ ਦਾ ਸਹੀ ਸਿਮਰਨ ਉਹੀ ਮਨੁੱਖ ਕਰ ਸਕਦਾ ਹੈ ਜੋ ਗੁਰੂ ਦੇ ਸਨਮੁਖ ਹੋਵੇ, ਗੁਰੂ ਤੋਂ ਬਿਨਾ ਰਾਹ ਨਹੀਂ ਲੱਭਦਾ,

'ਕਹੁ ਬੇਣੀ ਗੁਰਮੁਖਿ ਧਿਆਵੈ ॥ ਬਿਨੁ ਸਤਿਗੁਰ ਬਾਟ ਨਾ ਪਾਵੈ ॥'

ਅਸੀਂ ਫ਼ਰੀਦ ਜੀ ਦੀ ਬਾਣੀ ਤੇ ਵਿਚਾਰ ਕਰਨ ਵੇਲੇ ਉਹਨਾਂ ਦੇ ਸੂਹੀ ਰਾਗ ਦੇ ਸ਼ਬਦ ਵਿਚ ਵੇਖ ਆਏ ਹਾਂ, ਕਿ ਫ਼ਰੀਦ ਜੀ ਨੇ ਮਾਇਆ-ਵੇੜ੍ਹੇ ਇਨਸਾਨ ਦੀ ਜੋ ਕਾਲੀ ਤਸਵੀਰ ਖਿੱਚੀ ਹੈ ਉਸ ਦੇ ਟਾਕਰੇ ਤੇ ਸਤਿਗੁਰੂ ਨਾਨਕ ਦੇਵ ਜੀ ਨੇ ਨਾਮ-ਰੰਗੇ ਸੁਭਾਗ ਬੰਦੇ ਦੀ ਸੋਹਣੀ ਮੂਰਤਿ ਬਣਾਈ ਹੈ। ਇਸੇ ਤਰ੍ਹਾਂ ਇੱਥੇ ਭੀ ਬੇਣੀ ਜੀ ਦੇ ਵਿਖਾਏ ਹੋਏ 'ਮਨਮੁਖ' ਦੇ ਮੁਕਾਬਲੇ ਤੇ ਸਤਿਗੁਰੂ ਜੀ ਉਸ ਭਾਗਾਂ ਵਾਲੇ ਦਾ ਜੀਵਨ ਬਿਆਨ ਕਰਦੇ ਹਨ ਜਿਸ ਨੂੰ:

'ਗੁਰ ਕਾ ਸਬਦੁ ਮਹਾ ਰਸੁ ਮੀਠਾ ॥ ਐਸਾ ਅੰਮ੍ਰਿਤੁ ਅੰਤਰਿ ਡੀਠਾ ॥

ਜਿਨਿ ਚਾਖਿਆ ਪੂਰਾ ਪਦੁ ਹੋਇ ॥ ਨਾਨਕ ਧ੍ਰਾਪਿਓ ਤਨਿ ਸੁਖੁ ਹੋਇ ॥'

(5) ਜੇ ਇਹਨਾਂ ਦੋਹਾਂ ਸ਼ਬਦਾਂ ਨੂੰ ਹੋਰ ਵਧੀਕ ਡੂੰਘੀ ਨਜ਼ਰ ਨਾਲ ਵੇਖੀਏ, ਤਾਂ ਕਿਤੇ ਕਿਤੇ ਖ਼ਿਆਲਾਂ ਦਾ ਟਾਕਰਾ ਕੀਤਾ ਹੋਇਆ ਭੀ ਦਿੱਸਦਾ ਹੈ; ਜਿਵੇਂ:

ਪਖੰਡੀ ਦੇ

. . (ੳ) 'ਤਨਿ ਚੰਦਨੁ'

. . (ਅ) 'ਮੁਖਿ ਖੀਰ'

. . (ੲ) 'ਦੁਇ ਧੋਤੀ ਕਰਮ'

. . (ਸ) 'ਪਗ ਨਾਚਸਿ ਚਿਤੁ ਅਕਰਮ'

ਗੁਰੂ ਨਾਨਕ ਸਾਹਿਬ:

. . 'ਨਾਮ ਬਿਨਾ ਤਨਿ ਕਿਛੁ ਨ ਸੁਖਾਵੈ'

. . 'ਪੈਨ੍ਹ੍ਹਣੁ ਖਾਣਾ ਚੀਤਿ ਨ ਪਾਈ'

. . 'ਕੀਰਤਿ ਕਰਮ ਕਾਰ ਨਿਜ ਸੰਦਾ'

. . 'ਗੀਤ ਨਾਦ ਹਰਖ ਚਤੁਰਾਈ।

. . . .ਚੀਤਿ ਨ ਪਾਈ। '

ਅਸਲੀਅਤ

ਇੱਥੇ ਭਗਤ ਬੇਣੀ ਜੀ ਦੇ ਤਿੰਨੇ ਹੀ ਸ਼ਬਦ ਪੇਸ਼ ਕੀਤੇ ਹਨ। ਅਸਲੀਅਤ ਲੱਛਣ ਦੇ ਚਾਹਵਾਨ ਸੱਜਣ ਇਹਨਾਂ ਸ਼ਬਦਾਂ ਤੋਂ ਸੁਤੇ ਹੀ ਇਸ ਨਤੀਜੇ ਤੇ ਪਹੁੰਚ ਜਾਣਗੇ ਕਿ ਭਗਤ ਬੇਣੀ ਜੀ ਦੇ ਇਹ ਸਾਰੇ ਸ਼ਬਦ ਸਤਿਗੁਰੂ ਨਾਨਕ ਦੇਵ ਜੀ ਦੇ ਪਾਸ ਮੌਜੂਦ ਸਨ। ਇਹਨਾਂ ਨਾਲ ਢੁੱਕਵੇਂ ਖ਼ਿਆਲ ਸਤਿਗੁਰੂ ਜੀ ਨੇ ਆਪਣੇ ਸ਼ਬਦਾਂ ਵਿਚ ਭੀ ਦੱਸੇ, ਤੇ ਉਸੇ ਉਸੇ ਰਾਗ ਵਿਚ ਆਪਣੇ ਸ਼ਬਦ ਭੀ ਦਰਜ ਕੀਤੇ ਜਿਸ ਰਾਗ ਵਿਚ ਭਗਤ ਬੇਣੀ ਜੀ ਦੇ ਸ਼ਬਦ ਸਨ। ਸੋ, ਜਿੱਥੋਂ ਤਕ ਬੇਣੀ ਭਗਤ ਦਾ ਸੰਬੰਧ ਗੁਰੂ ਗ੍ਰੰਥ ਸਾਹਿਬ ਨਾਲ ਹੈ, ਨਿਸੰਗ ਹੋ ਕੇ ਇਹ ਕਿਹਾ ਜਾ ਸਕਦਾ ਹੈ ਕਿ ਨਾਹ ਹੀ ਭਗਤ ਬੇਣੀ ਜੀ ਦੀ ਰੂਹ ਗੁਰੂ ਅਰਜਨ ਸਾਹਿਬ ਪਾਸ ਆਈ ਸੀ ਕਿ ਮੇਰੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕਰੋ ਅਤੇ ਨਾਹ ਹੀ ਗੁਰੂ ਅਰਜਨ ਸਾਹਿਬ ਨੇ ਇਸ ਭਗਤ ਜੀ ਦੀ ਬਾਣੀ ਉਹਨਾਂ ਦੇ ਕਿਸੇ ਪੰਜਾਬ-ਨਿਵਾਸੀ ਸ਼ਰਧਾਲੂ ਪਾਸੋਂ ਲਈ। ਇਹ ਸ਼ਬਦ ਸਤਿਗੁਰੂ ਜੀ ਨੂੰ ਉਸੇ 'ਖ਼ਜ਼ਾਨੇ' ਵਿਚੋਂ ਮਿਲੇ ਸਨ ਜਿਸ ਵਿਚ ਪਹਿਲੇ ਚਹੁੰਆਂ ਗੁਰ-ਵਿਅਕਤੀਆਂ ਦੀ ਸਾਰੀ ਬਾਣੀ ਇਕੱਠੀ ਕੀਤੀ ਹੋਈ ਸੀ, ਤੇ ਜੋ ਗੁਰੂ ਨਾਨਕ ਤੋਂ ਲੈ ਕੇ ਤਰਤੀਬ-ਵਾਰ ਅਗਲੇ ਗੁਰ-ਵਿਅਕਤੀ ਤਕ ਗੁਰ-ਗੱਦੀ ਵੇਲੇ ਅੱਪੜਦੀ ਰਹੀ ਸੀ।

ਗੁਰੂ ਨਾਨਕ ਦੇਵ ਜੀ

ਦਾ

ਸੰਖੇਪ ਜੀਵਨ

(ਤਲਵੰਡੀ ਰਾਇ ਭੁਇ ਵਿਚ ਸੰਨ 1469 ਤੋਂ ਅਕਤੂਬਰ 1504 ਤਕ)

(1) ਜਨਮ- ਤਲਵੰਡੀ (ਵੈਸਾਖ ਸੁਦੀ 3, ਵੈਸਾਖ 20, ਸੰਮਤ 1526) 15 ਅਪਰੈਲ 1469। ਉਮਰ 7 ਸਾਲ, ਪਾਂਧੇ ਪਾਸ ਪੜ੍ਹਨ। ਉਮਰ 9 ਸਾਲ, ਜਨੇਊ। ਉਮਰ 11 ਸਾਲ, ਕੁੜਮਾਈ ਵਟਾਲੇ ਤੋਂ ਬਾਬਾ ਮੂਲੇ ਚੋਣੇ ਵਲੋਂ (ਵੈਸਾਖ ਵਦੀ 1, ਸੰਮਤ 1542) ; ਉਸੇ ਸਾਲ ਸ਼ਾਦੀ।

(2) ਉਮਰ 20 ਸਾਲ; ਉਦਾਸ ਤੇ ਚੁੱਪ, ਵੈਦ ਸਾਖੀ (ਗੁਆਂਢ ਦੇ ਜੰਗਲ ਵਿਚ ਦੂਰੋਂ ਦੂਰੋਂ ਸਾਧੂ ਲੋਕ ਆ ਕੇ ਟਿਕਦੇ ਸਨ, ਉਹਨਾਂ ਤੋਂ ਰੋਜ਼ ਦੇਸ ਦੀ ਹਾਲਤ ਸੁਣਦੇ ਸਨ। ਉਸ ਉਤੇ ਡੂੰਘੀ ਵਿਚਾਰ ਵਿਚ ਪਏ ਚੁੱਪ ਤੇ ਉਦਾਸ ਮਾਪਿਆਂ ਨੂੰ ਜਾਪੇ, ਤੇ ਵੈਦ ਬੁਲਾਇਆ ਗਿਆ)।

ਉਮਰ 28 ਸਾਲ, ਜਨਮ ਬਾਬਾ ਸਿਰੀ ਚੰਦ। ਉਮਰ 31 ਸਾਲ, ਜਨਮ ਬਾਬਾ ਲਖਮੀ ਚੰਦ।

ਉਮਰ 34 ਸਾਲ, ਸਾਖੀ ਖਰਾ ਸੌਦਾ।

ਉਮਰ 35 ਸਾਲ 6 ਮਹੀਨੇ (ਨਵੰਬਰ ਸੰਨ 1504) , ਭਾਈ ਜੈਰਾਮ ਜੀ (ਬੇਬੇ ਨਾਨਕੀ ਜੀ ਦੇ ਪਤੀ) ਨੇ ਚਿੱਠੀ ਘੱਲੀ ਕਿ ਏਥੇ ਅਸਾਡੇ ਪਾਸ ਆਓ। ਪਿਤਾ ਕਾਲੂ ਜੀ ਦੀ ਆਗਿਆ ਅਨੁਸਾਰ ਸੁਲਤਾਨਪੁਰ ਭਾਈ ਜੈਰਾਮ ਜੀ ਪਾਸ ਚਲੇ ਗਏ।

ਸੁਲਤਾਨਪੁਰ

ਨਵੰਬਰ 1504 ਤੋਂ ਅਕਤੂਬਰ 1507 ਤਕ ਸੁਲਤਾਨਪੁਰ ਰਹੇ।

1. ਨਵਾਬ ਦੌਲਤ ਖ਼ਾਂ ਦੇ ਮੋਦੀ, ਪਰਵਾਰ ਨੂੰ ਏਥੇ ਸਦਾ ਲਿਆ। ਪਿਤਾ ਕਾਲੂ ਜੀ ਭੀ ਮਿਲਣ ਆਏ। ਭਾਈ ਮਰਦਾਨਾ ਭੀ ਪਾਸ ਆ ਰਿਹਾ।

2. ਮੈਲਸੀ ਦਾ ਭਾਈ ਭਗੀਰਥ ਸਿੱਖ ਬਣਿਆ, ਇਸ ਦੀ ਰਾਹੀਂ ਲਾਹੌਰ ਦਾ ਭਾਈ ਮਨਸੁਖ ਸਿੱਖ ਹੋਇਆ, ਗੁਰੂ ਜੀ ਦੇ ਪਾਸ ਹੀ ਰਿਹਾ। ਸੁਲਤਾਨਪੁਰ ਛੱਡਣ ਤੋਂ ਪਹਿਲਾਂ ਇਸ ਨੂੰ ਭੀ ਵਪਾਰ ਲਈ ਭੇਜ ਦਿੱਤਾ।

3. ਉਮਰ 38 ਸਾਲ 6 ਮਹੀਨੇ (ਸਤੰਬਰ 1507) ਸਾਖੀ ਵੇਈਂ ਨਦੀ। ਕਾਜ਼ੀ ਤੇ ਨਵਾਬ ਨਾਲ ਨਮਾਜ਼।

4. . . ਪਰਵਾਰ ਨੂੰ ਬਾਬਾ ਮੂਲਾ ਜੀ ਦੇ ਸਪੁਰਦ। ਭਾਈ ਮਰਦਾਨੇ ਨੂੰ ਨਾਲ ਲਿਆ।

ਪਹਿਲੀ ਉਦਾਸੀ

ਪਹਿਲੀ ਉਦਾਸੀ, ਅਕਤੂਬਰ 1507 ਤੋਂ 1515 ਤਕ ਹਿੰਦੂ ਤੀਰਥ ਵੇਖੇ।

1. ਮਾਤਾ ਪਿਤਾ ਨੂੰ ਮਿਲਣ ਤਲਵੰਡੀ; ਐਮਨਾਬਾਦ, ਮਲਕ ਭਾਗੋ; ਸਾਈਂ ਬੁੱਢਣ ਸ਼ਾਹ (ਕੀਰਤਪੁਰ ਜਿਥੇ ਵਸਿਆ)।

2. ਹਰਿਦੁਆਰ, ਪੱਛਮ ਵਲ ਪਾਣੀ ਦੇਣਾ, ਵੈਸ਼ਨਵ ਸਾਧੂ ਦਾ ਚੌਂਕਾ। ਨਾਨਕ ਮਤਾ, ਕੰਨ ਪਾਟੇ ਜੋਗੀ, ਏਥੋਂ 30 ਕੋਹ ਤੇ ਰੇਠਿਆਂ ਦਾ ਜੰਗਲ, ਮਿੱਠਾ ਰੀਠਾ। ਅਜੁੱਧਿਆ, ਪਿਰਾਗ; ਬਨਾਰਸਿ, ਪੰਡਿਤ ਚਤੁਰਦਾਸ 'ਸਾਲਗ ਰਾਮ ਬਿਪ......'। ਗਇਆ 'ਦੀਵਾ ਮੇਰਾ ਏਕੁ ਨਾਮੁ'!

3. ਪਟਨਾ, ਸਾਲਸ ਰਾਇ ਜੌਹਰੀ ਤੇ ਅਧਰਕਾ, 4 ਮਹੀਨੇ, ਗੋਰਖਪੁਰ।

4. ਆਸਾਮ (ਧਨਪੁਰ) ਨੂਰਸ਼ਾਹ ਦੀ ਸਾਖੀ, ਜਾਦੂ ਟੂਣੇ। ਕਲਕਤੇ ਤੋਂ ਜਗਨ-ਨਾਥ ਪੁਰੀ, 'ਗਗਨ ਮੈ ਥਾਲ...'।

5. ਸਮੁੰਦਰ ਦੇ ਕੰਢੇ, ਰਾਮੇਸ਼੍ਵਰ ਤੀਰਥ, ਰਾਜਾ ਸ਼ਿਵ ਨਾਭ। ਪੱਛਮੀ ਕੰਢਾ ਸੋਮਨਾਥ, ਦੁਆਰਕਾ।

6. ਨਰਬਦਾ ਨਦੀ ਦੇ ਕੰਢੇ, 'ਮੰਦਰ ਓਅੰਕਾਰ', ਸ਼ਿਵ ਦਾ ਮੰਦਰ, ਇਸ ਸੰਬੰਧੀ ਬਾਣੀ 'ਓਅੰਕਾਰ'। ਠੱਗਾਂ ਤੇ ਮਾਣਸਖਾਣਿਆਂ ਨਾਲ ਵਾਹ, ਕੌਡਾ।

7. ਰਿਆਸਤ ਬੀਕਾਨੇਰ, ਅਨਭੀ ਸਰੇਵੜਾ "ਸਿਰੁ ਖੋਹਾਇ...", ਪੁਸ਼ਕਰ ਤੀਰਥ ਮਥੁਰਾ, 'ਕਿਤੈ ਦੇਸਿ ਨ ਆਇਆ'। ਬਿੰਦਰਾਬਨ 'ਵਾਇਨਿ ਚੇਲੇ...'।

8. ਦਿੱਲੀ, ਸਿਕੰਦਰ ਦਾ ਹਾਥੀ ਮਰਿਆ, ਪਾਨੀਪਤ। ਕੁਰਖੇਤ੍ਰ, ਪੰਡਿਤ ਨਾਨੂ, 'ਮਾਸ' ਦੀ ਚਰਚਾ।

9. ਸੁਲਤਾਨ ਪੁਰ ਬੇਬੇ ਨਾਨਕੀ ਜੀ ਨੂੰ ਮਿਲੇ, ਤਲਵੰਡੀ ਮਾਤਾ ਪਿਤਾ ਨੂੰ।

10. ਪੱਖੋ ਕੇ ਰੰਧਾਵੇ (ਰਾਵੀ ਦੇ ਕੰਢੇ) ਪਰਵਾਰ ਨੂੰ ਮਿਲਣ ਗਏ ਸਨ, ਕਰੋੜੀ ਮਲ, ਕਰਤਾਰਪੁਰ ਵਸਾਇਆ (13 ਮਾਘ ਸੰਮਤ 1572, ਸੰਨ 1516 ਦਾ ਸ਼ੁਰੂ)। ਮਾਤਾ ਪਿਤਾ ਭੀ ਏਥੇ। ਦੋ ਕੁ ਸਾਲ ਏਥੇ ਰਹੇ।

ਦੂਜੀ ਉਦਾਸੀ

ਦੂਜੀ ਉਦਾਸੀ, 1 ਸਾਲ, ਉਤਰ ਖੰਡ, ਕਰਤਾਰ ਪੁਰੋਂ (ਸੰਨ 1517 ਤੋਂ 1518)

1. ਪਸਰੂਰ, ਐਮਨਾਬਾਦ, ਸਿਆਲ ਕੋਟ, ਹਮਜ਼ਾ ਗੌਂਸ ਦੀ ਸਾਖੀ।

2. ਪੰਡਿਤ ਬ੍ਰਹਮਦਾਸ ਤੇ ਕਮਾਲ, ਸੁਮੇਰ ਪਰਬਤ, ਜੋਗੀਆਂ ਤੇ ਸਿੱਧਾਂ ਨੂੰ ਮਿਲੇ।

3. ਸਿਆਲ ਕੋਟ, ਮੂਲਾ ਖੱਤ੍ਰੀ। ਸੰਨ 1518 ਵਿਚ ਕਰਤਾਰ ਪੁਰ ਵਾਪਸ।

ਤੀਜੀ ਉਦਾਸੀ

ਤੀਜੀ ਉਦਾਸੀ, 3 ਕੁ ਸਾਲ, ਪੱਛਮ ਦੇਸ, ਸੰਨ 1518 ਤੋਂ 1521, ਕਰਤਾਰ ਪੁਰੋਂ।

1. ਪਾਕਪਟਨ, ਸ਼ੇਖ ਬ੍ਰਹਮ। ਤੁਲੰਭਾ, ਸੱਜਣ ਠੱਗ, 'ਉਜਲੁ ਕੈਹਾ...'। ਰਿਆਸਤ ਬਿਹਾਵਲਪੁਰ ਰੋਹੜੀ ਸੱਖਰ, ਸਾਧ ਬੇਲਾ।

2. ਮੱਕਾ, ਜੀਊਣ ਨੇ ਪੈਰੋਂ ਘਸੀਟਿਆ, ਰੁਕਨ ਦੀਨ ਦੀ ਚਰਚਾ, ਖੜਾਂਵ ਨਿਸ਼ਾਨੀ, ਮਦੀਨਾ।

3. ਬਗ਼ਦਾਦ ਕਬਰਿਸਤਾਨ ਵਿਚ, ਕੀਰਤਨ, ਮੂਲ ਮੰਤ੍ਰ, 'ਪਾਤਾਲਾ ਪਾਤਾਲ...' ਬਲਖ ਬੁਖਾਰਾ; ਕਾਬਲ (ਪਸ਼ੌਰ) ਗੋਰਖ ਹਟੜੀ।

4. ਹਸਨ ਅਬਦਾਲ, ਵਲੀ ਕੰਧਾਰੀ ਦੀ ਸਾਖੀ। ਡੇਰਾ, ਸ਼ਹੁ ਸੋਹਾਗਣ ਦੀ ਸਾਖੀ ਡਿੰਗਾ, ਇਕ ਜੋਗੀ ਦਾ ਚਲੀਹਾ।

5. ਐਮਨਾਬਾਦ, (ਸੰਨ 1521) ਬਾਬਰ ਦਾ ਹਮਲਾ। ਕਰਤਾਰਪੁਰ ਵਾਪਸ ਆਏ (ਉਦਾਸੀਆਂ ਖ਼ਤਮ)।

ਕਰਤਾਰਪੁਰ 1521 ਤੋਂ ਸਤੰਬਰ 1539 ਤਕ

1. ਰਾਮਦਾਸ ਦਾ ਬਾਲਕ ਬੂੜਾ (ਬਾਬਾ ਬੁੱਢਾ ਜੀ)।

2. ਬਾਬਾ ਲਹਣਾ ਜੀ ਅਕਤੂਬਰ ਸੰਨ 1532 ਵਿਚ।

3. ਅਚਲ ਵਟਾਲੇ, ਜੋਗੀਆਂ ਨਾਲ ਚਰਚਾ, 'ਸਿਧ ਗੋਸਟਿ' (ਮਾਰਚ 1539) ਮੁਲਤਾਨ, 1539।

4. ਗੁਰਿਆਈ ਬਾਬਾ ਲਹਣਾ ਜੀ ਨੂੰ ਅੱਸੂ ਸੁਦੀ 5, 1596 (ਸਤੰਬਰ 1539) , ਜੋਤੀ ਜੋਤਿ ਅੱਸੂ ਸੁਦੀ 10, 1596 (ਸਤੰਬਰ 1539)। ਕੁੱਲ ਉਮਰ 70 ਸਾਲ, 5 ਮਹੀਨੇ 7 ਦਿਨ।

ਗੁਰੂ ਅੰਗਦ ਸਾਹਿਬ ਜੀ

(1) ਜਨਮ- ਮੱਤੇ ਦੀ ਸਰਾਂ (ਜ਼ਿਲਾ ਫ਼ੀਰੋਜ਼ਪੁਰ) ਅਪਰੈਲ ਸੰਨ 1504।

ਬਾਬਰ ਦੇ ਹਮਲੇ ਸਮੇਂ (ਸੰਨ 1524) 20 ਸਾਲ ਦੀ ਉਮਰੇ ਪਿਤਾ ਸਮੇਤ ਖਡੂਰ ਆ ਗਏ, ਇਥੇ ਭੂਆ ਭੀ ਸੀ ਤੇ ਸਹੁਰੇ ਭੀ ਸਨ। ਪਿਤਾ ਬਾਬਾ ਫੇਰੂ ਜੀ ਦੇਵੀ ਦੇ ਭਗਤ ਸਨ। ਉਹਨਾਂ ਦਾ ਚਲਾਣਾ ਸੰਨ 1526 ਵਿਚ। ਪਿਤਾ ਦੇ ਥਾਂ 'ਸੰਗ' ਦੇ ਜੱਥੇਦਾਰ ਬਣੇ।

(2) ਸੰਨ 1532 ਵਿਚ (ਉਮਰ 28 ਸਾਲ) ਖਡੂਰ ਦੇ ਵਾਸੀ ਭਾਈ ਜੋਧੇ ਤੋਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਸੁਣ ਕੇ ਦਰਸ਼ਨ ਦੀ ਤਾਂਘ। ਦੇਵੀ ਦੇ ਜਾਂਦਿਆਂ ਕਰਤਾਰ ਪੁਰੇ ਗੁਰੂ ਜੀ ਦੇ ਦਰਸ਼ਨ। ਓਥੇ ਹੀ ਰਹਿ ਪਏ।

ਸਤਿਗੁਰੂ ਜੀ ਦੀ ਨਿਗਰਾਨੀ ਵਿਚ 6 ਸਾਲ ਸਿੱਖ-ਧਰਮ ਤੇ ਤੁਰਨ ਦੀ ਮੇਹਨਤ; ਗੁਰੂ ਨਾਨਕ ਦੇਵ ਜੀ ਨੇ ਇਹਨਾਂ ਨੂੰ ਤਿਆਰ ਕੀਤਾ ਗਰੀਬਾਂ ਨਾਲ ਪਿਆਰ ਕਰਨ ਲਈ। ਗਰੀਬਾਂ ਵਾਲੇ ਹੀ ਕੰਮ ਕਰਾਏ: (1) ਪੱਠਿਆਂ ਦੀਆਂ ਪੰਡਾਂ, (2) ਧਰਮਸਾਲਾ ਦੀ ਕੰਧ ਸਿਆਲੇ, (3) ਕਟੋਰਾ ਗੰਦੇ ਚਲ੍ਹੇ ਵਿਚ, (4) ਮੋਈ ਚੂਹੀ ਧਰਮਸਾਲੇ, (5) ਅੱਧੀ ਰਾਤ ਸਿਆਲੇ ਕੱਪੜੇ ਧੋਣੇ ਰਾਵੀ ਦਰੀਆ ਤੇ, (6) ਮੀਂਹ ਤਿੰਨ ਦਿਨ, ਲੰਗਰ ਮਸਤਾਨੇ, ਕਿੱਕਰ ਹਲੂਨਣੇ, (7) ਧਾਣਕ, ਮੁਰਦਾਰ ਖਾਣ ਦਾ ਹੁਕਮ ਮਿਲਣਾ।

(3) ਸਿਤੰਬਰ ਸੰਨ 1539 (ਅੱਸੂ ਸੁਦੀ 5, ਸੰਮਤ 1596) ਗੁਰੂ ਬਣੇ। ਖਾਲਕ ਨੂੰ ਖਲਕਤਿ ਵਿਚ ਵੇਖਣ ਤੇ ਪ੍ਰਭੂ ਦੀ ਰਜ਼ਾ ਵਿਚ ਰਾਜ਼ੀ ਰਹਿਣ ਦੀ ਸਿੱਖਿਆ ਦਾ ਸੰਗਤਾਂ ਵਿਚ ਪ੍ਰਚਾਰ ਕੀਤਾ।

ਸੰਨ 1552 ਵਿਚ ਜੋਤੀ ਜੋਤਿ ਸਮਾਏ ਖਡੂਰ ਸਾਹਿਬ ਵਿਚ। ਕੁਲ ਉਮਰ 48 ਸਾਲ।

(4) ਸਾਖੀਆਂ।

(ੳ) ਗਰੀਬੀ, ਗਰੀਬਾਂ ਨਾਲ ਪਿਆਰ, ਖਾਲਕ ਨੂੰ ਖਲਕਤਿ ਵੇਖਣ ਬਾਰੇ:

(1) ਜੋਗੀਆਂ ਦੀ ਜਮਾਤ, ਤੇ ਗਰੀਬੀ ਦੀ ਮੰਗ।

(2) ਬਾਦਸ਼ਾਹ ਹਮਾਯੂੰ ਦਾ ਆਉਣਾ, ਗਰੀਬਾਂ ਉਤੇ ਤਲਵਾਰ ਚੁਕਣੋਂ ਵਰਜਿਆ।

(3) ਲਾਂਗਰੀ ਸਿੱਖ ਭਾਈ ਮਾਹਣਾ।

(ਅ) ਰਜ਼ਾ ਵਿਚ ਰਾਜ਼ੀ ਰਹਿਣ ਬਾਰੇ:

(1) ਭਾਈ ਜੀਵਾ।

(2) ਤਪਾ ਸ਼ਿਵਨਾਥ।

ਨੋਟ: ਗੁਰੂ ਬਣ ਕੇ ਹੁਕਮ ਅਨੁਸਾਰ, ਸੰਨ 1539 ਤੋਂ 1552 ਤਕ ਖਡੂਰ ਸਾਹਿਬ ਰਿਹੈਸ਼ ਰੱਖੀ।

"ਫੇਰਿ ਵਸਾਇਆ ਫੇਰੁਆਣਿ ਸਤਿਗੁਰਿ ਖਾਡੂਰੁ ॥"

ਗੁਰੂ ਅਮਰਦਾਸ ਜੀ

(1) ਜਨਮ: ਪਿੰਡ ਬਾਸਰਕੇ ਜ਼ਿਲਾ ਅੰਮ੍ਰਿਤਸਰ, ਅਪ੍ਰੈਲ ਸੰਨ 1479 (ਗੁਰੂ ਨਾਨਕ 1469)। ਸੰਨ 1541 ਤਕ ਬਾਸਰਕੇ ਰਹੇ। ਸੰਨ 1522 ਤੋਂ 1541 ਤਕ 19 ਸਾਲ ਹਰ ਸਾਲ ਹਰਿਦੁਆਰ ਜਾਂਦੇ ਰਹੇ 62 ਸਾਲ ਦੀ ਉਮਰ ਤਕ।

ਸੰਨ 1541 ਵਿਚ ਹਰਿਦੁਆਰ ਤੋਂ ਵਾਪਸ ਆਉਂਦਿਆਂ ਰਾਹ ਵਿਚ ਇੱਕ ਵੈਸ਼ਨਵ ਸਾਧੂ ਮਿਲਿਆ ਪਿੰਡ ਬਾਸਰਕੇ ਤਕ ਨਾਲ ਆਇਆ, ਉਸ ਦੇ ਪੁੱਛਣ ਤੇ ਗੁਰੂ ਦੇ ਲੱਭਣ ਦੀ ਤਾਂਘ ਪੈਦਾ ਹੋਈ। ਗੁਰੂ ਅੰਗਦ ਸਾਹਿਬ ਦੀ ਸੁਪੁਤ੍ਰੀ ਬੀਬੀ ਅਮਰੋ ਜੀ ਤੋਂ (ਜੋ ਇਹਨਾਂ ਦੇ ਭਤੀਜੇ ਨਾਲ ਵਿਆਹੀ ਹੋਈ ਸੀ) ਬਾਣੀ ਸੁਣ ਕੇ ਗੁਰੂ ਅੰਗਦ ਸਾਹਿਬ ਪਾਸ ਆਏ ਸੰਨ 1541 ਵਿਚ।

(2) ਸੰਨ 1541 ਤੋਂ 1552 ਤਕ (ਜ਼ਮਾਨਾ ਸ਼ੇਰ ਸ਼ਾਹ ਦਾ) ਖਡੂਰ ਸਾਹਿਬ ਰਹੇ 11 ਸਾਲ:

(ੳ) ਹਰ ਰੋਜ਼ ਅੱਧੀ ਰਾਤ ਬਿਆਸਾ ਤੋਂ ਜਲ ਲਿਆਉਣਾ ਸਤਿਗੁਰੂ ਜੀ ਦੇ ਇਸ਼ਨਾਨ ਲਈ।

(ਅ) ਗੋਇੰਦਵਾਲ ਵਸਾਇਆ ਸੰਨ 1546 ਵਿਚ। ਪਰਵਾਰ, ਹੋਰ ਬਿਰਾਦਰੀ, ਤੇ ਭਾਈ ਜੇਠਾ ਜੀ (ਗੁਰੂ ਰਾਮਦਾਸ ਜੀ) ਨੂੰ ਗੁਰ-ਆਗਿਆ ਅਨੁਸਾਰ ਇਥੇ ਲਿਆ ਵਸਾਇਆ।

(ੲ) ਮਾਘ ਮਹੀਨੇ (ਜਨਵਰੀ ਸੰਨ 1552) ਵਰਖਾ ਪਾਲੇ ਵਿਚ ਬਿਆਸਾ ਤੋਂ ਪਾਣੀ ਦੀ ਗਾਗਰ ਲਿਆਉਂਦਿਆਂ ਜੁਲਾਹਿਆਂ ਦੀ ਖੱਡੀ ਤੇ ਠੇਡਾ, ਜੁਲਾਹੀ ਦਾ ਤਾਹਨਾ।

(3) ਗੁਰੂ ਬਣੇ ਜਨਵਰੀ ਸੰਨ 1552 ਵਿਚ, ਤਦੋਂ ਉਮਰ 73 ਸਾਲ ਦੇ ਕਰੀਬ। ਸੰਨ 1552 ਤੋਂ 1574 ਤਕ ਗੋਇੰਦਵਾਲ ਰਹੇ 22 ਸਾਲ 6 ਮਹੀਨੇ।

(ੳ) ਬੀਬੀ ਭਾਨੀ ਜੀ ਦੀ ਸ਼ਾਦੀ ਭਾਈ ਜੇਠਾ ਜੀ ਨਾਲ ਸੰਨ 1553 ਵਿਚ।

(ਅ) ਸੰਨ 1555, ਭਤੀਜੇ ਸਾਵਣ ਮਲ ਨੂੰ ਹਰੀਪੁਰ ਕਾਂਗੜੇ ਭੇਜਿਆ, ਅਗਲੇ ਸਾਲ ਓਥੋਂ ਦਾ ਰਾਜਾ ਸਣੇ ਰਾਣੀਆਂ ਦਰਸ਼ਨ ਨੂੰ ਆਇਆ, ਇਕ ਰਾਣੀ ਦੇ ਪਰਦਾ ਕਰਨ ਤੇ ਇਤਰਾਜ਼।

(ੲ) 1557, ਗੁਰੂ ਅੰਗਦ ਸਾਹਿਬ ਦੇ ਸਾਹਿਬਜ਼ਾਦੇ ਬਾਬਾ ਦਾਤੂ ਨੇ ਗੋਇੰਦਵਾਲ ਭਰੇ ਦੀਵਾਨ ਵਿਚ ਆ ਕੇ ਸਤਿਗੁਰੂ ਜੀ ਨੂੰ ਲੱਤ ਮਾਰੀ, ਸਤਿਗੁਰੂ ਜੀ ਨੇ ਸਗੋਂ ਖਿਮਾ ਮੰਗੀ ਕਿ ਤੁਹਾਡੇ ਨਰਮ ਪੈਰ ਨੂੰ ਸੱਟ ਲੱਗੀ ਹੋਵੇਗੀ।

(ਸ) 1558, ਹਿੰਦੂ ਤੀਰਥਾਂ ਤੇ, ਇਸ ਦਾ ਜ਼ਿਕਰ ਗੁਰੂ ਰਾਮਦਾਸ ਜੀ ਨੇ ਤੁਖਾਰੀ ਰਾਗ ਵਿਚ ਕੀਤਾ ਹੈ "ਨਾਵਣ ਪੁਰਬੁ ਅਭੀਚੁ, ਗੁਰ ਸਤਿਗੁਰ ਦਰਸੁ ਭਇਆ। "

(ਹ) ਜਾਤਿ ਪਾਤਿ ਦੀ ਕੁਰੀਤ ਰੋਕਣ ਲਈ ਹਰੇਕ ਨਵੇਂ ਆਏ ਉਤੇ ਬੰਦਸ਼ ਕਿ ਦਰਸ਼ਨ ਉਹ ਕਰੇ ਜੋ ਪਹਿਲਾਂ ਲੰਗਰ ਵਿਚ ਰੋਟੀ ਖਾਏ।

(ਕ) ਖੱਤ੍ਰੀਆਂ ਬ੍ਰਾਹਮਣਾਂ ਦੀ ਚੁੱਕ ਤੇ ਖੋਜਿਆਂ ਦੀ ਛੇੜਖਾਨੀ, ਪਾਣੀ ਵਾਸਤੇ ਨਵੀਂ ਬਾਉਲੀ ਲਵਾਈ ਸੰਨ 1559। ਅਕਬਰ ਆਇਆ। ਪਰਗਨਾ ਝਬਾਲ ਦੀ ਜਗੀਰ ਬੀਬੀ ਭਾਨੀ ਜੀ ਨੂੰ। ਸਤੀ ਦੀ ਕੋਝੀ ਰਸਮ ਰੋਕਣ ਲਈ ਗੁਰੂ ਜੀ ਨੇ ਅਕਬਰ ਨੂੰ ਪ੍ਰੇਰਿਆ।

(ਖ) ਸੰਨ 1570, ਅੰਮ੍ਰਿਤਸਰ ਵਸਾਉਣ ਦਾ ਹੁਕਮ (ਗੁਰੂ) ਰਾਮਦਾਸ ਜੀ ਨੂੰ।

(4) ਸਿਤੰਬਰ 1574, ਜੋਤਿ ਜੋਤਿ ਸਮਾਏ, ਗੋਇੰਦਵਾਲ, ਇਸ ਦਾ ਜ਼ਿਕਰ ਰਾਗ ਰਾਮਕਲੀ ਦੀ ਬਾਣੀ 'ਸਦੁ' ਵਿਚ ਬਾਬਾ ਸੁੰਦਰ ਜੀ ਨੇ ਕੀਤਾ ਹੈ। ਕੁੱਲ ਉਮਰ 95 ਸਾਲ ਚਾਰ ਮਹੀਨੇ।

ਗੁਰੂ ਅਮਰਦਾਸ ਜੀ ਦੇ ਜੀਵਨ ਨਾਲ ਸਬੰਧ ਰੱਖਣ ਵਾਲੇ:

ਪੰਡਿਤ ਮਾਈ ਦਾਸ, ਭਾਈ ਮਾਣਕ ਚੰਦ, ਸੱਚਨ ਸੱਚ, ਗੰਗੋਸ਼ਾਹ, ਮਥੋ ਮੁਰਾਰੀ, ਭਾਈ ਪ੍ਰੇਮਾ, ਮਾਈ ਪੋਤਰੇ।

ਗੁਰੂ ਰਾਮਦਾਸ ਜੀ

(1) ਜਨਮ: ਲਾਹੌਰ ਚੂਨੇ ਮੰਡੀ, ਅਕਤੂਬਰ ਸੰਨ 1534। ਛੋਟੀ ਹੀ ਉਮਰੇ ਮਾਤਾ ਗੁਜ਼ਰ ਗਈ, 7 ਸਾਲ ਦੀ ਉਮਰੇ (ਸੰਨ 1541) ਪਿਤਾ ਭੀ ਚੜ੍ਹਾਈ ਕਰ ਗਏ। ਨਾਨਕੇ ਬਾਸਰਕੇ; ਨਾਨੀ ਇਥੇ ਲੈ ਆਈ, 5 ਸਾਲ ਬਾਸਰਕੇ ਰਹੇ।

(2) ਸੰਨ 1546 ਵਿਚ ਗੋਇੰਦਵਾਲ ਆਏ (ਤਦੋਂ ਉਮਰ 12 ਸਾਲ)।1552 ਵਿਚ ਗੁਰੂ ਅਮਰਦਾਸ ਜੀ ਭੀ ਗੁਰੂ ਬਣ ਕੇ ਖਡੂਰ ਸਾਹਿਬ ਤੋਂ ਗੋਇੰਦਵਾਲ ਆ ਰਹੇ।

(3) ਸੰਨ 1553, ਗੁਰੂ ਅਮਰਦਾਸ ਜੀ ਦੀ ਲੜਕੀ ਬੀਬੀ ਭਾਨੀ ਜੀ ਨਾਲ ਸ਼ਾਦੀ। (ਨੋਟ: ਤਦੋਂ ਉਮਰ 19 ਸਾਲ; 7 ਸਾਲ ਦੀ ਉਮਰੇ ਇਹ ਬਾਸਰਕੇ ਆਏ ਸਨ ਜੋ ਗੁਰੂ ਅਮਰਦਾਸ ਜੀ ਦੀ ਜਨਮ-ਭੂਮੀ ਤੇ ਇਹਨਾਂ ਦਾ ਨਾਨਕਾ ਪਿੰਡ ਸੀ। ਗੁਰੂ ਅਮਰਦਾਸ ਜੀ ਹੀ ਇਹਨਾਂ ਨੂੰ ਇਥੋਂ ਗੋਇੰਦਵਾਲ ਲੈ ਗਏ ਸਨ; ਸੋ, ਇਸ ਡੂੰਘੀ ਸਾਂਝ ਨੂੰ 12 ਸਾਲ ਹੋ ਚੁਕੇ ਸਨ, ਜਦੋਂ ਪਰਸਪਰ ਦੁਨੀਆਵੀ ਰਿਸ਼ਤਾ ਕਾਇਮ ਹੋਇਆ)।

ਸੰਨ 1558, ਗੁਰੂ ਅਮਰਦਾਸ ਜੀ ਦੇ ਨਾਲ ਤੀਰਥਾਂ ਤੇ ਗਏ; ਰਾਹ ਦੇ ਅੱਖੀਂ ਵੇਖੇ ਹਾਲ ਇਹਨਾਂ ਨੇ ਗੁਰੂ ਬਣ ਕੇ ਤੁਖਾਰੀ ਰਾਗ ਦੇ ਇਕ ਛੰਤ ਵਿਚ ਲਿਖੇ- 'ਨਾਵਣ ਪੁਰਬੁ ਅਭੀਚੁ।

ਸੰਨ 1559, ਬਾਉਲੀ ਦੀ ਸੇਵਾ।

ਸੰਨ 1560, ਅਕਬਰ ਨੇ ਝਬਾਲ ਦੇ ਪਰਗਨੇ ਦੀ ਜਾਗੀਰ ਬੀਬੀ ਭਾਨੀ ਜੀ ਦੇ ਨਾਮ ਲਾਈ।

ਬ੍ਰਾਹਮਣਾਂ ਖੱਤਰੀਆਂ ਦੀ ਸ਼ਿਕੈਤ ਤੇ ਜਦੋਂ ਅਕਬਰ ਨੇ ਗੁਰੂ ਅਮਰਦਾਸ ਜੀ ਨੂੰ ਲਾਹੌਰ ਸੱਦ ਭੇਜਿਆ, ਤਾਂ ਸਤਿਗੁਰੂ ਜੀ ਨੇ ਇਹਨਾਂ ਨੂੰ ਆਪਣੇ ਥਾਂ ਘੱਲਿਆ।

ਗੁਰੂ ਅਮਰਦਾਸ ਜੀ ਦੇ ਹੁਕਮ-ਅਨੁਸਾਰ ਸੰਨ 1570 ਵਿਚ ਅੰਮ੍ਰਿਤਸਰ ਵਸਾਣਾ ਸ਼ੁਰੂ ਕੀਤਾ।

ਭਾਈ ਰਾਮੇ ਅਤੇ ਇਹਨਾਂ ਦੀ ਪਰਖ; ਬਾਉਲੀ ਦੇ ਪਾਸ ਥੜ੍ਹੇ ਬਣਾਉਣੇ।

(4) ਸਿਤੰਬਰ 1574 ਵਿਚ ਗੁਰੂ ਬਣੇ ਤੇ ਅੰਮ੍ਰਿਤਸਰ ਆ ਰਹੇ।

ਨੋਟ: ਤਿੰਨੇ ਹੀ ਸਾਹਿਬਜ਼ਾਦੇ ਗੁਰੂ ਅਮਰਦਾਸ ਜੀ ਦੇ ਹੁੰਦਿਆਂ ਹੀ ਪੈਦਾ ਹੋਏ।

(ੳ) ਬਾਬਾ ਪ੍ਰਿਥੀ ਚੰਦ ਜੀ ਸੰਨ 1557।

(ਅ) ਬਾਬਾ ਮਹਾਦੇਵ ਜੀ ਸੰਨ 1560।

(ੲ) ਗੁਰੂ ਅਰਜਨ ਸਾਹਿਬ ਸੰਨ 1563 (ਅਪ੍ਰੈਲ)।

ਬਾਬਾ ਸਿਰੀ ਚੰਦ ਜੀ ਬਾਰਠ ਤੋਂ ਮਿਲਣ ਆਏ।

ਭਾਈ ਗੁਰਦਾਸ ਜੀ ਨੂੰ ਆਗਰੇ ਵੱਲ ਪ੍ਰਚਾਰ ਲਈ ਭੇਜਿਆ। 'ਮਸੰਦ' ਮੁਕੱਰਰ ਕੀਤੇ।

(5) ਸੰਨ 1581 ਗੁਰੂ ਅਰਜਨ ਸਾਹਿਬ ਨੂੰ ਗੁਰਿਆਈ ਦਿੱਤੀ, ਬਾਬਾ ਪ੍ਰਿਥੀ ਚੰਦ ਦਾ ਵਿਰੋਧ; ਬੀਬੀ ਭਾਨੀ ਤੇ ਗੁਰੂ ਰਾਮਦਾਸ ਜੀ ਨੂੰ ਨਾਲ ਲੈ ਕੇ ਗੋਇੰਦਵਾਲ ਆ ਗਏ।

ਇਥੇ ਅਗਸਤ ਸੰਨ 1581 ਵਿਚ ਜੋਤੀ ਜੋਤਿ ਸਮਾਏ।

ਕੁੱਲ ਉਮਰ 47 ਸਾਲ।

ਗੁਰੂ ਅਰਜੁਨ ਸਾਹਿਬ ਜੀ

ਦਾ

ਸੰਖੇਪ ਜੀਵਨ

ਜਨਮ-ਥਿਤਿ: ਵੈਸਾਖ ਵਦੀ 7, ਸੰਮਤ 1620, 19 ਵੈਸਾਖ (15 ਅਪ੍ਰੈਲ ਸੰਨ 1563) , ਤਦੋਂ ਅਕਬਰ ਦਾ ਰਾਜ ਸੀ।

ਜਨਮ-ਅਸਥਾਨ: ਗੋਇੰਦਵਾਲ। ਇਥੇ 11 ਸਾਲ ਰਹੇ, ਭਾਦਰੋਂ ਸੁਦੀ 15 ਸੰਮਤ 1631 ਤਕ ਜਦੋਂ ਗੁਰੂ ਅਮਰਦਾਸ ਜੀ ਜੋਤੀ ਜੋਤਿ ਸਮਾਏ।

(2) 11 ਸਾਲ ਦੀ ਉਮਰ ਤੋਂ 'ਚੱਕ ਗੁਰੂ' ਵਿਚ ਪਿਤਾ ਗੁਰੂ ਰਾਮਦਾਸ ਜੀ ਦੇ ਨਾਲ ਆ ਗਏ।

ਗੁਰਿਆਈ ਮਿਲੀ ਸਾਵਣ 1638 (ਜੁਲਾਈ 1581) ਵਿਚ, ਤਦੋਂ ਉਮਰ 18 ਸਾਲ। ਗੁਰਿਆਈ ਤੋਂ ਪਿਛੋਂ ਪਿਤਾ ਗੁਰੂ ਰਾਮਦਾਸ ਜੀ ਨਾਲ ਗੋਇੰਦਵਾਲ ਗਏ। ਇਥੇ ਗੁਰੂ ਰਾਮਦਾਸ ਜੀ ਜੋਤੀ ਜੋਤਿ ਸਮਾਏ ਭਾਦਰੋਂ ਸੁਦੀ 3, ਸੰਮਤ 1638 (1 ਸਿਤੰਬਰ 1581)।

ਰਸਮ ਦਸਤਾਰਬੰਦੀ ਭਾਦਰੋਂ ਸੁਦੀ 14, 1638। ਭੱਟ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ, ਇਸ ਸਮੇਂ ਏਥੇ ਆਏ ਤੇ ਉਹਨਾਂ ਦਰਸ਼ਨ ਕਰ ਕੇ ਬਾਣੀ ਉਚਾਰੀ।

(3) ਅੱਸੂ ਸੰਮਤ 1638 (ਸਿਤੰਬਰ 1581) ਵਿਚ ਵਾਪਸ 'ਚੱਕ ਗੁਰ' (ਅੰਮ੍ਰਿਤਸਰ) ; ਇਥੇ ਰਹੇ 1638 ਤੋਂ 1646 ਤਕ, 8 ਸਾਲ, ਇਥੇ,

(ੳ) ਬਾਬਾ ਪ੍ਰਿਥੀ ਚੰਦ (ਵੱਡੇ ਭਾਈ) ਦੀ ਵਿਰੋਧਤਾ;

(ਅ) ਸੱਤੇ ਬਲਵੰਡਿ ਦੀ ਸਾਖੀ।

(ੲ) 'ਹਰਿ ਮੰਦਰ' ਸਾਹਿਬ ਦੀ ਨੀਂਹ ਧਰੀ ਕੱਤਕ ਸੁਦੀ 5, ਸੰਮਤ 1645 (ਅਕਤੂਬਰ 1588) ਤਦੋਂ ਉਮਰ ਸਾਢੇ ਪੰਝੀ ਸਾਲ।

ਸ਼ਾਦੀ ਸੰਮਤ 1646 ਵਿਚ, ਪਿੰਡ 'ਮਊ' ਪਰਗਨਾ ਫਿਲੌਰ।

(4) ਮਾਝੇ ਦੇ ਪਿੰਡਾਂ ਦੀ ਸੰਭਾਲ- ਵੈਸਾਖ ਸੰਮਤ 1647 (ਸੰਨ 1590) ਤੋਂ ਦੱਖਣ ਪਾਸੇ- ਤਰਨ ਤਾਰਨ ਵਸਾਇਆ, ਖਡੂਰ, ਗੋਇੰਦਵਾਲ, ਸਰਹਾਲੀ, ਖਾਨਪੁਰ ਆਦਿਕ ਸਾਰੇ ਇਲਾਕੇ ਵਿਚ:

ਬਿਆਸਾ ਤੋਂ ਪਾਰ ਚੜ੍ਹਦੇ ਪਾਸੇ- ਸੰਨ 1593 ਵਿਚ ਕਰਤਾਰ ਪੁਰ ਵਸਾਇਆ, ਦੁਆਬੇ ਵਿਚ ਅਨੇਕਾਂ ਸਰਵਰੀਏ ਲੋਕ ਸਿੱਖ ਬਣੇ।

ਲਹਿੰਦੇ ਪਾਸੇ- ਵਡਾਲੀ, (ਇਥੇ ਗੁਰੂ ਹਰਿਗੋਬਿੰਦ ਸਾਹਿਬ ਦਾ ਜਨਮ 21 ਹਾੜ ਸੰਮਤ 1652 ਹਾੜ ਵਦੀ 1, 19 ਜੂਨ 1595)। ਸਖ਼ਤ ਔੜ ਲੱਗੀ ਹੋਈ ਸੀ; ਅਨੇਕਾਂ ਪਿੰਡਾਂ ਵਿਚ ਖੂਹ ਲਵਾਏ। ਛੇ-ਹਰਟਾ। ਲਾਹੌਰ 8 ਮਹੀਨੇ। ਕਾਲ ਦੇ ਕਾਰਨ ਬੀਮਾਰੀਆਂ, ਸ਼ਹਰ-ਨਿਵਾਸੀਆਂ ਦੀ ਅਤੁੱਟ ਸੇਵਾ। ਅਕਬਰ ਭੀ ਲਾਹੌਰ ਆਇਆ ਹੋਇਆ ਸੀ ਕਾਲ ਦੇ ਕਾਰਨ। ਅਗਾਂਹ ਰਾਵੀ ਦੇ ਨਾਲ ਨਾਲ ਮਦਰ, ਜੰਬਰ, ਚੂਨੀਆਂ, ਬਹੜਵਾਲ ਆਦਿਕ ਪਿੰਡਾਂ ਕਸਬਿਆਂ ਵਿਚੋਂ ਦੀ ਗੋਇੰਦਵਾਲ ਪਹੁੰਚੇ ਸਨ 1598 ਦੇ ਅਖ਼ੀਰ ਵਿਚ। ਅਕਬਰ ਲਾਹੌਰ ਤੋਂ ਵਾਪਸੀ ਤੇ ਇਥੇ ਮਿਲਿਆ। ਸਤਿਗੁਰੂ ਜੀ ਨੇ ਕਿਸਾਨਾਂ ਦਾ ਮਾਮਲਾ ਮਾਫ਼ ਕਰਾਇਆ।

ਪਹਾੜ ਪਾਸੇ- ਅੰਮ੍ਰਿਤਸਰ ਥੋੜਾ ਸਮਾਂ ਠਹਿਰ ਕੇ ਸਹਸਰਾ, ਡੇਹਰਾ ਬਾਬਾ ਨਾਨਕ, ਕਰਤਾਰਪੁਰ, ਕਲਾਨੌਰ, ਬਾਰਠ ਆਦਿਕ ਪਿੰਡਾਂ ਕਸਬਿਆਂ ਵਿਚ ਦੋ ਸਾਲ ਦਾ ਚੱਕਰ ਲਾ ਕੇ ਸੰਨ 1601 ਦੇ ਸ਼ੁਰੂ ਵਿਚ ਵਾਪਸ ਅੰਮ੍ਰਿਤਸਰ।

ਅੰਮ੍ਰਿਤਸਰ- ਸੰਨ 1601 ਤੋਂ 1606 ਤਕ।

ਗੁਰੂ ਹਰਗੋਬਿੰਦ ਸਾਹਿਬ ਨੂੰ ਸੀਤਲਾ।

ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਕੀਤੀ। ਭਾਦਰੋਂ ਸੁਦੀ 1 ਸੰਮਤ 1661 (ਸਿਤੰਬਰ ਸੰਨ 1604) ਨੂੰ ਹਰਿਮੰਦਰ ਸਾਹਿਬ ਵਿਚ ਪਹਿਲਾ ਪਰਕਾਸ਼, ਗ੍ਰੰਥੀ ਬਾਬਾ ਬੁੱਢਾ ਜੀ।

ਬਾਬਾ ਪ੍ਰਿਥੀ ਚੰਦ ਦੀ ਮੌਤ 27 ਮੱਘਰ 1662 (ਨਵੰਬਰ ਸੰਨ 1605)।

(5) ਅਕਬਰ ਦੀ ਮੌਤ 17 ਅਕਤੂਬਰ ਸੰਨ 1605। ਜਹਾਂਗੀਰ ਤਖ਼ਤ ਤੇ ਬੈਠਾ। ਉਸ ਦੇ ਪੁੱਤਰ ਖ਼ੁਸਰੋ ਦੀ ਬਗ਼ਾਵਤ 6 ਅਪ੍ਰੈਲ ਸੰਨ 1606। ਖ਼ੁਸਰੋ ਪੰਜਾਬ ਨੂੰ। ਗੋਇੰਦਵਾਲ ਦੇ ਰਸਤੇ ਲਾਹੌਰ। ਅਗਾਂਹ ਚਿਨਾਬ ਦੇ ਕੰਡੇ ਸੋਧਰੇ ਪਾਸ ਗਰਿਫ਼ਤਾਰ।1 ਮਈ ਨੂੰ ਕੈਦੀ ਬਣ ਕੇ ਲਾਹੌਰ। ਉਸ ਦੇ ਸਾਥੀ ਕਤਲ।

ਗੁਰੂ ਅਰਜੁਨ ਸਾਹਿਬ ਦੀ ਸ਼ਹੀਦੀ

ਬਾਗ਼ੀ ਖ਼ੁਸਰੋ ਦੀ ਸਹਾਇਤਾ ਦੀਆਂ ਸ਼ਿਕੈਤਾਂ।

ਜਹਾਂਗੀਰ ਵਲੋਂ ਰਾਜ-ਦ੍ਰੋਹ ਦਾ ਦੂਸ਼ਣ। ਸ਼ਾਹੀ ਹੁਕਮ ਕਿ ਗੁਰੂ ਅਰਜਨ ਦੇਵ ਜੀ ਨੂੰ ਸਿਆਸਤ ਅਤੇ ਯਾਸਾ ਦੇ ਕਾਨੂੰਨ ਅਨੁਸਾਰ ਦੰਡ ਦਿੱਤਾ ਜਾਏ।

ਉਬਲਦੀ ਦੇਗ, ਤੱਤੀ ਰੇਤ, ਤੱਤੀ ਲੋਹ, ਅਖੀਰ ਵਿਚ ਛਾਲੇ ਛਾਲੇ ਹੋਏ ਸਰੀਰ ਨੂੰ ਦਰੀਆ ਰਾਵੀ ਦੇ ਠੰਡੇ ਪਾਣੀ ਵਿਚ। ਜੇਠ ਸੁਦੀ ਚੌਥ ਸੰਮਤ 1663, ਹਾੜ ਦੀ ਪਹਿਲੀ (30 ਮਈ ਸੰਨ 1606) ਨੂੰ ਸ਼ਹੀਦ ਹੋਏ।

(ੳ) ਜਹਾਂਗੀਰ ਆਪਣੀ 'ਤੁਜ਼ਕ' ਵਿਚ ਇਉਂ ਲਿਖਦਾ ਹੈ:

"ਦਰ ਗੋਇੰਦਵਾਲ ਕਿ ਬਰ ਕਿਨਾਰੇ ਦਰੀਆਏ ਬਿਆਹ ਵਾਕਿਅ ਅਸਤ, ਹਿੰਦੂਏ ਬੂਦ ਅਰਜੁਨ ਨਾਮ ਦਰ ਲਿਬਾਸੇ ਪੀਰੀ ਵ ਸ਼ੈਖ਼ੀ। ਚੁਨਾਚਿ ਬਿਸੀਆਰੇ ਅਜ਼ ਸਾਦਾ ਲੌਹਾਨੇ ਹਨੂਦ ਬਲਕਿ ਨਾਦਾਨੋ ਸਫ਼ੀਆਨੇ ਇਸਲਾਮ ਮੁਕੈਦੇ ਅਤਵਾਰੋ ਔਜ਼ਾਏ ਖ਼ੁਦ ਸਾਖ਼ਤਹ, ਕੌਸੇ ਪੀਰੀ ਵ ਵਲਾਇਤ ਰਾ ਬੁਲੰਦ ਆਵਾਜ਼ਹ ਗਰਦਾਨੀਦਹ ਬੂਦ। ਵ ਊ ਰਾ ਗੁਰੂ ਮੇ-ਗੁਫ਼ਤੰਦ। ਵ ਅਜ਼ ਅਤਰਾਫ਼ੋ ਜਵਾਨਬ ਗੋਲਾਨੋ ਗੋਲ ਪ੍ਰਸਤਾਂ ਬ-ਊ ਰਜੂ ਆਵੁਰਦਹ ਇਅਤਕਾਦੇ ਤਮਾਮ ਬ-ਊ ਇਜ਼ਹਾਰ ਮੇ-ਕਰਦੰਦ। ਅਜ਼ ਸਿਹ ਚਹਾਰ ਪੁਸ਼ਤ ਊ ਈਂ ਦੁਕਾਨ ਰਾ ਗਰਮ ਮੇ-ਦਾਸ਼ਤੰਦ। ਮੁੱਦਤਹਾ ਬ-ਖ਼ਾਤਰ ਮੇ-ਗੁਜ਼ਸ਼ਤ ਕਿ ਈਂ ਦੁਕਾਨੇ ਬਾਤਿਲ ਰਾ ਬਰ-ਤਰਫ਼ ਬਾਇਦ ਸਾਖ਼ਤ ਯਾ ਊ ਰਾ ਦਰ ਜਰਗਾਏ ਅਹਲੇ ਇਸਲਾਮ ਬਾਇਦ ਆਵੁਰਦ......।

ਅਮਰ ਕਰਦਮ, ਕਿ ਊ ਰਾ ਹਾਜ਼ਿਰ ਸਾਖ਼ਤੰਦ, ਵ ਮਸਕਾਨੋ ਮਨਾਜ਼ਲੋ ਫ਼ਰਜ਼ੰਦਾਨੇ ਊ ਰਾ ਬ-ਮੁਰਤਜ਼ਾ ਖ਼ਾਂ ਇਨਾਇਤ ਨਮੂਦਮ, ਵ ਅਸਬਾਬੋ ਅਮਵਾਲੇ ਊ ਰਾ ਬ-ਕੈਦੇ ਜ਼ਬਤ ਆਵੁਰਦਹ, ਫ਼ਰਮੂਦਮ ਕਿ ਊ ਰਾ ਬ-ਸਯਾਸਤ ਵ ਬ-ਯਾਸਾ ਰਸਾਨੰਦ।

ਪੰਜਾਬੀ ਉਲਥਾ

ਗੋਇੰਦਵਾਲ ਵਿਚ ਜੇਹੜਾ ਕਿ ਬਿਆਸਾ ਦਰੀਆ ਦੇ ਕੰਢੇ ਉੱਤੇ ਹੈ ਪੀਰਾਂ ਬਜ਼ੁਰਗਾਂ ਦੇ ਵੇਸ ਵਿਚ ਅਰਜੁਨ ਨਾਮ ਇਕ ਹਿੰਦੂ ਸੀ ਜਿਸ ਨੇ ਬਹੁਤ ਸਾਰੇ ਭੋਲੇ ਭਾਲੇ ਹਿੰਦੂਆਂ, ਸਗੋਂ ਮੂਰਖ ਤੇ ਬੇ-ਸਮਝ ਮੁਸਲਮਾਨਾਂ ਨੂੰ ਭੀ ਆਪਣੀ ਰਹਿਤ-ਬਹਿਤ ਦਾ ਸਰਧਾਲੂ ਬਣਾ ਕੇ ਆਪਣੇ ਵਲੀ ਤੇ ਪੀਰ ਹੋਣ ਦਾ ਢੋਲ ਬਹੁਤ ਉੱਚਾ ਵਜਾਇਆ ਹੋਇਆ ਸੀ, ਉਹ ਉਸ ਨੂੰ ਗੁਰੂ ਆਖਦੇ ਸਨ। ਸਭਨਾਂ ਤਰਫ਼ਾਂ ਤੋਂ ਫ਼ਰੇਬੀ ਤੇ ਠੱਗੀ-ਪਸੰਦ ਲੋਕ ਉਸ ਦੇ ਪਾਸ ਆ ਕੇ ਉਸ ਉਤੇ ਆਪਣੀ ਪੂਰੀ ਸਰਧਾ ਪਰਗਟ ਕਰਦੇ ਸਨ। ਤਿੰਨ ਚਾਰ ਪੀੜ੍ਹੀਆਂ ਤੋਂ ਉਹਨਾਂ ਇਹ ਦੁਕਾਨ ਚਲਾਈ ਹੋਈ ਸੀ।

ਢੇਰ ਸਮੇਂ ਤੋਂ ਮੇਰੇ ਵਿਚ ਖ਼ਿਆਲ ਉੱਠ ਰਿਹਾ ਸੀ ਕਿ ਇਸ ਝੂਠ ਦੀ ਦੁਕਾਨ ਨੂੰ ਬੰਦ ਕਰਨਾ ਚਾਹੀਦਾ ਹੈ ਜਾਂ ਉਸ (ਗੁਰੂ) ਨੂੰ ਮੁਸਲਮਾਨੀ ਫ਼ਿਰਕੇ ਵਿਚ ਲੈ ਆਉਣਾ ਚਾਹੀਦਾ ਹੈ......

ਮੈਂ ਹੁਕਮ ਦਿੱਤਾ ਕਿ ਉਸ ਨੂੰ ਹਾਜ਼ਰ ਕੀਤਾ ਜਾਏ ਤੇ ਮੈਂ ਉਸ ਦੇ ਘਰ-ਘਾਟ ਤੇ ਬੱਚੇ ਮੁਰਤਜ਼ ਖ਼ਾਂ ਦੇ ਹਵਾਲੇ ਕਰ ਦਿੱਤੇ; ਅਤੇ ਉਸ ਦਾ ਮਾਲ-ਅਸਬਾਬ ਜ਼ਬਤ ਕਰ ਕੇ ਹੁਕਮ ਦਿੱਤਾ ਕਿ ਉਸ ਨੂੰ ਸਿਆਸਤ ਅਤੇ ਯਾਸਾ ਦੇ ਕਾਨੂੰਨ ਅਨੁਸਾਰ ਦੰਡ ਦੇਣ।

(ਅ) ਭਾਈ ਰਤਨ ਸਿੰਘ 'ਪ੍ਰਾਚੀਨ ਪੰਥ ਪ੍ਰਕਾਸ਼' ਵਿਚ ਲਿਖਦਾ ਹੈ:

ਕੇ ਗੁਰ ਅਰਜੁਨ ਦਰੀਆਇ ਨ ਬੋੜਯੋ?

ਕੇ ਗੁਰ ਤੇਗ ਬਹਾਦਰ ਸੀਸ ਨ ਤੋਰਯੋ?

ਕੇ ਸਾਹਿਬਜ਼ਾਦੇ ਨਾਹਿ ਮਰਾਏ?

ਸ਼ੀਰ-ਖ਼ੋਰ ਤੋਹਿ ਨਾਹਿ ਕੁਹਾਏ?

(ੲ) ਦਰੀਆ ਰਾਵੀ ਵਿਚ ਡੋਬਣ ਸੰਬੰਧੀ, ਮੁਨਸ਼ੀ ਸੋਹਨ ਲਾਲ ਭੀ 'ਉਮਦਹਤੁਤ-ਤਵਾਰੀਖ਼' ਵਿਚ ਲਿਖਦਾ ਹੈ:

ਬਾਅਦ ਅਜ਼ ਜ਼ਹੂਰੇ ਬਾਅਜ਼ੇ ਮੁਕੱਦਮਾਤੇ ਨ-ਮੁਲਾਯਮ ਜ਼ਾਤੇ ਆਲੀ ਰਾ ਦਰ ਬਹਰੇ ਰਾਵੀ ਅੰਦਾਖ਼ਤੰਦ।

ਉਲਥਾ- ਕੁਝ ਤਸੀਹੇ ਦੇਣ ਦੇ ਪਿਛੋਂ ਉਸ ਮਹਾਂ ਪੁਰਖ (ਗੁਰੂ) ਨੂੰ ਉਹਨਾਂ ਨੇ ਦਰੀਆ ਰਾਵੀ ਵਿਚ ਸੁੱਟਿਆ।

ਗੁਰੂ ਤੇਗ਼ ਬਹਾਦਰ ਸਾਹਿਬ

(1621 - 1675)

ਸੰਖੇਪ ਜੀਵਨ

ਜਨਮ-ਅਸਥਾਨ: ਅੰਮ੍ਰਿਤਸਰ, ਗੁਰੂ ਕੇ ਮਹਲ।

ਪਿਤਾ: ਗੁਰੂ ਹਰਿ ਗੋਬਿੰਦ ਸਾਹਿਬ।

ਜਨਮ-ਤਾਰੀਖ: ਵੈਸਾਖ ਵਦੀ 5, 5 ਵੈਸਾਖ, ਸੰਮਤ 1678। ਦਿਨ ਐਤਵਾਰ। ਸੰਨ 1621, ਅਪਰੈਲ 1।

ਬਾਲ ਉਮਰ: ਗੁਰੂ ਹਰਿ ਗੋਬਿੰਦ ਸਾਹਿਬ ਸੰਨ 1630 ਤਕ ਅੰਮ੍ਰਿਤਸਰ ਰਹੇ, ਫਿਰ ਇਥੋਂ ਪਰਵਾਰ ਸਮੇਤ ਕਰਤਾਰਪੁਰ (ਜ਼ਿਲਾ ਜਲੰਧਰ) ਚਲੇ ਗਏ। ਪਿਤਾ ਜੀ ਦੇ ਨਾਲ ਇਹ ਭੀ।

ਸੰਨ 1634 ਵਿਚ ਪੈਂਦੇ ਖ਼ਾਂ ਬੇ-ਮੁਖ ਹੋ ਕੇ ਲਾਹੌਰੋਂ ਫ਼ੌਜ ਲੈ ਕੇ ਚੜ੍ਹ ਆਇਆ। ਕਰਤਾਰਪੁਰ ਜੰਗ ਹੋਇਆ। ਤਦੋਂ (ਗੁਰੂ) ਤੇਗ ਬਹਾਦਰ ਸਾਹਿਬ ਭੀ ਓਥੇ ਹੀ ਸਨ। ਇਸ ਜੰਗ ਤੋਂ ਪਿਛੋਂ ਗੁਰੂ ਹਰਿਗੋਬਿੰਦ ਸਾਹਿਬ ਕੀਰਤਪੁਰ ਚਲੇ ਗਏ, (ਗੁਰੂ) ਤੇਗ ਬਹਾਦਰ ਸਹਿਬ ਸਤਿਗੁਰੂ ਜੀ ਦੀ ਆਗਿਆ ਅਨੁਸਾਰ ਆਪਣੀ ਮਾਤਾ ਸਮੇਤ ਆਪਣੇ ਨਾਨਕੇ ਪਿੰਡ ਬਕਾਲੇ ਆ ਗਏ।

ਗੁਰਿਆਈ: ਗੁਰੂ ਹਰਿਕ੍ਰਿਸ਼ਨ ਸਾਹਿਬ ਦਿੱਲੀ ਜੋਤੀ ਜੋਤਿ ਸਮਾਏ 3 ਵੈਸਾਖ (ਚੇਤਰ ਸੁਦੀ 14) ਸੰਮਤ 1721 (30 ਮਾਰਚ ਸੰਨ 1664)। ਉਹਨਾਂ ਦੀ ਆਖ਼ਰੀ ਹਿਦਾਇਤ ਕਿ 'ਬਾਬਾ ਬਕਾਲੇ'।

ਬਾਈ ਦਾਹਵੇਦਾਰ ਬਕਾਲੇ ਆ ਇਕੱਠੇ ਹੋਏ। ਮੱਖਣ ਸ਼ਾਹ ਲੁਬਾਣਾ ਟਾਂਡਾ ਜ਼ਿਲਾ ਜੇਹਲਮ ਦਾ ਵਸਨੀਕ, ਵਪਾਰ ਦੇ ਨਫ਼ੇ ਵਿਚੋਂ ਪੰਜ ਸੌ ਮੋਹਰਾਂ ਲੈ ਕੇ ਦਰਸਨ ਨੂੰ ਆਇਆ। ਗੁਰੂ ਤੇਗ ਬਹਾਦਰ ਸਾਹਿਬ ਬਾਈ ਦਾਹਵੇਦਾਰਾਂ ਤੋਂ ਵੱਖਰੇ ਅਟੰਕ ਹੀ ਟਿਕੇ ਹੋਏ ਸਨ। ਮੱਖਣ ਸ਼ਾਹ ਨੇ ਲੱਭ ਹੀ ਲਏ। ਸਾਵਣ ਦੀ ਪੂਰਨਮਾਸ਼ੀ, ਸੰਨ 1664।

ਵਿਰੋਧੀਆਂ ਦੀ ਚੋਟ:

ਬਾਬਾ ਧੀਰਮਲ ਦੇ ਮਸੰਦ ਸ਼ੀਂਹੇ ਨੇ ਬੰਦੂਕ ਦਾ ਵਾਰ ਕੀਤਾ, ਪਰ ਨਿਸ਼ਾਨਾ ਖੁੰਝ ਗਿਆ। ਸਾਥੀਆਂ ਦੀ ਸਹਾਇਤਾ ਨਾਲ ਸ਼ੀਂਹੇ ਨੇ ਗੁਰੂ ਘਰ ਵਿਚੋਂ ਜੋ ਸਾਮਾਨ ਲੱਭਾ ਲੁੱਟ ਲਿਆ, ਤੇ, ਬਾਬਾ ਧੀਰਮਲ ਸਮੇਤ ਕਰਤਾਰਪੁਰ ਨੂੰ।

ਸਤਿਗੁਰੂ ਜੀ ਦੀ ਉਦਾਰਤਾ:

ਮੱਖਣ ਸ਼ਾਹ ਨੇ ਬੰਦੂਕ ਦਾ ਖੜਾਕ ਸੁਣ ਕੇ ਸਿੱਖ-ਸਾਥੀਆਂ ਸਮੇਤ ਬਾਬਾ ਧੀਰਮਲ ਦਾ ਪਿੱਛਾ ਕੀਤਾ। ਲੁੱਟਿਆ ਮਾਲ ਖੋਹ ਲਿਆਏ, 'ਆਦਿ ਬੀੜ' ਭੀ ਲੈ ਆਏ। ਸਤਿਗੁਰੂ ਜੀ ਨੇ ਉਹ ਸਾਰਾ ਸਾਮਾਨ ਤੇ 'ਬੀੜ' ਭੀ ਵਾਪਸ ਭਿਜਵਾ ਦਿੱਤੀ, ਅਗਸਤ ਸੰਨ 1664।

ਸ੍ਰੀ ਅੰਮ੍ਰਿਤਸਰ ਜੀ ਦਾ ਦਰਸਨ:

ਸੰਨ 1665 ਸ਼ੁਰੂ ਵਿਚ, ਭਾਈ ਮੱਖਣ ਸ਼ਾਹ ਭੀ ਨਾਲ ਹੀ। ਪੁਜਾਰੀਆਂ ਨੂੰ ਤੌਖਲਾ ਕਿ ਕਿਤੇ ਸਾਡੀ ਰੋਜ਼ੀ ਬੰਦ ਨਾਹ ਹੋ ਜਾਏ, ਦਰਵਾਜ਼ੇ ਬੰਦ ਕਰ ਕੇ ਚਲੇ ਗਏ। ਸ੍ਰੀ ਹਰਿਮੰਦਰ ਸਾਹਿਬ ਦਾ ਦਰਸਨ ਕਰਨ ਤੋਂ ਬਿਨਾ ਹੀ ਵਾਪਸ। ਜਿਥੇ ਉਡੀਕ ਵਿਚ ਬੈਠੇ ਰਹੇ, ਓਥੇ ਹੁਣ ਗੁਰਦੁਆਰਾ ਥੜ੍ਹਾ ਸਾਹਿਬ।

ਪਿੰਡ ਵੱਲੇ ਦੀ ਸੰਗਤਿ ਨੇ ਸੇਵਾ ਕੀਤੀ। ਉਸ ਪਿੰਡ ਸਾਲ ਦੇ ਸਾਲ ਮਾਘ ਦੀ ਪੂਰਮਮਾਸ਼ੀ ਨੂੰ ਮੇਲਾ। ਵੱਲੇ ਤੋਂ ਵਾਪਸ ਬਕਾਲੇ। ਬਕਾਲੇ ਤੋਂ ਕਰਤਾਰਪੁਰ ਦੇ ਰਸਤੇ ਕੀਰਤਪੁਰ।

ਆਨੰਦਪੁਰ ਵਸਾਣਾ:

1634 ਤੋਂ 1664 ਤਕ ਤ੍ਰੀਹ ਸਾਲ ਕੀਰਤਪੁਰ ਹੀ ਕੇਂਦਰੀ ਗੁਰ-ਅਸਥਾਨ ਬਣਿਆ ਰਿਹਾ। ਗੁਰੂ ਤੇਗ਼ ਬਹਾਦਰ ਸਾਹਿਬ ਨੇ ਰਿਆਸਤ ਕਹਲੂਰ ਦੇ ਰਾਜੇ ਦੀਪਚੰਦ ਤੋਂ ਪਿੰਡ ਮਾਖੋਵਾਲ ਦੀ ਜ਼ਮੀਨ ਮੁੱਲ ਲੈ ਕੇ ਨਗਰ ਆਨੰਦਪੁਰ ਵਸਾਇਆ।26 ਅੱਸੂ ਸੰਮਤ 1722 (ਅਕਤੂਬਰ ਸੰਨ 1665) ਨੂੰ ਆਨੰਦਪੁਰ ਦੀ ਨੀਂਹ ਰੱਖੀ ਗਈ ਸੀ।

ਪੂਰਬ ਦੇਸ ਵੱਲ ਦੌਰਾ:

ਹਿੰਦੂ ਕੌਮ ਦੇ ਵਿਰੁੱਧ ਔਰੰਗਜ਼ੇਬ ਦੀ ਸਖ਼ਤੀ ਵਾਲੀ ਰਾਜਨੀਤੀ; ਪੂਰਬੀ ਬੰਗਾਲ ਤੇ ਉੜੀਸਾ ਵੱਲ ਖ਼ਾਸ ਸਖ਼ਤੀਆਂ।

ਘਬਰਾਈ ਹੋਈ ਹਿੰਦੂ ਜਨਤਾ ਨੂੰ ਢਾਰਸ ਦੇਣ ਲਈ ਸਤਿਗੁਰੂ ਜੀ ਪੂਰਬ ਦੇਸ ਨੂੰ। ਪਰਵਾਰ ਸਮੇਤ।

ਮਾਲਵਾ ਅਤੇ ਬਾਂਗਰ ਦਾ ਇਲਾਕਾ:

ਜਿਵੇਂ ਗੁਰੂ ਅਰਜਨ ਸਾਹਿਬ ਨੇ ਕਾਲ ਅਤੇ ਔੜ ਦੇ ਸਮੇ ਮਾਝੇ ਵਿਚ ਖ਼ਾਸ ਜ਼ੋਰ ਲਾਇਆ ਸੀ, ਤਿਵੇਂ ਗੁਰੂ ਤੇਗ਼ ਬਹਾਦਰ ਸਾਹਿਬ ਨੇ ਮਾਲਵੇ ਅਤੇ ਬਾਂਗਰ ਵਿਚ ਲੋਕਾਂ ਦੀ ਆਰਥਕ ਅਤੇ ਸਦਾਚਾਰਕ ਹਾਲਤ ਸੁਧਾਰਨ ਵੱਲ ਖ਼ਾਸ ਧਿਆਨ ਦਿੱਤਾ। ਸਿੱਖ ਕੌਮ ਦੀ ਦਸਵੰਧ ਦੀ ਭੇਟਾ ਨੇ ਗਰੀਬ ਲੋਕਾਂ ਨੂੰ ਬਹੁਤ ਢਾਰਸ ਦਿੱਤੀ।

ਮੂਲੋਵਾਲ:

ਆਨੰਦਪੁਰ ਤੋਂ ਚੱਲ ਕੇ ਘਨੌਲੀ, ਰੋਪੜ, ਦਾਦੂਮਾਜਰਾ, ਨੌਲੱਖਾ ਆਦਿਕ ਪਿੰਡਾਂ ਵਿਚੋਂ ਦੀ ਹੋ ਕੇ ਸਤਿਗੁਰੂ ਜੀ ਪਿੰਡ ਮੂਲੋਵਾਲ ਪਹੁੰਚੇ। ਇਥੇ ਪੰਜ ਦਿਨ ਟਿਕਾਣਾ ਕੀਤਾ।

ਸਾਬੋਕੀ ਤਲਵੰਡੀ:

ਮੂਲੋਵਾਲ ਤੋਂ ਫਰਵਾਹੀ, ਹੰਢਾਇਆ, ਭੰਦੇਹਰ, ਖੀਵਾ, ਭਿੱਖੀ ਆਦਿਕ ਪਿੰਡਾਂ ਵਿਚ ਸਤਿਗੁਰੂ ਜੀ ਨੇ ਲੋੜ ਅਨੁਸਾਰ ਟਿਕਾਣਾ ਕੀਤਾ। ਭਿੱਖੀ ਤੋਂ ਅਗਾਂਹ ਪਿੰਡ ਦਲੇਉ, ਅਲੀਸ਼ੇਰ, ਖਿਆਲਾ, ਮੌੜ, ਮਾਈਸਰ ਖਾਨਾ ਆਦਿਕ ਤੋਂ ਹੁੰਦੇ ਹੋਏ ਸਾਬੋਕੀ ਤਲਵੰਡੀ ਅੱਪੜੇ। ਇਥੇ ਹੁਣ ਗੁਰਦੁਆਰਾ ਦਮਦਮਾ ਸਾਹਿਬ। ਤਲਵੰਡੀ ਵਿਚ ਸਤਿਗੁਰੂ ਜੀ ਕਈ ਦਿਨ ਟਿਕੇ।

ਬਾਂਗਰਦੇਸ (ਕਰਨਾਲ ਰੋਹਤਕ ਹਿਸਾਰ ਦੇ ਜ਼ਿਲੇ)

ਧਮਧਾਣ:

ਕਈ ਪਿੰਡਾਂ ਵਿਚੋਂ ਦੀ ਹੁੰਦੇ ਹੋਏ ਧਮਧਾਣ। ਭਾਈ ਰਾਮਦੇਵ ਨੂੰ ਸੰਗਤਾਂ ਵਿਚ ਜਲ ਦੀ ਸੇਵਾ ਦੇ ਕਾਰਨ ਭਾਈ ਮੀਹਾਂ ਨਾਮ ਦਿੱਤਾ। ਪੂਰਬ ਦੇਸ ਵੱਲ ਸਿੱਖ-ਧਰਮ ਦਾ ਪਰਚਾਰ ਕਰਨ ਭੇਜਿਆ।

ਕੁਰਖੇਤ੍ਰ:

ਕੈਂਥਲ, ਥਨੇਸਰ, ਕੁਰਖੇਤ੍ਰ ਪਹੁੰਚੇ। ਸੂਰਜ ਗ੍ਰਹਣ ਦਾ ਸਮਾ।

ਕੜਾ ਮਾਣਕਪੁਰ:

ਥਨੇਸਰ ਤੋਂ ਬਨੀ ਬਦਰ, ਕੜਾ ਮਾਣਕਪੁਰ। ਜੋਗੀਰਾਜ ਮਲੂਕ ਦਾਸ। ਸਰਧਾਵਾਨ ਬਣਿਆ। ਪੰਜ ਦਿਨ ਇਥੇ।

ਉੱਤਰ ਪ੍ਰਦੇਸ਼:

ਮਥੁਰਾ, ਆਗਰਾ (ਮਾਈ ਥਾਨ ਦੇ ਕੋਲ ਗੁਰਦੁਆਰਾ ਇਸ ਯਾਦ ਵਿਚ)। ਅਟਾਵਾ, ਕਾਨਪੁਰ, (ਗੰਗਾ ਦੇ ਕੰਢੇ ਡੇਰਾ)। ਅਲਾਹਬਾਦ (ਪ੍ਰਯਾਗ) , ਡੇਰਾ ਕੀਤਾ ਅਈਆਪੁਰ ਦੇ ਮਹੱਲੇ, ਉਥੇ ਹੁਣ ਇਕ ਪੱਕੀ ਸੰਗਤਿ (ਗੁਰਦੁਆਰਾ) ਹੈ।

ਪ੍ਰਯਾਗ ਤੋਂ ਮਿਰਜ਼ਾਪੁਰ ਹੀ, ਕਾਂਸ਼ੀ (ਰੇਸ਼ਮ ਦੇ ਮਹੱਲੇ ਟਿਕਾਣਾ)।

ਬਿਹਾਰ ਪ੍ਰਾਂਤ (ਸਸਰਾਮ, ਗਯਾ, ਪਟਨਾ, ਮੁੰਗੇਰ) :

ਕਾਂਸ਼ੀ ਤੋਂ ਸਸਰਾਮ (ਸ਼ੇਰਸ਼ਾਹ ਇਥੇ ਜੰਮਿਆ ਸੀ)। ਸਸਰਾਮ ਤੋਂ ਗਯਾ। ਇਥੋਂ ਪਟਨੇ। ਭਾਈ ਜੈਤੇ ਹਲਵਾਈ ਦੇ ਘਰ ਡੇਰਾ। ਪਰਵਾਰ ਨੂੰ ਇਥੇ ਹੀ ਛੱਡ ਕੇ ਅਗਾਂਹ ਅਸਾਮ ਵੱਲ ਚੱਲ ਪਏ। ਪਟਨੇ ਤੋਂ ਮੁੰਗੇਰ, ਭਾਗਲਪੁਰ, ਰਾਜ ਮਹਲ।

ਬੰਗਾਲ:

ਰਾਜ ਮਹਲ ਤੋਂ ਮਾਲਦਾ, ਮੁਰਸ਼ਿਦਾਬਾਦ; ਢਾਕਾ। ਗੁਰੂ ਨਾਨਕ ਦੇਵ ਜੀ ਨੇ ਬੰਗਾਲ ਵਿਚ ਪਰਚਾਰ ਕਰਨ ਲਈ ਢਾਕੇ ਨੂੰ ਕੇਂਦਰ ਥਾਪਿਆ ਸੀ।

ਗੁਰੂ ਤੇਗ ਬਹਾਦਰ ਸਾਹਿਬ ਅਜੇ ਢਾਕੇ ਹੀ ਸਨ ਜਦੋਂ ਪਟਨੇ ਤੋਂ (ਗੁਰੂ) ਗੋਬਿੰਦ ਸਿੰਘ ਜੀ ਦੇ ਜਨਮ ਦੀ ਖ਼ਬਰ ਪਹੁੰਚੀ, 26 ਦਸੰਬਰ ਸੰਨ 1666।

ਅਸਾਮ:

ਉੱਤਰੀ ਅਸਾਮ ਦੇ ਨਿੱਕੇ ਜਿਹੇ ਅਹੋਮ ਕਬੀਲੇ ਨੇ ਆਪਣੇ ਦੇਸ ਦੇ ਭੂਗੋਲਿਕ ਹਾਲਾਤ ਦੀ ਮਦਦ ਨਾਲ ਮੁਗ਼ਲ ਹਕੂਮਤ ਨਾਲ ਟੱਕਰ ਲਈ ਤੇ ਚੰਗੇ ਕਰਾਰੇ ਹੱਥ ਵਿਖਾਏ। ਔਰੰਗਜ਼ੇਬ ਨੇ ਦਸੰਬਰ ਸੰਨ 1667 ਵਿਚ ਮਿਰਜ਼ਾ ਰਾਜਾ ਜੈ ਸਿੰਘ ਦੇ ਪੁੱਤਰ ਰਾਜਾ ਰਾਮ ਸਿੰਘ ਨੂੰ ਅਸਾਮ ਵੱਲ ਜਾਣ ਦਾ ਹੁਕਮ ਦਿੱਤਾ।

ਤਦੋਂ ਗੁਰੂ ਤੇਗ ਬਹਾਦਰ ਸਾਹਿਬ ਅਸਾਮ ਵਿਚ ਪਹੁੰਚ ਚੁਕੇ ਸਨ। ਸਤਿਗੁਰੂ ਜੀ ਨੇ ਵਿੱਚ ਪੈ ਕੇ ਦੋਹਾਂ ਧਿਰਾਂ ਦੀ ਸੁਲਹ ਕਰਾਈ, ਸੰਨ 1670।

ਪੰਜਾਬ ਵੱਲ ਵਾਪਸੀ:

ਔਰੰਗਜ਼ੇਬ ਨੇ ਸਾਰੇ ਭਾਰਤ ਵਾਸਤੇ ਨਵਾਂ ਹੁਕਮ ਜਾਰੀ ਕੀਤਾ ਕਿ ਕਾਫ਼ਰਾਂ ਦੇ ਸਭ ਪਾਠਸ਼ਾਲਾ ਤੇ ਮੰਦਰ ਢਾਹ ਦਿੱਤੇ ਜਾਣ, ਧਾਰਮਿਕ ਰਸਮਾਂ ਤੇ ਤਾਲੀਮ ਨੂੰ ਮੁਕਾ ਦਿੱਤਾ ਜਾਏ।

ਇਸ ਨਵੀਂ ਰਾਜਨੀਤੀ ਦਾ ਅਸਰ ਸੁਣ ਵੇਖ ਕੇ ਸਤਿਗੁਰੂ ਜੀ ਪੰਜਾਬ ਨੂੰ ਪਰਤੇ।

ਪਟਨੇ ਪਹੁੰਚ ਕੇ ਬਹੁਤ ਹੀ ਥੋੜ੍ਹਾ ਸਮਾ ਟਿਕੇ। ਪਰਵਾਰ ਨੂੰ ਉਥੇ ਹੀ ਟਿਕੇ ਰਹਿਣ ਦਿੱਤਾ। ਬਕਸਰ, ਬਨਾਰਸ, ਅਜੁੱਧਿਆ ਆਦਿਕ ਵਿਚੋਂ ਦੀ ਹੁੰਦੇ ਹੋਏ ਢਾਈ ਤਿੰਨ ਮਹੀਨਿਆਂ ਵਿਚ ਆਨੰਦਪੁਰ ਵਾਪਸ। ਥੋੜ੍ਹੇ ਹੀ ਚਿਰ ਪਿਛੋਂ ਸਾਰੇ ਪਰਵਾਰ ਨੂੰ ਭੀ ਪਟਨੇ ਤੋਂ ਮੰਗਾ ਲਿਆ।

ਕਸ਼ਮੀਰੀ ਪੰਡਿਤ:

ਕਸ਼ਮੀਰ ਪੰਡਿਤਾਂ ਦਾ ਗੜ੍ਹ ਸੀ। ਕਸ਼ਮੀਰ ਦੇ ਸੂਬੇਦਾਰ ਸ਼ੇਰ ਅਫ਼ਗਾਨ ਖ਼ਾਂ ਨੇ ਤਲਵਾਰ ਦੇ ਜ਼ੋਰ ਨਾਲ ਕਸ਼ਮੀਰੀ ਪੰਡਿਤਾਂ ਨੂੰ ਮੁਸਲਮਾਨ ਬਣਾਣਾ ਸ਼ੁਰੂ ਕੀਤਾ। ਕਸ਼ਮੀਰੀ ਪੰਡਿਤਾਂ ਨੇ ਮੁਗ਼ਲਾਂ ਦੀ ਤਲਵਾਰ ਅੱਗੇ ਝੁਕਣ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਦਾ ਆਸਰਾ ਲਿਆ। ਸਤਿਗੁਰੂ ਜੀ ਨੇ ਉਹਨਾਂ ਦੀ ਬਾਂਹ ਫੜੀ।

ਔਰੰਗੇਜ਼ੇਬ ਹਸਨ ਅਬਦਾਲ ਦੇ ਇਲਾਕੇ:

ਪਠਾਣ ਕਬੀਲਿਆਂ ਨੇ ਸਿਰ ਚੁੱਕਿਆ। ਔਰੰਗਜ਼ੇਬ ਇਹਨਾਂ ਨੂੰ ਦਬਾਣ ਲਈ ਆਪ 26 ਜੂਨ ਸੰਨ 1674 ਨੂੰ ਹਸਨ ਅਬਦਾਲ ਜਾ ਪਹੁੰਚਿਆ। ਡੇਢ ਸਾਲ ਉਥੇ ਟਿਕਿਆ।26 ਮਾਰਚ ਸੰਨ 1676 ਨੂੰ ਦਿੱਲੀ ਵਾਪਸ ਪਹੁੰਚਿਆ।

ਸਤਿਗੁਰੂ ਜੀ ਦਾ ਦੇਸ-ਰਟਨ:

ਕਸ਼ਮੀਰੀ ਪੰਡਿਤਾਂ ਨੂੰ ਮਦਦ ਦਾ ਭਰੋਸਾ ਦੇ ਕੇ ਸਤਿਗੁਰੂ ਜੀ ਦੇਸ ਵਿਚ ਸਹਿਮੀ ਹੋਈ ਹਿੰਦੂ ਜਨਤਾ ਵਿਚ ਨਿਡਰਤਾ ਦਾ ਪਰਚਾਰ ਕਰਨ ਤੁਰ ਪਏ।

ਅਨੰਦਪੁਰ ਤੋਂ ਕੀਰਤਪੁਰ, ਫ਼ੈਜ਼ਾਬਾਦ, ਸਮਾਣਾ, ਕੈਂਥਲ, ਲੱਖਣ ਮਾਜਰਾ, ਰੋਹਤਕ।

ਖ਼ਾਸ ਸੇਵਕ ਤਾਂ ਪੰਜ ਹੀ ਰੱਖੇ ਸਨ- ਭਾਈ ਮਤੀਦਾਸ, ਭਾਈ ਦਿਆਲਾ, ਭਾਈ ਗੁਰਦਿੱਤਾ, ਭਾਈ ਊਦਾ, ਭਾਈ ਜੈਤਾ- ਪਰ ਰਸਤੇ ਵਿਚ ਲੋਕ ਹੁੰਮ-ਹੁਮਾ ਕੇ ਦਰਸ਼ਨ ਲਈ ਆ ਇਕੱਠੇ ਹੁੰਦੇ ਸਨ।

ਤੁਰਕ ਹਾਕਮਾਂ ਵਲੋਂ ਰਪੋਟਾਂ:

ਤੁਰਕ ਹਾਕਮਾਂ ਨੇ ਲੋਕਾਂ ਦੀ ਬਦਲਦੀ ਦਸ਼ਾ ਵੇਖ ਕੇ ਔਰੰਗਜ਼ੇਬ ਪਾਸ ਰਪੋਟਾਂ ਭੇਜਣੀਆਂ ਸ਼ੁਰੂ ਕਰ ਦਿੱਤੀਆਂ ਕਿ ਗੁਰੂ ਤੇਗ ਬਹਾਦਰ ਆਪਣੇ ਨਾਲ ਲੁਟੇਰੇ ਧਾੜਵੀ ਲੈ ਕੇ ਹਿੰਦੂਆਂ ਨੂੰ ਡਰਾ ਡਰਾ ਕੇ ਉਹਨਾਂ ਦਾ ਧਨ-ਮਾਲ ਲੁੱਟ ਰਿਹਾ ਹੈ।

ਗਰਿਫ਼ਤਾਰੀ ਦੇ ਹੁਕਮ:

ਹਸਨ ਅਬਦਾਲ ਔਰੰਗਜ਼ੇਬ ਪਾਸ ਤੁਰਕ ਹਾਕਮਾਂ ਦੀਆਂ ਰਪੋਟਾਂ ਪਹੁੰਚੀਆਂ, ਕਸ਼ਮੀਰੀ ਪੰਡਿਤਾਂ ਦੀ ਅਰਜ਼ੀ ਭੀ ਕਿ ਜੇ ਗੁਰੂ ਤੇਗ ਬਹਾਦਰ ਸਾਹਿਬ ਮੁਸਲਮਾਨ ਬਣ ਗਏ, ਤਾਂ ਅਸੀਂ ਭੀ ਬਣ ਜਾਵਾਂਗੇ। ਲਾਹੌਰ ਦੇ ਹਾਕਮ ਵੱਲ ਗਰਿਫ਼ਤਾਰੀ ਦੇ ਹੁਕਮ ਜਾਰੀ, ਹਿਦਾਇਤ ਕਿ ਉਹਨਾਂ ਨੂੰ ਮੁਸਲਮਾਨ ਬਣਾਣ ਦਾ ਜਤਨ ਕੀਤਾ ਜਾਏ।

ਇਤਨੇ ਨੂੰ ਸਤਿਗੁਰੂ ਜੀ ਆਗਰੇ ਦੇ ਇਲਾਕੇ ਵਿਚ। ਉਹਨਾਂ ਨਾਲ ਸਿਰਫ਼ ਪੰਜ ਸਿੱਖ।

ਸ਼ਹਿਰ ਆਗਰੇ ਵਿਚ ਸਤਿਗੁਰੂ ਜੀ ਗਰਿਫ਼ਤਾਰ ਪੰਜ ਸਿੱਖਾਂ ਸਮੇਤ। ਦਿੱਲੀ ਲਿਆਂਦੇ ਗਏ। ਸੰਨ 1675। ਮੁਸਲਮਾਨ ਬਣਨ ਤੋਂ ਇਨਕਾਰ।

ਭਿਆਨਕ ਮੌਤ ਦੇ ਡਰਾਵੇ ਤੇ ਸ਼ਹੀਦੀ:

ਔਰੰਗਜ਼ੇਬ ਦਾ ਦੂਜਾ ਹੁਕਮ ਹਸਨ ਅਬਦਾਲ ਤੋਂ ਕਿ ਸਤਿਗੁਰੂ ਜੀ ਨੂੰ ਕਤਲ ਕੀਤਾ ਜਾਏ।

ਡਰਾਵੇ ਦੇਣ ਲਈ ਸਤਿਗੁਰੂ ਜੀ ਦੇ ਸਾਹਮਣੇ ਪਹਿਲਾਂ ਭਾਈ ਮਤੀਦਾਸ ਜੀ ਨੂੰ ਆਰੇ ਨਾਲ ਚਿਰਾਇਆ ਗਿਆ, ਫਿਰ ਭਾਈ ਦਿਆਲੇ ਨੂੰ ਉਬਲਦੀ ਦੇਗ ਵਿਚ ਪਾ ਕੇ ਸ਼ਹੀਦ ਕੀਤਾ।

11 ਨਵੰਬਰ ਸੰਨ 1675 ਨੂੰ ਸਤਿਗੁਰੂ ਜੀ ਨੂੰ ਤਲਵਾਰ ਨਾਲ ਸ਼ਹੀਦ ਕੀਤਾ ਗਿਆ। ਦਿਨ ਵੀਰਵਾਰ 11 ਮੱਘਰ ਸੰਮਤ 1732, ਮੱਘਰ ਸੁਦੀ 5। ਹੁਣ ਓਥੇ ਗੁਰਦੁਆਰਾ ਸੀਸ ਗੰਜ, ਚਾਂਦਨੀ ਚੌਕ ਦਿੱਲੀ।

ਭਾਈ ਜੈਤੇ ਦੀ ਹਿੰਮਤ:

ਲੋਕਾਂ ਦੀ ਓਥੇ ਭੀੜ, ਚੁਫੇਰੇ ਹਾਹਾਕਾਰ ਮਚੀ ਹੋਈ ਸੀ। ਉਸ ਹਫ਼ੜਾ-ਤਫ਼ੜੀ ਵਿਚ ਭਾਈ ਜੈਤੇ ਨੂੰ ਮੌਕਾ, ਸੀਸ ਓਥੋਂ ਚੁਕ ਕੇ ਸਿੱਧਾ ਅਨੰਦਪੁਰ ਨੂੰ।

ਰਕਾਬ ਗੰਜ, ਲੱਖੀ ਵਣਜਾਰਾ:

ਤਕੜੇ ਪਹਰੇ, ਭਾਈ ਊਦਾ ਮੁਸਲਮਾਨੀ ਪਹਿਰਾਵੇ ਵਿਚ। ਸਿੱਖ ਵਣਜਾਰੇ ਲੱਖੀ ਨਾਲ ਮੁਲਾਕਾਤ, ਉਹ ਸੱਤ ਸੌ ਬਲਦ ਚੂਨੇ ਕਲੀ ਦੇ ਲੱਦ ਕੇ ਲਿਆ ਰਿਹਾ ਸੀ। ਦੋਹਾਂ ਨੇ ਸਲਾਹ ਮੇਲੀ। ਚੂਨਾ ਕਲੀ ਦਿੱਲੀ ਦੇ ਕਿਲੇ ਵਿਚ ਸੁੱਟ ਕੇ ਬਲਦਾਂ ਨੂੰ ਚਾਂਦਨੀਂ ਚੌਂਕ ਵਿਚੋਂ ਦੀ ਲੈ ਤੁਰਿਆ। ਪਹਿਰੇਦਾਰ ਪਰੇ ਹਟ ਗਏ। ਮੌਕਾ ਤਾੜ ਕੇ ਉਸ ਘੱਟੇ ਦੇ ਤੂਫ਼ਾਨ ਵਿਚ ਭਾਈ ਊਦੇ ਨੇ ਸਤਿਗੁਰੂ ਜੀ ਦਾ ਧੜ ਇਕ ਬਲਦ ਉਤੇ ਲੱਦ ਲਿਆ। ਸ਼ਹਿਰੋਂ 3 ਮੀਲ ਤੇ ਲੱਖੀ ਦਾ ਪਿੰਡ ਰਕਾਬ ਗੰਜ। ਓਥੇ ਅੱਪੜਦੇ ਹੀ ਧੜ ਲੱਖੀ ਨੇ ਆਪਣੇ ਮਕਾਨ ਵਿਚ ਰੱਖ ਕੇ ਘਰ ਨੂੰ ਅੱਗ ਲਾ ਦਿੱਤੀ।

ਘੱਟੇ ਦਾ ਤੂਫ਼ਾਨ ਹਟਣ ਤੇ ਪਹਿਰੇਦਾਰਾਂ ਵੇਖਿਆ ਕਿ ਧੜ ਭੀ ਗ਼ਾਇਬ। ਰਕਾਬ ਗੰਜ ਪਹੁੰਚੇ। ਲੱਖੀ ਦਾ ਘਰ ਸੜ ਰਿਹਾ ਸੀ, ਉਹ 'ਲੁੱਟੇ ਗਏ ਮਾਰੇ ਗਏ' ਦਾ ਰੌਲਾ ਪਾ ਰਿਹਾ ਸੀ। ਲੱਖੀ ਉਤੇ ਸ਼ੱਕ ਨਾ ਪਿਆ।

ਹੁਣ ਓਥੇ ਗੁਰਦੁਆਰਾ ਰਕਾਬ ਗੰਜ।

ਸੀਸ ਅਨੰਦਪੁਰ

ਭਾਈ ਜੈਤਾ ਸੀਸ ਲੈ ਕੇ ਅਨੰਦਪੁਰ ਜਾ ਰਿਹਾ ਸੀ, ਭਾਈ ਊਦਾ ਭੀ ਜਾ ਮਿਲਿਆ। ਦੋਵੇਂ ਅਨੰਦਪੁਰ ਪਹੁੰਚੇ। ਸਤਿਗੁਰੂ ਜੀ ਦੇ ਸੀਸ ਦਾ ਸੰਸਕਾਰ ਅਨੰਦਪੁਰ ਓਥੇ ਹੁਣ ਗੁਰਦੁਆਰਾ ਸੀਸਗੰਜ।

TOP OF PAGE

Sri Guru Granth Darpan, by Professor Sahib Singh